ਮੋਦੀ/ਰਾਹੁਲ ਸਿੱਖਾਂ ਦੀਆਂ ਸ਼ਿਕਾਇਤਾਂ ਪਹਿਲਾਂ ਦੂਰ ਕਰਨ, ਫਿਰ ਸਟੇਜ ਤੇ ਆ ਕੇ ਸਿੱਖ-ਪ੍ਰੇਮ ਦਾ....

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਮੋਦੀ/ਰਾਹੁਲ ਸਿੱਖਾਂ ਦੀਆਂ ਸ਼ਿਕਾਇਤਾਂ ਪਹਿਲਾਂ ਦੂਰ ਕਰਨ, ਫਿਰ ਸਟੇਜ ਤੇ ਆ ਕੇ ਸਿੱਖ-ਪ੍ਰੇਮ ਦਾ ਢੰਡੋਰਾ ਫੇਰਨ!

Pic

ਚੋਣਾਂ ਅਪਣੇ ਆਖ਼ਰੀ ਦੌਰ ਵਿਚ ਦਾਖ਼ਲ ਹੋ ਗਈਆਂ ਹਨ। 19 ਮਈ ਨੂੰ ਵੋਟਾਂ ਪੈਣ ਦਾ ਕੰਮ ਖ਼ਤਮ ਹੋ ਜਾਏਗਾ ਤੇ 23 ਮਈ ਨੂੰ ਨਤੀਜੇ ਵੀ ਪਤਾ ਲੱਗ ਜਾਣਗੇ। ਇਸ ਆਖ਼ਰੀ ਦੌਰ ਵਿਚ, ਵੋਟਾਂ ਪੰਜਾਬ ਵਿਚ ਵੀ ਪੈਣੀਆਂ ਹਨ, ਇਸ ਲਈ ਵੱਡੇ ਨੇਤਾਵਾਂ ਨੇ ਅਪਣੇ ਆਪ ਨੂੰ ਸਟੇਜੀ ਭਾਸ਼ਣਾਂ ਰਾਹੀਂ ਪੰਜਾਬ-ਹਮਾਇਤੀ ਤੇ ਸਿੱਖਾਂ ਦੇ ਦਰਦ ਨੂੰ ਸਮਝਣ ਵਾਲੇ ਆਗੂਆਂ ਵਜੋਂ ਪੇਸ਼ ਕਰਨਾ ਸ਼ੁਰੂ ਕਰ ਦਿਤਾ ਹੈ। ਨਰਿੰਦਰ ਮੋਦੀ ਤੇ ਰਾਹੁਲ ਗਾਂਧੀ, ਦੋਵੇਂ ਹੀ ਇਕ ਦੂਜੇ ਨੂੰ ਸਿੱਖਾਂ ਦਾ ਦੁਸ਼ਮਣ ਤੇ ਅਪਣੇ ਆਪ ਨੂੰ ਸਿੱਖਾਂ ਦਾ ਹਮਾਇਤੀ ਜਾਂ ਹਮਦਰਦ ਦੱਸਣ ਵਿਚ ਕੋਈ ਕਸਰ ਨਹੀਂ ਛੱਡ ਰਹੇ। ਅਜਿਹਾ ਕਰਨ ਸਮੇਂ ਉਹ ਇਹ ਨਹੀਂ ਦਸਦੇ ਕਿ ਸਿੱਖਾਂ ਜਾਂ ਪੰਜਾਬ ਦੀ ਕਿਹੜੀ ਮੰਗ ਉਨ੍ਹਾਂ ਨੇ ਮੰਨ ਲਈ ਹੈ ਅਤੇ ਸਿੱਖਾਂ ਨੂੰ ਸੰਤੁਸ਼ਟੀ ਕਿਵੇਂ ਮਿਲੀ ਹੈ?

ਉਨ੍ਹਾਂ ਦੋਹਾਂ ਦਾ ਅਪਣੇ ਵਿਰੋਧੀ ਨੂੰ ਸਿੱਖ ਦੁਸ਼ਮਣ ਤੇ ਪੰਜਾਬ-ਵਿਰੋਧੀ ਦਸਣਾ ਬਿਲਕੁਲ ਸਹੀ ਹੈ ਪਰ ਦੋਹਾਂ 'ਚੋਂ ਕੋਈ ਵੀ ਇਹ ਨਹੀਂ ਦਸ ਸਕਦਾ ਕਿ ਉਸ ਨੇ ਆਪ ਸਿੱਖਾਂ ਜਾਂ ਪੰਜਾਬ ਨੂੰ ਸ਼ਾਂਤ ਕਰਨ ਲਈ ਕੀ ਕੀਤਾ ਹੈ। ਮਿਸਾਲ ਦੇ ਤੌਰ ਤੇ ਬੀ.ਜੇ.ਪੀ. ਵਾਲੇ ਠੀਕ ਕਹਿੰਦੇ ਹਨ ਕਿ ਰਾਹੁਲ ਗਾਂਧੀ ਵਲੋਂ 1984 ਦੇ ਘਲੂਘਾਰੇ ਬਾਰੇ ਕੇਵਲ ਅਫ਼ਸੋਸ ਪ੍ਰਗਟ ਕਰਨ ਨਾਲ ਗੱਲ ਨਹੀਂ ਬਣਨੀ ਤੇ ਪਹਿਲਾਂ ਦਸਣਾ ਪਵੇਗਾ ਕਿ ਕਾਂਗਰਸ ਸਰਕਾਰ ਨੇ ਨਵੰਬਰ, '84 ਦੇ ਕਤਲੇਆਮ ਸਮੇਂ ਫ਼ੌਜ ਨੂੰ ਜਾਣਬੁੱਝ ਕੇ ਦਿੱਲੀ ਅੰਦਰ ਦਾਖ਼ਲ ਕਿਉਂ ਨਾ ਹੋਣ ਦਿਤਾ, ਜਿਨ੍ਹਾਂ ਕਾਂਗਰਸੀ ਆਗੂਆਂ ਨੇ ਆਪ ਕਤਲ ਕਰਵਾਏ, ਉਨ੍ਹਾਂ ਨੂੰ ਵਜ਼ੀਰੀਆਂ ਤੇ ਅਹੁਦੇ ਦੇਣੇ ਕਿਉਂ ਜਾਰੀ ਰੱਖੇ ਤੇ 30 ਸਾਲਾਂ ਦੇ ਸਮੇਂ ਵਿਚ ਸਿੱਖਾਂ ਨਾਲ ਬੇਇਨਸਾਫ਼ੀ ਕਰਨ ਵਾਲੀ ਧਿਰ ਵਜੋਂ ਕਿਉਂ ਪੇਸ਼ ਆਉਂਦੀ ਰਹੀ?

ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਸੀ ਜੋ ਅੱਜ ਤਕ ਅੱਧੀ ਸਦੀ ਤੋਂ ਵੱਧ ਸਮੇਂ ਮਗਰੋਂ ਵੀ ਪੰਜਾਬ ਨੂੰ ਦੇਣ ਤੋਂ ਨਾਂਹ ਕਿਉਂ ਕੀਤੀ ਜਾਂਦੀ ਰਹੀ ਹੈ? ਪੰਜਾਬ ਦਾ 70% ਕੁਦਰਤੀ ਪਾਣੀ, ਪੰਜਾਬ ਤੋਂ ਖੋਹ ਕੇ ਦੂਜੇ ਸੂਬਿਆਂ ਨੂੰ ਕਿਉਂ ਦਿਤਾ ਗਿਆ ਜਦਕਿ ਅੰਗਰੇਜ਼ ਵੇਲੇ, ਇਸ ਪਾਣੀ ਵਿਚੋਂ ਥੋੜਾ ਜਿਹਾ ਕਿਸੇ ਦੂਜੇ ਰਾਜ ਨੂੰ ਦਿਤਾ ਵੀ ਜਾਂਦਾ ਸੀ ਤਾਂ ਪੰਜਾਬ ਨੂੰ ਇਸ ਦਾ ਮੁਲ ਦਿਵਾਇਆ ਜਾਂਦਾ ਸੀ। ਇਹ ਸਾਰੇ ਸਵਾਲ ਦੋਵੇਂ ਧਿਰਾਂ ਅਪਣੇ ਆਪ ਤੋਂ ਪੁੱਛਣ ਤਾਂ ਦੋਵੇਂ ਧਿਰਾਂ ਹੀ ਪੰਜਾਬ ਦੇ ਲੋਕਾਂ ਨਾਲ ਬੇਇਨਸਾਫ਼ੀ ਕਰਨ ਵਾਲੀਆਂ ਧਿਰਾਂ ਹੀ ਸਾਬਤ ਹੋਣਗੀਆਂ ਤੇ ਇਨ੍ਹਾਂ ਦੀ ਹਮਾਇਤ ਵਿਚ ਖੜੀਆਂ ਸਥਾਨਕ ਪਾਰਟੀਆਂ ਵੀ ਉਨ੍ਹਾਂ ਨੂੰ ਨਹੀਂ ਬਚਾ ਸਕਦੀਆਂ ਸਗੋਂ ਆਪ ਵੀ ਅਪਣੀ ਤਬਾਹੀ ਦਾ ਰਾਹ ਖੋਲ੍ਹ ਰਹੀਆਂ ਹੋਣਗੀਆਂ।

ਬਾਕੀ ਰਹੀ ਪੰਜਾਬ ਵਿਚ ਵੱਡੀਆਂ ਪਾਰਟੀਆਂ ਦੇ ਭਾਈਵਾਲਾਂ ਦੀ ਗੱਲ ਤਾਂ ਉਨ੍ਹਾਂ ਨੇ ਮੋਦੀ ਅਤੇ ਬੀਬੀ ਜਗਦੀਸ਼ ਕੌਰ ਨੂੰ ਬਠਿੰਡੇ ਵਿਚ ਲਿਆ ਕੇ ਉਨ੍ਹਾਂ ਰਾਹੀਂ ਜਿਹੜਾ ਇਹ ਪ੍ਰਭਾਵ ਕਾਇਮ ਕਰਨ ਦਾ ਯਤਨ ਕੀਤਾ ਹੈ ਕਿ ਬਰਗਾੜੀ ਦੀ ਪੀੜ ਅਸਲੀ ਨਹੀਂ ਤੇ ਕਾਂਗਰਸ ਦੀ ਪੈਦਾ ਕੀਤੀ ਹੋਈ ਹੈ ਤੇ ਸਿੱਖਾਂ ਦੀ ਅਸਲ ਪੀੜ '84 ਦਾ ਕਤਲੇਆਮ ਹੀ ਹੈ, ਉਹ ਵੀ ਸਿੱਖਾਂ ਨਾਲ ਇਕ ਹੋਰ ਵੱਡੀ ਬੇਇਨਸਾਫ਼ੀ ਹੈ। ਸਿੱਖਾਂ ਦੀ ਜੂਨ '84 ਦੀ ਪੀੜ ਵੀ ਖ਼ਾਲਸ ਤੇ ਅਸਲੀ ਸੀ¸ਓਨੀ ਹੀ ਅਸਲੀ ਜਿੰਨੀ ਨਵੰਬਰ '84 ਦੀ, ਬਰਗਾੜੀ ਦੀ, 1978 ਦੇ ਨਿਰੰਕਾਰੀ ਕਾਂਡ ਦੀ, ਪੰਜਾਬ ਦਾ ਪਾਣੀ ਖੋਹੇ ਜਾਣ ਦੀ, ਪੰਜਾਬ ਦੀ ਰਾਜਧਾਨੀ ਖੋਹੇ ਜਾਣ ਦੀ, ਪੰਜਾਬੀ ਬੋਲਦੇ ਇਲਾਕੇ ਖੋਹੇ ਜਾਣ ਦੀ ਤੇ ਪੰਜਾਬ ਨੂੰ ਆਰਥਕ ਤੌਰ ਤੇ ਕਮਜ਼ੋਰ ਕਰਨ ਵਾਲੀਆਂ ਨੀਤੀਆਂ ਤੋਂ ਹੋਣ ਵਾਲੀ ਪੀੜ ਦੀ ਹੈ।

ਕਾਂਗਰਸ ਦੇ ਕਿਹੜੇ ਧੱਕੇ ਨੂੰ ਮੋਦੀ ਸਰਕਾਰ ਨੇ ਦੂਰ ਕਰ ਦਿਤਾ ਹੈ? ਬਾਦਲ ਸਰਕਾਰ ਨੂੰ ਪੈਸਿਆਂ ਲਈ ਜਿਵੇਂ ਲੇਲੜ੍ਹੀਆਂ ਕਢਵਾ ਕੇ ਅਖ਼ੀਰ ਨਾਂਹ ਕੀਤੀ ਜਾਂਦੀ ਰਹੀ, ਉਸ ਦਾ ਸੱਭ ਨੂੰ ਪਤਾ ਹੈ। ਕਾਂਗਰਸ ਨੇ ਪਾਣੀ ਖੋਹਿਆ ਪਰ ਮੋਦੀ ਸਰਕਾਰ ਨੇ ਕਿਹੜਾ ਪੰਜਾਬ ਦਾ ਪਾਣੀ ਪੰਜਾਬ ਨੂੰ ਦਿਵਾ ਦਿਤਾ ਹੈ? ਸਗੋਂ ਵਾਰ ਵਾਰ ਇਹ ਸਕੀਮਾਂ ਬਣਾਉਣ ਦੇ ਡਰਾਵੇ ਦਿਤੇ ਗਏ ਕਿ ਹਿਮਾਲੀਆ ਸਮੇਤ ਪਹਾੜਾਂ ਦਾ ਪਾਣੀ, ਪੰਜਾਬ ਵਿਚ ਆਉਣ ਹੀ ਨਹੀਂ ਦੇਣਾ ਤੇ ਪਾਈਪਾਂ ਰਾਹੀਂ ਪਹਾੜਾਂ ਤੋਂ ਹੀ ਦੂਜੇ ਘੱਟ ਪਾਣੀ ਵਾਲੇ ਰਾਜਾਂ ਨੂੰ ਦੇ ਦਿਤਾ ਜਾਏਗਾ। ਮਾਹਰਾਂ ਨੇ ਇਸ ਤਜਵੀਜ਼ ਦੀ ਡੱਟ ਕੇ ਵਿਰੋਧਤਾ ਕੀਤੀ ਤੇ ਕਿਹਾ ਕਿ ਇਸ ਨਾਲ 40% ਪਾਣੀ ਰਸਤੇ ਵਿਚ ਹੀ ਜ਼ਾਇਆ ਹੋ ਜਾਏਗਾ ਤੇ ਜਿਨ੍ਹਾਂ ਰੇਤੀਲੇ ਇਲਾਕਿਆਂ ਵਿਚ ਭੇਜਿਆ ਜਾਏਗਾ, ਉਥੇ ਰੇਤ ਇਸ ਨੂੰ ਪੀ ਜਾਇਆ ਕਰੇਗੀ ਪਰ ਪੈਦਾਵਾਰ ਨਹੀਂ ਹੋਵੇਗੀ।

ਇਸੇ ਤਰ੍ਹਾਂ ਗਵਾਂਢੀ ਰਾਜਾਂ ਨੂੰ ਵਿਸ਼ੇਸ਼ ਰਿਆਇਤਾਂ ਦੇ ਕੇ ਪੰਜਾਬ ਦੀ ਇੰਡਸਟਰੀ ਨੂੰ ਉਨ੍ਹਾਂ ਰਾਜਾਂ ਵਿਚ ਭੇਜਣ ਦਾ ਕੰਮ ਕਿਸ ਨੇ ਕੀਤਾ ਤੇ ਪੰਜਾਬ ਨੂੰ ਉਦਯੋਗ-ਰਹਿਤ ਰਾਜ ਕਿਸ ਨੇ ਬਣਾਇਆ? ਅਟਲ ਬਿਹਾਰੀ ਵਾਜਪਾਈ ਦੀ ਬੀ.ਜੇ.ਪੀ. ਸਰਕਾਰ ਨੇ ਇਹ ਸੱਭ ਕੀਤਾ। ਮੋਦੀ ਜੀ ਠੀਕ ਸਮਝਣ ਤਾਂ ਉਹ ਇਹ ਵੀ ਦੱਸ ਦੇਣ ਕਿ ਗੁਜਰਾਤ ਵਿਚ ਵਸੇ ਪੰਜਾਬੀ ਕਿਸਾਨਾਂ ਨੂੰ ਉਜਾੜਨ ਦੀ ਨੀਤੀ ਨੂੰ ਹਾਈ ਕੋਰਟ ਵਲੋਂ ਰੱਦ ਕੀਤੇ ਜਾਣ ਦੇ ਬਾਵਜੂਦ, ਉਹ ਸੁਪ੍ਰੀਮ ਕੋਰਟ ਵਿਚ ਪੰਜਾਬੀ ਕਿਸਾਨਾਂ ਵਿਰੁਧ ਕਿਉਂ ਚਲੇ ਗਏ?

ਸੂਚੀ ਬਹੁਤ ਲੰਮੀ ਹੈ ਪਰ ਸੰਖੇਪ ਵਿਚ ਗੱਲ ਕਰਨੀ ਹੋਵੇ ਤਾਂ ਦੋਹਾਂ ਪਾਰਟੀਆਂ ਨੇ ਪੰਜਾਬ ਮਸਲੇ ਜਾਂ ਸਿੱਖ ਮਸਲੇ ਬਾਰੇ ਇਕੋ ਜਿਹਾ 'ਹਿੰਦੂਤਵ' ਵਾਲਾ ਰਵਈਆ ਹੀ ਧਾਰਨ ਕੀਤਾ ਹੋਇਆ ਹੈ। ਇਸ ਲਈ ਅਸੀ ਕਹਿੰਦੇ ਹਾਂ ਕਿ ਇਕ ਦੂਜੇ ਨੂੰ ਚੋਣ-ਜਲਸਿਆਂ ਵਿਚ ਜੋ ਕੁੱਝ ਵੀ ਕਹਿ ਲਉ ਪਰ ਦੋਵੇਂ ਹੀ ਪਾਰਟੀਆਂ, ਅਪਣੇ ਆਪ ਨੂੰ ਸਿੱਖਾਂ ਤੇ ਪੰਜਾਬ ਦੀਆਂ ਸ਼ੁਭਚਿੰਤਕ ਦੱਸਣ ਦੀ ਖੇਚਲ ਨਾ ਕਰਿਆ ਕਰਨ। ਚੋਣ-ਜਲਸਿਆਂ ਵਿਚ ਵੋਟਾਂ ਲੈਣੀਆਂ ਹਨ ਤਾਂ ਏਨਾ ਦਸਣਾ ਹੀ ਕਾਫ਼ੀ ਹੈ ਕਿ ਬੇਰੁਜ਼ਗਾਰੀ, ਗ਼ਰੀਬੀ ਤੇ ਨਾਬਰਾਬਰੀ ਦੂਰ ਕਰਨ, ਕਿਸਾਨ ਦੀ ਦੁਰਦਸ਼ਾ ਰੋਕਣ ਲਈ ਉਨ੍ਹਾਂ ਕੋਲ ਕੀ ਪ੍ਰੋਗਰਾਮ ਹੈ? ਅਪਣੇ ਆਪ ਨੂੰ ਸਿੱਖਾਂ ਅਤੇ ਪੰਜਾਬ ਦੇ 'ਸ਼ੁਭਚਿੰਤਕ' ਦੱਸਣ ਦੀ ਜਿੰਨੀ ਵੀ ਗੱਲ ਕਰਨਗੀਆਂ, ਓਨਾ ਹੀ ਸਿੱਖਾਂ ਤੇ ਪੰਜਾਬ ਦੇ ਜ਼ਖ਼ਮ ਕੁਰੇਦਣ ਵਾਲੀ ਗੱਲ ਹੋਵੇਗੀ। ਸਿੱਖਾਂ ਨੇ ਜਿਸ ਨੂੰ ਵੀ ਵੋਟ ਦੇਣੀ ਹੈ, ਅਪਣੇ ਅੱਜ ਦੇ 'ਲਾਭਾਂ' ਨੂੰ ਵੇਖ ਕੇ ਦੇਣੀ ਹੈ ਵਰਨਾ ਇਤਿਹਾਸ ਉਨ੍ਹਾਂ ਨੂੰ ਭੁਲਿਆ ਕੋਈ ਨਹੀਂ ਤੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਚੇਤੇ ਹੈ।