NEET UG 2024 exam result: 23 ਲੱਖ ਡਾਕਟਰ ਬਣਨ ਲਈ ਨੀਟ ਪ੍ਰੀਖਿਆ ਦੇਣ ਵਾਲੇ ਨੌਜਵਾਨਾਂ ਨਾਲ ਧੋਖਾ!
ਅੰਕੜਿਆਂ ’ਚੋਂ ਸਾਡੀ ਜਵਾਨੀ ਦੀ ਤ੍ਰਾਸਦੀ ਝਲਕਦੀ ਹੈ ਉਹ ਪੜ੍ਹਨਾ ਚਾਹੁੰਦੇ ਹਨ, ਸਮਾਜ ਦੇ ਸੱਭ ਤੋਂ ਨੇਕ ਪੇਸ਼ੇ ਵਿਚ ਸ਼ਾਮਲ ਹੋਣਾ ਚਾਹੁੰਦੇ ਹਨ
NEET UG 2024 exam result: ਤਕਰੀਬਨ 23 ਲੱਖ ਬੱਚੇ ਹਰ ਸਾਲ ਡਾਕਟਰ ਬਣਨ ਦੇ ਇੱਛੁਕ ਹੁੰਦੇ ਹਨ। ਨੀਟ ਦੇ ਇਮਤਿਹਾਨ ਵਾਸਤੇ ਸਾਲਾਂ ਤੋਂ ਤਿਆਰੀ ਕਰਦੇ ਹਨ ਜਦਕਿ ਦਾਖ਼ਲ ਕੇਵਲ ਸਵਾ ਲੱਖ ਸੀਟਾਂ ਲਈ ਮਿਲਣਾ ਹੁੰਦਾ ਹੈ। 23 ਲੱਖ ਇਮਤਿਹਾਨ ਦੇਣ ਵਾਲਿਆਂ ’ਚੋਂ 11 ਲੱਖ ਪਾਸ ਹੋਏ ਹਨ। ਇਨ੍ਹਾਂ ਅੰਕੜਿਆਂ ’ਚੋਂ ਸਾਡੀ ਜਵਾਨੀ ਦੀ ਤ੍ਰਾਸਦੀ ਝਲਕਦੀ ਹੈ ਉਹ ਪੜ੍ਹਨਾ ਚਾਹੁੰਦੇ ਹਨ, ਸਮਾਜ ਦੇ ਸੱਭ ਤੋਂ ਨੇਕ ਪੇਸ਼ੇ ਵਿਚ ਸ਼ਾਮਲ ਹੋਣਾ ਚਾਹੁੰਦੇ ਹਨ
ਪਰ ਉਨ੍ਹਾਂ ਅੱਗੇ ਦੀਵਾਰ ਸਿਰਫ਼ ਕਾਲਜਾਂ ’ਚ ਸੀਟਾਂ ਦੀ ਕਮੀ ਹੀ ਨਹੀਂ ਬਲਕਿ ਨੀਟ ਦੇ ਇਮਤਿਹਾਨਾਂ ਦਾ ਸਿਸਟਮ ਵੀ ਹੈ ਜੋ ਅੱਜ ਬੇਨਕਾਬ ਤਾਂ ਹੋਇਆ ਹੈ ਪਰ ਸ਼ਰਮਿੰਦਗੀ ਕਿਸੇ ਨੇ ਮਹਿਸੂਸ ਨਹੀਂ ਕੀਤੀ। ਜਿਸ ਇਮਤਿਹਾਨ ਨੇ 23 ਲੱਖ ਬੱਚਿਆਂ ਦੀ ਮਿਹਨਤ ਨੂੰ ਬੂਰ ਪਾਉਣਾ ਹੈ ਪਰ ਕਈਆਂ ਦੀ ਜ਼ਿੰਦਗੀ ਦਾ ਇਕ ਰਸਤਾ ਬੰਦ ਕਰਨ ਵੇਲੇ ਜੋ ਉਪਦਰ ਹੋਇਆ ਹੈ, ਉਸ ਵਿਚੋਂ ਕਮਜ਼ੋਰੀ ਨਹੀਂ ਬਲਕਿ ਚੋਰੀ ਦੇ ਸੰਕੇਤ ਆ ਰਹੇ ਹਨ।
ਨੀਟ ਇਮਤਿਹਾਨਾਂ ਵਿਚ ‘ਪੇਪਰ ਲੀਕ’ ਹੋਣ ਕਾਰਨ ਇਹ ਮੁੱਦਾ ਕਾਂਗਰਸ ਤੇ ਭਾਜਪਾ ਵਿਚਕਾਰ ਇਕ ਚੋਣ ਮੁੱਦਾ ਵੀ ਬਣਿਆ ਜਿਥੇ ਦੋਹਾਂ ਧਿਰਾਂ ਨੇ ਪੇਪਰ ਲੀਕ ਵਿਰੁਧ ਸਖ਼ਤ ਕਾਨੂੰਨ ਬਣਾਉਣ ਦੇ ਵਾਅਦੇ ਤਾਂ ਕੀਤੇ ਪਰ ਜਿਸ ਤਰ੍ਹਾਂ ਨੀਟ ਇਮਤਿਹਾਨਾਂ ਵਾਸਤੇ ਬਣੀ ਜਾਂਚ ਏਜੰਸੀ ਐਨਆਈਡੀ ਵਲੋਂ ਅਪਣੀ ਮਰਜ਼ੀ ਨਾਲ ਸਾਰੇ ਨਿਯਮਾਂ ਨੂੰ ਤੋੜਿਆ ਗਿਆ ਹੈ, ਸਾਫ਼ ਹੈ ਕਿ ਇਹ ਕਮਜ਼ੋਰੀ ਨਹੀਂ, ਇਹ ਵੱਡਾ ਘਪਲਾ ਹੈ। ਕੁੱਝ ਵਿਦਿਆਰਥੀਆਂ ਵਲੋਂ ਜੇ ਸੁਪ੍ਰੀਮ ਕੋਰਟ ਦਾ ਦਰਵਾਜ਼ਾ ਨਾ ਖਟਖਟਾਇਆ ਜਾਂਦਾ ਤਾਂ ਐਨਟੀਏ ਵਲੋਂ ਕੋਈ 1500 ਵਿਦਿਆਰਥੀਆਂ ਨੂੰ 130 ਤੋਂ 100 ਤਕ ਦੇ ਫ਼ਾਲਤੂ ਮਾਰਕਸ ਦੇ ਕੇ ਅੱਵਲ ਦਰਜੇ ਤੇ ਲਿਜਾਇਆ ਜਾ ਰਿਹਾ ਸੀ।
ਅੱਜ ਤਕ ਕਦੇ ਨਹੀਂ ਹੋਇਆ ਪਰ ਇਨ੍ਹਾਂ ਵਿਦਿਆਰਥੀਆਂ ਦੇ 100% ਅੰਕ ਆਏ ਸਨ ਜਿਨ੍ਹਾਂ ’ਚੋਂ ਜ਼ਿਆਦਾ ਉਹ ਸਨ ਜਿਨ੍ਹਾਂ ਨੂੰ ਐਨਟੀਏ ਵਲੋਂ ਕਿਸੇ ਬਹਾਨੇ ਫ਼ਾਲਤੂ ਅੰਕ ਦਿਤੇ ਗਏ ਸਨ। ਨੀਟ ਦੇ ਅੰੰਕ ਦੇਣ ਦੇ ਤਰੀਕੇ ਅਨੁਸਾਰ ਅੰਕ ਕਦੇ 718 ਜਾਂ 719 ਨਹੀਂ ਹੋ ਸਕਦੇ ਪਰ ਇਸ ਵਾਰ ਆਏ ਪਰ ਐਨਟੀਏ ਦੇ ਕਿਸੇ ਅਫ਼ਸਰ ਨੂੰ ਇਸ ਅਨਹੋਣੀ ਨੂੰ ਲੈ ਕੇ ਜਾਂਚ ਕਰਨ ਬਾਰੇ ਵੀ ਨਾ ਸੋਚਿਆ। ਜਦ ਰੀਪੋਰਟਾਂ ਆ ਰਹੀਆਂ ਸਨ ਕਿ ਪੇਪਰ ਲੀਕ ਹੋਏ ਹਨ ਤਾਂ ਰਾਜਸਥਾਨ ਦੇ ਇਕ ਸੈਂਟਰ ਵਿਚ ਜਵਾਬ (ਉੱਤਰ) ਦੇ ਨਾਲ ਨਾਲ ਪੇਪਰ ਵੀ ਵਿਦਿਆਰਥੀਆਂ ਨੂੰ ਮਿਲੇ ਪਰ ਫਿਰ ਵਾਪਸ ਲੈ ਲਏ ਗਏ।
ਰੋਕ ਲੱਗਣ ਤੋਂ ਬਾਅਦ 120 ਵਿਦਿਆਰਥੀਆਂ ਦੇ ਪੇਪਰ ਦੁਬਾਰਾ ਕਰਵਾਏ ਗਏ। ਐਨਟੀਏ ਵਲੋਂ ਇਸ ਨੂੰ ਬੇਬੁਨਿਆਦ ਤਾਂ ਆਖਿਆ ਗਿਆ ਪਰ ਸੱਚ ਇਹ ਹੈ ਕਿ ਵਿਦਿਆਰਥੀਆਂ ਦੇ ਰੋਸ ਨੂੰ ਸਮਝਦੇ ਹੋਏ ਚੋਣਾਂ ਦੌਰਾਨ ਪੇਪਰ ਲੀਕ ਹੋਣ ਵਿਰੁਧ ਕਾਨੂੰਨ ਬਣਾਉਣ ਦਾ ਵਾਅਦਾ ਵੀ ਕੀਤਾ ਗਿਆ। ਸ਼ਾਇਦ ਐਨਟੀਏ ਸਹੀ ਹੋਵੇ ਪਰ ਜੇ 23 ਲੱਖ ਪ੍ਰਵਾਰ ਅੱਜ ਉਸ ਸੰਸਥਾ ’ਤੇ ਵਿਸ਼ਵਾਸ ਨਹੀਂ ਕਰ ਪਾ ਰਹੇ ਤਾਂ ਅਪਣੇ ਆਪ ਵਿਚ ਹੀ ਇਹ ਇਕ ਸ਼ਰਮਸਾਰ ਕਰਨ ਵਾਲੀ ਸਥਿਤੀ ਹੈ।
ਅਦਾਲਤ ਦੇ ਕਹਿਣ ’ਤੇ 1563 ਵਿਦਿਆਰਥੀਆਂ ਦੇ ਇਮਤਿਹਾਨ ਦੁਬਾਰਾ ਲੈਣੇ ਪੈਣਗੇ ਪਰ ਐਨਟੀਏ ਅਪਣੇ ਨਾਮ ਉਤੇ ਲੱਗੇ ਧੱਬਿਆਂ ਨੂੰ ਸਾਫ਼ ਕਰਨ ਵਾਸਤੇ ਕੀ ਕਰ ਰਹੀ ਹੈ? ਕੀ ਅੱਜ ਐਨਟੀਏ ਨੇ ਇਕ ਵੱਡੇ ਘਪਲੇ ਰਾਹੀਂ ਬੱਚਿਆਂ ਦੇ ਭਵਿੱਖ ਨਾਲ ਸੌਦਾ ਕਰਨ ਦਾ ਯਤਨ ਕੀਤਾ ਹੈ? ਸਿਆਸਤਦਾਨਾਂ ਤੇ ਨਜ਼ਰ ਰੱਖਣ ਵਾਲੀਆਂ ਜਾਂਚ ਏਜੰਸੀਆਂ ਜੇ ਇਸ ਮੁੱਦੇ ਤੇ ਵੀ ਅਪਣੀ ਜਾਂਚ ਸ਼ੁਰੂ ਕਰ ਲੈਣ ਤਾਂ ਬਿਹਤਰ ਹੋਵੇਗਾ। - ਨਿਮਰਤ ਕੌਰ