ਕਿਸਾਨ ਨਾਲ ਸਿੱਧੀ ਲੜਾਈ ਦਾ ਤਜਰਬਾ ਨਹੀਂ ਹਾਕਮਾਂ ਨੂੰ, ਹਾਰਦੇ ਹਾਰਦੇ ਖ਼ਤਮ ਹੋ ਜਾਣਗੇ

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਕਰਨਾਲ ਵਿਚ ਕਿਸਾਨਾਂ ਦੀ ਜਿੱਤ ਇਸ ਬਦਲਦੀ ਤਸਵੀਰ ਦੀ ਪਹਿਲੀ ਨਿਸ਼ਾਨੀ ਹੈ। ਕਰਨਾਲ ਵਿਚ ਕਿਸਾਨ ਦੀ ਸੱਭ ਤੋਂ ਵੱਡੀ ਜਿੱਤ ਹੈ, ਐਸ.ਡੀ.ਐਮ. ਵਿਰੁਧ ਸ਼ੁਰੂ ਹੋਣ ਵਾਲੀ ਜਾਂਚ।

Farmers Protest

 

ਬੜੀ ਪੁਰਾਣੀ ਕਹਾਵਤ ਹੈ ਕਿ ਕਿਸੇ ਨੂੰ ਏਨਾ ਵੀ ਨਾ ਦਬਾਉ ਕਿ ਉਹ ਉਸ ਹਾਲਤ ਵਿਚ ਪਹੁੰਚ ਜਾਵੇ ਜਿਥੇ ਉਸ ਨੂੰ ਕਿਸੇ ਦਾ ਡਰ ਹੀ ਨਾ ਰਹੇ। ਇਹ ਕਹਾਵਤ ਸੱਤਾ ਦੇ ਸਿੰਘਾਸਨ ਤੇ ਬੈਠਣ ਵਾਲਿਆਂ ਲਈ ਪਰਮੋ ਧਰਮ ਸੀ, ਭਾਵੇਂ ਉਹ ਰਾਜਾ ਹੋਵੇ ਜਾਂ ਜ਼ਿਮੀਦਾਰ ਜਾਂ ਸਰਕਾਰਾਂ। ਭਾਰਤ ਵਿਚ ਸਰਕਾਰਾਂ ਲੋਕਾਂ ਨੂੰ ਕੁੱਝ ਨਾ ਕੁੱਝ ਦੇਂਦੀਆਂ ਰਹਿੰਦੀਆਂ ਸਨ ਤਾਕਿ ਬਗ਼ਾਵਤ ਦੀ ਨੌਬਤ ਕਦੇ ਨਾ ਆਵੇ।

ਪਰ ਭਾਜਪਾ ਸਰਕਾਰ  ਨੇ ਇਸ ਅਸੂਲ ਨੂੰ ਭੁਲਾ ਕੇ ਕਿਸਾਨਾਂ ਨੂੰ ਅਜਿਹੀ ਥਾਂ ਲਿਆ ਖੜਾ ਕੀਤਾ ਹੈ ਜਿਥੇ ਅੱਗੇ ਜਾਂ ਤਾਂ ਉਨ੍ਹਾਂ ਨੂੰ ਮੌਤ ਸਾਹਮਣੇ ਦਿਸਦੀ ਹੈ ਜਾਂ ਸੰਪੂਰਨ ਜਿੱਤ। ਇਸ ਵਾਸਤੇ ਭਾਜਪਾ ਸਰਕਾਰ ਦਾ ਧਨਵਾਦ ਹੀ ਕਰਨਾ ਚਾਹੀਦਾ ਹੈ ਕਿਉਂਕਿ ਕਈ ਵਾਰ ਅਸੀ ਜ਼ਿੰਦਗੀ ਵਿਚ ਅਜਿਹੀ ਥਾਂ ਤੇ ਆ ਕੇ ਸੰਤੁਸ਼ਟ ਹੋ ਜਾਂਦੇ ਹਾਂ ਜਿਥੇੇ ਸਾਡੀ ਜਿੱਤ ਵੀ ਨਹੀਂ ਤੇ ਹਾਰ ਵੀ ਨਹੀਂ ਹੁੰਦੀ।

ਇਕ ਜ਼ਿੰਦਾ ਲਾਸ਼ ਵਾਂਗ ਪੁਰਾਣੇ ਸਿਸਟਮ ਵਿਚ ਕਿਸਾਨ ਵੀ ਡੁੱਬ ਚੁੱਕੇ ਸਨ ਜਿਥੇ ਉਹ ਸਮਝਦੇ ਸਨ ਕਿ ਇਸ ਤਰ੍ਹਾਂ ਸਰਕਾਰਾਂ ਕੋਲੋਂ ਕੁੱਝ ਨਾ ਕੁੱਝ ਮਿਲਦਾ ਤਾਂ ਰਹੇਗਾ ਹੀ। ਪਰ ਜਿਸ ਥਾਂ ਤੇ ਕਿਸਾਨ ਅੱਜ ਤੋਂ ਇਕ ਸਾਲ ਪਹਿਲਾਂ ਸੀ, ਉਥੇ ਵੀ ਕਰਜ਼ਿਆਂ ਤੇ ਖ਼ੁਦਕੁਸ਼ੀਆਂ ਵਿਚ ਘਿਰਿਆ ਹੋਇਆ ਸੀ। ਅਜਿਹੀ ਅਵੱਸਥਾ ਵਿਚੋਂ ਕੱਢਣ ਵਾਸਤੇ ਇਕ ਸਦਮਾ ਜ਼ਰੂਰੀ ਸੀ ਤੇ ਉਹ ਸਦਮਾ ਸਰਕਾਰ ਨੇ ਦੇ ਦਿਤਾ ਹੈ।

ਉਸ ਸਦਮੇ ਵਿਚ ਜੇ ਕਿਸਾਨ ਇਕੱਠਾ ਨਾ ਹੁੰਦਾ ਤਾਂ ਉਨ੍ਹਾਂ ਉਤੇ ਨਵੇਂ ਖੇਤੀ ਕਾਨੂੰਨ ਜ਼ਰੂਰ ਲਾਗੂ ਹੋ ਜਾਂਦੇ। ਪਰ ਕਿਸਾਨਾਂ ਉਤੇ ਕੁਦਰਤ ਦੀ ਮਿਹਰ ਹੈ ਤੇ ਇਸ ਸਦਮੇ ਨੇ ਉਨ੍ਹਾਂ ਨੂੰ ਉਨੀਂਦਰੇ ਵਿਚੋਂ ਜਗਾ ਕੇ ਅੱਜ ਅਜਿਹੀ ਤਾਕਤ ਬਣਾ ਦਿਤਾ ਹੈ ਕਿ ਹੁਣ ਸਾਰੀਆਂ ਸਿਆਸੀ ਪਾਰਟੀਆਂ ਕਿਸਾਨਾਂ ਅੱਗੇ ਸਿਰ ਝੁਕਾਉਣ ਉਤੇ ਮਜਬੂਰ ਹੋਈਆਂ ਪਈਆਂ ਹਨ। 

ਕਰਨਾਲ ਵਿਚ ਕਿਸਾਨਾਂ ਦੀ ਜਿੱਤ ਇਸ ਬਦਲਦੀ ਤਸਵੀਰ ਦੀ ਪਹਿਲੀ ਨਿਸ਼ਾਨੀ ਹੈ। ਕਰਨਾਲ ਵਿਚ ਕਿਸਾਨ ਦੀ ਸੱਭ ਤੋਂ ਵੱਡੀ ਜਿੱਤ ਹੈ, ਐਸ.ਡੀ.ਐਮ. ਵਿਰੁਧ ਸ਼ੁਰੂ ਹੋਣ ਵਾਲੀ ਜਾਂਚ। ਇਸ ਜਾਂਚ ਨੂੰ ਸਮਾਂਬੱਧ ਕਰ ਕੇ ਕਿਸਾਨਾਂ ਨੂੰ ਹੁਣ ਚੌਕਸ ਰਹਿਣਾ ਚਾਹੀਦਾ ਹੈ ਅਤੇ ਜਾਂਚ ਵਿਚ ਪਾਰਦਰਸ਼ਤਾ ਬਣਾਈ ਰੱਖਣ ਵਾਸਤੇ ਅਪਣੀ ਟੀਮ ਵੀ ਤਿਆਰ ਰਖਣੀ ਚਾਹੀਦੀ ਹੈ। ਜੇ ਇਸ ਐਸ.ਡੀ.ਐਮ ਵਿਰੁਧ ਬਣਦੀ ਕਾਰਵਾਈ ਕੀਤੀ ਜਾਂਦੀ ਹੈ ਤਾਂ ਮੁੜ ਤੋਂ ਕੋਈ ਅਫ਼ਸਰ ਕਿਸੇ ਸਿਆਸਤਦਾਨ ਦੇ ਆਖੇ ਵਿਚ ਆ ਕੇ ਅਵਾਮ ਵਿਰੁਧ ਅਜਿਹੀ ਗ਼ਲਤੀ ਕਰਨ ਤੋਂ ਪਹਿਲਾ ਹਜ਼ਾਰ ਵਾਰ ਸੋਚੇਗਾ।

ਅਸਲ ਵਿਚ ਲੋਕਤੰਤਰ ਵਿਚ ਸਿਸਟਮ ਨੂੰ ਤੋੜਨ ਦੇ ਅੰਜਾਮ ਭੁਗਤਣੇ ਵੀ ਚਾਹੀਦੇ ਹਨ ਤੇ ਅਜਿਹਾ ਯਕੀਨੀ ਬਣਾਉਣ ਲਈ ਅੰਨਾ ਹਜ਼ਾਰੇ ਦੀ ਲਹਿਰ ਵੀ ਚਲੀ ਸੀ ਜੋ ਉਹ ਸਿਸਟਮ ਲਿਆਉਣਾ ਚਾਹੁੰਦੀ ਸੀ। ਉਹ ਲਹਿਰ ਤਾਂ ਦਮ ਤੋੜ ਗਈ ਤੇ ਹੁਣ ਨਾ ਸਿਰਫ਼ ਕਿਸਾਨੀ ਦਾ ਭਵਿੱਖ ਬਲਕਿ ਪੂਰੇ ਦੇਸ਼ ਵਿਚ ਲੋਕਤੰਤਰ ਦਾ ਭਵਿੱਖ ਇਸ ਸੰਘਰਸ਼ ਦੇ ਰਾਹ ਪੈ ਗਿਆ ਹੈ। ਕਰਨਾਲ ਵਿਚ ਹਰਿਆਣਾ ਸਰਕਾਰ ਨੂੰ ਹਰਾ ਕੇ ਸੰਯੁਕਤ ਮੋਰਚੇ ਨੇ ਪੰਜਾਬ ਵਿਚ ਤਿੰਨਾਂ ਸਿਆਸੀ ਪਾਰਟੀਆਂ ਨੂੰ ਸੱਦਿਆ। ਸਾਰੀਆਂ ਪਾਰਟੀਆਂ ਸਮੇਂ ਸਿਰ ਪਹੁੰਚੀਆਂ।

ਕਈਆਂ ਨੂੰ ਕੁੱਝ ਦੇਰ ਇੰਤਜ਼ਾਰ ਵੀ ਕਰਵਾਇਆ ਤੇ ਇਹ ਅਹਿਸਾਸ ਵੀ ਕਰਵਾਇਆ ਗਿਆ ਕਿ ਉਹ ਲੋਕਾਂ ਦੇ ਸੇਵਾਦਾਰ ਬਣ ਕੇ ਸਿਆਸਤ ਵਿਚ ਆਏ ਸਨ, ਨਾ ਕਿ ਅਪਣੀ ਨਿਜੀ ਚੜ੍ਹਤ ਵਾਸਤੇ। ਕਿਸਾਨੀ ਸੰਘਰਸ਼ ਨੇ ਸਿਆਸਤਦਾਨਾਂ ਦੇ ਹੰਕਾਰ ਨੂੰ ਤੋੜਨ ਦਾ ਕੰਮ ਕੀਤਾ ਹੈ ਅਤੇ ਇਹ ਭਾਰਤੀ ਲੋਕਤੰਤਰ ਵਿਚ ਇਕ ਨਵਾਂ ਮੌੜ ਆਖਿਆ ਜਾ ਸਕਦਾ ਹੈ।

ਹੁਣ ਪੰਜਾਬ ਵਿਚ ਸਿਆਸੀ ਪਾਰਟੀਆਂ ਨੂੰ ਚੋਣ ਪ੍ਰਚਾਰ ਕਰਨ ਤੋਂ ਰੋਕ ਦਿਤਾ ਗਿਆ ਹੈ ਜਿਸ ਨਾਲ ਉਹ ਪਿੰਡਾਂ ਵਿਚ ਜਾ ਕੇ ਲੋਕਾਂ ਨੂੰ ਵੰਡਣ ਦਾ ਕੰਮ ਨਹੀਂ ਕਰ ਸਕਦੀਆਂ। ਜਿਹੜੇ ਕਿਸਾਨ ਨੇ ਖੇਤੀ ਕਾਨੂੰਨ ਨੂੰ ਪੜ੍ਹ ਕੇ ਕੇਂਦਰ ਦੇ ਕਾਨੂੰਨੀ ਮਾਹਰਾਂ ਨੂੰ ਹਰਾ ਦਿਤਾ ਹੈ, ਉਹ ਹੁਣ ਮੈਨੀਫ਼ੈਸਟੋ ਪੜ੍ਹ ਕੇ ਸਿਆਸਤਦਾਨ ਦਾ ਸੱਚ ਵੀ ਸਮਝ ਲੈਣਗੇ। ਕਰਨਾਲ ਦੀ ਜਿੱਤ ਕਿਸਾਨ ਦੀ ਨਹੀਂ ਬਲਕਿ ਭਾਰਤ ਦੇ ਆਮ ਨਾਗਰਿਕ ਦੀ ਜਿੱਤ ਹੈ। ਸਿਆਸਤਦਾਨ ਵੰਡੀਆਂ ਪਾ ਕੇ ਤੁਹਾਨੂੰ ਕਮਜ਼ੋਰ ਕਰਦੇ ਹਨ ਕਿਉਂਕਿ ਜੇ ਤੁਸੀਂ ਇਕੱਠੇ ਹੋ ਗਏ ਤਾਂ ਸਿਆਸਤਦਾਨਾਂ ਨੂੰ ਤੁਹਾਡੇ ਸੇਵਾਦਾਰ ਬਣ ਕੇ ਕੰਮ ਕਰਨਾ ਪਵੇਗਾ। ਆਪਸ ਵਿਚ ਅਪਣਾ ਏਕਾ ਬਣਾ ਕੇ ਰੱਖੋ ਅਤੇ ਸੰਘਰਸ਼ ਜਾਰੀ ਰੱਖੋ।  -ਨਿਮਰਤ ਕੌਰ