Editorial: ਇਰਾਨ 'ਚ ਫਸੇ ਭਾਰਤੀ, ਸੀਮਤ ਹਨ ਸਰਕਾਰ ਕੋਲ ਉਪਾਅ 

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਇਰਾਨ ਵਿਚ ਫਸੇ ਹੋਏ ਭਾਰਤੀਆਂ ਦੇ ਸਕੇ-ਸਬੰਧੀਆਂ ਦਾ ਉਥੋਂ ਦੇ ਹਾਲਾਤ ਦੇ ਮੱਦੇਨਜ਼ਰ ਫ਼ਿਕਰਮੰਦ ਹੋਣਾ ਸੁਭਾਵਿਕ ਹੈ।

Indians stranded in Iran Editorial

ਇਰਾਨ ਵਿਚ ਫਸੇ ਹੋਏ ਭਾਰਤੀਆਂ ਦੇ ਸਕੇ-ਸਬੰਧੀਆਂ ਦਾ ਉਥੋਂ ਦੇ ਹਾਲਾਤ ਦੇ ਮੱਦੇਨਜ਼ਰ ਫ਼ਿਕਰਮੰਦ ਹੋਣਾ ਸੁਭਾਵਿਕ ਹੈ। ਹਾਲਾਂਕਿ ਭਾਰਤੀ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਸਾਰੇ ਭਾਰਤੀ ਸੁਰੱਖਿਅਤ ਹੋਣ ਦੀ ਪੁਸ਼ਟੀ ਕੀਤੀ ਹੈ, ਫਿਰ ਵੀ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਵਿਦੇਸ਼ ਮੰਤਰਾਲੇ ਅਤੇ ਤਹਿਰਾਨ ਸਥਿਤ ਭਾਰਤੀ ਦੂਤਾਵਾਸ ਦੀ ਨਿੰਦਾ-ਨੁਕਤਾਚੀਨੀ ਕਰਨ ਵਾਲਿਆਂ ਦੀ ਗਿਣਤੀ ਘੱਟ ਨਹੀਂ। ਇਸ ਦੀ ਇਕ ਵਜ੍ਹਾ ਹੈ ਕਿ 5 ਜਨਵਰੀ ਤੋਂ ਪੂਰੇ ਇਰਾਨ ਵਿਚ ਇੰਟਰਨੈੱਟ ਠੱਪ ਹੈ। 28 ਦਸੰਬਰ 2025 ਨੂੰ ਸ਼ੁਰੂ ਹੋਏ ਸਰਕਾਰ-ਵਿਰੋਧੀ ਮੁਜ਼ਾਹਰਿਆਂ ਦੇ ਸਮੇਂ ਤੋਂ ਇਰਾਨ ਸਰਕਾਰ ਨੇ ਪਹਿਲਾਂ ਕੁੱਝ ਚੋਣਵੇਂ ਇਲਾਕਿਆਂ ਅਤੇ ਫਿਰ ਸਮੁੱਚੇ ਮੁਲਕ ਵਿਚ ਇੰਟਰਨੈੱਟ ਠੱਪ ਕਰਨ ਦੀ ਵਿਧੀ ਅਪਣਾਈ।

ਸਿੱਧੇ-ਅਸਿੱਧੇ ਸੰਪਰਕ ਦੇ ਸੋਮੇ ਬੰਦ ਹੋਣ ਕਰ ਕੇ ਇਰਾਨ ਵਿਚਲੇ ਭਾਰਤੀਆਂ ਦੇ ਸਕੇ-ਸਬੰਧੀਆਂ ਲਈ ਰਾਬਤੇ ਦਾ ਇਕੋਇਕ ਸੋਮਾ ਭਾਰਤੀ ਦੂਤਾਵਾਸ ਹੀ ਬਚਿਆ ਹੈ। ਪਰ ਦੂਤਾਵਾਸ ਲਈ ਵੀ ਨੈੱਟ ਤੇ ਫ਼ੋਨ ਸੇਵਾਵਾਂ ਦੀ ਅਣਹੋਂਦ ਕਾਰਨ ਹਰ ਭਾਰਤੀ ਨਾਲ ਸੰਪਰਕ ਕਰਨਾ ਆਸਾਨ ਕਾਰਜ ਨਹੀਂ। ਕੁੱਝ ਮੀਡੀਆ ਰਿਪੋਰਟਾਂ ਅਨੁਸਾਰ ਇਰਾਨ ਵਿਚ ਇਸ ਵੇਲੇ 13 ਹਜ਼ਾਰ ਦੇ ਕਰੀਬ ਭਾਰਤੀ ਮੌਜੂਦ ਹਨ ਜਿਨ੍ਹਾਂ ਵਿਚੋਂ 3000 ਦੇ ਕਰੀਬ ਮੈਡੀਕਲ ਸਟੂਡੈਂਟਸ ਹਨ। ਕਸ਼ਮੀਰੀ ਵਿਦਿਆਰਥੀਆਂ ਦੀ ਜਥੇਬੰਦੀ ‘ਕੇ.ਐਮ.ਐੱਸ.ਏ.’ ਤਾਂ ਇਕੱਲੇ ਕਸ਼ਮੀਰ ਤੋਂ ਤਿੰਨ ਹਜ਼ਾਰ ਦੇ ਕਰੀਬ ਵਿਦਿਆਰਥੀ ਇਰਾਨ ਵਿਚ ਮੌਜੂਦ ਹੋਣੇ ਦਸਦੀ ਹੈ, ਪਰ ਭਾਰਤੀ ਵਿਦੇਸ਼ ਮੰਤਰਾਲਾ ਇਸ ਅੰਕੜੇ ਨਾਲ ਸਹਿਮਤ ਨਹੀਂ। ਇਹ ਵੀ ਮੰਨਿਆ ਜਾਂਦਾ ਹੈ ਕਿ ਹੋਰਨਾਂ ਭਾਰਤੀ ਰਾਜਾਂ ਜਿਵੇਂ ਕਿ ਤਿਲੰਗਾਨਾ, ਮਹਾਰਾਸ਼ਟਰ, ਪੱਛਮੀ ਬੰਗਾਲ ਤੇ ਉੱਤਰ ਪ੍ਰਦੇਸ਼ ਤੋਂ ਵੀ ਵਿਦਿਆਰਥੀ ਇਰਾਨ ਵਿਚ ਐਮ.ਬੀ.ਬੀ.ਐੱਸ. ਦੀ ਪੜ੍ਹਾਈ ਕਰ ਰਹੇ ਹਨ। ਬਹੁਤੇ ਭਾਰਤੀ ਵਿਦਿਆਰਥੀ ਸ਼ੀਆ ਮੁਸਲਿਮ ਭਾਈਚਾਰੇ ਤੋਂ ਹਨ ਕਿਉਂਕਿ ਉਨ੍ਹਾਂ ਨੂੰ ਉਸ ਮੁਲਕ ਵਿਚ ਦਾਖ਼ਲਾ ਵੀ ਆਸਾਨੀ ਨਾਲ ਮਿਲ ਜਾਂਦਾ ਹੈ ਅਤੇ ਫ਼ੀਸ ਪੱਖੋਂ ਵੀ ਕੁੱਝ ਰਿਆਇਤ ਮਿਲਦੀ ਹੈ।

ਵਿਦਿਆਰਥੀਆਂ ਤੋਂ ਇਲਾਵਾ 150 ਦੇ ਕਰੀਬ ਭਾਰਤੀ ਸ਼ਰਧਾਵਾਨ, ਮੁਕੱਦਸ ਸ਼ਹਿਰ ਕੌਮ ਵਿਚ ਜ਼ਿਆਰਤ ਲਈ ਪੁੱਜੇ ਦੱਸੇ ਜਾਂਦੇ ਹਨ। ਇਸੇ ਤਰ੍ਹਾਂ ਸੈਂਕੜੇ ਭਾਰਤੀ ਕਾਮੇ ਚਾਬਹਾਰ ਬੰਦਰਗਾਹ ਤੇ ਹੋਰਨਾਂ ਭਾਰਤੀ ਪ੍ਰਾਜੈਕਟਾਂ ਲਈ ਵੱਖ-ਵੱਖ ਇਰਾਨੀ ਸੂਬਿਆਂ ਵਿਚ ਹਨ। ਇਨ੍ਹਾਂ ਸਭਨਾਂ ਤਕ ਪਹੁੰਚ ਕਰਨ ਦੀ ਜ਼ਿੰਮੇਵਾਰੀ ਭਾਰਤੀ ਦੂਤਾਵਾਸ ਲਈ ਵੱਡੀ ਸਮੱਸਿਆ ਬਣ ਗਈ ਹੈ। ਇਰਾਨ ਵਿਚ ਆਇਤੁੱਲਾ ਅਲੀ ਖਮੇਨੇਈ ਦੀ ਹਕੂਮਤ ਖ਼ਿਲਾਫ਼ ਜਥੇਬੰਦਕ ਮੁਜ਼ਾਹਰੇ ਕੌਮੀ ਰਾਜਧਾਨੀ ਤਹਿਰਾਨ ਦੇ ਇਕ ਬਾਜ਼ਾਰ ਤੋਂ ਸ਼ੁਰੂ ਹੋਏ। ਆਰਥਿਕ ਮੰਦੀ ਤੇ ਲੋੜੋਂ ਵੱਧ ਮਹਿੰਗਾਈ ਦੇ ਖ਼ਿਲਾਫ਼ ਦੁਕਾਨਾਂ ਤੇ ਹੋਰ ਕਾਰੋਬਾਰ ਠੱਪ ਰੱਖਣ ਦਾ ਇਹ ਪ੍ਰੋਗਰਾਮ ਬਹੁਤ ਛੇਤੀ ਦੇਸ਼-ਵਿਆਪੀ ਰੂਪ ਧਾਰਨ ਕਰ ਗਿਆ। ਟਰਾਂਸਪੋਰਟ ਕਾਮਿਆਂ ਨੇ ਦੁਕਾਨਦਾਰਾਂ ਦੇ ਅੰਦੋਲਨ ਨੂੰ ਸਹਿਯੋਗ ਦਿਤਾ ਅਤੇ ਫਿਰ ਵਿਦਿਆਰਥੀ ਵਰਗ ਅਤੇ ਧਾਰਮਿਕ ਬੰਦਸ਼ਾਂ ਤੇ ਨੇਮਬੰਦੀਆਂ ਤੋਂ ਅੱਕੀਆਂ ਇਸਤਰੀਆਂ ਵੀ ਇਸ ਵਿਚ ਆ ਰਲੀਆਂ। ਹਿੰਸਾ ਤੇ ਸਾੜ-ਫੂਕ ਵੀ ਖ਼ੂਬ ਹੋਈ।

ਪੁਲੀਸ ਤੇ ਸੁਰੱਖਿਆ ਏਜੰਸੀਆਂ, ਖ਼ਾਸ ਕਰ ਕੇ ਇਨਕਲਾਬੀ ਗਾਰਡਾਂ ਵਲੋਂ ਕੀਤੀ ਗਈ ਲੋੜੋਂ ਵੱਧ ਸਖ਼ਤੀ ਹੁਣ ਤਕ 650 ਤੋਂ ਵੱਧ ਮੌਤਾਂ ਅਤੇ ਤਿੰਨ ਹਜ਼ਾਰ ਦੇ ਕਰੀਬ ਗ੍ਰਿਫ਼ਤਾਰੀਆਂ ਦਾ ਬਾਇਜ਼ ਬਣ ਚੁੱਕੀ ਹੈ। 1979 ਦੇ ਇਸਲਾਮੀ ਇਨਕਲਾਬ ਰਾਹੀਂ ਗੱਦੀਓਂ ਲਾਹੇ ਸ਼ਾਹ, ਮੁਹੰਮਦ ਰਜ਼ਾ ਪਹਿਲਵੀ ਦੇ ਅਮਰੀਕਾ ਰਹਿੰਦੇ ਪੁੱਤਰ ਰਜ਼ਾ ਪਹਿਲਵੀ ਨੇ ਇਸ ਅੰਦੋਲਨ ਨੂੰ ਰਾਜ-ਸੱਤਾ ’ਤੇ ਵਾਪਸੀ ਦੇ ਅਵਸਰ ਵਜੋਂ ਦੇਖਦਿਆਂ ਸਰਕਾਰ-ਵਿਰੋਧੀ ਮੁਜ਼ਾਹਰਿਆਂ ਨੂੰ ਹਵਾ ਦੇਣੀ ਜਾਰੀ ਰੱਖੀ ਹੋਈ ਹੈ।

ਨਾਲ ਹੀ ਉਹ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਇਰਾਨ ਵਿਚ ‘ਫ਼ੈਸਲਾਕੁਨ ਦਖ਼ਲ’ ਦੇਣ ਲਈ ਵੀ ਉਕਸਾਉਂਦਾ ਆ ਰਿਹਾ ਹੈ। ਅਜਿਹੇ ਕਾਰਨਾਂ ਕਰ ਕੇ ਮੁਲਕ ਵਿਚ ਸਿਵਿਲ ਨਾਫ਼ੁਰਮਾਨੀ ਵਰਗੇ ਹਾਲਾਤ ਬਣੇ ਹੋਏ ਹਨ। ਭਾਰਤੀ ਦੂਤਾਵਾਸ ਦਾ ਦਾਅਵਾ ਹੈ ਕਿ ਉਸ ਨੇ ਤਹਿਰਾਨ ਤੋਂ ਇਲਾਵਾ ਇਸ਼ਫ਼ਾਹਾਨ, ਸ਼ੀਰਾਜ਼, ਕਰਮਾਨ, ਮਸ਼ਹਾਦ ਤੇ ਜ਼ਹੇਦਾਨ ਸ਼ਹਿਰਾਂ ਦੇ ਅਧਿਕਾਰੀਆਂ ਨਾਲ ਰਾਬਤਾ ਲਗਾਤਾਰ ਬਣਾਇਆ ਹੋਇਆ ਹੈ। ਇਨ੍ਹਾਂ ਸ਼ਹਿਰਾਂ ਵਿਚ ਭਾਰਤੀ ਵਿਦਿਆਰਥੀ ਜਾਂ ਕਾਮੇ ਵੱਧ ਗਿਣਤੀ ਵਿਚ ਹਨ। ਫਿਰ ਵੀ ਹਾਲਾਤ ਚਿੰਤਾਜਨਕ ਹੋਣ ਕਾਰਨ ਇਨ੍ਹਾਂ ਲੋਕਾਂ ਦੇ ਸਕੇ-ਸਬੰਧੀਆਂ ਦੀ ਫਿਕਰਮੰਦੀ ਅਪਣੀ ਥਾਂ ਜਾਇਜ਼ ਹੈ।

ਪਿਛਲੇ ਛੇ ਮਹੀਨਿਆਂ ਦੌਰਾਨ ਇਹ ਦੂਜੀ ਵਾਰ ਹੈ ਜਦੋਂ ਭਾਰਤ ਸਰਕਾਰ ਨੂੰ ਭਾਰਤੀ ਨਾਗਰਿਕ ਇਰਾਨ ਵਿਚੋਂ ਸੁਰੱਖਿਅਤ ਕੱਢਣ ਦੀਆਂ ਤਿਆਰੀਆਂ ਕਰਨੀਆਂ ਪੈ ਰਹੀਆਂ ਹਨ। ਜਿਸ ਕਿਸਮ ਦੇ ਅਸਥਿਰ ਹਾਲਾਤ ਇਸ ਵੇਲੇ ਦੁਨੀਆਂ ਵਿਚ ਬਣੇ ਹੋਏ ਹਨ, ਉਨ੍ਹਾਂ ਦੇ ਮੱਦੇਨਜ਼ਰ ਇਹ ਜ਼ਰੂਰੀ ਹੈ ਕਿ ਸਰਕਾਰ ਪੱਛਮੀ ਏਸ਼ੀਆ, ਅਫ਼ਰੀਕਾ ਮਹਾਂਦੀਪ ਅਤੇ ਲਾਤੀਨੀ ਅਮਰੀਕਾ ਵਲ ਭਾਰਤੀਆਂ ਦੀ ਰਵਾਨਗੀ ਨੂੰ ਨਿਰ-ਉਤਸ਼ਾਹਿਤ ਕਰੇ।

ਇਸ ਤੋਂ ਇਲਾਵਾ ਇਨ੍ਹਾਂ ਖਿੱਤਿਆਂ ਦੇ ਹਰ ਮੁਲਕ ਵਿਚ ਕੰਮ, ਪੜ੍ਹਾਈ ਜਾਂ ਯਾਤਰਾ ਲਈ ਗਏ ਹਰ ਭਾਰਤੀ ਦੀ ਸਬੰਧਿਤ ਭਾਰਤੀ ਦੂਤਾਵਾਸ ਕੋਲ ਰਜਿਸਟਰੇਸ਼ਨ ਜ਼ਰੂਰੀ ਬਣਾਈ ਜਾਵੇ। ਪੂਰੇ ਇਰਾਨ ਵਿਚ ਇੰਟਰਨੈੱਟ ਤੇ ਫ਼ੋਨ ਸੇਵਾਵਾਂ 8 ਜਨਵਰੀ ਤੋਂ ਠੱਪ ਹਨ। ਇਹ ‘ਬਲੈਕਆਊਟ’ ਕਿੰਨਾ ਸਮਾਂ ਹੋਰ ਚਲਦੀ ਹੈ, ਇਸ ਬਾਰੇ ਕੋਈ ਯਕੀਨਦਹਾਨੀ ਜਾਂ ਪੇਸ਼ੀਨਗੋਈ ਨਹੀਂ ਕੀਤੀ ਜਾ ਸਕਦੀ। ਲਿਹਾਜ਼ਾ, ਇਹ ਜ਼ਰੂਰੀ ਹੈ ਕਿ ਫਸੇ ਭਾਰਤੀਆਂ ਦੀ ਜਿਸ ਕਿਸਮ ਦੀ ਮਦਦ ਸੰਭਵ ਹੋ ਸਕਦੀ ਹੈ, ਉਹ ਯਕੀਨੀ ਬਣਾਈ ਜਾਵੇ।