ਭਾਰਤੀ ਰਾਜਨੀਤੀ: ਵਿਰੋਧੀ ਧਿਰਾਂ ਵਿਚ ਸਾਰੇ ਭ੍ਰਿਸ਼ਟ ਤੇ ਸੱਤਾਧਾਰੀ ਧਿਰ ਵਿਚ ਸਾਰੇ ਦੁੱਧ-ਧੋਤੇ

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਸਿਆਸੀ ਚਾਣਕੀਆਂ ਨੂੰ ਵੀ ਪਤਾ ਹੈ ਕਿ ਉਹ ਕੀ ਕਰ ਰਹੇ ਹਨ ਤੇ ਉਹ ਤਿਆਰ ਹਨ ਕਿ 2024 ਵਿਚ ਹਾਰ ਭਾਵੇਂ ਜਾਣ ਪਰ 2024 ਵਿਚ ਸੱਭ ਤੋਂ ਵੱਡੀ ਵਿਰੋਧੀ ਧਿਰ ਦਾ ਨੇਤਾ ਬਣਨ ...

Representational Image


ਸਿਆਸੀ ਚਾਣਕੀਆਂ ਨੂੰ ਵੀ ਪਤਾ ਹੈ ਕਿ ਉਹ ਕੀ ਕਰ ਰਹੇ ਹਨ ਤੇ ਉਹ ਤਿਆਰ ਹਨ ਕਿ 2024 ਵਿਚ ਹਾਰ ਭਾਵੇਂ ਜਾਣ ਪਰ 2024 ਵਿਚ ਸੱਭ ਤੋਂ ਵੱਡੀ ਵਿਰੋਧੀ ਧਿਰ ਦਾ ਨੇਤਾ ਬਣਨ ਵਾਲਾ ਹੀ 2029 ਵਿਚ ਪ੍ਰਧਾਨ ਮੰਤਰੀ ਬਣੇਗਾ। ਪਰ ਜ਼ਿਆਦਾ ਚਲਾਕ ਵੀ ਹਾਰ ਸਕਦੇ ਹਨ, ਖ਼ਾਸ ਕਰ ਕੇ ਜਦ ਉਹ ਲੋਕਾਂ ਦੇ ਵਿਸ਼ਵਾਸ ਨਾਲ ਖੇਡਦੇ ਹਨ। ਉਹ ਇਹ ਨਹੀਂ ਸਮਝਦੇ ਕਿ ਜਿਸ ਤਰ੍ਹਾਂ ਅੱਜ ਏਜੰਸੀਆਂ ਉਨ੍ਹਾਂ ਨੂੰ ਖ਼ਤਮ ਕਰਨ ਤੇ ਤੁਲੀਆਂ ਹੋਈਆਂ ਹਨ, 2029 ਤਕ ਕੀ ਉਹ ਅਪਣੇ ਆਪ ਨੂੰ ਆਪ ਬਚਾਅ ਕੇ ਰੱਖ ਵੀ ਸਕਣਗੇ? ਕਈ ਵਾਰ ਜੰਗ ਜਿੱਤਣ ਵਾਸਤੇ ਇਕ ਅੱਧ ਲੜਾਈ ਹਾਰਨੀ ਵੀ ਪੈਂਦੀ ਹੈ।  ਲਗਦੈ ਇਹੀ ਸੋਚ, ਇਨ੍ਹਾਂ ਦੀ ਰਣਨੀਤੀ ਬਣ ਗਈ ਹੈ। 

ਸਰਕਾਰੀ ਏਜੰਸੀਆਂ ਦੀ ਨਜ਼ਰ ਨਾਲ ਵੇਖਿਆ ਜਾਵੇ ਤਾਂ ਭਾਰਤੀ ਰਾਜਨੀਤੀ ਵਿਚ ਦੋ ਧਿਰਾਂ ਹਨ। ਇਕ ਭਾਜਪਾ ਦੇ ਆਗੂ ਤੇ ਉਨ੍ਹਾਂ ਦੇ ਸਮਰਥਨ ਵਿਚ ਖੜੇ ਆਗੂ ਹਨ ਅਤੇ ਦੂਜੇ ਪਾਸੇ ਸਾਰੇ ਵਿਰੋਧੀ ਹਨ। ਜੇ ਏਜੰਸੀਆਂ ਦੀਆਂ ਨਜ਼ਰਾਂ ਨਾਲ ਵੇਖਿਆ ਜਾਵੇ ਤਾਂ ਤਸਵੀਰ ਦੋ ਰੰਗਾਂ ਦੀ ਹੈ, ਸਫ਼ੇਦ ਤੇ ਕਾਲੀ। ਭਾਜਪਾ ਵਿਚ ਭ੍ਰਿਸ਼ਟਾਚਾਰ ਕਰਨ ਵਾਲਾ ਇਕ ਵੀ ਨਹੀਂ ਤੇ ਵਿਰੋਧੀ ਧਿਰ ਵਾਲੇ ਪਾਸੇ ਸਾਰੇ ਹੀ ਚੋਰ ਹਨ। ਮਮਤਾ ਬੈਨਰਜੀ ਦੀ ਪਾਰਟੀ ਵਿਚ ਚੋਰ ਹਨ, ਆਰ.ਜੇ.ਡੀ. ਦੇ ਯਾਦਵ ਚੋਰ ਹਨ, ਰਾਹੁਲ ਗਾਂਧੀ ਚੋਰ ਹਨ, ਮਨੀਸ਼ ਸਿਸੋਦੀਆ ਚੋਰ ਹਨ ਤੇ ਏਜੰਸੀਆਂ ਦੀ ਇਹੀ ਸੋਚ 2024 ਤਕ ਚਲਦੀ ਰਹੇਗੀ ਤੇ ਜਿਨ੍ਹਾਂ ਨੇ ਬਚਣਾ ਹੈ, ਉਹ ਅਪਣੇ ਆਪ ਨੂੰ ਬਚਾਉਣ ਲਈ ਅਪਣੀ ਪਾਰਟੀ ਬਦਲ ਸਕਦੇ ਹਨ।

ਇਹ ਕਿੰਨੀ ਵਾਰ ਹੋ ਚੁੱਕਾ ਹੈ ਤੇ ਪੰਜਾਬ ਵਿਚ ਤਾਂ ਕਾਂਗਰਸ ਦੀ ਤਕਰੀਬਨ ਸਾਰੀ ਕੈਬਨਿਟ ਅਪਣੇ ਕਪਤਾਨ ਸਣੇ ਭਾਜਪਾ ਵਿਚ ਚਲੀ ਗਈ ਨਹੀਂ ਤਾਂ ਅੱਜ ਪੰਜਾਬ ਵਿਜੀਲੈਂਸ ਉਨ੍ਹਾਂ ਉਤੇ ਸਵਾਰ ਹੋ ਚੁਕੀ ਹੁੰਦੀ ਕਿਉਂਕਿ ਇਕ ਪਾਸੇ ਸਾਢੇ ਚਾਰ ਸਾਲ ਦਾ ਹਿਸਾਬ ਤੇ ਦੂਜੇ ਪਾਸੇ 100 ਦਿਨ ਦਾ। ਪਰ ਭਾਜਪਾ ਦੇ ਆਗੂਆਂ ਨੂੰ ਹੱਥ ਪਾਉਣ ਦੀ ਹਿੰਮਤ ਵਿਜੀਲੈਂਸ ਨਹੀਂ ਕਰ ਸਕਦੀ ਕਿਉਂਕਿ ਜੇ ਈ.ਡੀ. ਦੀ ਨਜ਼ਰ ਇਨ੍ਹਾਂ ਉਤੇ ਪੈ ਗਈ ਤਾਂ ਫਿਰ ਅੱਜ ਜਿਹੜੇ ਛਾਪੇ ਮਾਰ ਰਹੇ ਹਨ, ਉਹ ਕਲ ਅਪਣੀਆਂ ਸਫ਼ਾਈਆਂ ਦੇ ਰਹੇ ਹੋਣਗੇ। 

ਪਰ ਜਦ ਅਸੀ ਵਿਰੋਧੀ ਧਿਰਾਂ ਦੀਆਂ ਅੱਖਾਂ ਤੋਂ ਵੇਖਦੇ ਹਾਂ ਤਾਂ ਉਨ੍ਹਾਂ ਵਾਸਤੇ ਦੋ ਧਿਰਾਂ ਨਹੀਂ ਹਨ। ਇਕ ਪਾਸੇ ਭਾਜਪਾ ਤੇ ਉਸ ਦੇ ਸਮਰਥਕ ਹਨ ਅਤੇ ਦੂਜੇ ਪਾਸੇ ਉਹ ਸਾਰੇ ਜੋ ਕਾਂਗਰਸ ਨੂੰ ਹਟਾ ਕੇ ਖ਼ੁਦ ਨੂੰ ਵਿਰੋਧੀ ਧਿਰਾਂ ਵਿਚੋਂ ਪ੍ਰਧਾਨ ਮੰਤਰੀ ਪਦ ਦੇ ਦਾਅਵੇਦਾਰ ਹਨ। ਇਸੇ ਸੋਚ ਕਾਰਨ ਜਦ ਦਿੱਲੀ ਵਿਚ ਮਨੀਸ਼ ਸਿਸੋਦੀਆ ਨੂੰ ਹਿਰਾਸਤ ਵਿਚ ਲਿਆ ਗਿਆ ਤਾਂ ਕਾਂਗਰਸ, ਡੀ.ਐਮ.ਕੇ. ਅਤੇ ਕਈ ਦੂਜੇ ਉਨ੍ਹਾਂ ਨਾਲ ਖੜੇ ਨਾ ਹੋ ਸਕੇ। ਕਪਿਲ ਸਿਬਲ ਨੇ ਇਨਸਾਫ਼ ਨਾਮ ਦੀ ਮੁਹਿੰਮ ਸ਼ੁਰੂ ਕੀਤੀ ਹੈ ਜਿਥੇ ਉਹ ਸਾਰੀਆਂ ਵਿਰੋਧੀ ਧਿਰਾਂ ਨੂੰ ਇਕੱਠਿਆਂ ਕਰ ਕੇ ਲੋਕਤੰਤਰ ਦਾ ਬਚਾਅ ਕਰਨਾ ਚਾਹੁੰਦੇ ਹਨ।

ਕਪਿਲ ਸਿਬਲ ਨਾਲ ਤਾਂ ਸਾਰੇ ਖੜੇ ਹਨ ਪਰ ਅੱਜ ਵਿਰੋਧੀ ਧਿਰਾਂ ਨੂੰ ਇਕ ਦੂਜੇ ਨਾਲ ਵੀ ਖੜੇ ਹੋਣਾ ਪਵੇਗਾ ਜਿਸ ਵਾਸਤੇ ਉਨ੍ਹਾਂ ਨੂੰ ਕੁਰਬਾਨੀ ਅਪਣੇ ਨਿਜੀ ਲੋਭ ਲਾਲਚ ਦੀ ਦੇਣੀ ਪਵੇਗੀ। ਜਦ ਕਾਂਗਰਸ ਗੋਆ ਵਿਚ ਜਿੱਤ ਰਹੀ ਸੀ, ਟੀਐਮਸੀ ਨੇ ਗੋਆ ਵਿਚ ਜਾ ਕੇ ਬੇਅੰਤ ਪੈਸਾ ਵਹਾ ਦਿਤਾ ਤੇ ਕਾਂਗਰਸ ਨੂੰ ਹਰਾ ਦਿਤਾ। ਇਹੀ ਕੁੱਝ ਮੇਘਾਲਿਆ ਵਿਚ ਹੋਇਆ। ਗੁਜਰਾਤ ਵਿਚ ‘ਆਪ’ ਤੇ ਕਾਂਗਰਸ ਦੀ ਲੜਾਈ ਵਿਚ ਅੱਜ ਗੁਜਰਾਤ ਸਰਕਾਰ ਦੀ ਗਿਣਤੀ ਮਿਣਤੀ ਵਿਚ ਵਿਰੋਧੀ ਧਿਰ ਦਾ ਵਜੂਦ ਹੀ ਕੋਈ ਨਹੀਂ।

ਜਿਥੇ ਵਿਰੋਧੀ ਧਿਰ ਇਕ ਦੂਜੇ ਖ਼ਿਲਾਫ਼ ਨਹੀਂ ਖੜੀ ਹੋਈ, ਉਥੇ ਭਾਜਪਾ ਨੂੰ ਪੂਰੀ ਚੁਨੌਤੀ ਮਿਲੀ ਹੈ। ਇਸ ਦੀ ਸੱਭ ਤੋਂ ਵੱਡੀ ਉਦਾਹਰਣ ਹੈ ਹਿਮਾਚਲ ਪ੍ਰਦੇਸ਼ ਜਿਥੇ ਜਦ ਗੁਜਰਾਤ ਵਿਚ ਭਾਜਪਾ ਨੂੰ ਵਿਰੋਧੀਆਂ ਦੀ ਲੜਾਈ ਨੇ ਜਿਤਾਇਆ ਤਾਂ ਹਿਮਾਚਲ ਵਿਚ ਭਾਜਪਾ, ਕਾਂਗਰਸ ਸਾਹਮਣੇ ਹਾਰ ਗਈ। ਸਿਆਸੀ ਚਾਣਕੀਆਂ ਨੂੰ ਵੀ ਪਤਾ ਹੈ ਕਿ ਉਹ ਕੀ ਕਰ ਰਹੇ ਹਨ ਤੇ ਉਹ ਤਿਆਰ ਹਨ ਕਿ 2024 ਵਿਚ ਹਾਰ ਭਾਵੇਂ ਜਾਣ ਪਰ 2024 ਵਿਚ ਸੱਭ ਤੋਂ ਵੱਡੀ ਵਿਰੋਧੀ ਧਿਰ ਦਾ ਨੇਤਾ ਬਣਨ ਵਾਲਾ ਹੀ 2029 ਵਿਚ ਪ੍ਰਧਾਨ ਮੰਤਰੀ ਬਣੇਗਾ। ਪਰ ਜ਼ਿਆਦਾ ਚਲਾਕ ਵੀ ਹਾਰ ਸਕਦੇ ਹਨ, ਖ਼ਾਸ ਕਰ ਕੇ ਜਦ ਉਹ ਲੋਕਾਂ ਦੇ ਵਿਸ਼ਵਾਸ ਨਾਲ ਖੇਡਦੇ ਹਨ। ਉਹ ਇਹ ਨਹੀਂ ਸਮਝਦੇ ਕਿ ਜਿਸ ਤਰ੍ਹਾਂ ਅੱਜ ਏਜੰਸੀਆਂ ਉਨ੍ਹਾਂ ਨੂੰ ਖ਼ਤਮ ਕਰਨ ਤੇ ਤੁਲੀਆਂ ਹੋਈਆਂ ਹਨ, 2029 ਤਕ ਕੀ ਉਹ ਅਪਣੇ ਆਪ ਨੂੰ ਬਚਾਅ ਕੇ ਰੱਖ ਵੀ ਸਕਣਗੇ? ਕਈ ਵਾਰ ਜੰਗ ਜਿੱਤਣ ਵਾਸਤੇ ਇਕ ਅੱਧ ਲੜਾਈ ਹਾਰਨੀ ਪੈਂਦੀ ਹੈ।  ਲਗਦੈ ਇਹੀ ਸੋਚ, ਇਨ੍ਹਾਂ ਦੀ ਰਣਨੀਤੀ ਬਣ ਗਈ ਹੈ। 
      

 - ਨਿਮਰਤ ਕੌਰ