ਨੌਜਵਾਨ ਪੀੜ੍ਹੀ ਅਪਣੇ ਇਤਿਹਾਸ ਅਤੇ ਵਿਰਸੇ ਤੋਂ ਟੁਟ ਕੇ, ਪੰਜਾਬ ਦਾ ਸੱਭ ਤੋਂ ਵੱਧ ਨੁਕਸਾਨ ਕਰ ਰਹੀ ਹੈ....
ਇਸ ਨੂੰ ਵਾਪਸ ਅਪਣੇ ਵਿਰਸੇ ਨਾਲ ਜੋੜੋ!!
ਅੱਜ ਦੀ ਹਕੀਕਤ ਇਹ ਹੈ ਕਿ ਸਰਕਾਰ ਕੋਲ ਅਜਿਹੀ ਕੋਈ ਯੋਜਨਾ ਨਹੀਂ ਜਿਸ ਨਾਲ ਉਹ ਨੌਜਵਾਨਾਂ ਨੂੰ ਦਿਸ਼ਾ ਵਿਖਾ ਸਕੇ। ਸਿਰਫ਼ ਜੇਲਾਂ ਵਿਚ ਜਾਂ ਪਿੰਡਾਂ ਵਿਚ ਗੈਂਗਸਟਰਾਂ ਦੇ ਘਰਾਂ ਵਿਚ ਛਾਪੇ ਮਾਰਨ ਤਕ ਰਹਿਣ ਵਾਲੀ ਯੋਜਨਾ ਗ਼ਲਤ ਨਹੀਂ ਪਰ ਸਮੱਸਿਆ ਦਾ ਸਦੀਵੀ ਹੱਲ ਲੱਭਣ ਲਈ ਕਾਫ਼ੀ ਵੀ ਨਹੀਂ। ਅਸਲ ਯੋਜਨਾ ਉਹ ਹੋਵੇਗੀ ਜੋ ਸਮੱਸਿਆ ਦੀ ਜੜ੍ਹ ਤਕ ਪਹੁੰਚਾ ਕੇ ਦੱਸੇਗੀ ਕਿ ਨੌਜਵਾਨ ਗੁਮਰਾਹ ਹੋ ਕਿਉਂ ਰਹੇ ਹਨ। ਉਹ ਅੱਗੇ ਵਾਤਾਵਰਣ ਬਣਾਏਗੀ ਜਿਸ ਵਿਚ ਯਕੀਨੀ ਬਣਾਇਆ ਜਾਵੇਗਾ ਕਿ ਹੁਣ ਇਕ ਆਮ ਅਪਰਾਧੀ ਤੇ ਇਕ ਤਾਕਤਵਰ ਅਮੀਰ ਅਪਰਾਧੀ ਵਿਚ ਫ਼ਰਕ ਨਹੀਂ ਕੀਤਾ ਜਾਵੇਗਾ।
ਪਰ ਹਾਲ ਵਿਚ ਹੀ ਵੇਖਿਆ ਗਿਆ ਹੈ ਕਿ ਨਸ਼ੇ ਦੀ ਜਾਂਚ ਵਿਚ ਐਸ.ਆਈ.ਟੀ. ਨੇ ਕੋਈ ਕਾਰਵਾਈ ਹੀ ਨਹੀਂ ਕੀਤੀ ਜਿਸ ਕਾਰਨ ਅਦਾਲਤ ਨੇ ਮੁੱਖ ਦੋਸ਼ੀ ਨੂੰ ਜ਼ਮਾਨਤ ਦੇ ਦਿਤੀ। ਅੱਜ ਵੱਡੇ ਦੋਸ਼ੀ ਜਾਂ ਪਿੰਡ ਵਿਚ ਰਹਿੰਦੇ ਆਰੋਪੀ ਵੀ ਕੁੱਝ ਪੈਸੇ ਖ਼ਰਚ ਕੇ ਸਿਸਟਮ ਨੂੰ ਅਪਣੇ ਹਿਤ ਵਿਚ ਵਰਤ ਲੈਣ ਦੀ ਤਾਕਤ ਰਖਦੇ ਹਨ। ਜਦ ਤਾਕਤ ਪੈਸੇ ਵਿਚ ਹੋਵੇ ਤਾਂ ਸੱਚ ਦਾ ਸਾਥ ਨੌਜਵਾਨ ਕਿਉਂ ਦੇਣਗੇ? ਇਸ ਸਿਸਟਮ ਵਿਚ ਸੌਖੀ ਜ਼ਿੰਦਗੀ ਗੁਜ਼ਾਰਨ ਦਾ ਮਤਲਬ ਹੈ ਕਿ ਤੁਸੀ ਇਸ ਸਿਸਟਮ ਵਿਚ ਰਲ ਜਾਵੋ ਤੇ ਕਿਸੇ ਵੀ ਤਰੀਕੇ ਨਾਲ ਪੈਸੇ ਦੱਬ ਕੇ ਕਮਾਉ। ਨਸ਼ੇ ਦੀ ਤਸਕਰੀ ਦਾ ਕੰਮ ਜਾਂ ਰੇਤਾ ਜਾਂ ਗੁੰਡਾਗਰਦੀ ਦਾ ਕੰਮ, ਜੋ ਵੀ ਕਿਸੇ ਨੂੰ ਮਿਲਦਾ ਹੈ, ਉਹ ਕਰ ਲੈਂਦਾ ਹੈ।
ਕਿਸੇ ਦੀ ਕਿਸਮਤ ਚੰਗੀ ਹੋਵੇ ਤਾਂ ਉਸ ਦਾ ਕੈਨੇਡਾ ਦਾ ਵੀਜ਼ਾ ਲੱਗ ਜਾਂਦਾ ਹੈ ਤੇ ਉਹ ਬਾਥਰੂਮ ਸਾਫ਼ ਕਰ ਕੇ ਜਾਂ ਗਾਰਡ ਬਣ ਕੇ ਜਾਂ ਟੈਕਸੀ ਟਰੱਕ ਚਲਾ ਕੇ, ਦਿਹਾੜੀ ਕਰ ਕੇ ਪੈਸੇ ਬਣਾ ਲੈਂਦਾ ਹੈ ਤੇ ਇਸ ਸਮਾਜ ਵਿਚ ਅਪਣੀ ਇੱਜ਼ਤ ਤੇ ਸੁਰੱਖਿਆ ਖ਼ਰੀਦ ਲੈਂਦਾ ਹੈ। ਅੱਜ ਜੇ ਸਰਕਾਰ ਇਸ ਪ੍ਰਤੀ ਸੰਜੀਦਾ ਹੈ ਤਾਂ ਇਸ ਸਿਸਟਮ ਨੂੰ ਤੋੜਨਾ ਹੀ ਪਵੇਗਾ। ਇੱਜ਼ਤ ਤੇ ਸਤਿਕਾਰ ਨੂੰ ਪੈਸੇ ਦਾ ਮੋਹਤਾਜ ਬਣਾਉਣ ਵਾਲੀ ਸੋਚ ਬਦਲਣੀ ਪਵੇਗੀ ਤੇ ਜੇ ਸਰਕਾਰ ਨਹੀਂ ਕਰਦੀ ਤਾਂ ਅੱਜ ਪੰਜਾਬ ਦੀ ਜਵਾਨੀ ਨੂੰ ਅਪਣੇ ਵਿਰਸੇ ਨਾਲ ਮੁੜ ਕੇ ਜੋੜਨਾ ਪਵੇਗਾ। ਦੇਸ਼ ਦੀ ਆਜ਼ਾਦੀ ਲਈ ਮਰ ਮਿਟਣ ਵਾਲੇ ਪ੍ਰਵਾਨਿਆਂ ਦੀਆਂ ਗੱਲਾਂ ਕਰਨੀਆਂ ਸੌਖੀਆਂ ਹਨ ਪਰ ਕੁੱਝ ਪਲ ਵਾਸਤੇ ਉਨ੍ਹਾਂ ਦੇ ਕਦਮਾਂ ਵਿਚ ਖੜੇ ਹੋ ਕੇ ਤਾਂ ਵੇਖੋ। ਉਨ੍ਹਾਂ ਸਮਿਆਂ ਦਾ ਸਿਸਟਮ ਕੀ ਸੀ? ਉਹ ਅੰਗਰੇਜ਼ਾਂ ਨਾਲ ਲੜ ਰਹੇ ਸਨ ਤੇ ਉਨ੍ਹਾਂ ਕੋਲ ਸੰਵਿਧਾਨ ਵੀ ਨਹੀਂ ਸੀ। ਉਨ੍ਹਾਂ ਕੋਲ ਸਿਰਫ਼ ਆਜ਼ਾਦੀ ਦੀ ਲਾਲਸਾ ਸੀ। ਉਹ ਗ਼ੁਲਾਮੀ ਤੋਂ ਆਜ਼ਾਦ ਹੋਣਾ ਚਾਹੁੰਦੇ ਸਨ। ਉਨ੍ਹਾਂ ਨੂੰ ਵੱਡੀਆਂ ਗੱਡੀਆਂ, ਵਧੀਆ ਕਪੜੇ, ਬੰਦੂਕਾਂ ਦੀ ਫੁਕਰੀ, ਬੁਲੇਟ ਦੀ ਸੋਚ ਨਹੀਂ ਸੀ ਚਾਹੀਦੀ, ਸਿਰਫ਼ ਤੇ ਸਿਰਫ਼ ਉਹ ਆਜ਼ਾਦੀ ਦੀ ਲਾਲਸਾ ਰਖਦੇ ਸਨ।
ਸਾਡੀ ਅੱਜ ਦੀ ਪੀੜ੍ਹੀ ਨੂੰ ਆਜ਼ਾਦੀ ਤਾਂ ਮਿਲੀ ਹੈ ਪਰ ਸ਼ਾਇਦ ਉਸ ਦੀ ਕਦਰ ਕਰਨੀ ਨਹੀਂ ਆਈ। ਉਹ ਸ਼ਾਇਦ ਅਪਣੇ ਵਿਰਸੇ ਨਾਲ ਵੀ ਵਾਕਫ਼ ਨਹੀਂ ਹਨ। ਉਨ੍ਹਾਂ ਨੂੰ ਵੀ ਪੈਸੇ ਦੇ ਲਾਲਚ ਨੇ ਇੰਨਾ ਕਮਲਾ ਕਰ ਦਿਤਾ ਹੈ ਕਿ ਉਹ ਲੋਕ ਸੱਭ ਤੋਂ ਵੱਧ ਨੁਕਸਾਨ ਪੰਜਾਬ ਦਾ ਆਪ ਹੀ ਕਰ ਰਹੇ ਹਨ। ਜਲਦੀ ਪੈਸੇ ਬਣਾਉਣ ਵਾਸਤੇ ਅੱਜ ਨੌਜਵਾਨਾਂ ਨੇ ਅਪਣੀ ਸਦੀਆਂ ਤੋਂ ਬਣੀ ਸ਼ਾਨ ਵੀ ਵੇਚ ਦਿਤੀ ਹੈ ਜੋ ਸਾਡੇ ਪੰਜਾਬ ਜਾਂ ਸਿੱਖ ਕੌਮ ਦੇ ਇਤਿਹਾਸ ਵਿਚ ਪਹਿਲਾਂ ਕਦੇ ਵੀ ਨਹੀਂ ਹੋਇਆ ਸੀ। ਇਹ ਪਹਿਲੀ ਪੀੜ੍ਹੀ ਅਜਿਹੀ ਆਈ ਹੈ ਜਿਸ ਤੋਂ ਭਲੇ ਘਰਾਂ ਦੀਆਂ ਕੁੜੀਆਂ ਵੀ ਡਰਦੀਆਂ ਹਨ। ਪੰਜਾਬ ਦਾ ਨੁਕਸਾਨ ਸਰਕਾਰ ਤੋਂ ਵੱਧ ਸਾਡੀ ਨਸ਼ਿਆਂ ਮਾਰੀ ਤੇ ਪੈਸੇ ਲਈ ਕੋਈ ਵੀ ਮਾੜੇ ਤੋਂ ਮਾੜਾ ਕੰਮ ਕਰਨ ਲਈ ਤਿਆਰ ਹੋ ਚੁੱਕੀ ਜਵਾਨੀ ਦੀ ਭੁੱਖ ਨੇ ਕੀਤਾ ਹੈ ਤੇ ਅੱਜ ਅਰਬਾਂ ਦੀ ਇਸ਼ਤਿਹਾਰਬਾਜ਼ੀ ਵੀ ਪੰਜਾਬ ਦੇ ਕਿਰਦਾਰ ਤੇ ਲੱਗੇ ਇਹ ਦਾਗ਼ ਨਹੀਂ ਮਿਟਾ ਸਕੇਗੀ। -ਨਿਮਰਤ ਕੌਰ