ਆਮ ਆਦਮੀ ਦੀ, ਮਨਮਰਜ਼ੀ ਨਾਲ ਅਪਣੇ ਫ਼ੈਸਲੇ ਲੈਣ ਤੇ ਰੋਕ ਹੁਕਮਾਂ ਨਾਲ ਵੀ ਤੇ ਚਾਲਬਾਜ਼ੀਆਂ ਰਾਹੀਂ ਵੀ

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਦੁੱਖ ਦੀ ਗੱਲ ਇਹ ਹੈ ਕਿ ਇਹ ਤਜਰਬੇ ਉਨ੍ਹਾਂ ਉਤੇ ਹੋਣ ਜਾ ਰਹੇ ਹਨ ਜਿਨ੍ਹਾਂ ਅਪਣੀ ਜਾਨ ਖ਼ਤਰੇ ਵਿਚ ਪਾ ਕੇ ਇਸ ਸਾਲ ਦੇਸ਼ ਦੀ ਸੇਵਾ ਕੀਤੀ ਹੈ

Covid Vaccine

ਇਕ ਗ਼ਰੀਬ ਦੇਸ਼ ਵਿਚ ਕੀ ਇਕ ਆਮ ਇਨਸਾਨ ਨੂੰ ਅਪਣੀ ਇੱਛਾ ਅਨੁਸਾਰ, ਅਪਣੇ ਸ੍ਰੀਰ ਦਾ ਧਿਆਨ ਰੱਖਣ ਦੀ ਵੀ ਆਜ਼ਾਦੀ ਨਹੀਂ? ਅੱਜ ਦੇ ਦਿਨ ਦੋ ਉਦਾਹਰਣਾਂ ਨੂੰ ਹੀ ਲੈ ਲਈਏ ਤਾਂ ਪ੍ਰਤੱਖ ਹੋ ਜਾਂਦਾ ਹੈ ਕਿ ਅਸੀ ਸਿਰਫ਼ ਵੱਡੀਆਂ ਤਾਕਤਾਂ ਵਾਸਤੇ ਇਕ ਵਸਤੂ ਬਣ ਕੇ ਰਹਿ ਗਏ ਹਾਂ। ਇਕ ਪਾਸੇ ਭਾਰਤ ਸਰਕਾਰ ਹੈ ਜੋ ਗ਼ਰੀਬ ਨੂੰ ਇਕ ਅਜਿਹੀ ਵੈਕਸੀਨ ਲਗਾ ਰਹੀ ਹੈ ਜਿਸ ਦੀ ਜਾਂਚ ਵੀ ਅਜੇ ਪੂਰੀ ਨਹੀਂ ਹੋਈ।

ਇਹ ਵੈਕਸੀਨ ਲਗਾਉਣ ਦੇ ਨਾਮ ਤੇ ਅਸਲ ਵਿਚ ਇਕ ਮਜਬੂਰ ਨਾਗਰਿਕ ਨੂੰ ਲੈਬਾਰਟਰੀ ਵਿਚ ਤਜਰਬਾ ਕਰਨ ਵਾਲੀ ‘ਵਸਤੂ’ ਜਾਂ ਚੀਰ-ਫਾੜ ਲਈ ਵਰਤਿਆ ਜਾਣ ਵਾਲਾ ‘ਡੱਡੂ’ ਬਣਾਇਆ ਜਾ ਰਿਹਾ ਹੈ। ਦੂਜੀ ਉਦਾਹਰਣ ਵਟਸਐਪ, ਫ਼ੇਸਬੁੱਕ ਦੀ ਨਵੀਂ ਨੀਤੀ ਹੈ ਜੋ ਖਪਤਕਾਰਾਂ ਦੀ ਨਿਜੀ ਜਾਣਕਾਰੀ ਅਪਣੀ ਪ੍ਰਾਈਵੇਟ ਕੰਪਨੀ ਫ਼ੇਸਬੁੱਕ ਨੂੰ ਦੇਣ ਦੀ ਤਿਆਰੀ ਵਿਚ ਹੈ। ਸਰਕਾਰ ਤੇ ਵਟਸਐਪ ਦੋਹਾਂ ਨੇ ਇਕੋ ਗੱਲ ਆਖੀ ਹੈ ਕਿ ਜੇ ਸਾਡੇ ਕੋਲੋਂ ਕੋਈ ਸੇਵਾ ਲੈਣੀ ਹੈ ਤਾਂ ਤੁਹਾਨੂੰ ਸਾਡੇ ਮੁਤਾਬਕ ਹੀ ਚਲਣਾ ਪਵੇਗਾ, ਤੁਹਾਨੂੰ ਕੱਚੇ ਪੱਕੇ ਵਿਚੋਂ ਚੋਣ ਕਰਨ ਦੀ ਆਜ਼ਾਦੀ ਨਹੀਂ ਹੋਵੇਗੀ।

ਜੇ ਵੈਕਸੀਨ ਦੀ ਗੱਲ ਕਰੀਏ ਤਾਂ ਭਾਰਤੀ ਕੰਪਨੀ ਦੀ ਕੋਰੋਨਾ ਵੈਕਸੀਨ ਦੀ ਤੀਜੇ ਗੇੜ ਦੀ ਜਾਂਚ ਮਾਰਚ ਵਿਚ ਪੂਰੀ ਹੋਵੇਗੀ ਤੇ ਫਿਰ ਉਹ ਜਨਤਕ ਹੋਵੇਗੀ। ਉਸ ਦੇ ਬਾਅਦ ਮਾਹਰ ਤੇ ਵਿਗਿਆਨਕ ਉਸ ਦੀ ਜਾਂਚ ਕਰਨਗੇ ਤੇ ਫਿਰ ਸਿੱਧ ਕਰਨਗੇ ਕਿ ਇਕ ਇਨਸਾਨ ਦੇ ਸਰੀਰ ਤੇ ਕਿੰਨਾ ਅਸਰ ਛਡਦੀ ਹੈ। ਇਹ ਕਿਸੇ ਭਾਰਤੀ ਕੰਪਨੀ ਵਿਰੁਧ ਕੋਈ ਸਾਜ਼ਸ਼ ਨਹੀਂ ਰਚੀ ਗਈ ਬਲਕਿ ਅੰਤਰਰਾਸ਼ਟਰੀ ਡਾਕਟਰੀ ਮਾਪਦੰਡ ਹਨ ਜੋ ਹਰ ਕਿਸੇ ਲਈ ਮੰਨਣੇ ਜ਼ਰੂਰੀ ਹੁੰਦੇ ਹਨ।

ਜੇ ਇਹ ਮਾਪਦੰਡ ਨਹੀਂ ਸਨ ਮੰਨਣੇ ਤਾਂ ਰੂਸ ਤੇ ਚੀਨ ਦੀ ਵੈਕਸੀਨ ਅੱਜ ਤੋਂ ਕਈ ਮਹੀਨੇ ਪਹਿਲਾਂ ਹੀ ਲਗਾ ਕੇ ਅਪਣੇ ਆਪ ਨੂੰ ਸੁਰੱਖਿਅਤ ਕਰ ਸਕਦੇ ਸੀ। ਪਰ ਭਾਵੇਂ ਕੁੱਝ ਇਨਸਾਨਾਂ ਵਾਸਤੇ ਹੀ ਸਹੀ, ਜਾਂਚ ਤੋਂ ਬਿਨਾਂ ਇਹ ਦਵਾਈਆਂ ਜਾਨਲੇਵਾ ਜਾਂ ਹਾਨੀਕਾਰਕ ਵੀ ਹੋ ਸਕਦੀਆਂ ਹਨ। ਜੇ ਤੁਸੀਂ ਅਪਣੀ ਜਾਨ ਜੋਖਮ ਵਿਚ ਪਾਉਣੀ ਹੈ ਤਾਂ ਤੁਹਾਡੇ ਤੋਂ ਪੁਛਿਆ ਜਾ ਸਕਦਾ ਹੈ ਕਿ ਕੀ ਤੁਸੀਂ ਇਹ ਜੋਖਮ ਉਠਾਉਣ ਵਾਸਤੇ ਤਿਆਰ ਹੋ? ਜਾਂਚ ਵਾਸਤੇ ਵਾਲੰਟੀਅਰ ਲਭਣੇ ਔਖੇ ਹੁੰਦੇ ਹਨ ਕਿਉਂਕਿ ਜਾਣ ਬੁਝ ਕੇ ਕੋਈ ਵੀ ਅਪਣੇ ਲਈ ਖ਼ਤਰਾ ਸਹੇੜਨ ਨੂੰ ਤਿਆਰ ਨਹੀਂ ਹੁੰਦਾ। ਪਰ ਭਾਰਤ ਸਰਕਾਰ ਨੇ ਅਪਣੇ ਦੇਸ਼ਵਾਸੀਆਂ ਤੋਂ ਅਪਣੇ ਲਈ ਵੈਕਸੀਨ ਦੀ ਚੋਣ, ਅਪਣੀ ਮਰਜ਼ੀ ਅਨੁਸਾਰ, ਕਰਨ ਦੀ ਆਜ਼ਾਦੀ ਹੀ ਵਾਪਸ ਲੈ ਲਈ।

ਦੁੱਖ ਦੀ ਗੱਲ ਇਹ ਹੈ ਕਿ ਇਹ ਤਜਰਬੇ ਉਨ੍ਹਾਂ ਉਤੇ ਹੋਣ ਜਾ ਰਹੇ ਹਨ ਜਿਨ੍ਹਾਂ ਅਪਣੀ ਜਾਨ ਖ਼ਤਰੇ ਵਿਚ ਪਾ ਕੇ ਇਸ ਸਾਲ ਦੇਸ਼ ਦੀ ਸੇਵਾ ਕੀਤੀ ਹੈ ਜਦਕਿ ਲੋਕਾਂ ਨੂੰ ਰਾਸ਼ਟਰੀ ਪ੍ਰੇਮ ਤੇ ਮੇਡ ਇਨ ਇੰਡੀਆ ਦੀਆਂ ਗੱਲਾਂ ਕਰ ਕੇ ਭਾਵੁਕ ਕੀਤਾ ਜਾਂਦਾ ਹੈ। ਪਰ ਜੇ ‘ਮੇਡ ਇਨ ਇੰਡੀਆ’ ਨਾਲ ਇਸ ਕਦਰ ਪਿਆਰ ਹੁੰਦਾ ਤਾਂ ਸਾਡੇ ਮੰਤਰੀ, ਸਾਡੇ ਪ੍ਰਧਾਨ ਮੰਤਰੀ, ਰਾਸ਼ਟਰਪਤੀ ਪਹਿਲਾਂ ਆਪ ਭਾਰਤੀ ਵੈਕਸੀਨ ਸਰਕਾਰੀ ਹਸਪਤਾਲ ਵਿਚ ਆ ਕੇ ਲਗਾਉਂਦੇ। ਇਹ ਲੋਕ ਤਾਂ ਭਾਰਤ ਦੀ ਅੰਬੈਸਡਰ ਗੱਡੀ ਵਿਚ ਬੈਠਣ ਵਾਸਤੇ ਵੀ ਤਿਆਰ ਨਹੀਂ। ਮਰਸੀਡੀਜ਼ ਵਿਚ ਗਣਤੰਤਰ ਦਿਵਸ ਦੀ ਪਰੇਡ ਤੇ ਪਹੁੰਚਣ ਵਾਲੇ ਅਪਣੀ ਮਨਮਰਜ਼ੀ ਵਾਲਾ ਟੀਕਾ ਲਵਾਉਣ ਦੀ ਆਜ਼ਾਦੀ ਬਰਕਰਾਰ ਰਖਦੇ ਹੋਏ ਵੀ, ਆਮ ਭਾਰਤੀ ਦੀ ਮਰਜ਼ੀ ਨੂੰ ਸਰਕਾਰੀ ਹੁਕਮਾਂ ਹੇਠ ਦਬਾ ਲੈਣਗੇ। ਫਿਰ ਚੀਨ ਜਾਂ ਰੂਸ ਦੀ ਤਾਨਾਸ਼ਾਹੀ ਤੇ ਭਾਰਤੀ ਲੋਕਤੰਤਰ ਵਿਚ ਅੰਤਰ ਕੀ ਰਹਿ ਗਿਆ?

ਇਸੇ ਸੋਚ ਨਾਲ ਵਟਸਐਪ ਸਾਡੇ ਬਾਰੇ ਹਰ ਜਾਣਕਾਰੀ ਫ਼ੇਸਬੁੱਕ ਨੂੰ ਦੇਵੇਗਾ। ਕਦੇ ਤੁਸੀਂ ਨੋਟ ਕੀਤਾ ਹੈ ਕਿ ਤੁਸੀ ਕਿਸੇ ਚੀਜ਼ ਬਾਰੇ ਖੋਜ ਕਰ ਰਹੇ ਹੋਵੋ ਜਾਂ ਕਿਸੇ ਨਾਲ ਗੱਲ ਕਰ ਰਹੇ ਹੋਵੋ ਤਾਂ ਇਕਦਮ ਤੁਹਾਡੇ ਫ਼ੇਸਬੁੱਕ ਤੇ ਉਹੀ ਇਸ਼ਤਿਹਾਰ ਆਉਣੇ ਸ਼ੁਰੂ ਹੋ ਜਾਣ? ਹੋ ਤਾਂ ਇਹ ਪਹਿਲਾਂ ਵੀ ਰਿਹਾ ਸੀ ਪਰ ਹੁਣ ਹੋਰ ਖੁਲ੍ਹ ਹੋ ਜਾਵੇਗੀ। ਤੁਸੀ ਮਾਲ ਵੇਚਣ ਵਾਲਿਆਂ ਦਾ ਨਿਸ਼ਾਨਾ ਬਣ ਜਾਵੋਗੇ ਜੋ ਤੁਹਾਡੀ ਹਰ ਗੱਲ ਦੀ ਰੋਬੋਟ ਰਾਹੀਂ ਛਾਣਬੀਣ ਕਰਨਗੇ। ਪਰ ਫਿਰ ਕੌਣ ਰੁਕ ਸਕੇਗਾ ਜਦ ਖ਼ਰੀਦਣ ਵਾਲਾ ਹੋਰ ਕੋਈ ਨਹੀਂ ਬਲਕਿ ਇਕ ਸਿਆਸੀ ਪਾਰਟੀ ਹੋਵੇਗੀ ਜੋ ਤੁਹਾਡਾ ਵੋਟ ਖ਼ਰੀਦਣ ਵਾਸਤੇ ਫ਼ੇਸਬੁੱਕ ਨੂੰ ਪੈਸੇ ਦੇਵੇਗੀ? ਤੁਹਾਡੀ ਗੱਲਬਾਤ ਨੂੰ ਜਾਂਚਿਆ ਜਾਵੇਗਾ, ਟਟੋਲਿਆ ਜਾਵੇਗਾ ਤੇ ਸੱਭ ਤੋਂ ਵੱਧ ਬੋਲੀ ਲਗਾਉਣ ਵਾਲੇ ਨੂੰ ਤੁਹਾਡੀ ਜਾਣਕਾਰੀ ਦੇ ਦਿਤੀ ਜਾਵੇਗੀ।

ਤੁਹਾਨੂੰ ਉਹੀ ਜਾਣਕਾਰੀ ਖ਼ਬਰ ਵਿਚ ਵਿਖਾਈ ਜਾਵੇਗੀ ਜੋ ਤੁਹਾਨੂੰ ਇਕ ਪਾਸੇ ਵਲ ਖਿੱਚੇਗੀ। ਤੁਸੀ ਸੋਚੋਗੇ ਕਿ ਤੁਸੀ ਅਪਣੀ ਮਰਜ਼ੀ ਨਾਲ ਚੋਣ ਕਰ ਰਹੇ ਹੋ ਪਰ ਅਸਲ ਵਿਚ ਤੁਸੀਂ ਕਿਸੇ ਦੇ ਇਸ਼ਾਰੇ ਮੁਤਾਬਕ ਚਲ ਰਹੇ ਹੋਵੋਗੇ। ਤੁਹਾਡੇ ਦਿਮਾਗ ਤੇ ਨਕਲੀ ਇੰਟੈਲੀਜੈਂਸ ਰਾਹੀਂ ਕੰਮ ਕੀਤਾ ਜਾ ਰਿਹਾ ਹੋਵੇਗਾ, ਸ਼ਾਇਦ ਉਸੇ ਤਰ੍ਹਾਂ ਜਿਸ ਤਰ੍ਹਾਂ ਜਾਨਵਰਾਂ ਅੱਗੇ ਦਾਣਾ ਸੁਟ ਕੇ ਉਨ੍ਹਾਂ ਕੋਲੋਂ ਮਨਮਰਜ਼ੀ ਦੇ ਕਰਤਬ ਕਰਵਾਏ ਜਾਂਦੇ ਹਨ। ਇਹ ਆਜ਼ਾਦੀ ਸਿਰਫ਼ ਭਾਰਤ ਦੇ ਵਟਸਐਪ ਖਪਤਕਾਰ ਦੀ ਖੋਹੀ ਜਾ ਰਹੀ ਹੈ। ਫ਼ੇਸਬੁੱਕ ਵਿਚ ਖਪਤਕਾਰ ਦੀ ਨਿਜੀ ਜਾਣਕਾਰੀ ਫ਼ੇਸਬੁੱਕ ਨਾਲ ਸਾਂਝੀ ਨਹੀਂ ਕੀਤੀ ਜਾ ਸਕਦੀ।

ਸਿਆਸਤਦਾਨ, ਸਰਕਾਰ, ਕਾਰਪੋਰੇਟ ਘਰਾਣੇ ਇੰਨੇ ਤਾਕਤਵਰ ਕਿਵੇਂ ਹੋ ਗਏ ਕਿ ਉਹ ਤੁਹਾਡੀ ਚੋਣ ਕਰਨ ਦੀ ਆਜ਼ਾਦੀ ਤੁਹਾਡੇ ਕੋਲੋਂ ਖੋਹ ਰਹੇ ਹਨ ਪਰ ਨਾਲ-ਨਾਲ ਤੁਹਾਡੇ ਤੇ ਅਹਿਸਾਨ ਵੀ ਜਤਾ ਰਹੇ ਹਨ? ਇਹ ਤਾਕਤ ਅਸੀ ਹੀ ਅਪਣੇ ਆਪ ਅਪਣੇ ਦਿਮਾਗ਼ ਨੂੰ ਬੰਦ ਕਰ ਕੇ ਇਨ੍ਹਾਂ ਸਾਰਿਆਂ ਦੇ ਹੱਥ ਵਿਚ ਫੜਾਈ ਹੈ।            - ਨਿਮਰਤ ਕੌਰ