ਅਮੀਰ ਬੱਚੇ ਦਾ ਦੁਖ ਵੇਖ ਕੇ ਸਮਾਜ ਪਸੀਜ ਜਾਂਦਾ ਹੈ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਬਾਲ-ਮਜ਼ਦੂਰ ਦਾ ਦੁਖ ਵੇਖ ਕੇ ਸਾਡੀ ਅੱਖ ਵਿਚ ਰੜਕ ਵੀ ਨਹੀਂ ਪੈਂਦੀ...

Poor Child Doing Labour

ਭਾਰਤੀ ਸਮਾਜ ਵਿਚ ਅੱਧੀ ਆਬਾਦੀ ਨੂੰ ਕੌਡੀਆਂ ਦੇ ਭਾਅ ਬਾਕੀ ਦੀ ਆਬਾਦੀ ਵਾਸਤੇ ਸੇਵਾ ਕਰਨ ਤੇ ਲਾਇਆ ਹੋਇਆ ਹੈ। ਖਾਂਦੀ ਪੀਂਦੀ ਆਬਾਦੀ ਤਾਂ ਇਹ ਆਖਦੀ ਹੈ ਕਿ ਜੇ ਇਹ ਸਿਸਟਮ ਨਾ ਹੋਵੇ ਤਾਂ ਅੱਧਾ ਭਾਰਤ ਭੁੱਖਾ ਸੌਣ ਲਈ ਮਜਬੂਰ ਹੋ ਜਾਵੇ। ਇਕ ਅੰਦਾਜ਼ੇ ਅਨੁਸਾਰ ਹਰ ਸਾਲ 1.5 ਤੋਂ 2 ਕਰੋੜ ਬੱਚੇ ਵੀ ਮਜ਼ਦੂਰੀ ਦੀ ਚੱਕੀ ਵਿਚ ਪਿਸਦੇ ਹਨ ਅਤੇ ਹਰ ਸਾਲ ਇਹ ਅੰਕੜੇ ਵਧਦੇ ਜਾਂਦੇ ਹਨ। ਭਾਵੇਂ ਕਾਨੂੰਨ ਹਨ, ਸਰਕਾਰੀ ਸਿਸਟਮ ਹਨ ਪਰ ਬੇਇਨਸਾਫ਼ੀ ਦੀ ਚੱਕੀ, ਹੇਠਾਂ ਆਏ ਹਰ ਮਾੜੇ ਚੰਗੇ ਨੂੰ ਦਰੜੀ ਜਾ ਰਹੀ ਹੈ।

ਇਕ ਸਮਾਜਕ ਤਜਰਬਾ ਕੀਤਾ ਗਿਆ ਸੀ। ਇਕ ਬੱਚੀ ਨੂੰ ਚੰਗੀ ਤਰ੍ਹਾਂ ਤਿਆਰ ਕਰ ਕੇ ਸੜਕ ਕਿਨਾਰੇ ਖੜਾ ਕਰ ਦਿਤਾ ਗਿਆ। ਉਸ ਦੀ ਰੋਂਦੀ ਦੀ ਆਵਾਜ਼ ਸੁਣ ਕੇ ਹਰ ਲੰਘਣ ਵਾਲਾ ਰੁਕ ਕੇ ਉਸ ਨੂੰ ਪੁਛਦਾ ਸੀ ਤੇ ਉਸ ਦੀ ਮਦਦ ਕਰਨ ਬਾਰੇ ਸੋਚਦਾ ਸੀ। ਫਿਰ ਉਸੇ ਬੱਚੀ ਨੂੰ ਪਾਟੇ ਕਪੜੇ ਪਾ ਕੇ ਸੜਕ ਕਿਨਾਰੇ ਰੋਂਦੀ ਨੂੰ ਖੜੀ ਕਰ ਦਿਤਾ ਗਿਆ। ਉਸ ਦੇ ਮੂੰਹ ਉਤੇ ਕਾਲਖ ਅਤੇ ਮਿੱਟੀ ਨਾਲ ਮੇਕਅਪ ਕਰ ਦਿਤਾ ਜਿਵੇਂ ਉਹ ਕਿਸੇ ਗ਼ਰੀਬ ਦੀ ਬੱਚੀ ਹੋਵੇ। ਇਕ ਵੀ ਇਨਸਾਨ ਉਸ ਦੀ ਮਦਦ ਲਈ ਨਾ ਆਇਆ।

12 ਜੂਨ ਨੂੰ ਕੋਮਾਂਤਰੀ ਬਾਲ ਮਜ਼ਦੂਰੀ ਦਿਵਸ ਸੀ। ਤਕਰੀਬਨ ਹਰ ਪਾਸੇ ਇਸ ਮੁੱਦੇ ਨੂੰ ਉਸੇ ਤਰ੍ਹਾਂ ਨਜ਼ਰਅੰਦਾਜ਼ ਕੀਤਾ ਗਿਆ ਜਿਵੇਂ ਉਸ ਗ਼ਰੀਬ ਬੱਚੀ ਵਲੋਂ ਮੂੰਹ ਫੇਰਿਆ ਗਿਆ ਸੀ। ਕਿਉਂ? ਬੱਚਿਆਂ ਨੂੰ ਰੱਬ ਦਾ ਰੂਪ ਮੰਨਣ ਵਾਲਾ ਸਮਾਜ ਬੱਚੇ ਦੀ ਪੀੜ ਅਤੇ ਉਸ ਨਾਲ ਹੋ ਰਹੀ ਨਾਇਨਸਾਫ਼ੀ ਤੋਂ ਵਾਕਫ਼ ਤਾਂ ਹੈ ਪਰ ਉਸ ਨੂੰ ਮੰਨਣ ਲਈ ਤਿਆਰ ਨਹੀਂ। 

ਭਾਰਤੀ ਸਮਾਜ ਵਿਚ ਬਾਲ ਮਜ਼ਦੂਰੀ, ਸਿਰਫ਼ ਫ਼ੈਕਟਰੀਆਂ ਜਾਂ ਭੱਠੀਆਂ ਤੇ ਨਹੀਂ ਹੁੰਦੀ, ਇਹ ਘਰ ਘਰ ਦੀ ਕਹਾਣੀ ਹੈ। ਜਿੰਨੀ ਸ਼ਹਿਰਾਂ ਵਿਚ ਆਬਾਦੀ ਵੱਧ ਰਹੀ ਹੈ, ਓਨੀ ਹੀ ਇਹ ਸਮੱਸਿਆ ਵੱਧ ਰਹੀ ਹੈ। ਜਿਥੇ ਫ਼ੈਕਟਰੀਆਂ ਵਿਚ ਬੱਚਿਆਂ ਦੇ ਛੋਟੇ ਛੋਟੇ ਹੱਥਾਂ ਦੀ ਜ਼ਰੂਰਤ ਹੈ, ਉਥੇ ਘਰਾਂ ਵਿਚ ਇਨ੍ਹਾਂ ਦੇ ਮਾਸੂਮ ਹੱਥਾਂ ਦੀ ਗ੍ਰਹਿਣੀਆਂ ਨੂੰ ਲੋੜ ਹੈ। ਉਹ ਇਨ੍ਹਾਂ ਬੱਚਿਆਂ ਦੇ ਦਿਮਾਗ਼ ਨੂੰ ਅਪਣੇ ਤਰੀਕੇ ਨਾਲ ਢਾਲ ਸਕਦੇ ਹਨ। ਇਹ ਆਮ ਵੇਖਿਆ ਜਾਂਦਾ ਹੈ ਕਿ ਇਕ ਬੱਚਾ ਸਾਰੇ ਘਰ ਦਾ ਕੰਮ ਕਰਦਾ ਹੈ। ਉਸ ਘਰ ਦੇ ਬੱਚਿਆਂ ਦੀ ਸੇਵਾ ਵੀ ਕਰਦਾ ਹੈ।

ਉਦਯੋਗ ਵਿਚ ਬਾਲ ਮਜ਼ਦੂਰਾਂ ਤੇ ਘਰਾਂ ਵਿਚ ਖੋਤੇ ਵਾਂਗ ਇਸਤੇਮਾਲ ਕੀਤੇ ਜਾਂਦੇ ਬੱਚਿਆਂ ਨੂੰ ਵੇਖ ਕੇ ਜ਼ਿਆਦਾ ਹੈਰਾਨੀ ਹੁੰਦੀ ਹੈ। ਉਹੀ ਮਾਂ-ਬਾਪ ਜੋ ਅਪਣੇ ਬੱਚੇ ਦੀ ਹਰ ਜ਼ਿੱਦ ਪੂਰੀ ਕਰਦੇ ਹਨ, ਉਸ ਦੇ ਹਮਉਮਰ ਬੱਚੇ ਨਾਲ ਨਾਇਨਸਾਫ਼ੀ ਕਿਉਂ ਕਰਦੇ ਹਨ?ਗ਼ਰੀਬੀ ਇਕ ਹਨੇਰਾ ਕੋਨਾ ਬਣ ਜਾਂਦੀ ਹੈ, ਜਿਸ ਵਿਚ ਵਿਲਕ ਰਹੇ ਇਕ ਬੱਚੇ ਦਾ ਦਰਦ ਵੀ ਸਮਾਜ ਨੂੰ ਨਜ਼ਰ ਨਹੀਂ ਆਉਂਦਾ। ਇਕ ਬੜੇ ਅਮੀਰ ਉਦਯੋਗਪਤੀ ਨਾਲ, ਬਾਲ ਮਜ਼ਦੂਰੀ ਤੋਂ ਪੀੜਤ ਬੱਚਿਆਂ ਬਾਰੇ ਵਿਚਾਰ-ਵਟਾਂਦਰਾ ਕਰ ਕੇ ਸਮਾਜ ਦੀ ਮਾੜੀ ਸੋਚ ਦਾ ਅਹਿਸਾਸ ਹੋਇਆ।

ਉਸ ਉਦਯੋਗਪਤੀ ਮੁਤਾਬਕ, ਬਾਲ ਮਜ਼ਦੂਰੀ ਵਿਚ ਲੱਗੇ ਬੱਚਿਆਂ ਨੂੰ ਪੜ੍ਹਾਉਣਾ-ਲਿਖਾਉਣਾ ਗ਼ਲਤ ਹੈ ਕਿਉਂਕਿ ਜ਼ਮੀਨੀ ਹਕੀਕਤ ਬਹੁਤ ਵਖਰੀ ਹੈ। ਜਦੋਂ ਉਹ ਪੜ੍ਹ-ਲਿਖ ਜਾਣਗੇ ਤਾਂ ਉਹ ਸੁਪਨੇ ਲੈਣ ਲੱਗਣਗੇ। ਉਹ ਸੋਚਣਗੇ ਕਿ ਉਨ੍ਹਾਂ ਵਾਸਤੇ ਅਪਣੀ ਤਕਦੀਰ ਬਦਲਣ ਦਾ ਮੌਕਾ ਹੈ। ਜਦੋਂ ਉਨ੍ਹਾਂ ਨੂੰ ਇਸ ਦਾ ਮੌਕਾ ਨਹੀਂ ਮਿਲੇਗਾ ਤਾਂ ਜਾਂ ਤਾਂ ਉਹ ਨਿਰਾਸ਼ ਹੋ ਕੇ ਟੁਟ ਜਾਣਗੇ ਜਾਂ ਅਪਣੇ ਸੁਪਨੇ ਪੂਰੇ ਕਰਨ ਵਾਸਤੇ ਗ਼ਲਤ ਰਸਤੇ ਪੈ ਜਾਣਗੇ। ਘਰਾਂ ਵਿਚ ਬੱਚਿਆਂ ਨੂੰ ਕੰਮ ਕਰਾਉਣ ਪਿੱਛੇ ਵੀ ਇਸੇ ਤਰ੍ਹਾਂ ਦੀ ਸੋਚ ਕੰਮ ਕਰਦੀ ਹੈ।

ਲੋਕ ਮੰਨਦੇ ਹਨ ਕਿ ਸੜਕਾਂ ਤੇ ਗ਼ਰੀਬੀ ਨਾਲ ਭੁੱਖੇ ਮਰਨ ਤੋਂ ਬਿਹਤਰ ਤਾਂ ਇਹੀ ਹੈ ਕਿ ਇਹ ਘਰ ਵਿਚ ਨੌਕਰ ਬਣ ਕੇ ਕੰਮ ਕਰਦੇ ਰਹਿਣ ਕਿਉਂਕਿ ਉਨ੍ਹਾਂ ਨੂੰ ਪੇਟ ਭਰ ਕੇ ਖਾਣਾ ਤਾਂ ਮਿਲ ਹੀ ਜਾਂਦਾ ਹੈ।ਪਰ ਕੀ ਇਹ ਇਕ ਤਰ੍ਹਾਂ ਦੀ ਗ਼ੁਲਾਮੀ ਨਹੀਂ ਹੈ? ਆਧੁਨਿਕ ਲੋਕਤੰਤਰ ਵਿਚ ਗ਼ਰੀਬ ਨੂੰ ਸਰਕਾਰੀ ਸਕੂਲਾਂ ਵਿਚ ਵਧੀਆ ਸਿਖਿਆ ਨਹੀਂ ਮਿਲਦੀ। ਉਹ ਉਸੇ ਸੋਚ ਵਿਚ ਜਕੜਿਆ ਹੋਇਆ ਹੈ ਕਿ ਜ਼ਿਆਦਾ ਬੱਚੇ ਜ਼ਿਆਦਾ ਕਮਾਊ ਹੱਥ।

ਭਾਰਤੀ ਸਮਾਜ ਵਿਚ ਅੱਧੀ ਆਬਾਦੀ ਨੂੰ ਕੌਡੀਆਂ ਦੇ ਭਾਅ ਬਾਕੀ ਦੀ ਆਬਾਦੀ ਵਾਸਤੇ ਸੇਵਾ ਕਰਨ ਤੇ ਲਾਇਆ ਹੋਇਆ ਹੈ। ਖਾਂਦੀ ਪੀਂਦੀ ਆਬਾਦੀ ਤਾਂ ਇਹ ਆਖਦੀ ਹੈ ਕਿ ਜੇ ਇਹ ਸਿਸਟਮ ਨਾ ਹੋਵੇ ਤਾਂ ਅੱਧਾ ਭਾਰਤ ਭੁੱਖਾ ਸੌਣ ਲਈ ਮਜਬੂਰ ਹੋ ਜਾਵੇ। ਇਕ ਅੰਦਾਜ਼ੇ ਅਨੁਸਾਰ ਹਰ ਸਾਲ 1.5 ਤੋਂ 2 ਕਰੋੜ ਬੱਚੇ ਵੀ ਮਜ਼ਦੂਰੀ ਦੀ ਚੱਕੀ ਵਿਚ ਪਿਸਦੇ ਹਨ ਅਤੇ ਹਰ ਸਾਲ ਇਹ ਅੰਕੜੇ ਵਧਦੇ ਜਾਂਦੇ ਹਨ। ਭਾਵੇਂ ਕਾਨੂੰਨ ਹਨ, ਸਰਕਾਰੀ ਸਿਸਟਮ ਹਨ, ਬੇਇਨਸਾਫ਼ੀ ਦੀ ਚੱਕੀ, ਹੇਠਾਂ ਆਏ ਹਰ ਮਾੜੇ ਚੰਗੇ ਨੂੰ ਦਰੜੀ ਜਾ ਰਹੀ ਹੈ।

ਇਸ ਸੱਭ ਕੁੱਝ ਦੇ ਪਿੱਛੇ ਉਹ ਭਾਰਤੀ ਸੋਚ ਕੰਮ ਕਰਦੀ ਹੈ ਜੋ ਸਮਝਦੀ ਹੈ ਕਿ ਗ਼ਰੀਬ ਬੱਚੇ ਵਾਸਤੇ ਏਨਾ ਕੁ ਕੰਮ ਵੀ ਇਕ ਵਰਦਾਨ ਹੈ। ਜਦੋਂ ਤਕ ਇਹ ਸੋਚ ਨਹੀਂ ਬਦਲੇਗੀ, ਕੋਈ ਕਾਨੂੰਨ ਸਫ਼ਲ ਨਹੀਂ ਹੋਣ ਲੱਗਾ। ਜਦੋਂ ਕਿਸੇ ਬੱਚੀ ਨੂੰ ਸੜਕ ਤੋਂ ਰੋਂਦੇ ਵੇਖਦੇ ਹੋ, ਅਪਣੇ ਦਿਮਾਗ਼ ਤੋਂ ਗ਼ਰੀਬ ਦੀ ਪੁਕਾਰ ਪ੍ਰਤੀ ਸਖ਼ਤ ਹਕਾਰਤ ਅਤੇ ਬੇਪ੍ਰਵਾਹੀ ਦੀ ਕਾਲੀ ਐਨਕ ਜ਼ਰੂਰ ਉਤਾਰੋ। ਜੇ ਭਾਰਤੀ ਸਮਾਜ ਬੱਚਿਆਂ ਦਾ ਬਚਪਨ ਹੀ ਕੁਚਲਦਾ ਰਿਹਾ ਤਾਂ ਗ਼ਰੀਬ ਦੀ ਗ਼ੁਲਾਮੀ ਕਦੇ ਖ਼ਤਮ ਨਹੀਂ ਹੋ ਸਕੇਗੀ।   -ਨਿਮਰਤ ਕੌਰ