ਅੱਜ ਗੁਰਧਾਮਾਂ ਉਤੇ ਅੰਗਰੇਜ਼ਾਂ ਦੇ ਸਿੱਖਾਂ ਦਾ ਕਬਜ਼ਾ ਹੈ 

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਅਸੀ ਸਾਰੇ ਜਾਣਦੇ ਹਾਂ ਕਿ ਮਹਾਰਾਜਾ ਰਣਜੀਤ ਸਿੰਘ ਦੇ ਖ਼ਾਲਸਾ ਰਾਜ ਦਾ ਪਤਨ ਕਰਨ ਵਾਲੇ ਸਿੱਖ ਕੌਮ ਦੇ ਗ਼ੱਦਾਰ ਲਾਲ ਸਿੰਘ, ਧਿਆਨ ਸਿੰਘ ਤੇ ਗੁਲਾਬ ਸਿੰਘ ਵਰਗੇ ਹੀ ਸਨ..

Gurdwara

ਅਸੀ ਸਾਰੇ ਜਾਣਦੇ ਹਾਂ ਕਿ ਮਹਾਰਾਜਾ ਰਣਜੀਤ ਸਿੰਘ ਦੇ ਖ਼ਾਲਸਾ ਰਾਜ ਦਾ ਪਤਨ ਕਰਨ ਵਾਲੇ ਸਿੱਖ ਕੌਮ ਦੇ ਗ਼ੱਦਾਰ ਲਾਲ ਸਿੰਘ, ਧਿਆਨ ਸਿੰਘ ਤੇ ਗੁਲਾਬ ਸਿੰਘ ਵਰਗੇ ਹੀ ਸਨ। ਖ਼ਾਲਸਾ ਰਾਜ ਦੇ ਪਤਨ ਮਗਰੋਂ, ਇਨ੍ਹਾਂ ਗ਼ੱਦਾਰਾਂ ਨੇ ਅੰਗਰੇਜ਼ਾਂ ਨੂੰ ਕਿਹਾ ਕਿ 'ਭਾਰਤ ਉਤੇ ਰਾਜ ਤੁਸੀ ਕਰੋ, ਗੁਰਦਵਾਰਿਆਂ ਉਤੇ ਸਾਨੂੰ ਰਾਜ ਕਰਨ ਦਿਉ।' ਅੰਗਰੇਜ਼ਾਂ ਨੇ ਇਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਤੁਹਾਡੀ ਮੰਗ ਜਾਇਜ਼ ਵੀ ਹੈ ਤੇ ਇਹ ਪੂਰੀ ਵੀ ਕੀਤੀ ਜਾਵੇਗੀ।  ਪਰ ਇਹ ਸੱਭ ਕੁੱਝ ਹਾਸਲ ਕਰਨ ਲਈ, ਇਕ ਹੋਰ ਕੰਮ ਕਰਨਾ ਪਵੇਗਾ। 

ਅੰਗਰੇਜ਼ਾਂ ਵਲੋਂ ਸਾਫ਼ ਸ਼ਬਦਾਂ ਵਿਚ ਕਹਿ ਦਿਤਾ ਗਿਆ ਕਿ ਜੇਕਰ ਤੁਸੀ ਗੁਰਧਾਮਾਂ ਉਤੇ ਅਪਣਾ ਕਬਜ਼ਾ ਕਰਨਾ ਹੈ ਤਾਂ ਤੁਹਾਨੂੰ ਸਾਰੇ ਭਾਰਤ ਦੇ ਆਜ਼ਾਦੀ ਘੁਲਾਟੀਏ ਸਾਡੇ ਹਵਾਲੇ ਕਰਨੇ ਪੈਣਗੇ। ਅੰਗਰੇਜ਼ਾਂ ਦੇ ਇਸ ਸੁਪਨੇ ਨੂੰ ਸਾਕਾਰ ਕਰਨ ਲਈ, ਗ਼ੱਦਾਰਾਂ ਦੀਆਂ ਗੁਪਤ ਮੀਟਿੰਗਾਂ ਦਾ ਦੌਰ ਸ਼ੁਰੂ ਹੋਇਆ ਤੇ 1919 ਨੂੰ ਦੇਸ਼ ਦੀ ਆਜ਼ਾਦੀ ਦਿਵਾਉਣ ਲਈ ਸਾਂਝੀ ਮੀਟਿੰਗ ਕਰਨ ਦਾ ਸੱਦਾ ਸਮੂਹ ਦੇਸ਼ ਭਗਤਾਂ ਨੂੰ ਦਿਤਾ ਗਿਆ। ਜਲਿਆਂਵਾਲੇ ਬਾਗ਼ ਵਿਚ ਜਿਸ ਦਾ ਕੇਵਲ ਇਕ ਹੀ ਗੇਟ ਸੀ, ਇਨ੍ਹਾਂ ਗ਼ੱਦਾਰਾਂ ਵਲੋਂ ਜੋਸ਼ੀਲੇ ਭਾਸ਼ਣ ਦਿਤੇ ਗਏ।

ਇਹ ਗ਼ੱਦਾਰ ਅਪਣੇ ਭਾਸ਼ਣ ਦੇ ਕੇ ਦਰਬਾਰ ਸਾਹਿਬ ਅੰਦਰ ਦਾਖ਼ਲ ਹੋ ਗਏ। ਉਸ ਤੋਂ ਬਾਅਦ ਜੋ ਬੀਤਿਆ, ਅਸੀ ਸਾਰੇ ਜਾਣਦੇ ਹਾਂ। ਜਲਿਆਂਵਾਲੇ ਕਾਂਡ ਤੋਂ ਬਾਅਦ ਜਦ ਮਾਹੌਲ ਸ਼ਾਂਤ ਹੋਇਆ ਤਾਂ 1925 ਵਿਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਕੀਤੀ ਗਈ ਜਿਸ ਦਾ ਪਹਿਲਾ ਨਾਮ ਸੀ ਸਰਕਾਰੀ ਗੁਰਦਵਾਰਾ ਪ੍ਰਬੰਧਕ ਕਮੇਟੀ। ਬਾਅਦ ਵਿਚ ਸਰਕਾਰੀ ਤੋਂ ਸ਼੍ਰੋਮਣੀ ਕਰ ਦਿਤਾ ਗਿਆ, ਸੰਗਤਾਂ ਨੂੰ ਗੁਮਰਾਹ ਕਰਨ ਲਈ। 

ਸਾਡੇ ਕਿਸੇ ਵੀ ਗੁਰੂ ਸਾਹਬ ਨੇ ਕਿਸੇ ਰਾਜੇ ਜਾਂ ਮਹਾਰਾਜੇ ਦੇ ਅਧੀਨ ਹੋ ਕੇ ਕੋਈ ਕਾਰਜ ਨਹੀਂ ਸੀ ਕੀਤਾ। ਪਰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਪਹਿਲਾਂ ਅੰਗਰੇਜ਼ ਸਰਕਾਰ ਦੇ ਹੁਕਮ ਨਾਲ ਹੁੰਦੀਆਂ ਸਨ, ਅੱਜ ਕੇਂਦਰ ਸਰਕਾਰ ਦੇ ਹੁਕਮ ਨਾਲ ਹੁੰਦੀਆਂ ਹਨ। ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛਕਾ ਕੇ ਜਾਤ-ਪਾਤ ਖ਼ਤਮ ਕੀਤੀ ਸੀ। ਅੰਗਰੇਜ਼ਾਂ ਨੇ ਸਿੱਖਾਂ ਨੂੰ ਫਿਰ ਜਾਤ ਪਾਤ ਵਿਚ ਵੰਡ ਦਿਤਾ। ਹੁਣ ਫ਼ੈਸਲਾ ਤੁਹਾਡੇ ਹੱਥ ਵਿਚ ਹੈ ਕਿ ਦੱਸੋ ਗੁਰਧਾਮ ਗੁਰਸਿੱਖਾਂ ਦੇ ਹਨ ਜਾਂ ਅੰਗਰੇਜ਼ਾਂ ਦੇ ਸਿੱਖਾਂ ਦੇ?
- ਬਚਿਤਰ ਸਿੰਘ ਭੁਰਜੀ, ਸੰਪਰਕ : 96530-54990

ਨੋਟ:- ਅਦਾਰੇ ਦਾ, ਹਰ ਵਿਚਾਰ ਨਾਲ ਸਹਿਮਤ ਹੋਣਾ ਜ਼ਰੂਰੀ ਨਹੀਂ।
- ਸੰਪਾਦਕ