Valentine Day ਸਾਡੇ ਲਈ ਵਿਦੇਸ਼ੀ ਤਿਉਹਾਰ ਹੈ ਤਾਂ ਅਸੀ ਪਿਆਰ ਦਾ ਇਕ ਸਵਦੇਸ਼ੀ ਤਿਉਹਾਰ ਕਿਉਂ ਨਹੀਂ ਸ਼ੁਰੂ ਕਰ ਸਕੇ?

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਜਦ ਤਕ ਸਾਡੇ ਬੱਚੇ ਵੱਡੇ ਹੋਏ, ਇਸ ਨੂੰ ਜਸ਼ਨ ਵਜੋਂ ਮਨਾਉਣਾ ਆਮ ਗੱਲ ਹੋ ਗਈ।

Valentine Day

ਜਦੋਂ ਅਸੀ ਛੋਟੇ ਹੁੰਦੇ ਸੀ ਤਾਂ ਵੈਲੇਨਟਾਈਨ-ਡੇ ਬਾਰੇ ਘਰ ਵਿਚ ਗੱਲ ਵੀ ਨਹੀਂ ਸੀ ਕਰਦੇ ਕਿਉਂਕਿ  ਵੈਲੇਨਟਾਈਨ ਪਾਰਟੀਆਂ ’ਚ ਜਾਣ ਦੀ ਆਗਿਆ ਤਾਂ ਮਿਲਣੀ ਨਹੀਂ ਸੀ ਹੁੰਦੀ। ਫਿਰ ਅਖ਼ਬਾਰਾਂ ਵਿਚ ਆਉਣਾ ਸ਼ੁਰੂ ਹੋ ਗਿਆ ਤੇ ਹੌਲੀ ਹੌਲੀ  ਪੂੰਜੀਵਾਦ ਨੇ ਇਸ ਨੂੰ ਇਕ ਵੱਡਾ ਤਿਉਹਾਰ ਬਣਾ ਲਿਆ। ਜਦ ਤਕ ਸਾਡੇ ਬੱਚੇ ਵੱਡੇ ਹੋਏ, ਇਸ ਨੂੰ ਜਸ਼ਨ ਵਜੋਂ ਮਨਾਉਣਾ ਆਮ ਗੱਲ ਹੋ ਗਈ।

ਸਾਡੇ ਬੱਚੇ ਤਾਂ ਹੁਣ ਅਪਣੇ ਅਧਿਆਪਕਾਂ ਲਈ ਅਤੇ ਮਾਵਾਂ ਵਾਸਤੇ ਵੀ ਲਾਲ ਗੁਲਾਬ ਲੈਂਦੇ ਹਨ। ਪਰ ਜਿਥੇ ਇਕ ਤਬਕਾ ਪਿਆਰ ਨੂੰ ਅਪਣੀ ਜ਼ਿੰਦਗੀ ਦੇ ਹਰ ਪਹਿਲੂ ਵਿਚ ਅਪਣਾ ਰਿਹਾ ਹੈ ਤਾਂ ਦੂਜਾ ਤਬਕਾ ਘਬਰਾਹਟ ਵਿਚ ਇਸ ਦਾ ਵਿਦੇਸ਼ੀ ਤਿਉਹਾਰ ਹੋਣ ਕਾਰਨ ਵਿਰੋਧ ਵੀ ਕਰ ਰਿਹਾ ਹੈ। ਉਹਨਾਂ ਨੇ ਇਸ ਦਿਨ ਨੂੰ ਗਾਂ ਨੂੰ ਜੱਫੀ ਪਾਉਣ ਦਾ ਦਿਨ ਬਣਾਉਣ ਦੀ ਕੋਸ਼ਿਸ਼ ਤਾਂ ਕੀਤੀ ਪਰ ਬਹੁਤ ਜ਼ਿਆਦਾ ਮਜ਼ਾਕ ਉਡਾਏ ਜਾਣ ਤੇ, ਹੁਕਮ ਵਾਪਸ ਵੀ ਲੈ ਲਿਆ ਹੈ।

ਪਰ ਜੇ ਵਿਦੇਸ਼ੀ ਪਿਆਰ ਦੇ ਦਿਨ ਤੋਂ ਘਬਰਾਹਟ ਸੀ ਤਾਂ ਸਵਦੇਸ਼ੀ ਪਿਆਰ ਦਿਵਸ ਮਨਾ ਲੈਂਦੇ। ਆਖ਼ਰ ਜਿਸ ਦੇਸ਼ ਦੇ ਮਹਾਨ ਕੋਸ਼ਾਂ ਵਿਚ ਕਾਮਸੂਤਰਾ ਵਰਗੀ ਕਿਤਾਬ ਨੂੰ ਅਹਿਮ ਸਥਾਨ ਦਿਤਾ ਗਿਆ ਹੋਵੇ, ਜਿਸ ਦੇ ਪੁਰਾਣੇ ਇਤਿਹਾਸ ਵਿਚ ਅਜੰਤਾ ਅਲੋਰਾ ਹੋਣ ਅਤੇ ਦੁਨੀਆਂ ਦੇ ਸੱਤ ਅਜੂਬਿਆਂ ਵਿਚ ਤਾਜ ਮਹਲ ਹੋਵੇ, ਹੀਰ-ਰਾਂਝਾ, ਬਾਜੀਰਾਉ-ਮਸਤਾਨੀ, ਸੋਹਣੀ-ਮਹੀਵਾਲ ਵਰਗੇ ਪਿਆਰ ਦੇ ਕਿੱਸੇ ਹੋਣ, ਉਸ ਦੇਸ਼ ਦਾ ਇਕ ‘ਪ੍ਰੇਮ ਦਿਵਸ’ ਹੋਣਾ ਵੀ ਤਾਂ ਬਣਦਾ ਹੀ ਹੈ।

ਪਰ ਸਾਡੇ ਆਧੁਨਿਕ ਤੇ ਆਜ਼ਾਦ ਭਾਰਤ ਵਿਚ ਸੱਭ ਨੂੰ ਪਿਆਰ ਤੋਂ ਡਰ ਜ਼ਿਆਦਾ ਲਗਦਾ ਹੈ ਤੇ ਨਫ਼ਰਤ ਦਾ ਬਾਜ਼ਾਰ ਖ਼ੂਬ ਗਰਮ ਰਹਿੰਦਾ ਹੈ। ਜੇ ਇਨ੍ਹਾਂ ਨੂੰ ਨਫ਼ਰਤ ਦਾ ਤਿਉਹਾਰ ਮਨਾਉਣ ਵਾਸਤੇ ਆਖਿਆ ਜਾਵੇ ਤਾਂ ਇਹ ਇਕ ਪਲ ਵੀ ਨਹੀਂ ਸੋਚਣਗੇ ਤੇ ਅਪਣਿਆਂ ਨੂੰ ਹੀ ਮਾਰਨ ਲੱਗ ਜਾਣਗੇ। ਸਾਡੇ ਦੇਸ਼ ਵਿਚ ਅੱਜ ਪਿਆਰ ਤੋਂ ਡਰਨ ਦੀ ਸੋਚ ਨੇ ਵਾਧੂ ਮੁਸ਼ਕਲਾਂ ਪੈਦਾ ਕਰ ਦਿਤੀਆਂ ਹਨ। ਮੇਰੇ ਵਾਸਤੇ ਪਿਆਰ ਦੀ ਸੱਭ ਤੋਂ ਵੱਡੀ ਸਫ਼ਲਤਾ ਦਾ ਪ੍ਰਤੀਕ ਮੇਰੇ ਮਾਂ-ਬਾਪ ਦੀ ਕਹਾਣੀ ਹੈ ਜੋ ਮੇਰੀਆਂ ਅੱਖਾਂ ਵਿਚ ਹੀਰ-ਰਾਂਝੇ ਨਾਲੋਂ ਕਿਤੇ ਵੱਧ ਹਨ।

ਜਿਸਮਾਨੀ ਪਿਆਰ, ਕੁਦਰਤ ਦੇ ਹਰ ਪਹਿਲੂ ਨਾਲ ਪਿਆਰ ਕਰਨ ਦੀ ਪਾਠਸ਼ਾਲਾ ਹੁੰਦੀ ਹੈ ਤੇ ਮੇਰੇ ਮਾਂ-ਬਾਪ ਦਾ ਪਿਆਰ ਉਸੇ ਤਰ੍ਹਾਂ ਦੇ ਇਸ਼ਕ ਵਿਚ ਗੜੁੱਚ ਹੋਣ ਦੀ ਗਾਥਾ ਹੈ। ਜਦ ਮੇਰੇ ਪਿਤਾ ਨੇ ਮਾਂ ਵਾਸਤੇ ਵਿਆਹ ਦੀ 50ਵੀਂ ਵਰ੍ਹੇਗੰਢ ’ਤੇ ਚਿੱਠੀ ਲਿਖੀ ਤਾਂ ਸਮਝ ਆਈ ਕਿ ਉਹਨਾਂ ਦਾ ਪਿਆਰ ਕਿਥੋਂ ਸ਼ੁਰੂ ਹੋਇਆ, ਜਿਹੜਾ ਅੱਜ ਦੋਵਾਂ ਨੂੰ 80-82 ਸਾਲ ਦੀ ਉਮਰ ਵਿਚ ਵੀ ਜਵਾਨ ਰਖਦਾ ਹੈ। ਇਕ-ਦੂਜੇ ਤੋਂ ਸ਼ੁਰੂ ਹੋਇਆ ਪਿਆਰ, ਉਹਨਾਂ ਦੋਵਾਂ ਲਈ ਇਕ ਮਕਸਦ ਦੀ ਅੱਗ ਬਣ ਗਿਆ ਜਿਸ ਕਾਰਨ ਉਹ ਦੋਵੇਂ ਮਿਲ ਕੇ ‘ਰੋਜ਼ਾਨਾ ਸਪੋਕਸਮੈਨ’ ਤੇ ‘ਉੱਚਾ ਦਰ’ ਨੂੰ ਮੁਕੰਮਲ ਕਰਨ ਵਿਚ ਅਪਣੀ ਜਾਨ ਸਮੇਤ ਸੱਭ ਕੁੱਝ ਨੂੰ ਦਾਅ ’ਤੇ ਲਾ ਦੇਣ ਨੂੰ ਛੋਟੀ ਗੱਲ ਸਮਝਦੇ ਸਨ ਤੇ ਇਹੀ ਰਾਜ਼ ਹੈ ਅਸੰਭਵ ਜਹੇ ਲਗਦੇ ਦੋ ਵੱਡੇ ਪ੍ਰਾਜੈਕਟਾਂ ਨੂੰ ਸਿਰੇ ਚੜ੍ਹਾਉਣ ਵਿਚ ਉਨ੍ਹਾਂ ਨੂੰ ਮਿਲੀ ਕਾਮਯਾਬੀ ਦਾ।

ਇਕ ਦੂਜੇ ਦਾ ਹੱਥ ਫੜੀ, ਆਪ ਮਿੱਟੀ ਨਾਲ ਮਿੱਟੀ ਹੋ ਜਾਂਦੇ ਰਹੇ ਪਰ ਮਿੱਟੀ ਨੂੰ ਡੈਮੋਕਰੇਸੀ ਅਤੇ ਬਾਬੇ ਨਾਨਕ ਦੇ ਮਹੱਲ ਦੀ ਸ਼ਕਲ ਜ਼ਰੂਰ ਦੇ ਸਕੇ। ਪਰ ਇਸ ਪਿਆਰ ਨੂੰ ਅੱਜ ਅਸੀ ਨਾ ਆਪ ਹੀ ਸਮਝ ਸਕੇ ਹਾਂ ਤੇ ਨਾ ਹੀ ਅਪਣੇ ਬੱਚਿਆਂ ਨੂੰ ਸਮਝਾ ਸਕੇ ਹਾਂ। ਪਿਆਰ ਤੇ ਜਿਸਮਾਨੀ ਰਿਸ਼ਤੇ, ਇਕ ਵਪਾਰ ਬਣਦੇ ਜਾ ਰਹੇ ਹਨ ਜਿਸ ਵਲ ਵੇਖ ਕੇ ਸੁਪਰੀਮ ਕੋਰਟ ਨੇ ਹਾਲ ਹੀ ਵਿਚ ਫ਼ੈਸਲਾ ਦਿਤਾ ਕਿ ਜੇ ਇਕ ਪੜ੍ਹੀ ਲਿਖੀ ਵੱਡੀ ਔਰਤ ਇਕ ਵਿਆਹੇ ਹੋਏ ਮਰਦ ਨਾਲ ਜਿਸਮਾਨੀ ਰਿਸ਼ਤਾ ਵਿਆਹ ਦੀ ਆਸ ਨਾਲ ਬਣਾਉਂਦੀ ਹੈ ਤਾਂ ਫਿਰ ਵਿਆਹ ਨਾ ਹੋਣ ’ਤੇ ਉਹ ਬਲਾਤਕਾਰ ਦਾ ਇਲਜ਼ਾਮ ਨਹੀਂ ਲਗਾ ਸਕਦੀ। ਅੱਜ ਇਹ ਬਹੁਤ ਹੀ ਆਮ ਹੋ ਰਿਹਾ ਹੈ ਤੇ ਔਰਤਾਂ ਜਿਸਮਾਨੀ ਰਿਸ਼ਤੇ ਨੂੰ ਵਿਆਹ ਵਾਸਤੇ ਇਕ ਸੌਦੇ ਵਾਂਗ ਇਸਤੇਮਾਲ ਕਰਦੀਆਂ ਹਨ ਤੇ ਦੂਜੇ ਪਾਸੇ ਮਰਦ ਵੀ ਵਿਆਹ ਨੂੰ ਇਕ ਜੁਮਲਾ ਬਣਾ ਕੇ ਔਰਤਾਂ ਨਾਲ ਖੇਡਦੇ ਹਨ। 

ਅੱਜ ਦੀ ਪੀੜ੍ਹੀ ਰਿਸ਼ਤੇ ਨੂੰ ਹੀ ਜਦ ਵਪਾਰ ਬਣਾ ਲੈਂਦੀ ਹੈ ਤਾਂ ਸਾਫ਼ ਹੈ ਕਿ ਉਹਨਾਂ ਨੂੰ ਪਿਆਰ ਦਾ ਮਤਲਬ ਹੀ ਨਹੀਂ ਆਉਂਦਾ। ਜਿਨ੍ਹਾਂ ਦਿਲਾਂ ਵਿਚ ਪਿਆਰ ਦੀ ਚਿੰਗਾਰੀ ਨਾ ਹੋਵੇ, ਉਹ ਕੁਦਰਤ ਨੂੰ ਕਿਸ ਤਰ੍ਹਾਂ ਪਿਆਰ ਕਰਨਗੇ? ਜਿਨ੍ਹਾਂ ਦੇ ਅਪਣੇ ਦਿਲਾਂ ਵਿਚ ਮੈਲ ਤੇ ਛਲ ਹੋਵੇ, ਉਹ ਸਮਾਜ ਵਿਚ ਕਿਸ ਤਰ੍ਹਾਂ ਸਫ਼ਾਈ ਲਿਆਉਣਗੇ? ਫਿਰ ਇਹਨਾਂ ਦਿਲਾਂ ਵਲੋਂ ਤਾਂ ਨਫ਼ਰਤ ਦੇ ਹੀ ਤਿਉਹਾਰ ਮਨਾਏ ਜਾ ਸਕਦੇ ਹਨ। ਪਿਆਰ ਨੂੰ ਜਿੰਨਾ ਸਮਝਿਆ, ਓਨੀ ਹੀ ਜ਼ਿੰਦਗੀ ਵਿਚ ਰੌਸ਼ਨੀ ਆਈ। ਅੱਜ ਸਵਦੇਸ਼ੀ ਜਾਂ ਵਿਦੇਸ਼ੀ ਜਿਹੜਾ ਵੀ ਚੰਗਾ ਲਗਦਾ ਹੈ, ਉਸ ਪਿਆਰ ਨੂੰ ਮਨਾਉਣ ਵਿਚ ਝਿਜਕ ਨਹੀਂ ਹੋਣੀ ਚਾਹੀਦੀ।           
- ਨਿਮਰਤ ਕੌਰ