ਚੈਨਲਾਂ ਤੇ ਝੂਠੀਆਂ ਤੋਹਮਤਾਂ ਨੇ ਇਕ ਲੀਡਰ ਦੀ ਜਾਨ ਲੈ ਲਈ ਹੁਣ ਤਾਂ ਟੀ.ਵੀ. ਚੈਨਲਾਂ ਤੇ 'ਡੀਬੇਟ'...

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਜਦ ਅਰਨਬ ਗੋਸਵਾਮੀ ਦੇ ਟੀ.ਵੀ. ਤੇ ਵਿਚਾਰ ਵਟਾਂਦਰੇ ਦਾ ਸ਼ੋਅ ਭਲੇਮਾਣਸੀ ਦੀਆਂ ਹੱਦਾਂ ਹੀ ਪਾਰ ਕਰ ਗਿਆ ਤਾਂ ਕਈ ਵਾਰ ਦਿਮਾਗ਼ ਵਿਚ ਆਉਂਦਾ ਸੀ

Rajiv Tyagi

ਜਦ ਅਰਨਬ ਗੋਸਵਾਮੀ ਦੇ ਟੀ.ਵੀ. ਤੇ ਵਿਚਾਰ ਵਟਾਂਦਰੇ ਦਾ ਸ਼ੋਅ ਭਲੇਮਾਣਸੀ ਦੀਆਂ ਹੱਦਾਂ ਹੀ ਪਾਰ ਕਰ ਗਿਆ ਤਾਂ ਕਈ ਵਾਰ ਦਿਮਾਗ਼ ਵਿਚ ਆਉਂਦਾ ਸੀ ਕਿ ਕਿਤੇ ਇੰਨੀ ਨਫ਼ਰਤ ਉਗਲਣ ਨਾਲ ਅਰਨਬ ਨੂੰ ਦਿਲ ਦਾ ਦੌਰਾ ਹੀ ਨਾ ਪੈ ਜਾਵੇ। ਪਰ ਅਰਨਬ ਗੋਸਵਾਮੀ ਤਾਂ ਤੇਜ਼ ਦਿਮਾਗ਼ ਵਾਲੇ ਸਾਬਤ ਹੋਏ ਜੋ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਅਪਣਾ ਪੱਲਾ ਝਾੜ ਕੇ ਮੁਸਕਰਾ ਵੀ ਲੈਂਦੇ ਹਨ ਅਤੇ ਕਈ ਹੋਰ ਵੀ ਉਨ੍ਹਾਂ ਦੇ ਨਕਸ਼ੇ ਕਦਮਾਂ 'ਤੇ ਚਲਣ ਲੱਗ ਪਏ ਹਨ।

ਅੱਜ ਦੇ ਖ਼ਬਰਾਂ ਦੇ ਬੁਲੇਟਿਨ ਬਹੁਤੀ ਵਾਰ ਕਿਸੇ ਬੀ ਗ੍ਰੇਡ ਨਾਟਕ ਤੋਂ ਘੱਟ ਨਹੀਂ ਹੁੰਦੇ। ਮਨਮਰਜ਼ੀ ਦੀ ਖੋਜ, ਝੂਠ, ਗ਼ਲਤਫ਼ਹਿਮੀਆਂ, ਡਰ, ਅੰਧ ਵਿਸ਼ਵਾਸ ਆਦਿ ਸਾਰੇ ਮਸਾਲੇ ਪਾ ਕੇ ਅੱਜ ਖ਼ਬਰਾਂ ਪਰੋਸੀਆਂ ਜਾਂਦੀਆਂ ਹਨ। ਸਾਡੇ ਟੀ.ਵੀ. ਚੈਨਲਾਂ ਨੂੰ ਲੋਕ ਵੱਧ ਚੜ੍ਹ ਕੇ ਵੇਖਣ, ਉਹਦੇ ਲਈ ਤਿੱਖੇ ਨੁਕਸਾਨ ਪਹੁੰਚਾਉਣ ਵਾਲੇ ਮਸਾਲੇ ਤੇ ਕੈਮੀਕਲ ਜ਼ਰੂਰ ਮਿਲਾਏ ਜਾਂਦੇ ਹਨ ਤਾਕਿ ਸੁਣਨ ਵਾਲਿਆਂ ਨੂੰ ਸਵਾਦ ਤਾਂ ਚੋਖਾ ਆਏ, ਭਾਵੇਂ ਮਗਰੋਂ ਹਾਜ਼ਮਾ ਹੀ ਖ਼ਰਾਬ ਹੋ ਜਾਏ ਜਾਂ ਦਿਮਾਗ਼ੀ ਤੌਰ 'ਤੇ ਹੀ ਪ੍ਰੇਸ਼ਾਨ ਰਹਿਣ ਲੱਗ ਪੈਣ।

ਬਹੁਤੇ ਚੈਨਲ ਵੀ ਚੰਗੀ ਜਾਣਕਾਰੀ ਦੇਣ ਕਾਰਨ ਨਹੀਂ, ਕਰਾਰੀ ਪੇਸ਼ਕਾਰੀ ਸਦਕਾ ਹੀ ਚਲ ਰਹੇ ਹਨ। ਪਰ ਨਫ਼ਰਤ ਉਗਲਣ ਦੇ ਇਕ ਵਿਚਾਰ ਵਟਾਂਦਰੇ ਦੌਰਾਨ ਇਕ ਆਗੂ ਦੀ ਮੌਤ ਵੀ ਹੋ ਗਈ। ਦਿਲ ਦਾ ਦੌਰਾ ਵਿਚਾਰ ਵਟਾਂਦਰੇ ਦੌਰਾਨ ਉਸ ਸਮੇਂ ਪਿਆ ਜਦ ਉਸ ਆਗੂ ਉਤੇ ਨਕਲੀ ਹਿੰਦੂ ਹੋਣ ਵਰਗੇ ਦੋਸ਼ ਲੱਗ ਰਹੇ ਸਨ। ਵਿਚਾਰ ਵਟਾਂਦਰੇ ਵਿਚ ਇਕ ਹੋਰ ਆਗੂ ਵੀ ਮੌਜੂਦ ਸਨ ਜਿਨ੍ਹਾਂ ਦੇ ਸ਼ਬਦੀ ਬਾਣ ਕਿਸੇ ਏ.ਕੇ. 47 ਤੋਂ ਘੱਟ ਮਾਰੂ ਨਹੀਂ ਹੁੰਦੇ। ਕਮਜ਼ੋਰ ਦਿਲ ਇਨਸਾਨ ਤਾਂ ਇਨ੍ਹਾਂ ਦੇ ਜਲੇਬੀ ਵਿਚ ਲਿਪਟੇ ਜ਼ਹਿਰ ਵਰਗੇ ਵਿਚਾਰ ਸੁਣ ਵੀ ਨਹੀਂ ਸਕਦਾ।

ਇਕ ਇਨਸਾਨ ਦੀ ਮੌਤ ਅੱਜ ਸਾਡੇ ਸਾਹਮਣੇ ਹੋਈ ਹੈ ਪਰ ਇਨ੍ਹਾਂ ਵਿਚਾਰ ਵਟਾਂਦਰਾ/ਟੀ.ਵੀ. ਡਿਬੇਟਸ ਵਿਚ ਹਰ ਰੋਜ਼ ਇਨਸਾਨੀਅਤ ਦਾ ਕਤਲ ਹੁੰਦਾ ਹੈ। ਜਦ ਕਈ ਖ਼ਾਸ ਚੈਨਲਾਂ ਤੇ ਅਪਣੇ ਆਪ ਨੂੰ ਮਾਹਰ ਅਖਵਾਉਣ ਵਾਲੇ 2-3 ਲੋਕ ਬੋਲ ਰਹੇ ਹੁੰਦੇ ਹਨ ਤਾਂ ਮਸਲੇ ਦੀ ਸਮਝ ਘੱਟ ਹੀ ਆਉਂਦੀ ਹੈ ਤੇ ਇਨ੍ਹਾਂ ਵਲੋਂ ਚੁੱਕੇ ਗਏ ਮੁੱਦੇ ਤਕਰੀਬਨ ਫ਼ਾਲਤੂ ਜਹੇ ਹੀ ਲਗਦੇ ਹਨ ਜਿਵੇਂ ਕਿ ਪਿਛਲੇ ਮਹੀਨੇ ਇਨ੍ਹਾਂ ਨੇ ਸੁਸ਼ਾਂਤ ਦੇ ਜੂਸ, ਸੁਸ਼ਾਂਤ ਦੇ ਘਰ ਦੇ ਰਿਸ਼ਤੇ, ਉਸ ਦੀਆਂ ਫ਼ਿਲਮਾਂ ਆਦਿ ਬਾਰੇ ਚਰਚਾ ਕੀਤੀ।

ਇਨ੍ਹਾਂ ਨੂੰ ਚਿੰਤਾ ਕਿਸੇ ਗੱਲ ਦੀ ਨਹੀਂ, ਬਸ ਇਕ ਮੁੱਦਾ ਉਛਾਲ ਕੇ ਤੇ ਅਪਣੀ ਟੀ.ਆਰ.ਪੀ. ਵਧਾ ਕੇ ਪੈਸੇ ਖਟਣਾ ਹੀ ਇਨ੍ਹਾਂ ਦਾ ਇਕੋ ਇਕ ਮਕਸਦ ਹੁੰਦਾ ਹੈ। ਪਰ ਕਦ ਤਕ ਭਾਰਤ ਦੇਸ਼ ਵਿਚ ਇਹ ਸੱਭ ਚਲਦਾ ਰਹੇਗਾ? ਰੀਆ ਚੱਕਰਵਤੀ ਤੇ ਸੁਸ਼ਾਂਤ ਵਿਚਕਾਰ ਕੀ ਚਲ ਰਿਹਾ ਸੀ, ਇਨ੍ਹਾਂ ਮਾਹਰਾਂ ਨੂੰ ਸੱਭ ਪਤਾ ਸੀ ਤੇ ਅੱਜ ਬਿਨਾਂ ਜਾਂਚ ਪੂਰੀ ਹੋਏ, ਰੀਆ ਦੋਸ਼ੀ ਬਣ ਚੁਕੀ ਹੈ।

ਨਫ਼ਰਤ ਉਗਲਣ ਵਾਲੀ ਇਸ 'ਟੀ.ਵੀ. ਪੱਤਰਕਾਰੀ' ਨੂੰ ਅੱਜ ਲਗਾਮ ਨਾ ਪਾਈ ਗਈ ਤਾਂ ਇਹ ਜਾਨ ਲੇਵਾ ਸਾਬਤ ਹੋਵੇਗੀ ਅਤੇ ਸਾਡੇ ਸਭਿਆਚਾਰ ਨੂੰ ਤਬਾਹ ਕਰ ਦੇਵੇਗੀ। ਭਾਰਤ ਦੀ ਇਹ ਪੱਤਰਕਾਰੀ ਅਪਣੇ ਆਪ ਨੂੰ ਜੱਜ ਵੀ ਤੇ ਵਕੀਲ ਵੀ ਬਣਾ ਚੁਕੀ ਹੈ ਤੇ ਲੋਕਾਂ ਨੂੰ ਅਪਣੇ ਵਲ ਆਕਰਸ਼ਤ ਕਰਨ ਵਾਸਤੇ ਇਹ ਕੁੱਝ ਵੀ ਆਖ ਸਕਦੀ ਹੈ ਅਤੇ ਇਨ੍ਹਾਂ ਨੂੰ ਪ੍ਰੈਸ ਦੀ ਆਜ਼ਾਦੀ ਤੇ ਬੋਲਣ ਦੀ ਆਜ਼ਾਦੀ ਦੇ ਨਾਂ ਤੇ ਕਿਸੇ ਵੀ ਮੁੱਦੇ 'ਤੇ ਗੱਲਬਾਤ ਕਰਨ ਦੀ ਆਜ਼ਾਦੀ ਹੈ।

ਪਰ ਜਦ ਇਹ 'ਪੱਤਰਕਾਰ ਸ਼੍ਰੇਣੀ' ਦੇਸ਼ ਦੇ ਨਾਜ਼ੁਕ ਮੁੱਦਿਆਂ ਬਾਰੇ ਵੀ ਅਪਣੀ ਅਗਿਆਨਤਾ ਦਾ ਪ੍ਰਗਟਾਵਾ ਕਰਦੀ ਹੈ ਤਾਂ ਦੁੱਖ ਹੁੰਦਾ ਹੈ ਕਿ ਭਾਰਤ ਦੇਸ਼ ਵਿਚ ਲੋਕਤੰਤਰ ਦੇ ਚੌਥੇ ਥੰਮ ਨੂੰ ਕਿਸ ਤਰ੍ਹਾਂ ਕੁੱਝ ਪੈਸਿਆਂ ਖ਼ਾਤਰ ਖੋਖਲਾ ਕੀਤਾ ਜਾ ਰਿਹਾ ਹੈ। ਅੱਜ ਜਦ ਦੇਸ਼ ਵਿਚ ਵਿਰੋਧੀ ਧਿਰ ਦੀ ਆਵਾਜ਼ ਬੜੀ ਕਮਜ਼ੋਰ ਹੋ ਚੁਕੀ ਸੀ ਤਾਂ ਲੋੜ ਸੀ ਕਿ ਉਸ ਦਾ ਰੋਲ ਦੇਸ਼ ਦਾ ਜ਼ਿੰਮੇਵਾਰ ਮੀਡੀਆ ਨਿਭਾਉਂਦਾ। ਇਕ ਸਾਲ ਤੋਂ ਕਸ਼ਮੀਰ ਤੋਂ ਆਵਾਜ਼ ਨਹੀਂ ਆ ਰਹੀ ਕਿਉਂਕਿ ਉਹ ਮੁੱਦਾ ਚੁੱਕਣ ਨਾਲ ਇਸ਼ਤਿਹਾਰ ਨਹੀਂ ਮਿਲਦੇ।

ਨਫ਼ਰਤ ਭਰੇ ਭਾਸ਼ਣਾਂ ਵਿਚ ਹੁਣ ਸਿਰਫ਼ ਵਿਰੋਧੀ ਧਿਰ ਹੀ ਨਹੀਂ ਬਲਕਿ ਹਰ ਪੱਤਰਕਾਰ ਉਤੇ ਗੂੜ੍ਹੀ ਨਜ਼ਰ ਰੱਖਣ ਦੀ ਜ਼ਰੂਰਤ ਹੈ। ਇਨ੍ਹਾਂ ਨਫ਼ਰਤ ਉਗਲਦੇ ਚੈਨਲਾਂ ਨੂੰ ਦੇਖਣਾ ਬੰਦ ਕਰਨਾ ਹੀ ਇਨ੍ਹਾਂ ਨੂੰ ਸਹੀ ਸੰਦੇਸ਼ ਦੇ ਸਕਦਾ ਹੈ ਪਰ ਕੀ ਸਾਡਾ ਸਮਾਜ ਇੰਨੀ ਜ਼ਿੰਮੇਵਾਰੀ ਤੇ ਹਿੰਮਤ ਵਿਖਾ ਸਕਦਾ ਹੈ?   - ਨਿਮਰਤ ਕੌਰ