ਉਨਾਵ (ਯੂ.ਪੀ.) ਦੀ ਕੁੜੀ ਮਗਰੋਂ ਹੁਣ ਜੰਮੂ ਦੀ ਧੀ ਨਾਲ ਦਰਿੰਦਗੀ ਤੇ ਫਿਰ ਫ਼ਿਰਕੂ ਨਫ਼ਰਤ!

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਕੀ ਬਣੇਗਾ ਇਸ ਦੇਸ਼ ਦਾ?

Rape

ਬਾਬਾ ਸਾਹਿਬ ਡਾ. ਭੀਮ ਰਾਉ ਅੰਬੇਦਕਰ ਦੇ ਜਨਮ ਦਿਹਾੜੇ ਤੇ ਉਨ੍ਹਾਂ ਦੇ ਵਿਚਾਰਾਂ ਨੂੰ ਫਰੋਲਦਿਆਂ ਉਨ੍ਹਾਂ ਦੀਆਂ ਲਿਖੀਆਂ ਕੁੱਝ ਚੀਜ਼ਾਂ ਅੱਜ ਦੇ ਭਾਰਤ ਲਈ ਬੜੀਆਂ ਢੁਕਵੀਆਂ ਲਗੀਆਂ। ਪਹਿਲੀ ਤਾਂ ਇਹ ਕਿ ਕਿਸੇ ਵੀ ਸਮਾਜ ਦਾ ਵਿਕਾਸ ਉਸ ਸਮਾਜ ਦੀਆਂ ਔਰਤਾਂ ਦੇ ਵਿਕਾਸ ਤੋਂ ਪਤਾ ਲਗਦਾ ਹੈ। ਅੱਜ ਭਾਰਤ ਵਿਚ ਔਰਤ ਦੇ ਵਿਕਾਸ ਲਈ ਢੁਕਵਾਂ ਮਾਹੌਲ ਨਜ਼ਰ ਨਹੀਂ ਆ ਰਿਹਾ। ਜਿਸ ਤਰ੍ਹਾਂ ਇਕ ਵੀਰਾਨੇ ਵਿਚ ਕੁੱਝ ਫੁੱਲ, ਬਗ਼ੈਰ ਕਿਸੇ ਮਾਲੀ ਦੇ ਖੁਰਪੇ ਦੀ ਮਦਦ ਤੋਂ, ਅਪਣਾ ਸਿਰ ਕੱਢਣ ਦੀ ਹਿੰਮਤ ਕਰ ਲੈਂਦੇ ਹਨ, ਉਸੇ ਤਰ੍ਹਾਂ ਭਾਰਤ ਦੀਆਂ ਔਰਤਾਂ ਵੀ ਕਿਤੇ-ਕਿਤੇ ਵਿਕਾਸ ਕਰਦੀਆਂ ਦਿਸ ਰਹੀਆਂ ਹਨ। ਹਰ ਦਿਨ ਕੋਈ ਅਜਿਹੀ ਵਾਰਦਾਤ ਸਾਹਮਣੇ ਆ ਜਾਂਦੀ ਹੈ ਜੋ ਅਹਿਸਾਸ ਕਰਵਾ ਦੇਂਦੀ ਹੈ ਕਿ ਭਾਰਤ ਦਾ ਸਮਾਜ ਔਰਤਾਂ ਦੀ ਕਦਰ ਕਰਨ ਦੀ ਬਜਾਏ ਉਨ੍ਹਾਂ ਨੂੰ ਅਜੇ ਵੀ ਵਸਤਾਂ ਵਾਂਗ ਇਸਤੇਮਾਲ ਕਰਨ ਦੀ ਪ੍ਰਥਾ ਬਰਕਰਾਰ ਰੱਖਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ। ਡਾ. ਅੰਬੇਦਕਰ ਨੇ ਦਲਿਤ ਹੋਣ ਦੇ ਬਾਵਜੂਦ, ਸਦੀਆਂ ਦੇ ਵਿਤਕਰੇ ਨੂੰ ਰੰਜਿਸ਼ ਦਾ ਕਾਰਨ ਬਣਾ ਕੇ ਸੰਵਿਧਾਨ ਵਿਚ ਬਦਲਾ ਲੈਣ ਦੀ ਭਿਣਕ ਵੀ ਨਾ ਪੈਣ ਦਿਤੀ। ਉਨ੍ਹਾਂ ਸੰਵਿਧਾਨ ਵਿਚ ਬਰਾਬਰੀ ਦੇ ਰੰਗ ਘੋਲੇ ਜਿਸ ਨਾਲ ਕਿਸੇ ਵੀ ਭਾਰਤੀ ਦੇ ਹੱਕਾਂ ਅਧਿਕਾਰਾਂ ਉਤੇ ਕਦੇ ਕੋਈ ਜ਼ਰਬ ਨਾ ਲੱਗ ਸਕੇ। ਪਰ ਅੱਜ ਭਾਰਤੀ ਸਮਾਜ ਅਪਣੇ ਸੰਵਿਧਾਨ ਦੇ ਹੀ ਵਿਰੁਧ ਚਲ ਰਿਹਾ ਹੈ। ਉੱਤਰ ਪ੍ਰਦੇਸ਼ ਵਿਚ ਉਨਾਵ ਬਲਾਤਕਾਰ ਮਾਮਲੇ ਵਿਚ, ਸਿਆਸਤਦਾਨਾਂ ਦੀ ਤਾਕਤ ਨਾਲ ਇਕ ਗ਼ਰੀਬ ਪ੍ਰਵਾਰ ਦੀ ਤਬਾਹੀ ਨੂੰ ਵੇਖ ਕੇ ਹਰ ਬੇਟੀ ਦੇ ਪਿਤਾ ਦਾ ਦਿਲ ਸਹਿਮਿਆ ਹੋਇਆ ਸੀ ਕਿ ਹੁਣ ਜੰਮੂ ਵਿਚ ਇਕ 8 ਸਾਲ ਦੀ ਬੱਚੀ ਦੇ ਕਤਲ ਅਤੇ ਉਸ ਤੋਂ ਬਾਅਦ ਦੀ ਫ਼ਿਰਕੂ ਸਿਆਸਤ ਨੇ ਨਾ ਸਿਰਫ਼ ਭਾਰਤ ਬਲਕਿ ਪੂਰੀ ਦੁਨੀਆਂ ਨੂੰ ਸਦਮੇ ਵਿਚ ਪਾ ਦਿਤਾ ਹੈ। ਭਾਰਤ ਦੀਆਂ ਧਾਰਮਕ ਵੰਡੀਆਂ ਦੀਆਂ ਲਕੀਰਾਂ ਕਿੰਨੀਆਂ ਡੂੰਘੀਆਂ ਹਨ!!
ਰਾਜਸੱਤਾ ਉਤੇ ਕਾਬਜ਼ ਹੋਣ ਲਈ ਅਤੇ ਵੋਟਰਾਂ ਨੂੰ ਵੰਡ ਕੇ ਅਪਣੇ ਪਾਲੇ ਵਿਚ ਲਿਆਉਣ ਲਈ ਜਿਹੜਾ ਫ਼ਿਰਕੂ ਜ਼ਹਿਰ ਫੈਲਾਇਆ ਗਿਆ ਹੈ, ਜੰਮੂ ਦੀ ਧੀ ਵਰਗੀਆਂ 8 ਸਾਲ ਦੀਆਂ ਬੱਚੀਆਂ ਦੇ ਮਾਸੂਮ ਜਿਸਮ ਨੂੰ ਲੀਰੋ-ਲੀਰ ਨਹੀਂ ਕਰੇਗਾ ਤਾਂ ਹੋਰ ਕੀ ਕਰੇਗਾ? ਮੁਸਲਮਾਨ ਗੁੱਜਰਾਂ ਨੂੰ, ਹਿੰਦੂ, ਜੰਮੂ ਵਿਚੋਂ ਕਢਣਾ ਚਾਹੁੰਦੇ ਹਨ। ਉਨ੍ਹਾਂ ਨੂੰ ਡਰਾਉਣ ਵਾਸਤੇ ਹੀ ਸ਼ਾਇਦ 8 ਸਾਲ ਦੀ ਬੱਚੀ ਦੇ ਕਤਲ ਅਤੇ ਬਲਾਤਕਾਰ ਦੀ ਸਾਜ਼ਸ਼ ਰਚੀ ਗਈ। ਉਸ ਬੱਚੀ ਨੂੰ ਇਕ ਮੰਦਰ ਵਿਚ ਰਖਿਆ ਗਿਆ ਜਿਥੇ ਉਸ ਤੇ ਕੁੱਝ ਜਾਦੂ ਟੂਣੇ ਕੀਤੇ ਗਏ ਅਤੇ ਫਿਰ ਇਕ ਪ੍ਰਵਾਰ ਦੇ ਕਿੰਨੇ ਹੀ ਮਰਦਾਂ ਨੇ ਉਸ ਨਾਲ ਬਲਾਤਕਾਰ ਕੀਤਾ। ਜਦੋਂ ਬੱਚੀ ਦੀ ਚੀਰਫਾੜ ਨਾਲ ਉਨ੍ਹਾਂ ਦੀ ਹਵਸ ਪੂਰੀ ਹੋ ਗਈ ਤਾਂ ਉਨ੍ਹਾਂ ਉਸ ਦਾ ਸਿਰ ਪੱਥਰ ਨਾਲ ਫੇਹ ਦਿਤਾ ਅਤੇ ਗਲ ਵੀ ਘੋਟ ਦਿਤਾ। ਬੱਚੀ ਦੇ ਜਿਸਮ ਨੂੰ ਵੇਖ ਕੇ ਮਾਂ-ਬਾਪ ਦਾ ਹਾਲ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਮਾਂ ਯਾਦ ਕਰਦੀ ਹੈ ਕਿ ਉਸ ਦੀ ਬੱਚੀ ਚਿੜੀਆਂ ਵਾਂਗ ਚਹਿਕਦੀ, ਹਿਰਨੀ ਵਾਂਗ ਆਜ਼ਾਦ ਪਹਾੜੀਆਂ ਵਿਚ ਛਲਾਂਗਾਂ ਮਾਰਦੀ ਸੱਭ ਦੀ ਚਹੇਤੀ ਸੀ ਅਤੇ ਉਸ ਬੱਚੀ ਨੂੰ ਹੀ ਧਰਮ ਦੇ ਨਾਂ ਤੇ ਫੈਲਾਈ ਨਫ਼ਰਤ ਦਾ ਸ਼ਿਕਾਰ ਬਣਾ ਦਿਤਾ ਗਿਆ। 


ਪਰ ਇਸ ਬੱਚੀ ਨਾਲ ਕੀਤਾ ਗ਼ੈਰ-ਮਨੁੱਖੀ ਕਾਰਾ ਇਥੇ ਹੀ ਖ਼ਤਮ ਨਹੀਂ ਹੋ ਜਾਂਦਾ। ਮੌਤ ਤੋਂ ਬਾਅਦ ਅਪਣੇ ਆਪ ਨੂੰ ਹਿੰਦੂ ਕਾਰਕੁਨ ਅਖਵਾਉਣ ਵਾਲਿਆਂ ਨੇ ਬੱਚੀ ਨੂੰ ਉਸ ਪ੍ਰਵਾਰ ਵਲੋਂ ਖ਼ਰੀਦੀ ਜ਼ਮੀਨ ਵਿਚ ਦਫ਼ਨਾਉਣ ਵੀ ਨਾ ਦਿਤਾ। ਪ੍ਰਵਾਰ ਨੇ ਕਈ ਪਿੰਡ ਦੂਰ ਜਾ ਕੇ ਬੱਚੀ ਨੂੰ ਦਫ਼ਨਾਇਆ। ਵਿਰੋਧ ਕਰਨ ਵਾਲਿਆਂ ਨੇ ਅਪਰਾਧੀਆਂ ਦਾ ਬਚਾਅ ਕਰਨ ਦੀ ਕੋਸ਼ਿਸ਼ ਕਰਦੇ ਹੋਏ ਤਿਰੰਗੇ ਹੱਥਾਂ 'ਚ ਫੜੀ, ਭਾਰਤ ਮਾਂ ਅਤੇ ਜੈ ਸ਼੍ਰੀ ਰਾਮ ਦੇ ਜੈਕਾਰੇ ਵੀ ਛੱਡੇ। ਇਸ ਬੱਚੀ ਦੇ ਪ੍ਰਵਾਰ ਦੀ ਅਦਾਲਤ ਵਿਚ ਮਦਦ ਕਰਨ ਲਈ ਇਕ ਕਸ਼ਮੀਰੀ ਪੰਡਿਤ ਅੱਗੇ ਆਇਆ, ਜਿਸ ਨੂੰ ਹੁਣ ਧਮਕੀਆਂ ਦਿਤੀਆਂ ਜਾ ਰਹੀਆਂ ਹਨ। ਜਿਸ ਸਮਾਜ ਵਿਚ ਇਕ 8 ਸਾਲ ਦੀ ਬੱਚੀ ਦੇ ਬਲਾਤਕਾਰੀਆਂ ਨੂੰ ਧਰਮ ਦੇ ਨਾਂ ਤੇ ਪਨਾਹ ਦੇਣ ਦੀਆਂ ਆਵਾਜ਼ਾਂ ਗੂੰਜਣੀਆਂ ਸ਼ੁਰੂ ਹੋ ਗਈਆਂ ਹੋਣ, ਉਹ ਦੇਸ਼ ਅਪਣੇ ਆਪ ਹੀ ਤਬਾਹੀ ਵਲ ਵਧਣਾ ਸ਼ੁਰੂ ਹੋ ਗਿਆ ਸਮਝੋ।ਇਸ ਘਟਨਾ ਦਾ ਅਸਰ ਭਾਜਪਾ, ਪੀ.ਡੀ.ਪੀ., ਕਾਂਗਰਸ ਤੇ ਕੀ ਹੋਵੇਗਾ, ਉਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਨਜ਼ਰਾਂ ਸਿਰਫ਼ 38 ਸਾਲਾਂ ਦੀ ਕਸ਼ਮੀਰੀ ਪੰਡਿਤ ਦੀਪਿਕਾ ਧੁਸ਼ੂ ਸਿੰਘ ਤੇ ਟਿਕੀਆਂ ਹਨ। ਇਸ ਸਾਰੇ ਹਾਦਸੇ 'ਚੋਂ ਉਮੀਦ ਦੀ ਕਿਰਨ ਸਿਰਫ਼ ਉਸ ਵਾਲੇ ਪਾਸਿਉਂ ਹੀ ਆਉਂਦੀ ਹੈ। ਜੇ ਭਾਰਤ ਅੱਜ ਅਪਣੇ ਆਪ ਨੂੰ ਬਚਾਉਣਾ ਚਾਹੁੰਦਾ ਹੈ ਤਾਂ ਇਸ ਨਫ਼ਰਤ ਦੀ ਸਿਆਸਤ ਵਲੋਂ ਮੂੰਹ ਫੇਰਨਾ ਪਵੇਗਾ। ਅਪਣੇ ਉੱਚੇ ਮਹਿਲਾਂ ਵਿਚ ਬੈਠਾ ਇਹ ਅਤੇ ਇਨ੍ਹਾਂ ਦੇ ਪ੍ਰਵਾਰ ਤਾਂ ਮਹਿਫ਼ੂਜ਼ ਹਨ। ਕੌੜਾ ਫੱਲ ਤਾਂ ਉਸ ਬੱਚੀ ਨੂੰ ਖਾਣਾ ਪਿਆ ਜਿਸ ਦਾ ਕੋਮਲ ਜਿਸਮ ਮਨੁੱਖੀ ਭੇੜੀਆਂ ਨੇ ਨੋਚ-ਨੋਚ ਕੇ ਖਾਧਾ। ਜਾਗ ਭਾਰਤ ਜਾਗ।  -ਨਿਮਰਤ ਕੌਰ