ਭਾਰਤ ਕਿਹੜੇ ਪਾਸੇ ਜਾ ਰਿਹਾ ਹੈ? ਮਹਿੰਗਾਈ ਦੇ ਭਾਰ ਹੇਠ ਗ਼ਰੀਬ ਤਾਂ ਪਿਸ ਰਿਹਾ ਹੈ ......
ਪਰ ‘ਸੱਭ ਠੀਕ ਠਾਕ ਹੈ’ ਦਾ ਰਾਗ ਵੀ ਬੰਦ ਨਹੀਂ ਹੋ ਰਿਹਾ
ਮਹਿੰਗਾਈ ਅਪਣੀਆਂ ਹੱਦਾਂ ਤੋੜ ਕੇ ਅੱਗੇ ਵਧਦੀ ਜਾ ਰਹੀ ਹੈ ਤੇ ਗ਼ਰੀਬ ਦੀ ਕਮਰ ਵੀ ਨਾਲ ਹੀ ਟੁਟ ਰਹੀ ਹੈ ਪਰ ਸਾਡੀਆਂ ਸਰਕਾਰਾਂ ਨੂੰ ਚਿੰਤਾ ਹੀ ਕੋਈ ਨਹੀਂ ਲਗਦੀ। ਉਨ੍ਹਾਂ ਨੂੰ ਲਗਦਾ ਹੈ ਕਿ ਉਹ ਸਹੀ ਦਿਸ਼ਾ ਵਲ ਹੀ ਜਾ ਰਹੀਆਂ ਹਨ। ਉਹ ਅਮਰੀਕਾ ਵਿਚ ਜਾ ਕੇ ਭਾਰਤ ਦੇ ਵਿਕਾਸ ਦੀ ਕਹਾਣੀ ਸੁਣਾ ਰਹੇ ਹਨ ਪਰ ਹਕੀਕਤ ਵਿਚ ਤਸਵੀਰ ਕੁੱਝ ਹੋਰ ਹੀ ਨਜ਼ਰ ਆ ਰਹੀ ਹੈ। ਮਹਿੰਗਾਈ ਤਾਂ ਵੱਧ ਰਹੀ ਹੈ ਪਰ ਸਰਕਾਰੀ ਅੰਕੜੇ ਦਸ ਰਹੇ ਹਨ ਕਿ ਉਦਯੋਗਿਕ ਵਿਕਾਸ ਹੇਠਾਂ ਡਿੱਗੀ ਜਾ ਰਿਹਾ ਹੈ। ਅੱਜ ਰੀਜ਼ਰਵ ਬੈਂਕ ਆਫ਼ ਇੰਡੀਆ ਤੇ ਕੇਂਦਰ ਦੀਆਂ ਨੀਤੀਆਂ ਉਲਟ ਦਿਸ਼ਾ ਵਲ ਜਾ ਰਹੀਆਂ ਹਨ ਤੇ ਸ਼ਾਇਦ ਇਸ ਦਾ ਹੱਲ ਆਰ.ਬੀ.ਆਈ. ਦੇ ਗਵਰਨਰ ਦੀ ਬਦਲੀ ਕਰ ਕੇ ਕੱਢਣ ਦਾ ਯਤਨ ਕੀਤਾ ਜਾਏਗਾ। ਨਾਕਾਮੀ ਦਾ ਠੀਕਰਾ ਕਿਸੇ ਦੇ ਸਿਰ ’ਤੇ ਤਾਂ ਭੰਨਣਾ ਹੀ ਹੁੰਦਾ ਹੈ।
ਸਾਡੀ ਅੱਜ ਦੀ ਸਰਕਾਰ ਚੀਨ ਦੀਆਂ ਨੀਤੀਆਂ ਤੋਂ ਬਹੁਤ ਪ੍ਰਭਾਵਤ ਹੈ ਕਿਉਂਕਿ ਸਾਡੀ ਆਬਾਦੀ ਦਾ ਮੁਕਾਬਲਾ ਸਿਰਫ਼ ਚੀਨ ਨਾਲ ਹੀ ਕੀਤਾ ਜਾ ਸਕਦਾ ਹੈ। ਚੀਨ ਨੇ ਅਪਣੇ ਆਪ ਨੂੰ ਅਮਰੀਕਾ ਦੇ ਮੁਕਾਬਲੇ ਖੜਾ ਕਰਨ ਵਾਸਤੇ ਅਪਣੇ ਆਪ ਨੂੰ ਦੁਨੀਆਂ ਦਾ ਉਦਯੋਗ ਕੇੇਂਦਰ ਬਣਾ ਲਿਆ ਸੀ। ਟੀਸੀ ਤਕ ਪਹੁੰਚਣ ਲਈ ਚੀਨ ਨੇ ਅਪਣੇ ਵਰਕਰਾਂ ਦੇ ਹੱਕਾਂ ਅਧਿਕਾਰਾਂ ਨੂੰ ਕੁਚਲ ਕੇ ਰੱਖ ਦਿਤਾ ਸੀ ਤੇ ਸਿਰਫ਼ ਸ਼ਹਿਰੀ ਵਿਕਾਸ ਵਲ ਹੀ ਧਿਆਨ ਦਿਤਾ ਸੀ। ਆਮ ਚੀਨੀ ਜਨਤਾ ਨੂੰ ਅੰਗਰੇਜ਼ੀ ਸਿਖਣ ਦੀ ਆਜ਼ਾਦੀ ਨਹੀਂ ਸੀ ਤਾਕਿ ਉਹ ਕਿਸੇ ਬਾਹਰਲੇ ਦੇਸ਼ ਦੇ ਨਾਗਰਿਕ ਨਾਲ ਗੱਲਬਾਤ ਨਾ ਕਰਨ ਲੱਗ ਪੈਣ। ਕੋਵਿਡ ਕਾਲ ਵਿਚ ਅਸੀ ਵੇਖਿਆ ਕਿ ਉਥੋਂ ਦੇ ਪੱਤਰਕਾਰ ਮਹਾਂਮਾਰੀ ਬਾਰੇ ਜਾਣਕਾਰੀ ਨਹੀਂ ਸਨ ਦੇ ਰਹੇ।
ਉਹ ਇਕੋ ਇਕ ਦੇਸ਼ ਹੈ ਜਿਸ ਨੇ ਕਦੇ ਅਪਣੇ ਦੇਸ਼ ਵਿਚ ਮਹਾਂਮਾਰੀ ਜਾਂ ਵੈਕਸੀਨ ਦੀ ਜਾਣਕਾਰੀ ਤਕ ਜਨਤਕ ਨਾ ਕੀਤੀ। ਉਨ੍ਹਾਂ ਦੀ ਇਕ ਚੰਗੀ ਗੱਲ ਇਹ ਹੈ ਕਿ ਉਨ੍ਹਾਂ ਜਿਸ ਸਮੇਂ ਅਪਣੀ ਆਮ ਜਨਤਾ ਉਤੇ ਸਖ਼ਤੀ ਵਰਤਾਈ, ਉਸ ਸਮੇਂ ਨੂੰ ਉਨ੍ਹਾਂ ਬਰਬਾਦ ਨਾ ਕੀਤਾ ਤੇ ਅਪਣੀ ਲਿਆਕਤ ਵਿਖਾਉਣ ਵਲ ਧਿਆਨ ਦਿਤਾ। ਇਹ ਉਹ ਦੇਸ਼ ਹੈ ਜਿਥੇ ਜਦ 2009 ਵਿਚ ਦੁਧ ਦੇ ਪਾਊਡਰ ਵਿਚ ਮਿਲਾਵਟ ਮਿਲੀ ਸੀ ਤਾਂ ਉਸ ਕੰਪਨੀ ਦੇ ਦੋ ਅਧਿਕਾਰੀਆਂ ਨੂੰ ਜਾਨੋਂ ਮਾਰ ਦਿਤਾ ਗਿਆ ਸੀ। ਉਸ ਦੀ ਇਹੀ ਤਾਕਤ ਹੈ ਜਿਸ ਕਾਰਨ ਭਾਵੇਂ ਚੀਨ ਰੂਸ ਨਾਲ ਅਮਰੀਕਾ ਦੇ ਵਿਰੋਧ ਵਿਚ ਖੜਾ ਹੈ, ਫਿਰ ਵੀ ਅੱਜ ਅਮਰੀਕਾ ਚੀਨ ਨੂੰ ਨਾਰਾਜ਼ ਨਹੀਂ ਕਰ ਸਕਦਾ। ਜੇ ਅੱਜ ਤੁਸੀਂ ਚੀਨ ਤੋਂ ਅਮਰੀਕਾ ਦਾ ਵੀਜ਼ਾ ਲੈਣਾ ਹੋਵੇ ਤਾਂ ਅਗਲੇ ਦਿਨ ਮਿਲ ਜਾਂਦਾ ਹੈ, ਪਰ ਭਾਰਤ ਵਿਚ 800 ਦਿਨ ਦੀ ਲਾਈਨ ਲੱਗੀ ਹੋਈ ਹੈ। ਛੋਟੀ ਤੋਂ ਵੱਡੀ ਹਰ ਕਦਰ ਉਥੇ ਚੀਨੀਆਂ ਨੂੰ ਮਿਲ ਰਹੀ ਹੈ।
ਪਰ ਭਾਰਤ ਤੇ ਭਾਰਤੀਆਂ ਦੀ ਕਦਰ ਨਹੀਂ ਪੈ ਰਹੀ ਕਿਉਂਕਿ ਜੇ ਉਹ ਆਮ ਭਾਰਤੀ ਨੂੰ ਦਬਾ ਕੇ ਸਖ਼ਤੀ ਵਿਖਾ ਰਿਹਾ ਹੈ ਤਾਂ ਅਜਿਹਾ ਕਰਦੇ ਸਮੇਂ ਉਸ ਕੋਲ ਦੂਰਅੰਦੇਸ਼ੀ ਵਾਲੀ ਕੋਈ ਸੋਚ ਕੰਮ ਨਹੀਂ ਕਰਦੀ ਨਜ਼ਰ ਆਉਂਦੀ। ਭਾਰਤ ਦੀ ਅਰਥ ਵਿਵਸਥਾ ਨੂੰ ਸਿਰਫ਼ ਵਪਾਰ ਹੀ ਡੂੰਘੀ ਖਾਈ ਵਿਚੋਂ ਕੱਢ ਸਕਦਾ ਹੈ ਜਿਸ ਨਾਲ ਸਾਡਾ ਰੁਪਿਆ ਤਾਕਤਵਰ ਬਣੇ। ਜਿਵੇਂ ਸਾਡੀ ਹਰਿਆਣਾ ਵਿਚ ਬਣਾਈ ਜਾਂਦੀ ਖਾਂਸੀ ਦੀ ਦਵਾਈ ਨੇ ਅਫ਼ਰੀਕਾ ਵਿਚ 66 ਬੱਚੇ ਮਾਰ ਦਿਤੇ ਹਨ, ਉਸ ਨਾਲ ਸਾਡੀ ਮੈਡੀਕਲ ਸ਼ੋਹਰਤ ਵਿਚ ਹੋਰ ਗਿਰਾਵਟ ਆਵੇਗੀ। ਇਸ ਪਿਛੇ ਸਾਡੀਆਂ ਸਰਕਾਰਾਂ ਦੀ ਸੋਚ ਹੀ ਜ਼ਿੰਮੇਵਾਰ ਹੈ। ਅਸੀ ਅਜੇ ਜਾਂਚ ਕਮੇਟੀਆਂ ਬਿਠਾ ਰਹੇ ਹਾਂ ਤੇ ਡਬਲਿਊ ਐਚ ਓ ਨੇ ਫ਼ਤਵਾ ਵੀ ਦੇ ਦਿਤਾ ਹੈ।
ਨਾ ਅਸੀ ਅਸਲ ਵਿਚ ਅਮਰੀਕਾ ਦੇ ਲੋਕਤੰਤਰੀ ਪੱਥ ਤੇ ਚਲ ਰਹੇ ਹਾਂ ਤੇ ਨਾ ਹੀ ਚੀਨ ਦੀ ਇਮਾਨਦਾਰੀ ਦਾ ਅਨੁਸਰਣ ਕਰ ਰਹੇ ਹਾਂ। ਅੱਜ ਜੇ ਲੋੜ ਹੈ ਤਾਂ ਇਸ ਗੱਲ ਦੀ ਕਿ ਭਾਰਤ ਦੀ ਅਪਣੀ ਤਾਕਤ ਨੂੰ ਨਾਪ ਤੋਲ ਕੇ ਨੀਤੀ ਬਣਾਈ ਜਾਵੇ। ਪਿੱਛੇ ਅਸੀ ਅਪਣੀ ਮਜ਼ਬੂਤ ਖੇਤੀ ਕਾਰਨ ਕਾਰਨ ਭੁਖਮਰੀ ਤੋਂ ਬਚੇ ਹਾਂ। ਪਰ ਸਾਡੇ ਮਾਹਰ ਸਿਰਫ਼ 1 ਫ਼ੀ ਸਦੀ ਅਮੀਰਾਂ ਵਾਸਤੇ ਸੋਚਦੇ ਹਨ ਨਾ ਕਿ ਉਸ ਗ਼ਰੀਬ ਤਬਕੇ ਵਾਸਤੇ ਜਿਸ ਲਈ ਅੱਜ ਸਬਜ਼ੀ ਦਾਲ ਖ਼ਰੀਦਣਾ ਵੀ ਮੁਸ਼ਕਲ ਹੋ ਰਿਹਾ ਹੈ। ਪਰ ਜੇ ਇਹ ਗ਼ਰੀਬ ਵੀ ਪੇਟ ਦੀ ਭੁੱਖ ਨਾਲੋਂ ਜ਼ਿਆਦਾ ਅਹਿਮੀਅਤ ਧਰਮ ਤੇ ਜਾਤ ਦੀ ਲੜਾਈ ਨੂੰ ਦੇ ਰਿਹਾ ਹੈ ਤਾਂ ਫਿਰ ਸਰਕਾਰ ਦਾ ਵੀ ਕੀ ਕਸੂਰ ਆਖੀਏ? -ਨਿਮਰਤ ਕੌਰ