Editorial: ਢੇਚੂੰ ਢੇਚੂੰ ਕਰਦਾ ‘ਇੰਡੀਆ’ ਗਠਜੋੜ ਤੇ ਛਾਲਾਂ ਮਾਰਦਾ ਐਨ.ਡੀ.ਏ. ਗਠਜੋੜ!

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

2019 ਵਿਚ ਭਾਜਪਾ ਦਾ ਪਛਮੀ ਬੰਗਾਲ ਵਿਚ ਵੋਟ ਹਿੱਸਾ 40.7 ਫ਼ੀਸਦੀ ਸੀ ਤੇ ਕਾਂਗਰਸ ਦਾ ਘੱਟ ਕੇ 5.67 ਫ਼ੀਸਦੀ ਤੇ ਟੀਐਮਸੀ ਦਾ 43.3 ਫ਼ੀਸਦੀ ਸੀ

File Photo

Editorial: ਬਾਬਾ ਸਾਹਿਬ ਅੰਬੇਦਕਰ ਦੇ ਪੋਤਰੇ ਪ੍ਰਕਾਸ਼ ਅੰਬੇਦਕਰ ਨੇ ‘ਇੰਡੀਆ’ ਗਠਜੋੜ ਤੇ ਖ਼ਾਸ ਕਰ ਕੇ ਕਾਂਗਰਸ ਨੂੰ ਸੰਬੋਧਨ ਕਰਦੇ ਹੋਏ ਮਹਾਰਾਸ਼ਟਰ ਵਿਚ ਸੀਟਾਂ ਦੀ ਵੰਡ ਬਾਰੇ ਢਿਲ ਨਾ ਕਰਦੇ ਹੋਏ, ਜਲਦ ਫ਼ੈਸਲਾ ਲੈਣ ਵਾਸਤੇ ਬੜੇ ਸਖ਼ਤ ਸ਼ਬਦ ਵਰਤੇ ਹਨ। ਇਹ ਉਹ ਮਹਾਂ-ਗਠਜੋੜ ਹੈ ਜਿਸ ਨੂੰ ਵੇਖਦੇ ਹੋਏ ਭਾਜਪਾ ਨੇ ਐਨ.ਡੀ.ਏ. ਵਿਚ ਗਠਜੋੜਾਂ ਦੀ ਐਸੀ ਲੜੀ ਚਲਾਈ ਗਈ ਕਿ ਜਿਸ ਨਿਤੀਸ਼ ਕੁਮਾਰ ਨੇ ‘ਇੰਡੀਆ’ ਦੀ ਸ਼ੁਰੂਆਤ ਕੀਤੀ, ਉਹ ਵੀ ਐਨ.ਡੀ.ਏ. ਵਿਚ ਸ਼ਾਮਲ ਹੋ ਗਏ ਤੇ ਹੁਣ ਆਖਦੇ ਹਨ ਕਿ ਕਦੇ ਵੀ ਐਨਡੀਏ ਨਹੀਂ ਛੱਡਣਗੇ।

ਜਿੰਨੀ ਤੇਜ਼ੀ ਨਾਲ ‘ਇੰਡੀਆ’ ਗਠਜੋੜ ਵਿਚ ਸ਼ਾਮਲ ਪਾਰਟੀਆਂ ਆਪਸ ਵਿਚ ਲੜਦੀਆਂ ਵੇਖੀਆਂ ਜਾ ਰਹੀਆਂ ਹਨ, ਐਨਡੀਏ ਉਸੇ ਰਫ਼ਤਾਰ ਨਾਲ ਗਠਜੋੜ ਪੱਕੇ ਕਰ ਰਹੀ ਹੈ। ਚੰਦਰਬਾਬੂ ਨਾਇਡੂ ਤੇ ਉਸ ਤੋਂ ਬਾਅਦ, ਨਵੀਨ ਪਟਨਾਇਕ ਬੀਜੇਡੀ ਵੀ ਐਨਡੀਏ ਵਿਚ ਵਾਪਸ ਹੋ ਗਏ। ਅਕਾਲੀ ਦਲ ਵਿਚ ਭਾਜਪਾ ਵਿਚ ਵਾਪਸੀ ਲਈ ਤਿਆਰੀ ਕਰਨ ਵਾਸਤੇ ਪੁਰਾਣੇ ਆਗੂ ਵਾਪਸ ਆਉਣੇ ਸ਼ੁਰੂ ਹੋ ਗਏ ਹਨ ਤੇ ਜਿਵੇਂ ਹੀ ਕਿਸਾਨੀ ਅੰਦੋਲਨ ਥੋੜਾ ਸੁਲਝਦਾ ਨਜ਼ਰ ਆਉਂਦਾ ਹੈ, ਇਹ ਭਾਈਵਾਲੀ ਵੀ ਜੱਗ ਸਾਹਮਣੇ ਐਲਾਨ ਦਿਤੀ  ਜਾਵੇਗੀ।

ਦੂਜੇ ਪਾਸੇ ‘ਇੰਡੀਆ’ ਗਠਜੋੜਾਂ ਵਿਚ ਦੇਰੀ ਕਾਰਨ ਟੀਐਮਸੀ ਨੇ ਤਾਂ ਕਾਂਗਰਸ ਤੋਂ ਆਸ ਛੱਡ, ਸਾਰੀਆਂ 42 ਸੀਟਾਂ ’ਤੇ ਅਪਣੇ ਉਮੀਦਵਾਰ ਖੜੇ ਵੀ ਕਰ ਹੀ ਦਿਤੇ ਹਨ ਪਰ ਨਾਲ ਹੀ ਉਨ੍ਹਾਂ ਕਾਂਗਰਸ ਨਾਲ ਟਕਰਾਅ ਓਨਾ ਹੀ ਤੇਜ਼ ਕਰ ਦਿਤਾ ਹੈ ਜਿੰਨਾ ਸ਼ਾਇਦ ਭਾਜਪਾ ਨਾਲ ਵੀ ਨਹੀਂ ਹੈ। ਕਾਂਗਰਸ ਦੇ ਅਧੀਰ ਰੰਜਨ ਚੌਧਰੀ ਵਿਰੁਧ ਟੀਐਮਸੀ ਨੇ ਯੂਸਫ਼ ਪਠਾਣ ਨੂੰ ਖੜਾ ਕਰ ਕੇ ਭਾਜਪਾ ਵਾਸਤੇ ਇਕ ਮੌਕਾ ਪੈਦਾ ਕਰ ਦਿਤਾ ਹੈ।

2019 ਵਿਚ ਭਾਜਪਾ ਦਾ ਪਛਮੀ ਬੰਗਾਲ ਵਿਚ ਵੋਟ ਹਿੱਸਾ 40.7 ਫ਼ੀਸਦੀ ਸੀ ਤੇ ਕਾਂਗਰਸ ਦਾ ਘੱਟ ਕੇ 5.67 ਫ਼ੀਸਦੀ ਤੇ ਟੀਐਮਸੀ ਦਾ 43.3 ਫ਼ੀਸਦੀ ਸੀ। ਜਿਸ ਤਰ੍ਹਾਂ ਸਥਿਤੀ ਪਛਮੀ ਬੰਗਾਲ ਵਿਚ ਸੰਦੇਸ਼ਖ਼ਾਲੀ ਦੇ ਖ਼ੁਲਾਸੇ ਤੋਂ ਬਾਅਦ ਮਮਤਾ ਬੈਨਰਜੀ ਦੀ ਬਣੀ ਹੋਈ ਹੈ, ਉਥੇ ਮਮਤਾ ਨੂੰ ਕਾਂਗਰਸ ਦੀ ਅਪਣੇ ਲਈ ਜ਼ਰੂਰਤ ਸੀ ਪਰ ਫਿਰ ਉਨ੍ਹਾਂ ਕਾਂਗਰਸ ਦਾ ਇੰਤਜ਼ਾਰ ਛੱਡ ਕੇ ‘ਏਕਲਾ ਚਲੋ’ ਦੀ ਸੋਚ ਬਣਾ ਲਈ।

‘ਆਪ’ ਤੇ ਕਾਂਗਰਸ ਦਾ ਸਮਝੌਤਾ ਸੱਭ ਤੋਂ ਅਜੀਬੋ ਗ਼ਰੀਬ ਸਾਬਤ ਹੋਇਆ ਜੋ ਦੇਸ਼ ਵਿਚ ਇਕੱਠੇ ਨੇ ਤੇ ਪੰਜਾਬ ਵਿਚ ਅੱਡੋ-ਅੱਡ। ਇਨ੍ਹਾਂ ਦੀਆਂ ਆਪਸੀ ਲੜਾਈਆਂ ਅਤੇ ਬਿਆਨਬਾਜ਼ੀਆਂ ਭਾਵੇਂ ਸਨਸਨੀਖ਼ੇਜ਼ ਖ਼ਬਰਾਂ ਰਾਹੀਂ ਸਿਆਸੀ ਮੰਨੋਰਜਨ ਦਾ ਵਿਸ਼ਾ ਬਣਨਗੀਆਂ, ਇਹ ਵੀ ‘ਇੰਡੀਆ’ ਵਾਸਤੇ ਇਕ ਕਮਜ਼ੋਰ ਗਠਜੋੜ ਸਮਝੌਤਾ ਹੀ ਸਾਬਤ ਹੋਵੇਗਾ।

ਇਨ੍ਹਾਂ ਦੋਹਾਂ ਗਠਜੋੜਾਂ ਵਿਚ ਅੰਤਰ ਦਿਨ ਰਾਤ ਵਰਗਾ ਹੈ। ਇਕ ਸੋਚੀ ਸਮਝੀ ਰਣਨੀਤੀ ਨਾਲ ਚਲ ਰਿਹਾ ਹੈ ਤੇ ਕੋਈ ਵੀ ਚਾਲ ਚਲ ਕੇ ਵਿਰੋਧੀ ਧਿਰ ਨੂੰ ਕਮਜ਼ੋਰ ਕਰਨ ਦਾ ਮੌਕਾ ਨਹੀਂ ਗਵਾਉਂਦਾ, ਉਹ ਭਾਵੇਂ ਚੰਡੀਗੜ੍ਹ ਦੇ ਮੇਅਰ ਦੀ ਚੋਣ ਹੋਵੇ ਜਾਂ ਹਿਮਾਚਲ ਦੀ, ਉਨ੍ਹਾਂ ਦੀ ਰਣਨੀਤੀ ਅਪਣਾ ਕਿਲ੍ਹਾ ਬਣਾਉਂਦੇ ਸਮੇਂ ਇਕ ਫ਼ੌਜੀ ਵਾਂਗ ਦਲੇਰੀ ਨਾਲ ਗੋਲੀਆਂ ਦੀ ਬੌਛਾੜ ਸਾਹਮਣੇ ਵੀ ਹੋਰ ਪੱਕੀ ਹੁੰਦੀ ਜਾ ਰਹੀ ਹੈ

ਪਰ ਦੂਜੀ ਪਾਰਟੀ ਐਸੀ ਹੈ ਜਿਸ ਦੇ ਸਰੀਰ ਵਿਚ ਕੈਂਸਰ ਵਰਗਾ ਜ਼ਹਿਰ ਫੈਲਦਾ ਜਿਸਮ ਨੂੰ ਤਬਾਹ ਕਰ ਰਿਹਾ ਹੈ ਪਰ ਉਹ ਬੇਪ੍ਰਵਾਹ ਹੋ ਕੇ ਅਪਣੇ ਆਖ਼ਰੀ ਪਲ ਵੀ ਮੌਜ ਵਿਚ ਬਿਤਾ ਰਹੀ ਹੈ। ਇਹ ਚੋਣ ਸ਼ਾਇਦ ਓਨੀ ਸਿੱਧੀ ਨਹੀਂ ਹੋਵੇਗੀ ਜਿੰਨੀ ਹੁਣ ਤਕ ਸਮਝੀ ਜਾਂਦੀ ਸੀ। ਜਾਂ ਤਾਂ ਰਣਨੀਤੀਆਂ ਐਸੀਆਂ ਹੋਣਗੀਆਂ ਕਿ ‘ਇੰਡੀਆ’ ਨੂੰ ਅੰਦਰੋਂ ਹੀ ਤਬਾਹ ਕਰ ਦਿਤਾ ਜਾਵੇਗਾ ਜਾਂ ਮਸਤ ਮੌਲਾ ਲੋਕਾਂ ਦੇ ਬਚਾਅ ਲਈ ਕੁਦਰਤ ਆਪ ਉਤਰ ਆਵੇਗੀ।
- ਨਿਮਰਤ ਕੌਰ