ਭਾਜਪਾ ਹਾਰ ਕੇ ਵੀ ਬਚੀ ਰਹੀ ਕਿਉਂਕਿ 'ਹਿੰਦੂਤਵ' ਦਾ ਨਾਹਰਾ, ਉਨ੍ਹਾਂ ਦੀ ਹਰ ਨਾਕਾਮੀ ਦੇ ਬਾਵਜੂਦ...

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਭਾਜਪਾ ਹਾਰ ਕੇ ਵੀ ਬਚੀ ਰਹੀ ਕਿਉਂਕਿ 'ਹਿੰਦੂਤਵ' ਦਾ ਨਾਹਰਾ, ਉਨ੍ਹਾਂ ਦੀ ਹਰ ਨਾਕਾਮੀ ਦੇ ਬਾਵਜੂਦ ਕੁੱਝ ਲੋਕਾਂ ਨੂੰ ਭਾਅ ਜਾਂਦਾ ਹੈ...

Rahul Gandhi

ਗੱਲ ਚਲ ਰਹੀ ਸੀ ਕਿ ਬੀ.ਜੇ.ਪੀ. ਸਰਕਾਰ ਦੀ ਹਰ ਮੁਹਾਜ਼ ਤੇ ਨਾਕਾਮੀ ਦੇ ਬਾਵਜੂਦ, ਉਸ ਦੀ ਵੋਟ ਉਸ ਅਨੁਪਾਤ ਵਿਚ ਨਹੀਂ ਘਟੀ ਜਿਸ ਅਨੁਪਾਤ ਵਿਚ ਘਟਣੀ ਬਣਦੀ ਸੀ। ਕਾਰਨ ਇਹ ਹੈ ਕਿ 'ਹਿੰਦੂਤਵ' ਦਾ ਅਸਰ ਕਬੂਲਣ ਵਾਲਿਆਂ ਨੇ ਛੇਤੀ ਨਹੀਂ ਬੀ.ਜੇ.ਪੀ. ਤੋਂ ਦੂਰ ਹੋਣਾ, ਜਿਵੇਂ ਅਕਾਲੀਆਂ ਦੀ ਹਰ ਗ਼ਲਤੀ ਉਨ੍ਹਾਂ ਦੇ 'ਪੰਥਕ' ਚੋਲੇ ਕਾਰਨ ਛੁਪੀ ਰਹਿ ਜਾਂਦੀ ਸੀ ਤੇ ਪੰਥ ਦੇ ਨਾਂ ਤੇ ਲੋਕ, ਸੱਭ ਕੁੱਝ ਜਾਣਦੇ ਹੋਏ ਵੀ ਵੋਟ ਉਨ੍ਹਾਂ ਨੂੰ ਦੇ ਦੇਂਦੇ ਸਨ। ਪਰ ਅਜਿਹਾ 'ਕੱਟੜਪੁਣੇ' ਦਾ ਜਾਦੂ ਸਦਾ ਨਹੀਂ ਚਲਦਾ ਤੇ ਜਦੋਂ ਇਸ ਦਾ ਅਸਰ ਖ਼ਤਮ ਹੁੰਦਾ ਹੈ ਤਾਂ ਸੱਭ ਕੁੱਝ ਹੀ ਖ਼ਤਮ ਹੋ ਜਾਂਦਾ ਹੈ। 

ਪੰਜ ਸੂਬਿਆਂ ਦੀਆਂ ਚੋਣਾਂ ਕਾਂਗਰਸ ਦੀ ਸੱਤਾ ਵਲ ਵਾਪਸੀ ਤਾਂ ਸਿੱਧ ਕਰ ਗਈਆਂ ਪਰ ਭਾਰਤੀ ਜਨਤਾ ਪਾਰਟੀ (ਭਾਜਪਾ) ਵਾਸਤੇ ਇਹ ਨਤੀਜੇ ਕੀ ਅਰਥ ਰਖਦੇ ਹਨ? ਕੀ ਜਨਤਾ ਵਲੋਂ ਭਾਜਪਾ ਨੂੰ ਪੂਰੀ ਤਰ੍ਹਾਂ ਨਕਾਰ ਦਿਤਾ ਗਿਆ ਹੈ? 15 ਸਾਲ ਦੇ ਰਾਜ ਤੋਂ ਬਾਅਦ ਮੱਧ ਪ੍ਰਦੇਸ਼ ਵਿਚ ਸ਼ਿਵਰਾਜ ਚੌਹਾਨ ਦੀ ਸਰਕਾਰ ਸਿਰਫ਼ 7 ਸੀਟਾਂ ਦੀ ਕਮੀ ਨਾਲ ਹੋਂਦ ਵਿਚ ਆਉਣੋਂ ਰਹਿ ਗਈ। ਇਸ ਨੂੰ ਰੱਦ ਕਰਨਾ ਤਾਂ ਨਹੀਂ ਕਿਹਾ ਜਾ ਸਕਦਾ। ਲੋਕਾਂ ਵਿਚ ਭਾਜਪਾ ਦੀ ਮਕਬੂਲੀਅਤ ਘਟੀ ਹੈ ਪਰ ਓਨੀ ਨਹੀਂ ਕਿ ਇਹ ਆਖਿਆ ਜਾ ਸਕੇ ਕਿ ਭਾਜਪਾ-ਮੁਕਤ ਭਾਰਤ ਬਣ ਰਿਹਾ ਹੈ ਜਾਂ ਰਾਹੁਲ ਗਾਂਧੀ ਨੂੰ ਲੋਕਾਂ ਦੀ ਪੂਰੀ ਹਮਾਇਤ ਮਿਲ ਗਈ ਹੈ।

ਭਾਜਪਾ ਸਰਕਾਰ ਨੇ ਆਰਥਕ ਖੇਤਰ ਵਿਚ ਕਾਫ਼ੀ ਊਧਮ ਮਚਾਇਆ ਹੈ। ਜੇ ਆਰ.ਬੀ.ਆਈ., ਬੈਂਕਾਂ ਵਿਚ ਮਰੇ ਹੋਏ ਕਰਜ਼ਿਆਂ ਦੀ ਹਾਲਤ ਨੂੰ ਅੱਖੋਂ ਪਰੋਖੇ ਕਰ ਕੇ ਸਿਰਫ਼ ਆਮ ਇਨਸਾਨ ਦੀ ਹਾਲਤ ਵਲ ਹੀ ਧਿਆਨ ਦਿਤਾ ਜਾਵੇ ਤਾਂ ਅੱਜ ਹਾਲਤ ਬਹੁਤ ਮਾੜੀ ਹੈ। ਨੌਕਰੀਆਂ ਮਿਲ ਹੀ ਨਹੀਂ ਰਹੀਆਂ। ਜਿਸ ਤਰ੍ਹਾਂ ਭਾਰਤ ਦਾ ਅਰਥਚਾਰਾ ਡੋਲਿਆ ਹੈ, ਭਾਜਪਾ ਨਾਲ ਨਾਰਾਜ਼ਗੀ ਸਗੋਂ ਵੱਧ ਨਜ਼ਰ ਆਉਣੀ ਚਾਹੀਦੀ ਸੀ। ਭਾਜਪਾ ਸਰਕਾਰ ਨੇ ਉਸ ਨਾਰਾਜ਼ਗੀ' ਦੀ ਕਾਟ, ਅਪਣੇ ਕੰਮ ਦੇ ਅੰਕੜੇ ਪੇਸ਼ ਕਰ ਕੇ ਤਾਂ ਨਾ ਕੀਤੀ ਤੇ ਨਾ ਉਹ ਕਰ ਹੀ ਸਕਦੀ ਸੀ ਕਿਉਂਕਿ ਇਹ ਦਸਣਾ ਮੁਸ਼ਕਲ ਸੀ

ਕਿ ਉਹ ਦੋ ਕਰੋੜ ਨੌਕਰੀਆਂ ਕਿਉਂ ਨਹੀਂ ਦੇ ਸਕੇ ਜਾਂ 15-15 ਲੱਖ ਕਿਸੇ ਦੇ ਖਾਤੇ ਵਿਚ ਵੀ ਕਿਉਂ ਨਹੀਂ ਆਏ। ਇਸ ਦੀ ਬਜਾਏ ਉਨ੍ਹਾਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਨੂੰ ਮੰਚਾਂ ਤੇ ਲਿਆ ਕੇ ਕੱਟੜ ਹਿੰਦੂਤਵ ਦਾ ਪ੍ਰਚਾਰ ਸ਼ੁਰੂ ਕਰ ਦਿਤਾ। ਅੱਜ ਭਾਵੇਂ ਕਿੰਨੇ ਵੀ ਲੋਕ ਇਸ ਗੱਲ ਦੀ ਖਿੱਲੀ ਪਏ ਉਡਾਉਣ ਕਿ ਯੋਗੀ ਸਿਰਫ਼ ਨਾਂ ਬਦਲਣੇ ਹੀ ਜਾਣਦੇ ਹਨ, ਅਜਿਹੇ ਲੋਕ ਵੀ ਬਹੁਤ ਹਨ ਜੋ ਇਸ ਹਿੰਦੂ-ਨਾਮਕਰਣ ਦੀ ਖ਼ੁਸ਼ੀ ਮਨਾਉਂਦੇ ਹੋਏ, ਜ਼ਿੰਦਗੀ ਦੇ ਅਸਲ ਮਸਲਿਆਂ ਵਲੋਂ ਬੇਖ਼ਬਰ ਹੋ ਜਾਂਦੇ ਹਨ। ਜੇ ਅੱਜ ਯੋਗੀ ਆਦਿਤਿਆਨਾਥ ਹਨੂਮਾਨ ਦੀ ਜਾਤ ਦਲਿਤ ਦਸਦੇ ਹਨ ਤਾਂ ਬੜੇ ਹਨ

ਜੋ ਇਸ ਐਲਾਨ ਨੂੰ ਸੁਣ ਕੇ ਹੀ ਖ਼ੁਸ਼ ਹੋ ਜਾਂਦੇ ਹਨ ਤੇ ਬੀ.ਜੇ.ਪੀ. ਦੇ ਹਮਾਇਤੀ ਬਣ ਜਾਂਦੇ ਹਨ। ਅਨੇਕਾਂ ਆਰਥਕ ਕਮੀਆਂ ਦੇ ਬਾਵਜੂਦ, ਭਾਜਪਾ ਨਾਲ ਇਸ 'ਮੰਦੀ' ਦੇ ਦੌਰ ਵਿਚ ਵੀ ਜਨਤਾ ਜੁੜੀ ਰਹੀ ਕਿਉਂਕਿ ਉਹ ਭਾਜਪਾ ਦੇ ਹਿੰਦੂਤਵ ਵਿਚ ਵਿਸ਼ਵਾਸ ਕਰਦੀ ਹੈ। ਹਿੰਦੂ ਭਾਰਤ ਇਸ ਸਮੇਂ ਹਿੰਦੂ ਧਰਮ ਅਤੇ ਹਿੰਦੂਤਵ ਵਿਚ ਵੰਡਿਆ ਗਿਆ ਹੈ। ਭਾਰਤ ਦੇ ਕੋਨੇ ਕੋਨੇ ਤੋਂ ਲੋਕ ਦਿੱਲੀ ਵਿਚ ਜਾ ਕੇ ਜਾਮਾ ਮਸਜਿਦ ਨੂੰ ਤੋੜਨ ਦੀ ਗੱਲ ਸੜਕਾਂ ਉਤੇ ਖੁਲੇਆਮ ਕਰਨ ਦੀ ਹਿੰਮਤ ਕਰਦੇ ਹਨ। ਗੱਲ ਸਿਰਫ਼ ਰਾਮ ਮੰਦਰ ਦੀ ਹੀ ਨਹੀਂ ਰਹਿ ਗਈ। ਹੁਣ ਇਕ ਤਬਕੇ ਅੰਦਰ ਨਫ਼ਰਤ ਦੀ ਹਨੇਰੀ ਬੜੀ ਤੇਜ਼ ਵਗਣ ਲੱਗ ਪਈ ਹੈ।

ਏਨੀ ਤੇਜ਼ ਵੱਗ ਰਹੀ ਹੈ ਕਿ ਇਕ ਫ਼ੌਜੀ, ਬੁਲੰਦਸ਼ਹਿਰ ਵਿਚ ਭੀੜ ਨੂੰ ਭੜਕਾ ਕੇ ਇਕ ਪੁਲਿਸ ਅਫ਼ਸਰ ਨੂੰ ਮਾਰਨ ਵਾਲਿਆਂ 'ਚੋਂ ਨਿਕਲਿਆ ਹੈ। ਇਕ ਫ਼ੌਜੀ ਇਕ ਪੁਲਿਸ ਅਫ਼ਸਰ ਨੂੰ ਗਊਮਾਸ ਦੇ ਨਾਂ ਤੇ ਕਤਲ ਕਰਦਾ ਹੈ। ਇਹ ਨਫ਼ਰਤ ਦੀ ਉਸ ਅੱਗ ਦਾ ਨਤੀਜਾ ਹੈ ਜੋ ਇਨਸਾਨ ਦੀ ਸੋਚ ਅਤੇ ਸਮਝ ਨੂੰ ਸਾੜ ਫੂਕ ਦੇਂਦੀ ਹੈ। ਪਰ ਗੱਲ ਚਲ ਰਹੀ ਸੀ ਕਿ ਬੀ.ਜੇ.ਪੀ. ਸਰਕਾਰ ਦੀ ਹਰ ਮੁਹਾਜ਼ ਤੇ ਨਾਕਾਮੀ ਦੇ ਬਾਵਜੂਦ, ਉਸ ਦੀ ਵੋਟ ਉਸ ਅਨੁਪਾਤ ਵਿਚ ਨਹੀਂ ਘਟੀ ਜਿਸ ਅਨੁਪਾਤ ਵਿਚ ਘਟਣੀ ਚਾਹੀਦੀ ਸੀ।

ਕਾਰਨ ਇਹ ਹੈ ਕਿ 'ਹਿੰਦੂਤਵ' ਦਾ ਅਸਰ ਕਬੂਲਣ ਵਾਲਿਆਂ ਨੇ ਛੇਤੀ ਨਹੀਂ ਬੀ.ਜੇ.ਪੀ. ਤੋਂ ਦੂਰ ਹੋਣਾ, ਜਿਵੇਂ ਅਕਾਲੀਆਂ ਦੀ ਹਰ ਗ਼ਲਤੀ ਉਨ੍ਹਾਂ ਦੇ 'ਪੰਥਕ' ਚੋਲੇ ਕਾਰਨ ਛੁਪੀ ਰਹਿ ਜਾਂਦੀ ਸੀ ਤੇ ਪੰਥ ਦੇ ਨਾਂ ਤੇ ਲੋਕ, ਸੱਭ ਕੁੱਝ ਜਾਣਦੇ ਹੋ ਵੀ, ਵੋਟ ਉਨ੍ਹਾਂ ਨੂੰ ਦੇ ਦੇਂਦੇ ਸਨ। ਪਰ ਅਜਿਹਾ 'ਕੱਟੜਪੁਣੇ' ਦਾ ਜਾਦੂ ਸਦਾ ਨਹੀਂ ਚਲਦਾ ਤੇ ਜਦੋਂ ਇਸ ਦਾ ਅਸਰ ਖ਼ਤਮ ਹੁੰਦਾ ਹੈ ਤਾਂ ਸੱਭ ਕੁੱਝ ਹੀ ਖ਼ਤਮ ਹੋ ਜਾਂਦਾ ਹੈ।  -ਨਿਮਰਤ ਕੌਰ