ਸ਼੍ਰੋਮਣੀ ਕਮੇਟੀ ਦੀ, ਮੰਗੂ ਮੱਠ ਵਰਗੀ ਬਾਬੇ ਨਾਨਕ ਦੀ ਯਾਦਗਾਰ ਪ੍ਰਤੀ ਬੇਰੁਖ਼ੀ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਮਸਲਾ ਜ਼ਮੀਨ ਦਾ ਨਹੀਂ, ਮਸਲਾ ਇਹ ਹੈ ਕਿ ਐਸ.ਜੀ.ਪੀ.ਸੀ. ਅੱਜ ਸਿੱਖ ਫ਼ਲਸਫ਼ੇ ਦੀ ਰਾਖੀ ਕਿਤੇ ਨਹੀਂ ਕਰ ਰਹੀ।

Mangu math

ਇਕ ਪਾਸੇ ਜਿਥੇ ਹਜ਼ਾਰਾਂ ਸਾਲਾਂ ਬਾਅਦ ਵੀ ਹਿੰਦੂ ਧਰਮ ਦੇ ਰਖਵਾਲਿਆਂ (ਸਿਆਸਤਦਾਨਾਂ ਅਤੇ ਸਾਧਾਂ ਬਾਬਿਆਂ ਸਮੇਤ ਸੱਭ) ਨੂੰ ਪਤਾ ਹੈ ਕਿ ਰਾਮ ਦਾ ਜਨਮ ਕਿਥੇ ਹੋਇਆ ਸੀ ਅਤੇ ਉਹ ਉਸ ਥਾਂ ਇਕ 15ਵੀਂ ਸਦੀ ਵਿਚ ਬਣਾਈ ਮਸਜਿਦ ਨੂੰ ਢਾਹ ਕੇ ਅਪਣੇ ਭਗਵਾਨ ਦੀ ਜਨਮਭੂਮੀ ਵਾਪਸ ਲੈ ਸਕਦੇ ਹਨ ਪਰ ਦੂਜੇ ਪਾਸੇ ਸ਼੍ਰੋਮਣੀ ਕਮੇਟੀ ਸਿੱਖਾਂ ਦੇ ਇਤਿਹਾਸ ਨੂੰ ਸੁਰੱਖਿਅਤ ਕਰਨ ਵਿਚ ਇਕ ਵਾਰੀ ਫਿਰ ਤੋਂ ਹਾਰ ਗਈ ਲਗਦੀ ਹੈ।

'ਮੰਗੂ ਮੱਠ', ਜਿਥੇ ਬਾਬਾ ਨਾਨਕ ਅੱਜ ਤੋਂ 500 ਸਾਲ ਪਹਿਲਾਂ ਅਪਣੀ ਯਾਤਰਾ ਦੌਰਾਨ ਗਏ ਸਨ, ਉਥੋਂ ਦਾ ਉੜੀਆ ਸਾਹਿਤ ਦਸਦਾ ਹੈ ਕਿ ਉਨ੍ਹਾਂ ਨੇ ਉਥੇ ਹੀ 'ਗਗਨ ਮੈ ਥਾਲ' ਵਾਲੀ ਆਰਤੀ ਲਿਖੀ ਸੀ। ਉੜੀਆ ਇਤਿਹਾਸਕਾਰ ਉਨ੍ਹਾਂ ਦੀ ਪ੍ਰੇਰਨਾ ਨੂੰ ਕਿਸੇ ਨਾਲ ਵੀ ਜੋੜ ਲੈਣ, ਆਰਤੀ ਆਪ ਹੀ ਬਾਬਾ ਨਾਨਕ ਦੀ ਕਾਇਨਾਤ ਦੇ ਸਿਰਜਣਹਾਰ ਨਾਲ ਇਕ ਖ਼ਾਸ 'ਏਕਤਾ' ਦਰਸਾਉਂਦੀ ਹੈ।

ਉਹ ਆਰਤੀ ਇਤਿਹਾਸ ਵਿਚ ਦੁਨੀਆਂ ਦੀ ਸਭ ਤੋਂ ਖ਼ੂਬਸੂਰਤ ਆਰਤੀ ਮੰਨੀ ਜਾਂਦੀ ਹੈ। ਜੋ ਵੀ ਉਸ ਨੂੰ ਸਮਝਦਾ ਹੈ, ਉਹ ਉਨ੍ਹਾਂ ਦੀ ਸੋਚ ਸਾਹਮਣੇ ਝੁਕ ਜਾਂਦਾ ਹੈ। ਟੈਗੋਰ ਨੂੰ ਵੀ ਜਦ ਕਿਹਾ ਗਿਆ ਕਿ ਉਹ ਦੁਨੀਆਂ ਵਾਸਤੇ ਇਕ ਐਂਥਮ ਲਿਖਣ ਤਾਂ ਉਨ੍ਹਾਂ ਕਿਹਾ ਕਿ ਇਸ ਆਰਤੀ ਸਾਹਮਣੇ ਹੋਰ ਕੁੱਝ ਵੀ ਲਿਖਣ ਦੀ ਲੋੜ ਨਹੀਂ। ਉਨ੍ਹਾਂ ਖ਼ੁਦ ਇਸ ਆਰਤੀ ਦਾ ਬੰਗਾਲੀ ਭਾਸ਼ਾ 'ਚ ਤਰਜਮਾ ਕੀਤਾ।

ਸੰਯੁਕਤ ਰਾਸ਼ਟਰ ਨੇ ਇਸ ਦਾ ਅਨੁਵਾਦ ਕਰਵਾ ਕੇ ਅਪਣਾ ਸਿਰ ਬਾਬੇ ਨਾਨਕ ਅੱਗੇ ਝੁਕਾਇਆ। ਪਰ ਜਦੋਂ ਨਵੀਨ ਪਟਨਾਇਕ ਦੀ ਸਰਕਾਰ ਵਲੋਂ ਜਗਨਨਾਥ ਮੰਦਰ ਦੀ ਪੱਕੀ ਉਸਾਰੀ ਕਰਨ ਲਈ ਇਸ ਮੱਠ ਨੂੰ ਤੋੜਨ ਦੀ ਯੋਜਨਾ ਬਣਾਈ ਗਈ ਤਾਂ ਸ਼੍ਰੋਮਣੀ ਕਮੇਟੀ ਦੇ ਮਾਹਰਾਂ ਨੇ ਪਹਿਲਾਂ ਤਾਂ ਕਿਹਾ ਕਿ ਕੋਈ ਸਬੂਤ ਹੀ ਨਹੀਂ ਮਿਲਦਾ ਕਿ ਬਾਬਾ ਨਾਨਕ ਇਥੇ ਆਏ ਸਨ। ਫਿਰ ਜਦ ਲੋਕਾਂ ਦਾ ਰੋਹ ਵੇਖਿਆ ਤਾਂ ਅਪਣੇ ਸ਼ਬਦ ਵਾਪਸ ਲੈ ਲਏ।

ਸੁਪਰੀਮ ਕੋਰਟ ਵਿਚ ਇਕ ਸਿੱਖ ਇਕੱਲਾ ਜਾ ਕੇ ਰੋਕ ਦੇ ਆਰਡਰ ਲੈ ਆਇਆ ਪਰ ਜਦੋਂ ਸਿੱਖਾਂ ਦੀ ਪ੍ਰਤੀਨਿਧ ਸੰਸਥਾ ਹੀ ਕੋਈ ਜ਼ਿੰਮੇਵਾਰੀ ਲੈਣ ਤੋਂ ਪਾਸਾ ਵੱਟ ਜਾਵੇ ਤਾਂ ਨਵੀਨ ਪਟਨਾਇਕ ਵਰਗੇ ਮੁੱਖ ਮੰਤਰੀ ਕਿਉਂ ਨਾ ਸਿੱਖਾਂ ਦੇ ਇਤਿਹਾਸ ਨਾਲ ਖਿਲਵਾੜ ਕਰਨ? ਰੋਜ਼ਾਨਾ ਸਪੋਕਸਮੈਨ ਦੇ ਪੱਤਰਕਾਰ ਨੇ ਪਿਛਲੇ ਦਿਨ ਜਗਨਨਾਥ ਪੁਰੀ 'ਚ ਜਾ ਕੇ ਜੋ ਜਾਣਕਾਰੀ ਇਕੱਤਰ ਕੀਤੀ, ਉਹ ਏਨੀ ਭਰਪੂਰ ਹੈ ਕਿ ਸ਼੍ਰੋਮਣੀ ਕਮੇਟੀ ਦੇ ਅਖੌਤੀ ਮਾਹਰ, ਕਈ ਕਈ ਸਾਲ ਲਾ ਕੇ ਵੀ ਨਹੀਂ ਲੱਭ ਸਕਦੇ।

ਇਸ ਲਾਪ੍ਰਵਾਹੀ ਦਾ ਫ਼ਾਇਦਾ ਉਠਾ ਕੇ ਜੋ ਜ਼ਮੀਨ ਬਾਬੇ ਨਾਨਕ ਦੇ ਵਾਰਸਾਂ ਦੀ ਸੀ, ਉਸ ਦਾ ਮਾਲਕਾਨਾ ਹੱਕ ਸਰਕਾਰ ਨੇ ਜਗਨਨਾਥ ਮੰਦਰ ਦੇ ਨਾਂ ਕਰਵਾ ਲਿਆ।
ਸੱਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ 1987 ਤੋਂ ਪਹਿਲਾਂ ਇਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਹੁੰਦਾ ਸੀ ਪਰ 1980ਵਿਆਂ ਤੋਂ ਬਾਅਦ ਅਸੀਂ ਵੇਖਦੇ ਆ ਰਹੇ ਹਾਂ ਕਿ ਕਈ ਢੰਗ ਵਰਤ ਕੇ, ਸਿੱਖ ਇਤਿਹਾਸ ਨੂੰ ਖ਼ਤਮ ਕੀਤਾ ਜਾ ਰਿਹਾ ਹੈ।

ਜਿਥੇ ਦਰਬਾਰ ਸਾਹਿਬ ਉਤੇ ਫ਼ੌਜ ਦੀਆਂ ਗੋਲੀਆਂ ਦੇ ਨਿਸ਼ਾਨ ਸਨ, ਉਨ੍ਹਾਂ ਨੂੰ ਮਿਟਾ ਕੇ ਅਜਿਹੀ ਮੀਨਾਕਾਰੀ ਕਰ ਦਿਤੀ ਗਈ ਹੈ ਜੋ ਇਤਿਹਾਸਕ ਸੂਝ ਬੂਝ ਦਾ ਦੀਵਾਲਾ ਨਿਕਲਿਆ ਹੋਣ ਦਾ ਸਬੂਤ ਬਣ ਕੇ ਰਹਿ ਗਈ ਹੈ। ਬਾਬਿਆਂ ਦੀਆਂ ਤਸਵੀਰਾਂ ਲਾ ਦਿਤੀਆਂ ਗਈਆਂ ਹਨ ਜੋ ਦਰਬਾਰ ਸਾਹਿਬ ਵਿਖੇ ਆਉਣ ਵਾਲੇ ਸ਼ਰਧਾਲੂਆਂ ਦੇ ਦਿਮਾਗ਼ਾਂ ਉਤੇ ਅਸਰ ਕਰਦੀਆਂ ਹਨ।

ਸਿੱਖ ਰੈਫ਼ਰੈਂਸ ਲਾਇਬ੍ਰੇਰੀ ਅਤੇ ਗੁਰੂ ਸਾਹਿਬਾਨ ਦੇ ਹੱਥਲਿਖਤ ਗ੍ਰੰਥ ਗ਼ਾਇਬ ਹੋ ਗਏ ਹਨ ਪਰ ਸ਼੍ਰੋਮਣੀ ਕਮੇਟੀ ਸਿੱਖਾਂ ਨੂੰ 'ਫ਼ੌਜ ਚੁਕ ਕੇ ਲੈ ਗਈ' ਕਹਿ ਕੇ ਸਾਲਾਂ ਤੋਂ ਗੁਮਰਾਹ ਕਰਦੀ ਰਹੀ ਹੈ ਅਤੇ ਹੁਣ ਇਕ ਵਿਸ਼ੇਸ਼ ਜਾਂਚ ਟੀਮ ਬਣਾ ਕੇ ਮਾਮਲੇ ਨੂੰ ਦਫ਼ਨ ਕਰ ਰਹੀ ਹੈ। ਨਾਨਕਸ਼ਾਹੀ ਕੈਲੰਡਰ ਨੂੰ ਬਾਬਾ ਨਾਨਕ ਦੀ ਸੋਚ ਤੇ ਆਧਾਰਤ ਨਹੀਂ, ਬ੍ਰਾਹਮਣੀ ਰਵਾਇਤਾਂ ਦੀ ਨਕਲ-ਮਾਤਰ ਬਣਾ ਦਿਤਾ ਗਿਆ ਹੈ ਤੇ ਸਿੱਖ ਵਿਦਵਾਨਾਂ ਦੀ ਮਿਹਨਤ ਅਤੇ ਖੋਜ ਨੂੰ ਪ੍ਰਵਾਨ ਕਰ ਚੁੱਕਣ ਮਗਰੋਂ ਵੀ ਡੇਰੇਦਾਰਾਂ ਦੇ ਪੈਰਾਂ ਵਿਚ ਸੁਟ ਦਿਤਾ ਗਿਆ ਹੈ।

ਹੋਰ ਵੀ ਕਿੰਨੇ ਹੀ ਗੁਰਧਾਮ ਹਨ ਜਿਨ੍ਹਾਂ ਨੂੰ ਕਾਰ ਸੇਵਾ ਬਾਬਿਆਂ ਕੋਲ ਪਿਛਲੇ ਦਰਵਾਜ਼ਿਉਂ 'ਵੇਚ' ਕੇ ਸ਼੍ਰੋਮਣੀ ਕਮੇਟੀ ਨੇ 1984 ਤੋਂ ਬਾਅਦ ਬਾਬੇ ਨਾਨਕ ਦੀ ਯਾਦ ਨੂੰ ਫਿੱਕਾ ਪਾ ਕੇ ਹੀ ਸਬਰ ਕੀਤਾ ਹੈ। ਮਸਲਾ ਜ਼ਮੀਨ ਦਾ ਨਹੀਂ, ਮਸਲਾ ਇਹ ਹੈ ਕਿ ਐਸ.ਜੀ.ਪੀ.ਸੀ. ਅੱਜ ਸਿੱਖ ਫ਼ਲਸਫ਼ੇ ਦੀ ਰਾਖੀ ਕਿਤੇ ਨਹੀਂ ਕਰ ਰਹੀ। ਕਿਉਂ ਉਨ੍ਹਾਂ ਨੂੰ ਅਪਣੇ ਇਤਿਹਾਸ ਦੀ ਰਾਖੀ ਕਰਨ ਦੀ ਅਹਿਮੀਅਤ ਸਮਝ ਨਹੀਂ ਆਉਂਦੀ? 1984 ਤੋਂ ਬਾਅਦ ਅਜਿਹਾ ਕੀ ਹੋਇਆ ਹੈ ਕਿ ਸ਼੍ਰੋਮਣੀ ਕਮੇਟੀ ਅਪਣਾ ਫ਼ਰਜ਼ ਹੀ ਭੁੱਲ ਗਈ ਹੈ?

ਸ਼੍ਰੋਮਣੀ ਕਮੇਟੀ ਦੇ 'ਬਾਬਾਵਾਦ' ਦਾ ਅਸਰ ਕੀ ਹੋ ਰਿਹਾ ਹੈ, ਉਸ ਦੀ ਇਕ ਉਦਾਹਰਣ ਦੇਣੀ ਹੀ ਕਾਫ਼ੀ ਹੋਵੇਗੀ। ਇਕ ਪੰਜਾਬੀ ਡਿਜੀਟਲ ਚੈਨਲ ਵਿਚ ਇਕ ਬਾਬੇ ਦੀ 'ਕਰਾਮਾਤੀ' ਤਾਕਤ ਨਾਲ ਕੈਂਸਰ ਦਾ ਰੋਗ ਠੀਕ ਹੋਣ ਦੇ ਦਾਅਵੇ ਦਾ ਹਵਾਲਾ ਦੇ ਕੇ ਇਕ ਸਿੱਖ ਔਰਤ ਆਖਦੀ ਹੈ ਕਿ ਬਾਬਾ ਨਾਨਕ ਵੀ ਤਾਂ ਹੱਥ ਫੇਰ ਕੇ ਬਿਮਾਰੀਆਂ ਦੂਰ ਕਰਦੇ ਸਨ। 1984 ਤੋਂ ਬਾਅਦ ਸ਼੍ਰੋਮਣੀ ਕਮੇਟੀ ਦੀ ਕਮਜ਼ੋਰੀ ਨੇ ਸਿੱਖਾਂ ਦੀ ਸੋਚਣੀ ਨੂੰ ਸਿੱਖ ਫ਼ਲਸਫ਼ੇ ਤੋਂ ਦੂਰ ਕਰ ਦਿਤਾ ਹੈ। ਸ਼੍ਰੋਮਣੀ ਕਮੇਟੀ ਦੀ ਨਾਕਾਮੀ ਸਿੱਖ ਪੰਥ ਦੀ ਨਾਕਾਮੀ ਬਣਦੀ ਜਾ ਰਹੀ ਹੈ।  -ਨਿਮਰਤ ਕੌਰ