ਗੁਰਬਾਣੀ ਦਾ ਸੁਨੇਹਾ ਲੋਕਾਂ ਤਕ ਪਹੁੰਚਾਉਣ ਲਈ ਹੁਣ ਇਕ ਵਪਾਰੀ ਤੋਂ 'ਆਗਿਆ' ਲਈ ਜਾਏ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਇਸ ਦਾ ਜਵਾਬ ਅਸੀ ਕਲ ਵੀ ਦਿਤਾ ਸੀ ਕਿ ਨਹੀਂ ਲਵਾਂਗੇ ਅਤੇ ਅੱਜ ਫਿਰ ਆਖਦੇ ਹਾਂ ਕਿ ਹਰਗਿਜ਼ ਨਹੀਂ ਲਵਾਂਗੇ।

Photo

ਪੀ.ਟੀ.ਸੀ. ਦੇ ਪ੍ਰਧਾਨ ਰਬਿੰਦਰ ਨਾਰਾਇਣ ਨੇ ਅਪਣਾ ਪੱਖ ਰਖਦੇ ਹੋਏ ਸਾਰੇ ਅਦਾਰਿਆਂ ਨੂੰ ਆਖਿਆ ਹੈ ਕਿ ਉਨ੍ਹਾਂ ਨਾਲ ਗੱਲ ਕਰਨ ਤਾਂ ਉਹ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਵਲੋਂ ਦਰਬਾਰ ਸਾਹਿਬ ਤੋਂ ਉਚਾਰੇ ਗਏ ਦਿਨ ਦੇ ਪਹਿਲੇ ਹੁਕਮਨਾਮੇ ਦੇ ਇਸਤੇਮਾਲ ਦੀ ਇਜਾਜ਼ਤ ਦੇ ਦੇਣਗੇ। ਕੀ ਸਾਨੂੰ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਨੂੰ ਅੱਗੇ ਹੋਰ ਲੋਕਾਂ ਤਕ ਪਹੁੰਚਾਉਣ ਲਈ ਇਕ ਚੈਨਲ ਦੇ ਐਮ.ਡੀ. ਕੋਲੋਂ  ਇਜਾਜ਼ਤ ਲੈਣੀ ਪਵੇਗੀ?

ਇਸ ਦਾ ਜਵਾਬ ਅਸੀ ਕਲ ਵੀ ਦਿਤਾ ਸੀ ਕਿ ਨਹੀਂ ਲਵਾਂਗੇ ਅਤੇ ਅੱਜ ਫਿਰ ਆਖਦੇ ਹਾਂ ਕਿ ਹਰਗਿਜ਼ ਨਹੀਂ ਲਵਾਂਗੇ। ਸਾਡੇ ਗੁਰੂ ਗ੍ਰੰਥ ਸਾਹਿਬ ਅਤੇ ਸਾਡੇ ਵਿਚਕਾਰ ਪੀ.ਟੀ.ਸੀ. ਅਤੇ ਰਾਬਿੰਦਰ ਨਾਰਾਇਣ ਅੜਿੱਕਾ ਨਹੀਂ ਬਣ ਸਕਦੇ। ਇਹ ਤਾਂ ਉਸ ਤਰ੍ਹਾਂ ਹੀ ਹੈ ਜਿਵੇਂ ਸੰਵਿਧਾਨ ਦੇ ਇਕ ਆਰਟੀਕਲ ਉਤੇ ਹਰ ਰੋਜ਼ ਚਰਚਾ ਸ਼ੁਰੂ ਕਰ ਕੇ ਕੋਈ ਚੈਨਲ ਦਾਅਵਾ ਕਰਨ ਲੱਗ ਪਵੇ ਕਿ ਹੁਣ ਇਸ ਆਰਟੀਕਲ ਬਾਰੇ ਗੱਲ ਕਰਨ ਲਈ ਚੈਨਲ ਦੇ ਐਮ.ਡੀ. ਦੀ 'ਆਗਿਆ' ਲੈਣੀ ਜ਼ਰੂਰੀ ਹੈ।

ਜੋ ਚੀਜ਼ ਤਿਆਰ ਹੀ ਲੋਕਾਂ ਲਈ ਅਤੇ ਲੋਕਾਂ ਵਾਸਤੇ ਗਈ ਹੋਵੇ, ਉਸ ਉਤੇ ਕਿਸੇ ਇਕ ਦਾ ਅਧਿਕਾਰ ਨਹੀਂ ਬਣਾਇਆ ਜਾ ਸਕਦਾ। ਨਾਰਾਇਣ ਵਲੋਂ ਕੁੱਝ ਗੱਲਾਂ ਆਖੀਆਂ ਗਈਆਂ ਹਨ ਅਤੇ ਅਦਾਰਾ 'ਉੱਚਾ ਦਰ ਬਾਬੇ ਨਾਨਕ ਦਾ' ਵਲ ਵੀ ਇਸ਼ਾਰਾ ਕੀਤਾ ਗਿਆ ਹੈ। ਜਵਾਬ ਦੇਣਾ ਚਾਹੁੰਦੇ ਹਾਂ। ਪਹਿਲਾਂ ਉਹ ਆਖਦੇ ਹਨ ਕਿ ਇਹ 'ਸੇਵਾ' ਉਨ੍ਹਾਂ ਨੂੰ ਟੌਹੜਾ ਸਾਹਬ ਨੇ ਦਿਤੀ ਸੀ, ਸੋ ਸਾਲਾਨਾ ਡੇਢ ਕਰੋੜ ਰੁਪਏ ਵਿਚ ਉਨ੍ਹਾਂ ਨੇ ਦਰਬਾਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਨ ਦਾ ਹੱਕ ਖ਼ਰੀਦਿਆ ਹੋਇਆ ਹੈ।

ਨਾਰਾਇਣ ਵਪਾਰੀ ਹਨ, ਸੋ ਉਨ੍ਹਾਂ ਤੋਂ ਹੋਰ ਸਵਾਲ ਨਹੀਂ ਪੁਛਦੇ। ਪਰ ਕੀ ਸ਼੍ਰੋਮਣੀ ਕਮੇਟੀ ਜਾਂ ਗਿਆਨੀ ਹਰਪ੍ਰੀਤ ਸਿੰਘ ਗੁਰਬਾਣੀ ਦੇ ਇਸ ਸੌਦੇ ਦੀ ਪੁਸ਼ਟੀ ਕਰਦੇ ਹਨ? ਕੀ ਸੰਗਤ ਦਾ ਚੜ੍ਹਾਵਾ ਘੱਟ ਪੈ ਗਿਆ ਹੈ? ਗੁਰੂ ਦਾ ਸ਼ਬਦ ਨਾਰਾਇਣ ਨੂੰ ਡੇਢ ਕਰੋੜ ਵਿਚ ਵੇਚਣ ਦੀ ਲੋੜ ਕਿਉਂ ਪੈ ਗਈ? ਲੋੜ ਹੈ ਤਾਂ ਸਾਰੀ ਸੰਗਤ ਅਪਣਾ ਚੜ੍ਹਾਵਾ ਵਧਾ ਦਿੰਦੀ ਹੈ, ਤੁਸੀਂ ਗੁਰਬਾਣੀ ਨੂੰ ਤਾਂ ਨਾ ਵੇਚੋ ਤੇ ਸਰਬੱਤ ਸੰਸਾਰ ਲਈ ਦਿਤਾ ਸੰਦੇਸ਼ ਇਕ ਵਪਾਰੀ ਦੇ ਕਬਜ਼ੇ ਹੇਠ ਤਾਂ ਨਾ ਕਰੋ।

ਫਿਰ ਨਾਰਾਇਣ ਆਖਦੇ ਹਨ ਕਿ ਪੰਜਾਬ ਦੇ ਕਈ ਅਦਾਰੇ ਗੁਰਬਾਣੀ ਦੇ ਪ੍ਰਸਾਰਣ ਨਾਲ ਅਪਣਾ ਫ਼ੇਸਬੁਕ ਪੇਜ ਪ੍ਰਸਾਰਨਾ ਚਾਹੁੰਦੇ ਹਨ। ਉਨ੍ਹਾਂ ਦੀ ਜਾਣਕਾਰੀ ਲਈ ਦਸ ਦਈਏ ਕਿ ਇਹ ਸਿਰਫ਼ ਅਤੇ ਸਿਰਫ਼ ਦਿਨ ਦਾ ਪਹਿਲਾ ਕੰਮ ਰੱਬ ਦਾ ਨਾਂ ਲੈਣ ਦਾ ਨਿਤਨੇਮ ਹੈ ਅਤੇ ਅਸੀ, ਸਪੋਕਸਮੈਨ ਟੀ.ਵੀ. ਇਸ ਤੋਂ ਇਕ ਵੀ ਪੈਸਾ ਨਹੀਂ ਬਣਾਉਂਦੇ।

ਹਾਂ ਕਿਉਂਕਿ ਉਨ੍ਹਾਂ ਨੇ ਗੁਰਬਾਣੀ ਦੇ ਪ੍ਰਸਾਰਣ ਨੂੰ ਪੈਸੇ ਦੀ ਤਕੜੀ ਤੇ ਤੋਲ ਕੇ ਖ਼ਰੀਦਣ ਦਾ ਦਾਅਵਾ ਕੀਤਾ ਹੈ ਤੇ ਇਸ ਨੂੰ ਹੋਰ ਲੋਕਾਂ ਤਕ ਪਹੁੰਚਾਉਣ ਲਈ ਅਪਣੀ 'ਆਗਿਆ' ਨੂੰ ਜ਼ਰੂਰੀ ਬਣਾਇਆ ਹੋਇਆ ਹੈ ਅਤੇ ਇਸ ਪ੍ਰਬੰਧ ਨਾਲ ਕਦੇ ਪਾਰਟੀ ਨੂੰ ਅਤੇ ਕਦੇ ਪੀ.ਟੀ.ਸੀ. ਨੂੰ ਚਲਾਇਆ ਹੈ, ਜਿਸ ਕਰ ਕੇ ਉਨ੍ਹਾਂ ਨੂੰ ਸਾਡੇ ਵਿਚ ਵੀ ਪੈਸੇ ਦਾ ਲਾਲਚ ਨਜ਼ਰ ਆਉਂਦਾ ਹੈ।

ਜਿਸ ਪਾਰਟੀ ਦੀ ਮਿਹਰ ਸਦਕਾ ਉਨ੍ਹਾਂ ਨੂੰ ਇਹ ਡੇਢ ਕਰੋੜ 'ਸੇਵਾ' ਮਿਲੀ ਹੈ, ਉਸ ਪਾਰਟੀ ਦੀ ਸਰਕਾਰ ਨੇ ਸ਼ਾਇਦ ਪੰਜਾਬ ਵਿਚ ਇਕ ਵੀ ਕੋਈ ਹੋਰ ਪੰਜਾਬੀ ਚੈਨਲ ਇਸੇ ਲਈ ਨਹੀਂ ਚਲਣ ਦਿਤਾ ਅਤੇ ਸਿੱਖਾਂ ਦੀਆਂ ਧਾਰਮਕ ਭਾਵਨਾਵਾਂ ਨੂੰ ਵੇਚਣ ਖ਼ਰੀਦਣ ਵਾਲਾ ਵਪਾਰ ਬਣਾ ਕੇ ਗੁਰਬਾਣੀ ਨੂੰ ਇਕ ਵਪਾਰੀ ਕੋਲ ਗਿਰਵੀ ਕਰ ਦਿਤਾ ਹੈ ਜਿਸ ਦੀ 'ਆਗਿਆ' ਬਿਨਾਂ ਬਾਣੀ ਦਾ ਇਕ ਭਾਗ, ਨਿਸ਼ਕਾਮ ਰੂਪ ਵਿਚ ਵੀ ਅਸੀ ਹੋਰ ਲੋਕਾਂ ਤਕ ਨਹੀਂ ਪਹੁੰਚਾ ਸਕਦੇ।

ਹੁਣ ਜਦੋਂ ਪੀ.ਟੀ.ਸੀ. ਦੇ ਪੈਰ ਨਹੀਂ ਜੰਮ ਰਹੇ ਕਿਉਂਕਿ ਇਥੇ ਸਾਰੇ ਪੰਜਾਬੀ ਪੱਤਰਕਾਰਾਂ ਨੂੰ ਖੁਲ੍ਹ ਹੈ ਕਿ ਉਹ ਅਪਣਾ ਆਜ਼ਾਦੀ ਨਾਲ ਕੰਮ ਕਰਨ, ਤਾਂ ਨਾਰਾਇਣ ਸ਼ਾਇਦ ਘਬਰਾ ਗਏ ਹਨ। ਹੁਣ ਉਹ ਗੁਰਬਾਣੀ ਦੇ ਕਬਜ਼ੇ ਰਾਹੀਂ ਡਿਜੀਟਲ ਅਤੇ ਸੱਚ ਦੀ ਆਵਾਜ਼ ਨੂੰ ਖ਼ਤਮ ਕਰਨਾ ਚਾਹੁੰਦੇ ਹਨ ਕਿਉਂਕਿ ਉਹ ਪੀ.ਟੀ.ਸੀ. ਨੂੰ ਗੁਰਬਾਣੀ ਉਤੇ ਕਬਜ਼ਾ ਕੀਤੇ ਬਗ਼ੈਰ ਅਤੇ ਅਪਣੀ 'ਆਗਿਆ' ਨੂੰ ਸ਼ਰਤ ਬਣਾਏ ਬਗ਼ੈਰ, ਨਹੀਂ ਚਲਾ ਸਕਦੇ।

ਇਸ ਦਾ ਇਹ ਮਤਲਬ ਨਹੀਂ ਕਿ ਪੰਜਾਬ ਵਿਚ ਟੈਲੈਂਟ ਨਹੀਂ ਰਹੀ। ਜਿਥੇ ਹਰ ਸੂਬੇ ਦੇ ਅਨੇਕਾਂ ਚੈਨਲ ਹਨ, ਉਥੇ ਪੀ.ਟੀ.ਸੀ. ਦੇ ਗੁਰਬਾਣੀ ਉਤੇ ਕਬਜ਼ੇ ਕਾਰਨ ਪੰਜਾਬ ਦੇ ਚੈਨਲ ਕੇਵਲ ਵਿਦੇਸ਼ਾਂ ਵਿਚ ਹੀ ਪਨਪ ਰਹੇ ਹਨ। ਤੀਜਾ ਉਨ੍ਹਾਂ ਆਖਿਆ ਹੈ ਕਿ ਅਸੀ ਫ਼ੇਸਬੁੱਕ ਉਤੇ ਅਪਣੀ ਮਸ਼ਹੂਰੀ ਵਾਸਤੇ ਗੁਰਬਾਣੀ/ਹੁਕਮਨਾਮੇ ਦੀ ਵਰਤੋਂ ਕਰਦੇ ਹਾਂ ਅਤੇ ਹੁਕਮਨਾਮੇ ਤੋਂ ਬਾਅਦ ਸਿੱਖੀ ਦੀ ਗੱਲ ਨਹੀਂ ਕਰਦੇ।

ਕਦੇ ਵੇਖਣਾ ਕਿ ਦਰਬਾਰ ਸਾਹਿਬ ਦੇ ਪ੍ਰਸਾਰਣ ਤੋਂ ਬਾਅਦ ਨਾਰਾਇਣ ਜੀ ਕਿਹੜੇ ਗੀਤ ਵਿਖਾਉਂਦੇ ਹਨ? ਗੁਰਬਾਣੀ ਕੀਰਤਨ ਦੇ ਸਮੇਂ ਦੌਰਾਨ ਇਸ਼ਤਿਹਾਰਾਂ ਦੇ ਰੇਟਾਂ ਦੇ ਵੇਰਵਾ ਉਹ ਆਪ ਹੀ ਦੇ ਦੇਣ ਨਹੀਂ ਤਾਂ ਇਹ ਸੇਵਾ ਵੀ ਸਾਨੂੰ ਕਰਨੀ ਪਵੇਗੀ। ਇਸ ਦੇ ਬਦਲੇ ਸਿਰਫ਼ ਅਤੇ ਸਿਰਫ਼ ਅਕਾਲੀ ਦਲ ਤੇ ਇਕ ਪ੍ਰਵਾਰ ਦਾ ਪ੍ਰਚਾਰ ਹੁੰਦਾ ਹੈ। ਸਾਡਾ ਅਦਾਰਾ ਸਿਰਫ਼ ਅਤੇ ਸਿਰਫ਼ ਪੰਜਾਬ ਦੇ ਲੋਕਾਂ ਦੀ ਗੱਲ ਕਰਦਾ ਹੈ।

ਸਾਡੇ ਅਦਾਰੇ ਵਲੋਂ ਇਕ ਗ਼ੈਰ-ਸਰਕਾਰੀ ਸੰਗਠਨ ਪਿਛਲੇ 19 ਸਾਲਾਂ ਤੋਂ ਚਲਾਇਆ ਜਾ ਰਿਹਾ ਹੈ ਜਿਸ ਵਿਚ ਹਰ ਸਾਲ 120-150 ਗ਼ਰੀਬ ਬੱਚਿਆਂ ਦੀ ਪੜ੍ਹਾਈ ਮੁਫ਼ਤ ਕੀਤੀ ਜਾਂਦੀ ਹੈ। ਪਰ ਅਸੀਂ 19 ਇਸ਼ਤਿਹਾਰ ਵੀ ਨਹੀਂ ਲਗਾਏ ਜਦਕਿ ਇਨ੍ਹਾਂ ਦੇ ਚੈਨਲ ਉਤੇ ਹਰ ਮਿੰਟ ਬਾਅਦ ਉਸ ਐਨ.ਜੀ.ਓ. ਦਾ ਇਸ਼ਤਿਹਾਰ ਚਲਦਾ ਹੈ ਜਿਸ ਨੇ ਸ਼ਾਇਦ ਹੀ 100 ਬੱਚੀਆਂ ਦੀ ਮਦਦ ਕੀਤੀ ਹੋਵੇ।

ਨਾਰਾਇਣ ਨੇ 'ਉੱਚਾ ਦਰ' ਅਤੇ ਉਸ ਵਿਚ ਪਾਠਕਾਂ ਦੇ ਯੋਗਦਾਨ ਵਲ ਵੀ ਇਸ਼ਾਰਾ ਕੀਤਾ ਅਤੇ ਆਖਿਆ ਕਿ ਇਹ ਵੀ ਗੁਰਬਾਣੀ ਦੇ ਪ੍ਰਚਾਰ ਦਾ ਕੰਮ ਕਰਨਾ ਚਾਹੁੰਦੇ ਹਨ। ਇਤਰਾਜ਼ ਸਮਝ ਨਹੀਂ ਆਇਆ। ਕੀ ਹੁਣ ਨਾਰਾਇਣ ਨੂੰ ਗੁਰੂ ਗ੍ਰੰਥ ਸਾਹਿਬ ਦਾ ਕਬਜ਼ਾ ਵੀ ਦੇ ਦਿਤਾ ਗਿਆ ਹੈ ਅਤੇ ਸਾਨੂੰ ਇਨ੍ਹਾਂ ਦੀ ਇਜਾਜ਼ਤ ਲੈਣੀ ਹੋਵੇਗੀ? ਨਾਰਾਇਣ ਬੰਗਾਲੀ ਹਨ ਅਤੇ ਜਾਣਦੇ ਨਹੀਂ ਕਿ ਗੁਰੂ ਦੀ ਬਾਣੀ ਕਿਸੇ ਇਕ ਦੀ ਨਹੀਂ, ਸਾਰਿਆਂ ਦੀ ਸਾਂਝੀ ਹੈ, ਭਾਵੇਂ ਉਹ ਚੋਰ ਹੋਵੇ ਜਾਂ ਸਾਧ।

'ਉੱਚਾ ਦਰ ਬਾਬੇ ਨਾਨਕ ਦਾ' ਸਪੋਕਸਮੈਨ ਤੇ ਉਸ ਦੇ ਪਾਠਕਾਂ ਵਲੋਂ ਲਿਆਂਦੀ ਗਈ ਕ੍ਰਾਂਤੀ ਹੈ ਜੋ ਗੋਲਕ ਚੋਰੀ ਤੇ ਨਹੀਂ ਬਲਕਿ ਕਿਰਤ ਦੀ ਕਮਾਈ ਤੇ ਨਿਰਭਰ ਹੈ।
ਅਸੀਂ ਨਾ ਗੁਰਬਾਣੀ ਉਤੇ ਕਬਜ਼ਾ ਜਤਾ ਕੇ ਅਪਣੇ ਅਦਾਰੇ ਚਲਾਉਂਦੇ ਹਾਂ ਅਤੇ ਨਾ ਮੁਨਾਫ਼ੇ ਪਿੱਛੇ ਕਦੇ ਸੈਕੁਲਰ ਅਤੇ ਕਦੇ ਪੰਥਕ ਬਣਦੇ ਹਾਂ।

ਅਸੀ ਪੰਜਾਬ ਦੀ ਧਰਤੀ ਨੂੰ ਪਿਆਰ ਕਰਨ ਵਾਲੇ ਹਾਂ ਅਤੇ ਸਾਡੀ ਸੋਚ, ਸਾਡੀ ਤਾਕਤ, ਸਿਰਫ਼ ਸਾਡੇ ਗੁਰੂ ਦੀ ਬਾਣੀ ਹੈ ਅਤੇ ਅਸੀ ਬਾਣੀ ਬਾਰੇ 'ਆਗਿਆ' ਸਿਰਫ਼ ਤੇ ਸਿਰਫ਼ ਅਪਣੇ ਗੁਰੂ ਕੋਲੋਂ ਲੈਂਦੇ ਹਾਂ। ਜੇ ਗੁਰੂ ਨੇ ਕਿਤੇ ਲਿਖਿਆ ਹੈ ਕਿ ਬਾਣੀ ਅਤੇ ਸਿੱਖ ਵਿਚਕਾਰ ਇਕ ਵਪਾਰੀ ਵੀ ਆ ਸਕਦਾ ਹੈ ਤਾਂ ਦਿਖਾ ਦਿਉ। ਉਦੋਂ ਤਕ ਵਪਾਰੀ ਜੀ ਅਪਣੇ ਨਾਜਾਇਜ਼ ਕਬਜ਼ੇ ਸਦਕਾ ਕਮਾਉਣ ਇਸ਼ਤਿਹਾਰੀ ਮੁਨਾਫ਼ੇ। ਸਾਡੇ ਵਾਸਤੇ ਸਿਧਾਂਤਾਂ ਦੀ ਕਿਰਤ ਹੀ ਕਾਫ਼ੀ ਹੈ।  -ਨਿਮਰਤ ਕੌਰ