ਵੈਲੇਨਟਾਈਨ ਡੇਅ ਤੇ ਪਿਆਰ ਦੇ ਸਹੀ ਅਰਥ ਸਮਝ ਸਕੋ ਤਾਂ ਜੀਵਨ ਸਫ਼ਲ ਹੋ ਜਾਏਗਾ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਕੁਝ ਪਲ ਵਾਸਤੇ ਅਪਣੇ ਰਿਸ਼ਤਿਆਂ ਦੇ ਡਰ ਨੂੰ ਹਟਾ ਦਿਉ ਤਾਂ ਉਸ ਰਿਸ਼ਤੇ ਦੀ ਪਰਿਭਾਸ਼ਾ ਕਿਸ ਤਰ੍ਹਾਂ ਬਦਲ ਜਾਂਦੀ ਹੈ, ਜ਼ਰਾ ਸੋਚ ਕੇ ਤਾਂ ਵੇਖੋ।

Photo

ਹਰ ਸਾਲ ਵੈਲੇਨਟਾਈਨਜ਼ ਡੇ ਆਉਂਦਾ ਹੈ ਅਤੇ ਫ਼ਰਵਰੀ ਦੇ ਮਹੀਨੇ ਦੇ ਬਦਲੇ ਹੋਏ ਮਾਹੌਲ ਦੀ ਲਾਲੀ, ਨੌਜੁਆਨਾਂ ਦੀਆਂ ਗੱਲ੍ਹਾਂ ਵਿਚ ਝਲਕਣ ਲਗਦੀ ਹੈ। ਪਿਆਰ ਕਰਨਾ ਸਾਡੇ ਦੇਸ਼ ਦੇ ਸਭਿਆਚਾਰ ਵਿਰੁਧ ਮੰਨਿਆ ਜਾਂਦਾ ਹੈ ਪਰ ਸੱਭ ਤੋਂ ਤੇਜ਼ੀ ਨਾਲ ਆਬਾਦੀ ਵੀ ਸਾਡੀ ਹੀ ਵਧ ਰਹੀ ਹੈ। ਰੱਬ ਨੂੰ ਪੂਜਦੇ ਹਾਂ, ਧਰਤੀ ਮਾਤਾ, ਗਊ ਮਾਤਾ, ਭਾਰਤ ਮਾਤਾ ਦੇ ਨਾਹਰੇ ਲਾਉਂਦੇ ਹਾਂ ਪਰ ਪਿਆਰ ਤੋਂ ਕੋਹਾਂ ਦੂਰ ਹਾਂ।

ਕਿਸੇ ਵੀ 'ਮਾਂ' ਨਾਲ ਸਾਡਾ ਪਿਆਰ, ਵਿਖਾਵੇ ਦੇ ਨਾਹਰਿਆਂ ਤੋਂ ਅੱਗੇ ਕੋਈ ਹਕੀਕਤ ਨਹੀਂ ਰਖਦਾ। ਕੱਟੜ ਤੋਂ ਕੱਟੜ ਤੇ ਮਨੁੱਖੀ ਪ੍ਰੇਮ ਭਾਵਨਾ ਤੋਂ ਸਖਣੇ ਲੋਕਾਂ ਦੇ ਦਿਲ ਵਿਚ ਵੀ ਪਿਆਰ ਕਦੇ ਨਾ ਕਦੇ ਪਨਪਦਾ ਜ਼ਰੂਰ ਹੈ ਅਤੇ ਨੌਜੁਆਨਾਂ ਦਾ ਵੈਲੇਨਟਾਈਨ ਜਜ਼ਬਾ ਵੀ ਜਵਾਨੀ ਅਤੇ ਸਿਆਣਪ ਵਿਚ ਪੈਰ ਰਖਦਿਆਂ ਹੀ ਪਤਾ ਨਹੀਂ ਕਿਥੇ ਗੁਆਚ ਜਾਂਦਾ ਹੈ।

ਸਾਡੇ ਦੇਸ਼ ਦੀ ਇਕ ਰਵਾਇਤ ਹੈ ਜੋ ਹਰ ਧਰਮ, ਹਰ ਵਰਗ ਨੂੰ ਬੰਨ੍ਹ ਕੇ ਰਖਦੀ ਹੈ। ਭਾਰਤ ਦੇਸ਼ ਡਰ ਦੇ ਨਾਂ ਤੇ ਚਲਦਾ ਹੈ। ਰੱਬ ਦਾ ਹੁਕਮ (ਜੋ ਮਨੁੱਖ ਤਕ ਪੁਜਾਰੀਆਂ ਰਾਹੀਂ ਪੁੱਜਾ) ਮੰਨੋ ਨਹੀਂ ਤਾਂ ਪਾਪ ਲੱਗ ਜਾਵੇਗਾ। ਮਾਂ-ਬਾਪ ਦਾ ਕਹਿਣਾ ਨਾ ਮੰਨਿਆ ਤਾਂ ਸਰਾਪ ਲੱਗ ਜਾਵੇਗਾ। ਗਊ ਮਾਤਾ ਅੱਗੇ ਚਾਰਾ ਪਾਉ ਨਹੀਂ ਤਾਂ ਕਹਿਰ ਨਾਜ਼ਲ ਹੋ ਜਾਵੇਗਾ।

ਅਧਿਆਪਕ ਦਾ ਕਹਿਣਾ ਨਾ ਮੰਨਿਆ ਜਾਂ ਹਰ ਚੀਜ਼ ਤੋਂ ਡਰ ਕੇ ਨਾ ਰਹੇ ਤਾਂ ਇਹ ਹੋ ਜਾਏਗਾ, ਔਹ ਹੋ ਜਾਏਗਾ। ਇਸ ਡਰ ਵਿਚ ਫਸਿਆ ਆਮ ਭਾਰਤੀ, ਸਭਿਆਚਾਰ, ਇਸ਼ਕ ਦੇ ਨਾਂ ਤੋਂ ਵੀ ਘਬਰਾਉਣ ਲੱਗ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਪ੍ਰੇਮ ਵਿਆਹ ਹਰ ਹਾਲ ਹੀ ਫ਼ੇਲ੍ਹ ਹੁੰਦੇ ਹਨ, ਅਤੇ ਇਨ੍ਹਾਂ ਤੋਂ ਡਰ ਕੇ ਰਹੋ ਤੇ ਕੁੰਡਲੀਆਂ ਮਿਲਵਾ ਕੇ ਜੋਤਸ਼ੀ/ਪੁਜਾਰੀ ਵਲੋਂ ਪ੍ਰਵਾਨ ਕੀਤਾ ਵਿਆਹ ਹੀ ਰਚਾਉ।

ਪਰ ਇਸ ਤਰ੍ਹਾਂ ਦੇ ਭਾਰਤੀ ਵਿਆਹਾਂ ਤੋਂ ਮਾੜੇ ਰਿਸ਼ਤੇ ਘੱਟ ਹੀ ਵੇਖੇ ਹਨ। ਵਿਆਹ ਦੇ ਨਾਂ ਤੇ ਇਕ ਸੌਦਾ ਅਤੇ ਇਕ ਵਪਾਰ ਚਲ ਪਿਆ ਹੈ। ਵਿਆਹ ਦਾ ਕਾਰਨ ਸਿਰਫ਼ ਡਰ ਹੈ। ਮਾਸ਼ੂਕਾ ਨੂੰ ਵੀ ਡਰ ਕਾਰਨ ਤੋਹਫ਼ੇ ਦਿਤੇ ਜਾਂਦੇ ਹਨ, ਪਰ ਪਿਆਰ ਨਹੀਂ ਕੀਤਾ ਜਾਂਦਾ। ਕੁਦਰਤ ਨੂੰ ਪੂਜਦੇ ਹਾਂ। ਭਾਰਤ ਧਰਤੀ ਮਾਤਾ, ਅਗਨੀ ਦੇਵਤਾ, ਵਾਯੂ, ਪਾਣੀ ਸੱਭ ਡਰ ਪੈਦਾ ਕਰਨ ਵਾਲੇ ਦੇਵਤੇ ਪੂਜਦੇ ਹਾਂ।

ਡਰ ਦੇ ਮਾਰੇ ਹਵਨ ਵੀ ਕਰਵਾ ਲੈਂਦੇ ਹਾਂ। ਚੜ੍ਹਾਵੇ ਵੀ ਚੜ੍ਹਾ ਦਿੰਦੇ ਹਾਂ ਪਰ ਜਿੰਨਾ ਧਰਤੀ ਨੂੰ ਇਸ ਦੇਸ਼ ਦੇ ਆਗਿਆਕਾਰ ਪੁੱਤਰ ਲੁਟਦੇ ਹਨ, ਸ਼ਾਇਦ ਹੀ ਕੋਈ ਹੋਰ ਲੁਟਦਾ ਹੋਵੇਗਾ। ਧਰਤੀ ਵਿਚ ਜ਼ਹਿਰ ਮਿਲਾ ਕੇ, ਧਰਤੀ ਦੀ ਕੁੱਖੋਂ ਪਾਣੀ ਕੱਢ ਕੇ ਉਸ ਨੂੰ ਬੰਜਰ ਬਣਾਉਣ ਵਿਚ ਜੁਟਿਆ ਹੈ ਇਸ ਦੇਸ਼ ਦਾ ਹਰ ਵਾਸੀ।

ਇਹ ਡਰ ਦਾ ਮਾਰਿਆ ਹੋਇਆ ਦੇਸ਼ ਸਿਰਫ਼ ਇਹੀ ਸੋਚਦਾ ਹੈ ਅਤੇ ਕਹਿੰਦਾ ਹੈ ਕਿ ਰੱਬ ਮਿਹਰ ਕਰੇ, ਕਦੇ ਕਿਸੇ ਨਾਲ ਪਿਆਰ ਨਾ ਹੋ ਜਾਵੇ ਪਰ ਨਫ਼ਰਤ ਹਰ ਕਿਸੇ ਨੂੰ, ਬੇਫ਼ਿਕਰ ਹੋ ਕੇ ਕਰਦਾ ਹੈ। ਰੱਬ ਵੀ ਆਮ ਭਾਰਤੀ ਲਈ ਡਰਨ ਦਾ ਇਕ ਹੋਰ ਕਾਰਨ ਹੈ। ਕਦੇ ਚੜ੍ਹਾਵੇ, ਕਦੇ ਡਰ ਕਾਰਨ ਵਰਤ, ਕਦੇ ਗੋਲਕ ਨੂੰ ਰੱਬ ਦਾ ਢਿੱਡ ਮੰਨ ਕੇ ਉਸ ਦੇ ਪੇਟ ਵਿਚ ਪੈਸਾ ਪਾ ਪਾ ਕੇ, ਰੱਬ ਨੂੰ ਹੀ ਲਾਲਚੀ ਦਰਸਾਉਣ ਦੀ ਕੋਸ਼ਿਸ਼ ਕਰਦੇ ਹਨ, ਪਰ ਰੱਬ ਵਾਸਤੇ ਪਿਆਰ ਦੇ ਲਫ਼ਜ਼ ਕਦੇ ਇਨ੍ਹਾਂ ਦੀ ਜ਼ੁਬਾਨ ਉਤੇ ਨਾ ਆ ਜਾਣ, ਇਸ ਦੀ ਦੁਆ ਕਰਦੇ ਰਹਿੰਦੇ ਹਨ।

ਪਿਆਰ, ਲਵ, ਸ਼ਬਦ ਨੂੰ ਇਹ ਰੂਹਾਨੀਅਤ ਵਿਚ ਰੰਗਿਆ ਹੋਣ ਦਾ ਦਾਅਵਾ ਕਰਨ ਵਾਲਾ ਦੇਸ਼, ਅਸਲ ਵਿਚ ਸਮਝ ਹੀ ਨਹੀਂ ਸਕਿਆ ਕਿਉਂਕਿ ਇਸ ਨੂੰ ਸਿਰਫ਼ ਡਰ ਅਤੇ ਭੈਅ ਦੀ ਭਾਸ਼ਾ ਸਮਝ ਆਉਂਦੀ ਹੈ। ਪਿਆਰ ਨੂੰ ਸਿਰਫ਼ ਦੋ ਰੂਪ ਦਿਤੇ ਹੋਏ ਹਨ-ਜਾਂ ਤਾਂ ਹੀਰ-ਰਾਂਝਾ ਦੀ ਮੌਤ ਵਰਗੇ ਪਿਆਰ ਦਾ ਰੂਪ ਜਾਂ ਮਾਂ-ਬੱਚੇ ਦਾ ਪਵਿੱਤਰ ਰੂਪ। ਪਿਆਰ ਤਾਂ ਕੁੱਝ ਗਿਣੇ ਚੁਣੇ ਰਿਸ਼ਤਿਆਂ ਵਿਚ ਹੀ ਨਜ਼ਰ ਆਉਂਦਾ ਹੈ।

ਮੇਰੇ ਵਾਸਤੇ ਹੀਰ-ਰਾਂਝਾ ਮੇਰੇ ਮਾਤਾ-ਪਿਤਾ ਹੀ ਹਨ ਜਿਨ੍ਹਾਂ ਇਕ-ਦੂਜੇ ਦੇ ਪਿਆਰ ਵਿਚ ਕਮਲੇ ਹੋ ਕੇ ਸਿਰਫ਼ ਪ੍ਰਵਾਰ ਨੂੰ ਹੀ ਨਹੀਂ ਬਲਕਿ ਰੱਬ ਨੂੰ, ਉਸ ਦੇ ਸ਼ਬਦ ਨੂੰ, ਪੰਜਾਬ ਨੂੰ, ਸਿੱਖੀ ਨੂੰ, ਇਨਸਾਨੀਅਤ ਨੂੰ ਬੇਲਾਗ ਹੋ ਕੇ ਪਿਆਰ ਕੀਤਾ। ਉਨ੍ਹਾਂ ਦੀ ਸਾਰੀ ਉਮਰ ਦੀ ਕਮਾਈ ਉਨ੍ਹਾਂ ਦਾ ਇਕ-ਦੂਜੇ ਪ੍ਰਤੀ ਬੇਤਹਾਸ਼ਾ ਪ੍ਰੇਮ ਹੀ ਬਣੀ।
ਕੁਝ ਪਲ ਵਾਸਤੇ ਅਪਣੇ ਰਿਸ਼ਤਿਆਂ ਦੇ ਡਰ ਨੂੰ ਹਟਾ ਦਿਉ ਤਾਂ ਉਸ ਰਿਸ਼ਤੇ ਦੀ ਪਰਿਭਾਸ਼ਾ ਕਿਸ ਤਰ੍ਹਾਂ ਬਦਲ ਜਾਂਦੀ ਹੈ, ਜ਼ਰਾ ਸੋਚ ਕੇ ਤਾਂ ਵੇਖੋ।

ਕੁਦਰਤ ਨਾਲ ਜੇ ਡਰ ਦਾ ਨਹੀਂ, ਬਲਕਿ ਪਿਆਰ ਦਾ ਰਿਸ਼ਤਾ ਹੋਵੇ ਤਾਂ ਕੀ ਕੋਈ ਅਪਣੇ ਪਿਆਰੇ ਨੂੰ ਬੰਜਰ ਬਣਾਵੇਗਾ? ਜੇ ਵਿਆਹ ਪਿਆਰ ਉਤੇ ਅਧਾਰਤ ਹੋਵੇ, ਸ਼ਾਇਦ ਕੁੱਝ ਹਾਰਨਾ ਵੀ ਪੈ ਜਾਏ, ਪਰ ਸੋਚੋ ਉਹ ਰਿਸ਼ਤੇ ਕਿੰਨੇ ਖ਼ੂਬਸੂਰਤ ਹੋਣਗੇ ਜਿਨ੍ਹਾਂ ਵਿਚ ਦੋ ਇਨਸਾਨ ਪਿਆਰ ਨਾਲ ਪ੍ਰਵਾਰ ਨੂੰ ਸਿੰਜਣਗੇ? ਜੇ ਰੱਬ ਤੋਂ ਡਰੇ ਬਗ਼ੈਰ ਉਸ ਨਾਲ ਪਿਆਰ ਕੀਤਾ ਜਾਵੇ, ਤਾਂ ਕੀ ਫਿਰ ਉਸ ਰੱਬ ਨਾਲ ਬੇਈਮਾਨੀ ਕੀਤੀ ਜਾ ਸਕੇਗੀ? ਕੀ ਫਿਰ ਉਹ ਪਿਆਰ ਕਰਨ ਵਾਲਾ ਇਨਸਾਨ ਕਦੇ ਰੱਬ ਨੂੰ ਦਗ਼ਾ ਦੇਵੇਗਾ?

ਗਊਮਾਤਾ ਦੇ ਡਰ ਕਰ ਕੇ ਉਸ ਨਾਲ ਦਿਲੋਂ ਪਿਆਰ ਨਹੀਂ ਕਰਦੇ ਅਤੇ ਡਰੀ ਹੋਈ ਸ਼ਰਧਾ ਨੇ ਗਊ ਦੀ ਜ਼ਿੰਦਗੀ ਕਿੰਨੀ ਦਰਦਨਾਕ ਬਣਾ ਦਿਤੀ ਹੈ। ਹਰ ਰਿਸ਼ਤੇ ਵਿਚਲਾ ਡਰ ਉਸ ਰਿਸ਼ਤੇ ਨੂੰ ਤਬਾਹ ਕਰ ਦਿੰਦਾ ਹੈ। ਅੱਜ ਦੇ ਨੌਜੁਆਨਾਂ ਦੀਆਂ ਗੱਲ੍ਹਾਂ ਦੀ ਸੁਰਖ਼ੀ ਤੋਂ ਵੀ ਡਰੋ ਨਾ। ਇਸ ਨੂੰ ਕੁਦਰਤ ਦੇ ਸੱਭ ਤੋਂ ਖ਼ੂਬਸੂਰਤ ਅਹਿਸਾਸ ਦੀ ਪਹਿਲੀ ਕਲੀ ਸਮਝੋ। ਉਹ ਕਲੀ ਜੋ ਕਿ ਕੁਦਰਤ ਦਾ ਤੋਹਫ਼ਾ ਹੈ ਅਤੇ ਉਸ ਨੂੰ ਇਨਸਾਨ ਬਣਾਉਣ ਵਿਚ ਮਦਦ ਕਰੇਗੀ।

ਸੇਂਟ ਵੈਲੇਨਟਾਈਨ ਤੋਂ ਡਰਦੇ ਹੋ ਪਰ ਬਾਬਾ ਨਾਨਕ ਵੀ ਤਾਂ ਪਿਆਰ ਹੀ ਸਿਖਾ ਕੇ ਗਏ ਸਨ। ਚਲੋ 14 ਫ਼ਰਵਰੀ ਨੂੰ ਨਾ ਸਹੀ, ਬਾਕੀ ਸਾਰਾ ਸਾਲ, ਬਾਬੇ ਨਾਨਕ ਦੇ ਕਹਿਣ ਤੇ ਪਿਆਰ ਨੂੰ ਫੈਲਣ ਦਿਉ। ਡਰ ਅਤੇ ਨਫ਼ਰਤ-ਲਿਬੜੀ ਮੁਹੱਬਤ ਦਾ ਅਸਰ ਅੱਜ ਤੁਸੀ ਸਾਰੇ ਵੇਖ ਰਹੇ ਹੋ, ਤਾਂ ਫਿਰ ਪਿਆਰ ਤੋਂ ਕਿਉਂ ਡਰਦੇ ਹੋ? ਕਿੰਨਾ ਵੀ ਦਰਦ ਪਿਆਰ ਵਿਚ ਸਹਿਣਾ ਪੈ ਜਾਏ, ਡਰ ਨਾਲੋਂ ਬਹੁਤ ਘੱਟ ਪੀੜ ਦੇਵੇਗਾ, ਮੇਰੇ ਤੇ ਯਕੀਨ ਕਰ ਕੇ ਵੇਖੋ।  -ਨਿਮਰਤ ਕੌਰ