ਆਜ਼ਾਦੀ ਦਿਵਸ ਅਤੇ ਅਪਣੀ ਵੋਟ, ਦੁਹਾਂ ਦੀ ਕੀਮਤ ਨੂੰ ਸਮਝਣ ਦੀ ਲੋੜ

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਬੜਾ ਅਸਾਨ ਹੈ ਇਹ ਕਹਿਣਾ ਕਿ 75 ਸਾਲ ਵਿਚ ਕੁੱਝ ਨਹੀਂ ਹੋਇਆ ਪਰ ਜਿਹੜੀ ਗ਼ੁਲਾਮੀ ਸਦੀਆਂ ਦੀ ਸੀ, ਜਿਸ ਨੂੰ ਉਤਾਰਨ ਵਿਚ ਹੀ ਇਕ ਸਦੀ ਲੱਗ ਗਈ .......

Red Fort

 

75ਵੇਂ ਆਜ਼ਾਦੀ ਦਿਹਾੜੇ ਦੀਆਂ ਸਾਰੇ ਪਾਠਕਾਂ ਨੂੰ ਮੁਬਾਰਕਾਂ। ਸਾਡੇ ਵਿਚੋਂ ਕਈ ਅਜਿਹੇ ਵੀ ਹੋਣਗੇ ਜਿਨ੍ਹਾਂ ਨੂੰ ਇਹ ਦਿਨ ਸਿਰਫ਼ ਇਕ ਛੁੱਟੀ ਵਾਲੇ ਦਿਨ ਵਰਗਾ ਲਗਦਾ ਹੈ ਤੇ ਕਈ ਬੱਚਿਆਂ ਵਾਂਗ ਨਿਰਾਸ਼ ਵੀ ਹੋਣਗੇ ਕਿ ਇਸ ਵਾਰ ਇਹ ਦਿਨ ਐਤਵਾਰ ਨੂੰ ਆ ਗਿਆ ਹੈ। ਇਹ ਉਹ ਵਰਗ ਹੈ ਜੋ ਆਜ਼ਾਦੀ ਦੀ ਲੜਾਈ ਦੇ ਪਿਛੇ ਦੀ ਕੁਰਬਾਨੀ ਨੂੰ ਸਮਝ ਸਕਣ ਦੀ ਹਾਲਤ ਵਿਚ ਹੀ ਨਹੀਂ। ਪਰ ਕਸੂਰ ਉਨ੍ਹਾਂ ਦਾ ਵੀ ਨਹੀਂ ਕਿਉਂਕਿ ਇਸ ਨੂੰ ਇਕ ਸਾਲਾਨਾ ਰਸਮ ਵਾਂਗ ਮਨਾਇਆ ਜਾਂਦਾ ਹੈ ਤੇ ਸਟੇਜਾਂ ਉਤੋਂ ਕੌਮ ਪ੍ਰਸਤੀ, ਦੇਸ਼ ਭਗਤੀ ਦੇ ਭਾਸ਼ਨ ਦੇਣ ਵਾਲੇ ਮਹਾਂ ਭ੍ਰਿਸ਼ਟਾਚਾਰੀ, ਲੁਟੇਰੇ ਅਤੇ ਲੋਕ-ਵਿਰੋਧੀ ਲੀਡਰ ਉਪਦੇਸ਼ ਦੇ ਰਹੇ ਹੁੰਦੇ ਹਨ। ਇਸ ਨਾਲ, ਪੀੜ੍ਹੀ ਦਰ ਪੀੜ੍ਹੀ ਇਹ ਮਹਾਨ ਦਿਨ, ਲੋਕਾਂ ਵਿਚ ਅਪਣੀ ਮਹਾਨਤਾ ਹੀ ਗਵਾ ਬੈਠਾ। 4 ਜੁਲਾਈ ਅਮਰੀਕੀ ਸੁਤੰਤਰਤਾ ਦਿਵਸ ਤੇ ਸਾਡੇ ਆਜ਼ਾਦੀ ਦਿਵਸ ਵਿਚ ਜੋ ਆਮ ਇਨਸਾਨ ਦੇ ਜੋਸ਼ ਦਾ ਅੰਤਰ ਹੈ, ਉਹ ਸਾਡੇ ਲੋਕਾਂ ਦੀ ਆਜ਼ਾਦੀ ਦੇ ਸਮੇਂ ਵਿਚ ਉਪਜੀ ਨਿਰਾਸ਼ਾ ਦਾ ਸੂਚਕ ਹੈ।

 

 

ਭਾਵੇਂ ਮੇਰੇ ਮਾਂ ਬਾਪ ਦੋਵੇਂ ਹੀ ਰਿਫ਼ੀਊਜੀਆਂ ਵਾਂਗ ਸਰਹੱਦ ਤੇ ਲਾਸ਼ਾਂ ਉਤੋਂ ਟੱਪ ਕੇ ਆਜ਼ਾਦ ਭਾਰਤ ਵਿਚ ਆਏ ਸਨ, ਕਦੇ ਸਾਨੂੰ ਉਸ ਜਦੋ ਜਹਿਦ ਨਾਲ ਵਾਕਫ਼ ਨਹੀਂ ਕਰਵਾਇਆ ਗਿਆ। ਕਿਤਾਬਾਂ ਵਿਚ ਭਾਰਤ ਦੀ ਆਜ਼ਾਦੀ ਦੀ ਕਹਾਣੀ ਇਕ ਦੋ ਪੰਨੇ ਦੀ ਮਿਲਦੀ ਹੈ ਜੋ ਕੇਵਲ ਇਕ ਦੋ ਲੀਡਰਾਂ ਦੇ ਗੁਣ-ਗਾਨ ਕਰਨ ਅਤੇ ‘ਲੇ ਦੀ ਹਮੇਂ ਆਜ਼ਾਦੀ ਬਿਨਾਂ ਖੜਗ ਬਿਨਾਂ ਢਾਲ’ ਤਕ ਹੀ ਸੀਮਤ ਰਹਿੰਦੀ ਹੈ ਤੇ ਮਨ ਵਿਚ ਕੋਈ ਵਲਵਲਾ ਨਹੀਂ ਪੈਦਾ ਕਰਦੀ। ਕੁੱਝ ਸਾਲ ਪਹਿਲਾਂ ਹੀ ਅਪਣੇ ਮਾਂ ਬਾਪ ਨਾਲ ਉਨ੍ਹਾਂ ਦਿਨਾਂ ਦੀਆਂ ਹੋਈਆਂ ਬੀਤੀਆਂ ਸੁਣਨ ਬੈਠੇ ਤਾਂ ਉਨ੍ਹਾਂ ਦੀ ਜ਼ਿੰਦਗੀ ਦੇ ਸਫ਼ਰ ਦੀ ਸ਼ੁਰੂਆਤ ਵਾਲੇ ਸਾਲਾਂ ਦਾ ਅਹਿਸਾਸ ਹੋਇਆ।

 

 

ਮਾਂ ਸਿਰਫ਼ ਚਾਰ ਸਾਲਾਂ ਦੀ ਸੀ ਪਰ ਉਸ ਨੂੰ ਇਕ ਇਕ ਦਿਨ ਦੀ ਗੱਲ ਯਾਦ ਹੈ। ਖ਼ੂਨੀ ਲਾਲ ਦਿਨ, ਮੌਤ ਦੀਆਂ ਰੂਹ ਕੰਬਦੀਆਂ ਚੀਕਾਂ ਤੇ ਅਪਣੇ ਘਰ ਦੀਆਂ ਯਾਦਾਂ ਤੋਂ ਲੈ ਕੇ ਰਫ਼ਿਊਜੀ ਕੈਂਪਾਂ ਵਿਚ ਬਿਤਾਏ ਦਿਨ ਉਨ੍ਹਾਂ ਵਾਸਤੇ ਕਲ ਵਾਂਗ ਹਨ। ਪਿਤਾ ਛੇ ਸਾਲ ਦੇ ਸਨ ਤੇ ਉਨ੍ਹਾਂ ਦੀ ਕਹਾਣੀ ਸੁਣ ਕੇ ਉਨ੍ਹਾਂ ਦੀ ਬੁਨਿਆਦ ਸਮਝ ਆਉਂਦੀ ਹੈ। ਅਸੀ ਹਮੇਸ਼ਾ ਮਜ਼ਾਕ ਉਡਾਇਆ ਕਰਦੇ ਸੀ ਕਿ ਉਹ ਫਲਾਂ ਦੇ ਅਜਿਹੇ ਸ਼ੌਕੀਨ ਹਨ ਕਿ ਅਪਣਾ ਵਖਰਾ ਫ਼ਰਿਜ ਫਲਾਂ ਵਾਸਤੇ ਰਖਦੇ ਹਨ ਤੇ ਗਲੇ ਹੋਏ ਫਲ ਉਨ੍ਹਾਂ ਨੂੰ ਜ਼ਿਆਦਾ ਪਸੰਦ ਹਨ। ਪਰ ਫਿਰ ਸਮਝਿਆ ਕਿ ਉਨ੍ਹਾਂ ਦਾ ਫਲਾਂ ਵਾਸਤੇ ਪਿਆਰ ਬਟਵਾਰੇ ਦੇ ਦਿਨਾਂ ਤੋਂ ਸ਼ੁਰੂ ਹੋਇਆ। ਉਨ੍ਹਾਂ ਕੋਲ ਪੈਸੇ ਨਹੀਂ ਸਨ ਹੁੰਦੇ ਤੇ ਉਹ ਰਾਤ ਨੂੰ ਮੰਡੀ ਜਾ ਕੇ ਮੁਫ਼ਤ ਦੇ ਭਾਅ, ਗਲੇ ਸੜੇ ਫਲ ਖ਼ਰੀਦ ਕੇ ਅਪਣਾ ਸਵਾਦ ਪੂਰਾ ਕਰਦੇ। ਸੋ ਉਹ ਅੱਜ ਵੀ ਗਲਿਆ ਫਲ ਖਾ ਸਕਦੇ ਹਨ ਕਿਉਂਕਿ ਉਹ ਉਸ ਦੀ ਅਹਿਮੀਅਤ ਸਮਝਦੇ ਹਨ।

 

 

ਇਸੇ ਤਰ੍ਹਾਂ ਉਹ ਅਜ਼ਾਦੀ ਦੀ ਅਹਿਮੀਅਤ ਵੀ ਸਮਝਦੇ ਹਨ ਕਿਉਂਕਿ ਉਨ੍ਹਾਂ ਗੁਲਾਮੀ ਵੀ ਵੇਖੀ ਤੇ ਅਪਣੇ ਹਾਣ ਦੇ ਲੋਕਾਂ ਨੂੰ ਆਜ਼ਾਦੀ ਵਾਸਤੇ ਕੁਰਬਾਨੀਆਂ ਦੇਂਦੇ ਵੀ ਵੇਖਿਆ। ਸੋ ਉਹ ਅੱਜ ਕਿਸੇ ਵੀ ਕੀਮਤ ਤੇ ਅਪਣੀ ਆਜ਼ਾਦ ਸੋਚ ਨਹੀਂ ਕੁਰਬਾਨ ਕਰ ਸਕਦੇ। ਉਨ੍ਹਾਂ ਨੇ ਅਪਣਾ ਮਕਸਦ ਹੀ ਪੰਜਾਬ ਦੀ ਆਵਾਜ਼ ਬਣਨਾ ਬਣਾ ਲਿਆ ਹੈ। ਇਸੇ ਤਰ੍ਹਾਂ ਦੇ ਅੱਜ ਕਈ ਲੋਕ ਹਨ ਜੋ ਉਸ ਆਜ਼ਾਦੀ ਦਾ ਮਤਲਬ ਸਮਝਦੇ ਹਨ ਤੇ ਅੱਜ ਵੀ ਹਾਕਮਾਂ ਅੱਗੇ ਨਹੀਂ ਝੁਕਦੇ। ਇਹ ਉਹ ਲੋਕ ਹਨ ਜਿਨ੍ਹਾਂ ਅੰਗਰੇਜ਼ ਸਾਹਮਣੇ ਅਪਣਾ ਵਜੂਦ ਘੜਿਆ ਹੈ ਤੇ ਸਾਨੂੰ ਆਜ਼ਾਦੀ ਤੋਹਫ਼ੇ ਵਿਚ ਲੈ ਕੇ ਦਿਤੀ ਹੈ। ਅਸੀ ਆਜ਼ਾਦ ਹਵਾ ਵਿਚ ਪੈਦਾ ਹੋਏ ਹਾਂ, ਅਸੀ ਆਜ਼ਾਦੀ ਦਾ ਹਰ ਪੱਖ ਮਾਣਦੇ ਰਹੇ ਪਰ ਕਿਉਂਕਿ ਸਾਨੂੰ ਉਸ ਕੁਰਬਾਨੀ ਦਾ ਪੂਰਾ ਅਹਿਸਾਸ ਨਹੀਂ, ਅਸੀ ਅਪਣੀ ਆਜ਼ਾਦੀ ਨੂੰ ਵੀ ਛੋਟੀਆਂ ਛੋਟੀਆਂ ਸੋਚਾਂ ਤਕ ਸਮੇਟ ਲੈਂਦੇ ਹਾਂ। ਜਿਹੜੀ ਕਮਜ਼ੋਰੀ ਸਾਨੂੰ ਅੱਜ ਸਮਾਜ ਵਿਚ ਨਜ਼ਰ ਆ ਰਹੀ ਹੈ, ਉਹ ਉਸ ਸੋਚ ਦੀ ਹੀ ਉਪਜ ਹੈ।

 

 

ਸੋਚੋ ਅੱਜ ਤੋਂ ਸਿਰਫ਼ 75 ਸਾਲ ਪਹਿਲਾਂ ਵੋਟ ਤਾਂ ਦੂਰ ਦੀ ਗੱਲ, ਅਸੀ ਅਪਣੇ ਹੀ ਦੇਸ਼ ਵਿਚ ਗ਼ੁਲਾਮ ਸੀ। ਗੋਰੇ ਅੰਗਰੇਜ਼ ਹਾਕਮ ਤਹਿ ਕਰਦੇ ਸਨ ਕਿ ਅਸੀ ਕਿਥੇ ਜਾ ਸਕਦੇ ਹਾਂ, ਕਿਹੜਾ ਕੰਮ ਕਰ ਸਕਦੇ ਹਾਂ, ਕਿਹੜੀ ਸੜਕ ਤੇ ਚਲ ਸਕਦੇ ਹਾਂ ਤੇ ਕਿਹੜੀ ਥਾਂ ਤੇ ਰਹਾਂਗੇ। ਕਹਿਣਾ ਬੜਾ ਆਸਾਨ ਹੈ ਕਿ ਜੇ ਅੱਜ ਅੰਗਰੇਜ਼ ਹੁੰਦੇ ਤਾਂ ਉਹ ਦੇਸ਼ ਵਿਚ ਹੋਰ ਵਧੀਆ ਸਹੂਲਤਾਂ ਦਾ ਪ੍ਰਬੰਧ ਕਰ ਦੇਂਦੇ। ਪਰ ਫਿਰ ਉਹ ਸਹੂਲਤਾਂ ਸਾਡੇ ਵਾਸਤੇ ਨਾ ਹੁੰਦੀਆਂ। ਬੜਾ ਅਸਾਨ ਹੈ ਇਹ ਕਹਿਣਾ ਕਿ 75 ਸਾਲ ਵਿਚ ਕੁੱਝ ਨਹੀਂ ਹੋਇਆ ਪਰ ਜਿਹੜੀ ਗ਼ੁਲਾਮੀ ਸਦੀਆਂ ਦੀ ਸੀ, ਜਿਸ ਨੂੰ ਉਤਾਰਨ ਵਿਚ ਹੀ ਇਕ ਸਦੀ ਲੱਗ ਗਈ ਤੇ ਜਿਸ ਦੀ ਪ੍ਰਾਪਤੀ ਵਾਸਤੇ ਅਣਗਣਿਤ ਕੁਰਬਾਨੀਆਂ ਦਿਤੀਆਂ ਗਈਆਂ, ਕੀ ਅਸੀ ਉਨ੍ਹਾਂ ਦਾ ਅਨੰਦ ਨਹੀਂ ਮਾਣਿਆ? ਮੇਰੇ ਮਾਂ ਬਾਪ ਲਹਿੰਦੇ ਪੰਜਾਬ ਦੇ ਅਮੀਰ ਘਰਾਣਿਆਂ ਵਿਚੋਂ ਸਨ। ਉਨ੍ਹਾਂ ਗ਼ਰੀਬੀ ਵੇਖੀ, ਰਫ਼ਿਊਜੀ ਕੈਂਪ ਵੇਖੇ ਤੇ ਦੁਬਾਰਾ ਜੀਵਨ ਕੌਡੀਆਂ ਤੋਂ ਸ਼ੁਰੂ ਕੀਤਾ ਤੇ ਫਿਰ ਮੈਨੂੰ ਹਰ ਆਜ਼ਾਦੀ ਦਿਤੀ।

 

 

ਸੋਚ ਦੀ ਆਜ਼ਾਦੀ ਵਿਚ ਵੀ ਕੋਈ ਕਮੀ ਨਾ ਛੱਡੀ। ਕੀ ਮੇਰਾ ਅਪਣੇ ਆਪ ਨੂੰ ਅਮਰੀਕਾ ਵਿਚ ਰਹਿੰਦੀ ਔਰਤ ਨਾਲ ਮੁਕਾਬਲਾ ਕਰ ਕੇ, ਉਨ੍ਹਾਂ ਦੇ 75 ਸਾਲਾਂ ਦੀ ਮਿਹਨਤ ਨੂੰ ਕੋਸਣਾ ਠੀਕ ਹੋਵੇਗਾ ਜਾਂ ਅਪਣੀ ਖ਼ੁਸ਼ਕਿਸਮਤੀ ਨੂੰ ਸਮਝਦੇ ਹੋਏ ਅਪਣੀ ਆਜ਼ਾਦੀ ਵਾਸਤੇ ਅਪਣੀ ਸੋਚ ਬੁਲੰਦ ਕਰ ਕੇ, ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਮਕਸਦ ਦੇਣਾ ਮੇਰਾ ਪਵਿੱਤਰ ਫ਼ਰਜ਼ ਬਣ ਜਾਣਾ ਚਾਹੀਦਾ ਹੈ? ਅੱਜ ਜਿਹੜੇ ਚੁੱਪ ਰਹਿ ਜਾਂਦੇ ਹਨ ਜਾਂ ਇਲਜ਼ਾਮ ਲਗਾਉਂਦੇ ਹਨ, ਉਹ ਜ਼ਰਾ 75 ਸਾਲ ਪਹਿਲਾਂ ਦੀਆਂ ਕੁਰਬਾਨੀਆਂ ਨੂੰ ਫਰੋਲਣ, ਗ਼ੁਲਾਮੀ ਦੀ ਜ਼ਿੰਦਗੀ ਨੂੰ ਸਮਝਣ ਤੇ ਅਪਣੀ ਆਜ਼ਾਦੀ ਦਾ ਆਨੰਦ ਮਾਣਨ। ਤੁਹਾਡੀ ਵੋਟ ਸਾਡੇ ਪੂਰਵਜਾਂ ਨੇ ਅਪਣੇ ਖ਼ੂਨ ਨਾਲ ਸਿੰਜੀ ਹੈ। ਇਸ ਆਜ਼ਾਦੀ ਦਿਵਸ ਤੇ ਇਸ ਵੋਟ ਦੀ ਅਹਿਮੀਅਤ ਸਮਝਣ ਵਲ ਅਪਣੇ ਕਦਮ ਵਧਾਉਣ ਦੀ ਤੌਫ਼ੀਕ, ਸਾਡੇ ਸਾਰਿਆਂ ਅੰਦਰ, ਉਹ ਮਾਲਕ ਪੈਦਾ ਕਰੇ!                      -ਨਿਮਰਤ ਕੌਰ