Editorial: ਵਿਰਾਟ ਕੋਹਲੀ ਦੀ ਟੈਸਟ ਕ੍ਰਿਕਟ ਤੋਂ ਰੁਖ਼ਸਤਗੀ

ਏਜੰਸੀ

ਵਿਚਾਰ, ਸੰਪਾਦਕੀ

ਰੋਹਿਤ ਵੀ ਵਿਰਾਟ ਵਾਂਗੂ ਮੌਜੂਦਾ ਭਾਰਤੀ ਕ੍ਰਿਕਟ ਟੀਮ ਦਾ ਥੰਮ੍ਹ ਸੀ।

Editorial

Editorial : ਇੰਗਲੈਂਡ ਦੇ ਦੌਰੇ ’ਤੇ ਜਾਣ ਵਾਲੀ ਭਾਰਤੀ ਟੈਸਟ ਕ੍ਰਿਕਟ ਟੀਮ ਵਿਚ ਵਿਰਾਟ ਕੋਹਲੀ ਸ਼ਾਮਲ ਨਹੀਂ ਹੋਵੇਗਾ। ਇਸ ਦੌਰੇ ਤੋਂ ਬਾਅਦ ਖੇਡੀਆਂ ਜਾਣ ਵਾਲੀਆਂ ਟੈਸਟ ਲੜੀਆਂ ਵਿਚ ਵੀ ਉਹ ਭਾਰਤੀ ਟੀਮ ਦਾ ਹਿੱਸਾ ਨਹੀਂ ਬਣੇਗਾ। ਉਸ ਨੇ ਟੈਸਟ ਕ੍ਰਿਕਟ ਤੋਂ ਵਿਦਾਈ ਲੈ ਲਈ ਹੈ। ਉਸ ਦੀ ਗ਼ੈਰ-ਹਾਜ਼ਰੀ ਕਾਰਨ ਉਪਜਿਆ ਖ਼ਲਾਅ ਛੇਤੀ ਭਰਨ ਵਾਲਾ ਨਹੀਂ। ਜਿਹੜੀ ਜੁਝਾਰੂ  ਭਾਵਨਾ, ਜਿਹੜੀ ਊਰਜਾ, ਜਿਹੜੀ ਨਿਡਰਤਾ ਤੇ ਜਾਂਬਾਜ਼ੀ ਉਸ ਨੇ ਪਿਛਲੇ 14 ਵਰਿ੍ਹਆਂ ਦੌਰਾਨ ਭਾਰਤੀ ਕ੍ਰਿਕਟ ਵਿਚ ਲਿਆਂਦੀ, ਉਸ ਦਾ ਬਦਲ ਮਿਲਦਿਆਂ ਸਮਾਂ ਲੱਗੇਗਾ।

ਟੀ-20 ਕ੍ਰਿਕਟ ਤੋਂ ਵਿਦਾਇਗੀ ਤਾਂ ਉਸ ਨੇ ਪਿਛਲੇ ਸਾਲ ਟੀ-20 ਵਿਸ਼ਵ ਕੱਪ ’ਤੇ ਭਾਰਤੀ ਜਿੱਤ ਵੇਲੇ ਹੀ ਲੈ ਲਈ ਸੀ, ਹੁਣ ਟੈਸਟ ਕ੍ਰਿਕਟ ਤੋਂ ਵੀ ਰੁਖ਼ਸਤਗੀ ਮਗਰੋਂ ਉਹ ਅਪਣੀ ਊਰਜਾ ਤੇ ਮੁਸਤੈਦੀ ਇਕ-ਰੋਜ਼ਾ (50-50) ਕ੍ਰਿਕਟ ਤਕ ਸੀਮਤ ਰੱਖੇਗਾ। ਟੈਸਟ ਕ੍ਰਿਕਟ ਤੋਂ ਰਿਟਾਇਰ ਹੋਣ ਦੇ ਉਸ ਦੇ ਐਲਾਨ ਤੋਂ ਦੋ ਦਿਨ ਪਹਿਲਾਂ ਭਾਰਤੀ ਕ੍ਰਿਕਟ ਦੇ ਇਕ ਹੋਰ ਧੁਰੰਧਰ-ਰੋਹਿਤ ਸ਼ਰਮਾ ਨੇ ਵੀ ਟੈਸਟ ਕ੍ਰਿਕਟ ਵਾਲੀ ਪਿੜ ਤੋਂ ਰੁਖ਼ਸਤ ਹੋਣ ਦਾ ਐਲਾਨ ਕੀਤਾ ਸੀ। ਰੋਹਿਤ ਵੀ ਵਿਰਾਟ ਵਾਂਗੂ ਮੌਜੂਦਾ ਭਾਰਤੀ ਕ੍ਰਿਕਟ ਟੀਮ ਦਾ ਥੰਮ੍ਹ ਸੀ।

ਟੈਸਟ ਕ੍ਰਿਕਟ ਵਿਚ ਉਸ ਦਾ ਯੋਗਦਾਨ ਭਾਵੇਂ ਵਿਰਾਟ ਦੇ ਮੇਚ ਦਾ ਤਾਂ ਨਹੀਂ, ਫਿਰ ਵੀ ਕੋਹਲੀ ਵਲੋਂ ਕਪਤਾਨੀ ਛੱਡੇ ਜਾਣ ਤੋਂ ਬਾਅਦ ਰੋਹਿਤ ਨੇ ਵਿਦੇਸ਼ੀ ਧਰਤੀ ’ਤੇ ਵੀ ਭਾਰਤੀ ਗ਼ਲਬੇ ਵਾਲੀ ਉਹੀ ਪਿਰਤ ਬਰਕਰਾਰ ਰੱਖੀ ਸੀ ਜੋ ਕੋਹਲੀ ਦੇ ਕਪਤਾਨੀ-ਯੁਗ ਦੀ ਅਹਿਮ ਪ੍ਰਾਪਤੀ ਸੀ। ਅਜਿਹੀ ਲਗਾਤਾਰਤਾ ਦੇ ਬਾਵਜੂਦ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਦੇ ਫ਼ੈਸਲਿਆਂ ਦਰਮਿਆਨ ਫ਼ਰਕ ਇਹ ਹੈ ਕਿ ਰੋਹਿਤ ਨੂੰ ਰੁਖ਼ਸਤਗੀ ਦਾ ਵੇਲਾ ਆਉਣ ਦਾ ਸੰਕੇਤ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ) ਵਲੋਂ ਨਾਮਜ਼ਦ ਚੋਣਕਾਰਾਂ ਨੇ ਸਿੱਧੇ-ਅਸਿੱਧੇ ਤੌਰ ’ਤੇ ਦੇ ਦਿਤਾ ਸੀ, ਉਸ ਦੀ ਬੱਲੇਬਾਜ਼ੀ ਵਿਚ ਆਏ ਨਿਘਾਰ ਕਾਰਨ। ਇਸ ਤੋਂ ਇਲਾਵਾ ਉਸ ਦੀ ਸਰੀਰਿਕ ਤੰਦਰੁਸਤੀ ਨੂੰ ਲੈ ਕੇ ਵੀ ਸਵਾਲ ਉੱਠਣੇ ਸ਼ੁਰੂ ਹੋ ਗਏ ਸਨ। ਕੋਹਲੀ ਦੇ ਮਾਮਲੇ ਵਿਚ ਅਜਿਹਾ ਕੁਝ ਵੀ ਨਹੀਂ ਸੀ।

ਉਸ ਨੂੰ ਇਸ਼ਾਰੇ ‘ਡਟੇ ਰਹੋ’ ਦੇ ਮਿਲੇ ਸਨ। ਕਪਤਾਨੀ 2022 ਵਿਚ ਉਸ ਨੇ ਖ਼ੁਦ ਛੱਡੀ ਸੀ। ਹੁਣ ਆਈ.ਪੀ.ਐਲ. 2025 ਦੇ ਮੈਚਾਂ ਵਿਚ ਉਹ ਰਾਇਲ ਚੈਲੇਂਜਰਜ਼ ਬੰਗਲੁਰੂ (ਆਰ.ਸੀ.ਬੀ) ਦਾ ਮੁੱਖ ਖੇਵਣਹਾਰ ਸਾਬਤ ਹੁੰਦਾ ਆ ਰਿਹਾ ਸੀ। 36ਵੇਂ ਵਰ੍ਹੇ ਵਿਚ ਹੋਣ ਦੇ ਬਾਵਜੂਦ ਫੀਲਡਰ ਤੇ ਬੱਲੇਬਾਜ਼ ਵਜੋਂ ਉਸ ਦੀ ਵਰਜ਼ਿਸ਼ੀ ਕਾਰਗੁਜਾਰੀ ਤੇ ਫ਼ੁਰਤੀ ਅਤੇ ਕੈਚ ਫੜਨ ਦੀ ਮੁਹਾਰਤ ਮਿਸਾਲੀ ਮੰਨੀ ਜਾਂਦੀ ਹੈ। ਇਹੀ ਕਾਰਨ ਹੈ ਕਿ ਜਦੋਂ ਉਸ ਨੇ ਟੈਸਟ ਕ੍ਰਿਕਟ ਤੋਂ ਰੁਖ਼ਸਤਗੀ ਦੀ ਆਗਿਆ ਮੰਗੀ ਤਾਂ ਕ੍ਰਿਕਟ ਬੋਰਡ ਨੇ ਉਸ ਨੂੰ ਜਵਾਬੀ ਬੇਨਤੀ ਕੀਤੀ ਕਿ ਉਹ ਅਪਣੀ ਯੋਜਨਾ ਇੰਗਲੈਂਡ ਦੌਰੇ ਦੀ ਸਮਾਪਤੀ ਤਕ ਮੁਲਤਵੀ ਕਰ ਦੇਵੇ। ਉਸ ਨੂੰ ਅਪਣਾ ਮਨ ਬਦਲਣ ਲਈ ਕੁਝ ਦਿਨ ਹੋਰ ਦਿਤੇ ਗਏ।

ਪਰ ਉਪਰੋਕਤ ਘਟਨਾਕ੍ਰਮ ਤੋਂ ਦੋ ਦਿਨ ਬਾਅਦ ਉਸ ਨੇ ਸਪਸ਼ਟ ਕਰ ਦਿਤਾ ਕਿ ਉਹ ਅਪਣਾ ਫ਼ੈਸਲਾ ਬਦਲਣ ਦੀ ਰੌਂਅ ਵਿਚ ਨਹੀਂ। ਉਸ ਦਾ ਤਰਕ ਹੈ ਕਿ ਉਹ ਅਪਣੀ ਜਿਸਮਾਨੀ ਤਾਕਤ ਨੂੰ ਉਮਰ ਕਾਰਨ ਲੱਗ ਰਹੇ ਖੋਰੇ ਤੋਂ ਵੀ ਵਾਕਿਫ਼ ਹੈ ਅਤੇ ਖੇਡ ਤੋਂ ਮਿਲਣ ਵਾਲੇ ਆਨੰਦ ਤੇ ਸ਼ੁਗਲ ਦੇ ਜਜ਼ਬੇ ਵਿਚ ਆਈ ਕਮੀ ਤੋਂ ਵੀ। ਲਿਹਾਜ਼ਾ, ਉਸ ਨੇ ਟੈਸਟ ਕ੍ਰਿਕਟ ਤੋਂ ਅਲਹਿਦਗੀ ਦਾ ਫ਼ੈਸਲਾ ਢੁਕਵੇਂ ਸਮੇਂ ਲਿਆ ਹੈ। ਭਾਵੇਂ ਅਪਣੀਆਂ ਭਵਿੱਖੀ ਯੋਜਨਾਵਾਂ ਪ੍ਰਤੀ ਉਹ ਫਿਲਹਾਲ ਖ਼ਾਮੋਸ਼ ਹੈ, ਫਿਰ ਵੀ ਉਸ ਦੇ ਕਰੀਬੀ ਹਲਕੇ ਦੱਸਦੇ ਹਨ ਕਿ ਅਪਣੇ ਬੱਚਿਆਂ ਦੀ ਨਾਰਮਲ ਪਰਵਰਿਸ਼ ਦੀ ਚਾਹਤ ਦੀ ਵੀ ਵਿਰਾਟ ਦੇ ਫ਼ੈਸਲੇ ਵਿਚ ਅਹਿਮ ਭੂਮਿਕਾ ਹੈ। ਬੱਚਿਆਂ ਨੂੰ ‘ਸੈਲੇਬ੍ਰਿਟੀਜ਼’ ਵਾਲੇ ਮਾਹੌਲ ਤੋਂ ਦੂਰ ਰੱਖਣ ਲਈ ਉਹ ਭਾਰਤ ਦੀ ਥਾਂ ਇੰਗਲੈਂਡ ਜਾ ਵਸਣ ਬਾਰੇ ਸੋਚ ਰਿਹਾ ਹੈ। 

ਪੱਛਮੀ ਦਿੱਲੀ ਦੇ ਜੰਮ-ਪਲ ਵਿਰਾਟ ਨੇ 2011 ਵਿਚ ਟੈਸਟ ਕ੍ਰਿਕਟ ਵਿਚ ਦਾਖ਼ਲੇ ਤੋਂ ਬਾਅਦ 123 ਟੈਸਟ ਮੈਚ ਖੇਡੇ; 9230 ਦੌੜਾਂ 46.85 ਦੀ ਔਸਤ ਨਾਲ ਬਣਾਈਆਂ ਜਿਨ੍ਹਾਂ ਵਿਚ 30 ਸੈਂਕੜੇ ਸ਼ਾਮਲ ਸਨ। 2014 ਤੋਂ 2022 ਤਕ 68 ਟੈਸਟ ਮੈਚਾਂ ਵਿਚ ਉਸ ਨੇ ਭਾਰਤ ਦੀ ਕਪਤਾਨੀ ਕੀਤੀ। ਇਨ੍ਹਾਂ ਵਿਚੋਂ 40 ਟੈਸਟ ਮੈਚ ਭਾਰਤੀ ਟੀਮ ਜਿੱਤੀ, 17 ਹਾਰੀ ਅਤੇ 11 ਬਰਾਬਰ ਰਹੇ। ਉਸ ਦੇ ਕਪਤਾਨੀ-ਕਾਲ ਦੌਰਾਨ 2016 ਤੋਂ 2021 ਤਕ ਭਾਰਤ, ਕੌਮਾਂਤਰੀ ਕ੍ਰਿਕਟ ਕੌਂਸਲ (ਆਈ.ਸੀ.ਸੀ.) ਦੀ ਟੈਸਟ ਰੈਂਕਿੰਗ ਸੂਚੀ ਵਿਚ ਸਿਖ਼ਰਲੇ ਸਥਾਨ ’ਤੇ ਰਿਹਾ।

ਅਜਿਹੇ ਸ਼ਾਨਦਾਰ ਰਿਕਾਰਡ ਦੇ ਬਾਵਜੂਦ ਉਸ ਨੂੰ ਅਹਿਸਾਸ ਹੋ ਗਿਆ ਸੀ ਕਿ 2021 ਤੋਂ 2025 ਤਕ ਦੇ ਅਰਸੇ ਦੌਰਾਨ ਉਸ ਦੀ ਖੇਡ ਵਿਚ ਉਹ ਊਰਜਾ ਨਹੀਂ ਰਹੀ ਜਿਹੜੀ 2011 ਤੋਂ 2021 ਤਕ ਦੇ ਅਰਸੇ ਦੌਰਾਨ ਸੀ। ਪਿਛਲੇ ਚਾਰ ਸਾਲਾਂ ਦੌਰਾਨ 31 ਟੈਸਟ ਮੈਚਾਂ ਵਿਚ 32.36 ਦੀ ਔਸਤ ਨਾਲ 1683 ਦੌੜਾਂ ਬਣਾਉਣਾ ਕੋਹਲੀ ਨੂੰ ਅਪਣੇ ਮਿਆਰਾਂ ਦਾ ਨਿਘਾਰ ਜਾਪਿਆ। ਉਸ ਦਾ ਮੰਨਣਾ ਹੈ ਕਿ ਜਦੋਂ ਤੁਹਾਡੇ ਦਿਮਾਗ਼ ’ਤੇ ਇਹ ਬੋਝ ਵੱਧਦਾ ਜਾਵੇ ਕਿ ਤੁਸੀ ਅਪਣੇ ਪ੍ਰਸ਼ੰਸਕਾਂ ਦੀਆਂ ਆਸਾਂ ’ਤੇ ਖਰੇ ਨਹੀਂ ਉਤਰ ਰਹੇ ਤਾਂ ਤੁਹਾਡੀ ਖੇਡ ਵਿਚੋਂ ਸੁਭਾਵਿਕਤਾ ਖ਼ਤਮ ਹੋ ਜਾਂਦੀ ਹੈ।

ਇਸੇ ਲਈ ਹਰ ਖਿਡਾਰੀ ਨੂੰ ਖ਼ੁਦ ਹੀ ਸਮਝ ਲੈਣਾ ਚਾਹੀਦਾ ਹੈ ਕਿ ਪਿੜ ਤੋਂ ਬਾਹਰ ਜਾਣ ਦਾ ਹੁਣ ਸਮਾਂ ਆ ਗਿਆ ਹੈ। ਵਿਰਾਟ ਕੋਹਲੀ ਨੇ ਤਾਂ ਇਹ ਸਮਾਂ ਪਛਾਣ ਲਿਆ, ਪਰ ਭਾਰਤੀ ਕ੍ਰਿਕਟ ਬੋਰਡ ਨੂੰ ਉਸ ਦਾ ਬਦਲ ਲੱਭਣ ਅਤੇ ਉਸ ਨੂੰ ਵਿਰਾਟ ਵਾਲੇ ਸਾਂਚੇ ਵਿਚ ਢਾਲਣ ਵਿਚ ਅਜੇ ਸਮਾਂ ਲੱਗੇਗਾ।