ਜਿਤਦੇ ਰਹਿਣ ਲਈ, ਗ਼ਰੀਬਾਂ ਦੀ ਵੱਡੀ ਵੋਟ ਦੀ, ਹਾਕਮਾਂ ਨੂੰ ਸਦਾ ਲੋੜ ਰਹੇਗੀ ਤੇ...

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਉਹ ਕਦੇ ਨਹੀਂ ਚਾਹੁਣਗੇ ਕਿ ਗ਼ਰੀਬ, ਗ਼ਰੀਬੀ ਦੀ ਦਲਦਲ 'ਚੋਂ ਨਿਕਲ ਆਉਣ!

PM Modi

ਬਿਹਾਰ ਚੋਣਾਂ ਵਿਚ ਜਿੱਤ ਦੇ ਐਲਾਨੇ ਜਾਣ ਤੋਂ ਕੁੱਝ ਸਮਾਂ ਪਹਿਲਾਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ 'ਤੇ ਸੰਦੇਸ਼ ਪਾ ਦਿਤਾ ਸੀ। ਉਨ੍ਹਾਂ ਨੇ ਆਖਿਆ ਸੀ, "ਬਿਹਾਰ ਦੀ ਜਨਤਾ ਨੇ ਦੁਨੀਆਂ ਨੂੰ ਲੋਕਤੰਤਰ ਦਾ ਪਾਠ ਪੜ੍ਹਾਇਆ ਹੈ।" ਪ੍ਰਧਾਨ ਮੰਤਰੀ ਨੇ ਆਖਿਆ ਕਿ "ਬਿਹਾਰ ਦੇ ਗਰੀਬਾਂ, ਲਾਚਾਰਾਂ ਤੇ ਔਰਤਾਂ ਨੇ ਭਾਰੀ ਗਿਣਤੀ ਵਿਚ ਵੋਟਾਂ ਪਾ ਕੇ ਲੋਕਤੰਤਰ ਨੂੰ ਤਾਕਤਵਰ ਕਰਨ ਦਾ ਸਬਕ ਸਿਖਾਇਆ"। 

ਪ੍ਰਧਾਨ ਮੰਤਰੀ ਵੱਲੋਂ ਇਹ ਐਲ਼ਾਨ ਕਰਨ ਦੀ ਕਾਹਲ ਨਾਲ ਬਵਾਲ ਤਾਂ ਉਠਣਾ ਹੀ ਸੀ ਪਰ ਧਿਆਨ ਉਨ੍ਹਾਂ ਦੇ ਸੰਦੇਸ਼ ਵਿਚਲੇ ਕੁੱਝ ਲਫ਼ਜ਼ਾਂ ਵਲ ਦੇਣਾ ਜ਼ਿਆਦਾ ਬਿਹਤਰ ਹੋਵੇਗਾ। ਗ਼ਰੀਬ, ਪਛੜੇ ਤੇ ਲਾਚਾਰ ਲੋਕ, ਸਿਆਸਦਾਨਾਂ ਦਾ ਸੱਭ ਤੋਂ ਵੱਡਾ ਵੋਟ-ਬੈਂਕ ਹੁੰਦੇ ਹਨ। ਮੋਦੀ ਜੀ ਨੇ ਉਸ ਵੋਟ ਬੈਂਕ ਵਿਚ ਇਸਤਰੀਆਂ ਨੂੰ ਵੀ ਨਾਲ ਜੋੜ ਦਿੱਤਾ ਹੈ।

ਜੇ 15 ਸਾਲ ਤਕ ਇਕ ਮੁੱਖ ਮੰਤਰੀ ਤੇ ਇਕ ਪਾਰਟੀ ਰਾਜ ਕਰਦੇ ਰਹੇ ਹੋਣ ਤੇ ਫਿਰ ਵੀ ਉਥੋਂ ਦੀ ਆਬਾਦੀ ਗ਼ਰੀਬ, ਪਛੜੀ ਤੇ ਲਾਚਾਰ ਹੀ ਰਹੇ ਤਾਂ ਕੀ ਉਹ ਸਿਆਸ਼ਤਦਾਨ ਚੌਥੀ ਵਾਰ ਜਿੱਤਣ ਦੇ ਕਾਬਲ ਮੰਨਿਆ ਜਾ ਸਕਦਾ ਹੈ? ਫਿਰ ਗ਼ਰੀਬਾਂ, ਪਛੜਿਆਂ ਤੇ ਲਾਚਾਰਾਂ ਨਾਲ ਔਰਤ ਨੂੰ ਕਿਉਂ ਜੋੜ ਲਿਆ ਗਿਆ? ਯਾਨੀ ਕੀ ਔਰਤ ਗਰੀਬ ਤੇ ਪਛੜੀ ਚਲ ਰਹੀ ਹੈ ਤਾਂ ਆਉਣ ਵਾਲੇ ਪੰਜ ਸਾਲ ਵਿਚ ਵੀ ਇਸ ਦੀ ਤਕਦੀਰ ਨਹੀਂ ਬਦਲੇਗੀ।

ਔਰਤਾਂ ਨੂੰ ਬਰਾਬਰੀ ਨਹੀਂ ਮਿਲੇਗੀ ਤੇ ਇਹੀ ਅੱਜ ਸਿਆਸਤਦਾਨਾਂ ਦੀ ਨੀਅਤ ਦਾ ਨਿਚੋੜ ਵੀ ਹੈ ਤੇ ਉਸ ਦੀ ਲੋੜ ਵੀ ਹੈ ਤਾਕਿ ਜਨਤਾ ਨੂੰ ਇਹ ਤਰਸਾ ਕੇ ਰੱਖਣ ਤੇ ਉਹ ਕੁੱਝ ਗਰਾਹੀਆਂ ਲੈ ਕੇ ਹੀ ਰੱਜ ਜਾਵੇ। ਕਦੇ ਬਹੁਤ ਭੁੱਖ ਲੱਗੀ ਹੋਵੇ ਤਾਂ ਫਿੱਕੀ ਦਾਲ ਵੀ ਬਟਰ ਚਿਕਨ ਵਰਗੀ ਜਾਪਦੀ ਹੈ ਤੇ ਇਹੀ ਸਾਡੀ ਸਾਰੀ ਆਬਾਦੀ ਦਾ ਹਾਲ ਰਿਹਾ ਹੈ ਤੇ ਪ੍ਰਧਾਨ ਮੰਤਰੀ ਮੋਦੀ ਇਸ ਸੋਚ ਤੋਂ ਵਖਰੇ ਨਹੀਂ ਹਨ ਬਲਕਿ ਤਕਰੀਬਨ ਹਰ ਸਿਆਸਤਦਾਨ ਦੀ ਸੋਚ ਇਹੀ ਹੁੰਦੀ ਹੈ।

ਪ੍ਰਧਾਨ ਮੰਤਰੀ ਕੋਲੋਂ ਤਾਂ ਸਿਰਫ਼ ਇਕ 'ਫਰਾਇਡੀਅਨ ਸਲਿੱਪ' ਹੋ ਗਈ (ਮਨੋਵਿਗਿਆਨ ਦੇ ਪਿਤਾ ਸਿਗਮੰਜ ਫ਼੍ਰਾਇਡ ਨੇ ਮੂੰਹ ਤੋਂ ਬੇਧਿਆਨੀ ਨਾਲ ਕਹੀ ਗਈ ਮਨ ਦੀ ਗੱਲ ਦਾ ਨਾਮ 'ਫਰਾਇਡੀਅਨ ਸਲਿੱਪ' ਰਖਿਆ ਸੀ)। ਇਹ ਗੱਲਾਂ ਦਬਾਅ ਕੇ ਰਖੀਆਂ ਜਾਂਦੀਆਂ ਹਨ ਤੇ ਜੇਕਰ ਕਦੇ ਬਾਹਰ ਨਿਕਲ ਜਾਣ ਤਾਂ ਹਾਲ ਦੁਹਾਈ ਪੈ ਜਾਂਦੀ ਹੈ। ਪਰ ਸਾਡਾ ਦੇਸ਼ ਤਾਂ ਅਜਿਹੀ ਡੂੰਘੀ ਸਥਿਤੀ ਵਿਚ ਜਾ ਚੁੱਕਾ ਹੈ ਕਿ ਆਮ ਲੋਕਾਂ ਨੂੰ ਇਹ ਸਮਝ ਹੀ ਨਹੀਂ ਆਉਂਦਾ ਕਿ ਉਨ੍ਹਾਂ ਦੀ ਬੇਇਜ਼ਤੀ ਹੋ ਰਹੀ ਹੈ ਜਾਂ ਤਾਰੀਫ਼?

ਗਰੀਬ ਨੂੰ ਰੱਬ ਦਾ ਰੂਪ ਆਖਿਆ ਜਾਂਦਾ ਹੈ ਤੇ ਬੇਵਕੂਫ ਗਰੀਬ ਅਪਣੀ ਗਰੀਬੀ ਵਿਚ ਰਹਿਣ ਲਈ ਹੀ ਤਿਆਰ ਹੋ ਜਾਂਦਾ ਹੈ। ਪਰ ਜੇਕਰ ਗਰੀਬੀ ਐਨੀ ਚੰਗੀ ਹੁੰਦੀ ਤਾਂ ਸਾਡੇ ਸਿਆਸਤਦਾਨ ਗਰੀਬ ਰਹਿਣਾ ਕਿਉਂ ਨਾ ਪਸੰਦ ਕਰਦੇ? ਸਾਡੇ ਸਿਆਸਤਦਾਨ ਜਿੱਤ ਤੋਂ ਬਾਅਦ ਅਮੀਰ ਹੋ ਜਾਂਦੇ ਹਨ ਤੇ ਸਰਕਾਰ ਕਰਜ਼ੇ ਵਿਚ ਡੁੱਬ ਜਾਂਦੀ ਹੈ। ਆਜ਼ਾਦੀ ਤੋਂ ਬਾਅਦੇ 99 ਫੀਸਦੀ ਸਿਆਸਤਦਾਨ ਅੱਜ ਦੀ ਤਰੀਕ ਵਿਚ ਅਮੀਰ ਹੋ ਚੁੱਕੇ ਹਨ ਪਰ ਜਨਤਾ ਅਜੇ ਵੀ ਗਰੀਬੀ ਵਿਚ ਖੁਸ਼ੀ ਮਹਿਸੂਸ ਕਰਦੀ ਆ ਰਹੀ ਹੈ।

ਅੱਜ ਤਾਂ ਦੀਵਾਲੀ ਹੈ। ਅਸਮਾਨ ਤੋਂ ਧਰਤੀ ਵਲ ਵੇਖੀਏ ਤਾਂ ਭਾਰਤ ਦੇਸ਼ ਵਿਚ ਹੋਈ ਦੀਪਮਾਲਾ ਨਾਲ ਸਾਡਾ ਦੇਸ਼ ਦੁਨੀਆਂ ਵਿਚ ਵਖਰਾ ਹੀ ਨਜ਼ਰ ਆਏਗਾ। ਪਰ ਅਸਲ ਵਿਚ ਅੰਧਕਾਰ ਰੋਸ਼ਨੀ ਦਾ ਦੂਜਾ ਪਾਸਾ ਹੀ ਹੁੰਦਾ ਹੈ। ਜਿੰਨਾ ਅੰਧਕਾਰ ਸਾਡੇ ਦਿਮਾਗਾਂ ਵਿਚ, ਸਾਡੀ ਸੋਚ ਵਿਚ ਹੈ, ਉਹ ਅਰਬਾਂ-ਖਰਬਾਂ ਦੀਵਿਆਂ ਨਾਲ ਵੀ ਦੂਰ ਨਹੀਂ ਹੋਣ ਵਾਲਾ। ਜੇਕਰ ਹੋਣਾ ਹੁੰਦਾ ਤਾਂ ਸਦੀਆਂ ਤੋਂ ਮਨਾਈ ਜਾ ਰਹੀ ਦੀਵਾਲੀ ਨਾਲ ਕੁੱਝ ਜਾਗਰੂਕਤਾ ਤਾਂ ਆ ਹੀ ਜਾਂਦੀ। ਪਰ ਅੱਜ ਤਾਂ ਪਹਿਲਾਂ ਨਾਲੋਂ ਵੀ ਵੱਧ ਅੰਧਕਾਰ ਨਜ਼ਰ ਆਉਣ ਲੱਗ ਪਿਆ ਹੈ। ਜਿਉਂ-ਜਿਉਂ ਸਿੱਖਿਆ ਫੈਲਦੀ ਜਾਂਦੀ ਹੈ, ਅੰਧਕਾਰ ਵੀ ਵਧਦਾ ਜਾ ਰਿਹਾ ਹੈ।

ਅੱਜ ਤੋਂ ਕੁੱਝ ਸਮਾਂ ਪਹਿਲਾਂ ਸਾਦਗੀ ਸੀ, ਭਰਪੂਰ ਮੇਲ-ਮਿਲਾਪ ਸੀ, ਅਪਰਾਧਕ ਮਾਮਲੇ ਘੱਟ ਸਨ ਪਰ ਹੁਣ ਗਰੀਬੀ ਦੇ ਨਾਲ-ਨਾਲ ਕਠੋਰ, ਵਿਖਾਵਾ-ਵਾਦੀ ਸੋਚ ਨੇ ਅੰਧਵਿਸ਼ਵਾਸ ਨੂੰ ਉਚਾਈਆਂ ਤੇ ਬਿਠਾ ਦਿਤਾ ਹੈ। ਅੰਧਵਿਸ਼ਵਾਸ ਤੇ ਬੇਵਕੂਫੀ ਨੂੰ ਸਿਆਸਤਦਾਨ, ਜਿਵੇਂ ਅਪਣੇ ਫਾਇਦੇ ਲਈ ਇਸਤੇਮਾਲ ਕਰਦੇ ਹਨ, ਉਸ ਦਾ ਕੋਈ ਤੋੜ ਨਹੀਂ ਕਿਉਂਕਿ ਜੇਕਰ ਇਹ ਸਿਆਸਤਦਾਨ ਤਰਕ ਨਾਲ ਚਲਦੇ ਤਾਂ ਉਹ ਹਾਰ ਜਾਂਦੇ। ਉਨ੍ਹਾਂ ਨੂੰ ਸੱਤਾ ਤੇ ਕਾਬਜ਼ ਰਹਿਣ ਲਈ ਤੁਹਾਡਾ ਗਰੀਬ, ਪਛੜਿਆ ਹੋਇਆ ਤੇ ਲਾਚਾਰ ਰਹਿਣਾ ਜ਼ਰੂਰੀ ਹੈ। ਸੋ ਤੋੜ ਫਿਰ ਕਿਸ ਤਰ੍ਹਾਂ ਨਿਕਲੇਗਾ।

ਉਹ ਕਿਹੜਾ ਚਾਨਣ ਆਏਗਾ, ਜੋ ਸਾਨੂੰ ਸਾਡੀ ਅਪਣੀ ਹੋਂਦ ਦੀ ਅਹਿਮੀਅਤ ਪ੍ਰਤੀ ਜਾਗਰੂਕ ਕਰੇਗਾ? ਸਿਆਣੇ ਤਾਂ ਆਖਦੇ ਹਨ ਕਿ ਤਾਕਤ ਤੁਹਾਡੇ ਅਪਣੇ ਅੰਦਰ ਹੈ ਪਰ ਸਾਡੇ ਵਿਚੋਂ ਕਿੰਨੇ ਖੁਦ ਨੂੰ ਇਸ ਸੋਚ ਦੀ ਗੁਲਾਮੀ ਤੋਂ ਜਗਾਉਣ ਦੇ ਕਾਬਲ ਹਨ? ਅੱਜ ਕੋਈ ਮਰਦ-ਏ-ਕਮਾਲ ਹਿੰਦ ਨੂੰ ਜਗਾਉਣ ਵਾਸਤੇ ਨਹੀਂ ਆਉਣ ਵਾਲਾ। ਉਹ ਆਏ ਸੀ ਤੇ ਅਪਣੀ ਸੋਚ ਨੂੰ ਲਿਖ ਕੇ ਛੱਡ ਗਏ ਪਰ ਹਿੰਦ ਨੇ ਉਸ ਨੂੰ ਰੁਮਾਲਿਆਂ ਵਿਚ ਦਬਾ ਕੇ ਰੱਖ ਦਿਤਾ। ਕਿਸਾਨਾਂ ਦੇ ਨਾਲ ਖੜੇ ਹੋਣ ਕਾਰਨ ਅੱਜ ਦੀਵੇ ਤਾਂ ਅਸੀਂ ਵੀ ਨਹੀਂ ਬਾਲਾਂਗੇ ਪਰ ਫਿਰ ਵੀ ਪਾਠਕਾਂ ਤੇ ਖਾਸ ਕਰ ਕੇ ਕਿਸਾਨਾਂ ਨੂੰ ਨਿੱਘਾ ਪਿਆਰ ਤੇ ਦੁਆਵਾਂ ਜ਼ਰੂਰ ਭੇਜਦੇ ਹਾਂ ਤਕਿ ਸਾਡੇ ਦਿਲਾਂ ਵਿਚ ਅੰਧਕਾਰ ਨਾ ਵਸ ਸਕੇ।
ਨਿਮਰਤ ਕੌਰ