ਅਕਾਲੀਆਂ ਨੂੰ ਪੰਥਕ ਵੋਟ ਚਾਹੀਦੀ ਹੈ ਜਾਂ ਡੇਰਾ ਪ੍ਰੇਮੀਆਂ ਤੇ ਸ਼ਰਾਬ ਦੇ ਰਸੀਆਂ ਦੀ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਖਡੂਰ ਸਾਹਿਬ ਇਕ ਪੰਥਕ ਹਲਕਾ ਮੰਨਿਆ ਜਾਂਦਾ ਹੈ ਪਰ ਇਹ ਹਲਕਾ ਡੇਰਾਵਾਦ ਦਾ ਗੜ੍ਹ ਵੀ ਹੈ ਜੋ ਦਰਸਾਉਂਦਾ ਹੈ ਕਿ 10 ਸਾਲਾਂ ਤਕ ਅਕਾਲੀ ਦਲ ਦੀ ਸਰਕਾਰ ਦੌਰਾਨ...

Bibi jagir kaur and longowal

ਖਡੂਰ ਸਾਹਿਬ ਇਕ ਪੰਥਕ ਹਲਕਾ ਮੰਨਿਆ ਜਾਂਦਾ ਹੈ ਪਰ ਇਹ ਹਲਕਾ ਡੇਰਾਵਾਦ ਦਾ ਗੜ੍ਹ ਵੀ ਹੈ ਜੋ ਦਰਸਾਉਂਦਾ ਹੈ ਕਿ 10 ਸਾਲਾਂ ਤਕ ਅਕਾਲੀ ਦਲ ਦੀ ਸਰਕਾਰ ਦੌਰਾਨ ਕਿੰਨਾ ਕੁ ਪੰਥਕ ਪ੍ਰਚਾਰ ਕੀਤਾ ਗਿਆ ਸੀ ਇਸ ਹਲਕੇ ਵਿਚ। ਇਥੋਂ ਪਿਛਲੇ ਸੰਸਦ ਮੈਂਬਰ ਬ੍ਰਹਮਪੁਰਾ ਹੁਣ ਚੋਣ ਨਹੀਂ ਲੜ ਰਹੇ ਪਰ ਪਿਛਲੀ ਵਾਰ ਉਹ ਇਕ ਲੱਖ ਵੋਟਾਂ ਦੇ ਫ਼ਰਕ ਨਾਲ ਜਿੱਤੇ ਸਨ। ਸਿਆਸਤਦਾਨਾਂ ਦੀ ਅਜੀਬ ਹੀ ਫ਼ਿਤਰਤ ਹੁੰਦੀ ਹੈ ਜਿਸ ਦੇ ਪ੍ਰਭਾਵ ਹੇਠ, ਸੁਖਬੀਰ ਸਿੰਘ ਬਾਦਲ ਅਪਣੀ ਹੀ ਪਾਰਟੀ ਦੇ ਸੰਸਦ ਮੈਂਬਰ ਬਾਰੇ ਕਹਿ ਗਏ ਕਿ ਉਨ੍ਹਾਂ ਪੰਜ ਸਾਲ ਵਿਚ ਖਡੂਰ ਸਾਹਿਬ ਵਿਚ ਕੋਈ ਕੰਮ ਨਹੀਂ ਕੀਤਾ। ਅੱਜ ਬ੍ਰਹਮਪੁਰਾ, ਬਾਦਲ ਅਕਾਲੀ ਦਲ ਤੋਂ ਵੱਖ ਹੋ ਕੇ ਵਿਰੋਧੀ ਧਿਰ ਬਣ ਗਏ ਹਨ ਪਰ ਜਿਸ ਕਾਰਜਕਾਲ ਬਾਰੇ ਸੁਖਬੀਰ ਟਿਪਣੀ ਕਰ ਰਹੇ ਹਨ, ਉਹ ਤਾਂ ਉਨ੍ਹਾਂ ਦੀ ਪ੍ਰਧਾਨਗੀ ਹੇਠਲਾ ਕਾਰਜਕਾਲ ਹੀ ਸੀ। 

ਖ਼ੈਰ, ਹੁਣ ਉਨ੍ਹਾਂ ਨੇ ਇਸ ਪੰਥਕ ਹਲਕੇ ਵਿਚ ਬੀਬੀ ਜਗੀਰ ਕੌਰ ਨੂੰ ਉਤਾਰਨ ਦਾ ਫ਼ੈਸਲਾ ਕੀਤਾ ਹੈ। ਇਸ ਐਲਾਨ ਤੋਂ ਬਾਅਦ ਦੇ ਪਹਿਲੇ ਇਕੱਠ ਵਿਚ ਸ਼ਰਾਬ ਦੀ ਦੱਬ ਕੇ ਵੰਡ ਕਰਨ ਦਾ ਵੀਡੀਉ ਨਿਊਜ਼18 ਵਲੋਂ ਜਨਤਕ ਕਰ ਕੇ ਅਕਾਲੀ ਦਲ ਦੀ ਪੰਥਕ ਸੋਚ ਉਤੇ ਸਵਾਲ ਖੜਾ ਕਰ ਦਿਤਾ ਗਿਆ ਹੈ। ਬੀਬੀ ਜਗੀਰ ਕੌਰ ਨੇ ਐਲਾਨ ਤਾਂ ਕੀਤਾ ਹੈ ਕਿ ਉਹ ਕਿਸੇ ਡੇਰੇ, ਖ਼ਾਸ ਕਰ ਕੇ ਸੌਦਾ ਸਾਧ ਦੇ ਡੇਰੇ ਦੀ ਹਮਾਇਤ ਨਹੀਂ ਲੈਣਗੇ। ਪਰ ਬਾਦਲ ਅਕਾਲੀ ਦਲ ਤਾਂ 2017 ਵਿਚ ਅਪਣੀਆਂ ਅੱਧੀਆਂ ਸੀਟਾਂ ਵੀ ਮਸਾਂ ਹੀ ਡੇਰਾ ਸੌਦਾ ਸਾਧ ਦੇ ਸਾਹਮਣੇ ਮੱਥਾ ਟੇਕਣ ਨਾਲ ਹੀ ਜਿੱਤੀਆਂ ਸਨ। ਭਾਵੇਂ ਜਿੱਤ ਤੋਂ ਬਾਅਦ ਦਰਜਨਾਂ ਅਕਾਲੀ ਆਗੂਆਂ ਨੇ ਅਕਾਲ ਤਖ਼ਤ ਕੋਲੋਂ ਤਨਖ਼ਾਹ ਲਵਾ ਕੇ, ਡੇਰਾ ਸੌਦਾ ਸਾਧ ਤੋਂ ਸਮਰਥਨ ਪ੍ਰਾਪਤ ਕਰਨ ਬਦਲੇ ਮਾਫ਼ੀ ਵੀ ਮੰਗੀ ਪਰ ਉਨ੍ਹਾਂ ਅਪਣੀਆਂ ਸੀਟਾਂ ਨਹੀਂ ਸਨ ਛਡੀਆਂ। ਸੋ ਲੋੜ ਪੈਣ ਤੇ, ਅੱਜ ਵੀ ਅਕਾਲੀ, ਫਿਰ ਉਹੀ ਕੁੱਝ ਕਰ ਸਕਦੇ ਹਨ ਕਿਉਂਕਿ ਅਪਣੇ ਪੰਥਕ ਬਲਬੂਤੇ ਤੇ ਜਿਤਣਾ ਉਨ੍ਹਾਂ ਨੂੰ ਭੁਲ ਹੀ ਗਿਆ ਹੈ ਸ਼ਾਇਦ। 

ਜੇ ਇਹ ਸ਼ਰਾਬ ਵੰਡਣ ਵਾਲਾ ਵੀਡੀਉ ਠੀਕ ਹੈ ਤਾਂ ਬਿਲਕੁਲ ਸਾਫ਼ ਹੈ ਕਿ ਬਾਦਲ ਅਕਾਲੀ ਦਲ, ਵੋਟਰਾਂ ਨੂੰ ਨਾਲ ਲੈਣ ਲਈ, ਉਨ੍ਹਾਂ ਅੰਦਰ ਪੰਥ-ਪਿਆਰ ਪੈਦਾ ਕਰਨ ਦੀ ਬਜਾਏ, ਸ਼ਰਾਬ-ਪਿਆਰ, ਡੇਰਾ-ਪਿਆਰ, ਲਾਲਚ ਅਤੇ ਪੰਥ ਵਿਚਾਰਧਾਰਾ ਦਾ ਤਿਆਗ ਵਾਲਾ ਰਾਹ ਹੀ ਚੁਣੇਗਾ।

ਤਾਂ ਫਿਰ ਬਦਲਾਅ ਕਿਵੇਂ ਆਵੇਗਾ ਜਦ ਅਜੇ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਲੌਂਗੋਵਾਲ ਵਲੋਂ ਸੌਦਾ ਸਾਧ ਤੋਂ ਵੋਟਾਂ ਮੰਗਣ ਅਤੇ ਮਾਫ਼ੀ ਮੰਗਣ ਦੇ ਇਲਜ਼ਾਮ ਦਾ ਸਿੱਧਾ ਜਵਾਬ ਨਹੀਂ ਆ ਰਿਹਾ? ਲੌਂਗੋਵਾਲ ਜੀ ਸ਼ਬਦਾਂ ਦਾ ਹੇਰਫੇਰ ਕਰ ਰਹੇ ਹਨ ਜਦ ਕਹਿੰਦੇ ਹਨ ਕਿ ''ਮੈਂ ਕਦੇ ਸੌਦਾ ਸਾਧ ਕੋਲ ਵੋਟਾਂ ਮੰਗਣ ਨਹੀਂ ਸੀ ਗਿਆ।'' ਕੀ ਇਸ ਦਾ ਮਤਲਬ ਇਹ ਹੈ ਕਿ ਉਹ ਕਦੇ ਵੀ ਸੌਦਾ ਸਾਧ ਦੇ ਡੇਰੇ ਨਹੀਂ ਸਨ ਗਏ ਜਾਂ ਕੀ ਉਹ ਮੱਥਾ ਟੇਕਣ ਹੀ ਜਾਂਦੇ ਸਨ ਪਰ ਵੋਟਾਂ ਨਹੀਂ ਸਨ ਮੰਗਦੇ?

ਬਾਦਲ ਅਕਾਲੀ ਦਲ ਅੱਜ ਵੀ ਇਹ ਗੱਲ ਸਮਝਣ ਤੋਂ ਅਸਮਰਥ ਸਾਬਤ ਹੋ ਰਿਹਾ ਹੈ ਕਿ ਸਿੱਖ ਪੰਥ ਉਨ੍ਹਾਂ ਨਾਲ ਨਾਰਾਜ਼ ਕਿਉਂ ਹੈ? ਇਹ ਜੋ ਵੋਟਾਂ ਦੀ ਪ੍ਰਾਪਤੀ ਲਈ ਉਹ ਸ਼ਰਾਬ ਵੰਡਣ ਅਤੇ ਡੇਰਿਆਂ 'ਚ ਮੱਥਾ ਟੇਕਣ ਤਕ ਚਲੇ ਜਾਂਦੇ ਰਹੇ ਹਨ, ਉਸ ਦੇ ਅਸਰ ਹੇਠ ਸਿੱਖ ਧਰਮ ਦੀਆਂ ਬੁਨਿਆਦਾਂ ਹਿਲ ਗਈਆਂ ਹਨ। ਜਿਸ ਪਾਰਟੀ ਨੇ ਸਿੱਖ ਧਰਮ ਦਾ ਪ੍ਰਚਾਰ ਕਰਨਾ ਸੀ ਤੇ ਉਸ ਦੇ ਵਧਣ-ਫੁੱਲਣ ਦਾ ਕੰਮ ਕਰਨਾ ਸੀ, ਅੱਜ ਰਾਜਸੱਤਾ ਦੀ ਭੁੱਖ ਪੂਰੀ ਕਰਨ ਲਈ, ਉਹੀ ਪਾਰਟੀ ਸਿੱਖ ਸੰਸਥਾਵਾਂ ਉਤੇ ਕਬਜ਼ਾ ਕਰਨ ਦੀ ਕਾਹਲ ਵਿਚ, ਸਿੱਖੀ ਦੇ ਹਰ ਅਸੂਲ ਦੀ ਉਲੰਘਣਾ ਕਰਨ ਨੂੰ ਜਾਇਜ਼ ਦਸਦੀ ਹੈ ਤੇ ਜਿਹੜਾ ਕੋਈ ਚੰਗਾ ਸਿੱਖ ਉਸ ਨੂੰ ਅਜਿਹਾ ਕਰਨ ਤੋਂ ਟੋਕੇ, ਉਸ ਨੂੰ ਉਲਰ ਉਲਰ ਪੈਂਦੀ ਹੈ ਜਾਂ ਅਪਣੇ ਸਾਜੇ ਨਿਵਾਜੇ 'ਜਥੇਦਾਰਾਂ' ਨੂੰ ਉਸ ਚੰਗੇ ਸਿੱਖ ਦਾ ਸ਼ਿਕਾਰ ਕਰਨ ਲਈ ਸ਼ਿਸ਼ਕਾਰਨ ਲਗਦੀ ਹੈ। ਅਪਣੇ ਆਪ ਤਾਂ ਉਹ ਵਿਚਾਰੇ ਉਂਗਲੀ ਵੀ ਨਹੀਂ ਹਿਲਾ ਸਕਦੇ। 

ਬੀਬੀ ਜਗੀਰ ਕੌਰ ਇਕੱਲੀ ਔਰਤ ਹੈ ਜੋ ਇਸ ਮਰਦ ਪ੍ਰਧਾਨ ਸਿੱਖ ਸਮਾਜ ਵਿਚ ਐਸ.ਜੀ.ਪੀ.ਸੀ. ਦੀ ਮੁਖੀ ਰਹਿ ਚੁੱਕੀ ਹੈ। ਉਹ ਧੀ ਦੇ ਕਤਲ ਦੇ ਕੇਸ 'ਚੋਂ ਭਾਵੇਂ ਬਰੀ ਹੋ ਗਏ ਹੋਣ ਪਰ ਉਨ੍ਹਾਂ ਦੀ ਭਾਸ਼ਾ ਵਿਚ ਸਿੱਖੀ ਦੀ ਮਿਠਾਸ ਅਤੇ ਨਿਮਰਤਾ ਬਿਲਕੁਲ ਨਹੀਂ ਝਲਕਦੀ। ਜਦੋਂ ਉਹ ਮੰਚ ਉਤੇ ਖੜੇ ਹੋ ਕੇ ਸਪੋਕਸਮੈਨ ਦਾ ਜ਼ਿਕਰ ਕਰਦਿਆਂ 'ਅਸੀ ਤਾਂ ਪਿਤਾ ਸਮਾਨ... ਦੀ ਵਿਰੋਧਤਾ ਕਰਨ ਵਾਲਿਆਂ ਨੂੰ ਚੀਰ ਦੇਂਦੇ ਹਾਂ' ਤਾਂ ਲਗਦਾ ਨਹੀਂ, ਧਰਮ ਕਦੇ ਉਨ੍ਹਾਂ ਦੇ ਨੇੜੇ ਵੀ ਫਟਕਿਆ ਹੋਵੇ।

ਅਫ਼ਸੋਸ ਹੁੰਦਾ ਹੈ ਅਪਣੀ ਹਾਲਤ ਵੇਖ ਕੇ ਕਿ ਅੱਜ ਕਿਸੇ ਵੀ 'ਪੰਥਕ ਪਾਰਟੀ' ਦੇ ਆਗੂ ਦੇ ਸ਼ਬਦਾਂ ਉਤੇ ਵਿਸ਼ਵਾਸ ਕਰਨ ਨੂੰ ਦਿਲ ਨਹੀਂ ਕਰਦਾ। ਉਨ੍ਹਾਂ ਦੇ ਦਮਗੱਜੇ ਤੇ ਪੰਜਾਬ ਦੀ ਹਕੀਕਤ, ਸਿੱਖ ਧਰਮ ਦੀ ਅੰਦਰਲੀ ਹਾਲਤ ਨਾਲ ਮੇਲ ਨਹੀਂ ਖਾਂਦੇ। ਰੁਮਾਲਿਆਂ ਦੀ ਵਿਕਰੀ, ਲੰਗਰ ਦੀ ਦੁਰਵਰਤੋਂ, ਸ਼ਰਾਬ ਅਤੇ ਨਸ਼ਿਆਂ ਦੀ ਵੰਡ, ਹਰ ਗ਼ਲਤ ਕੰਮ 'ਪੰਥਕ' ਪਾਰਟੀ ਦੇ ਨਾਂ ਨਾਲ ਜੋੜਿਆ ਜਾਂਦਾ ਹੈ ਅਤੇ ਇਹ ਜੋ ਸ਼ੁਰੂਆਤ ਖਡੂਰ ਸਾਹਿਬ ਦੀ ਚੋਣ ਵਿਚ ਸ਼ਰਾਬ ਦੀ ਵੰਡ ਨਾਲ ਹੋਈ ਹੈ, ਉਹ ਸਾਫ਼ ਦਰਸਾਉਂਦੀ ਹੈ ਕਿ ਸੁਧਾਰ ਦੀ ਸੋਚ ਅਕਾਲੀ ਲੀਡਰਾਂ ਦੇ ਨੇੜੇ ਵੀ ਨਹੀਂ ਫਟਕ ਸਕੀ ਅਜੇ ਤਕ। - ਨਿਮਰਤ ਕੌਰ