ਬੰਬਈਆ ਐਕਟਰ ਖੱਟੀ ਤਾਂ ਕਿਸਾਨਾਂ ਦੀ ਮਾੜੀ ਹਾਲਤ ਬਾਰੇ ਫ਼ਿਲਮਾਂ ਬਣਾ ਕੇ ਕਰਦੇ ਰਹੇ...

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਧਰਮਿੰਦਰ ਖ਼ਾਨਦਾਨ ਜੋ ਮਰਜ਼ੀ ਕਹੀ ਜਾਵੇ, ਪੰਜਾਬੀਆਂ ਦੇ ਦਿਲਾਂ ਤੋਂ ਦੂਰ ਜਾ ਚੁੱਕਾ ਹੈ। 

bollywood actor

ਭਾਰਤ ਵਿਚ ਹੀ ਨਹੀਂ, ਵਿਦੇਸ਼ਾਂ ਵਿਚ ਵਸਦੇ ਲੋਕ ਵੀ ਕਿਸਾਨ ਅੰਦੋਲਨ ਦਾ ਸਾਥ ਦੇ ਰਹੇ ਹਨ। ਕਿਸਾਨਾਂ ਦੀ ਹਰ ਪ੍ਰਕਾਰ ਨਾਲ ਮਦਦ ਕਰ ਕੇ ਉਨ੍ਹਾਂ ਨੇ ਮਿਸਾਲ ਕਾਇਮ ਕਰ ਦਿਤੀ ਹੈ ਪਰ ਬਹੁਤ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਸਾਡੇ ਬੰਬਈਆ ਐਕਟਰ ਕਿਸਾਨਾਂ ਦੇ ਹੱਕ ਵਿਚ ਨਹੀਂ ਬੋਲੇ, ਮੂੰਹ ਵਿਚ ਦਹੀਂ ਜਮਾਈ ਬੈਠੇ ਹਨ। ਫ਼ਿਲਮ ਇੰਡਸਟਰੀ ਵਿਚ ਸੱਭ ਤੋਂ ਪੁਰਾਣੇ ਵੱਡੇ ਖ਼ਾਨਦਾਨੀ ਐਕਟਰ ਪੰਜਾਬ ਦੇ ਹੀ ਹਨ ਜਿਵੇਂ ਕਪੂਰ ਖ਼ਾਨਦਾਨ, ਵਿਨੋਦ ਖੰਨਾ, ਰਾਜੇਸ਼ ਖੰਨਾ, ਧਰਮਿੰਦਰ ਪ੍ਰਵਾਰ, ਸੁਨੀਲ ਦੱਤ, ਸੰਜੇ ਦੱਤ ਪ੍ਰਵਾਰ, ਅਮਰੀਸ਼ਪੁਰੀ, ਓਮ ਪੁਰੀ, ਰਾਜ ਬੱਬਰ, ਹਿੱਟ ਕਲਾਕਾਰ ਮੁਹੰਮਦ ਰਫ਼ੀ, ਮਹਿੰਦਰ ਕਪੂਰ, ਸੱਭ ਪੰਜਾਬੀ ਹਨ ਜਾਂ ਸਨ। ਕਾਮੇਡੀ ਵਿਚ ਹਿੱਟ ਕਲਾਕਾਰ ਕਪਿਲ ਸ਼ਰਮਾ ਵੀ ਪੰਜਾਬੀ ਹੈ।

ਹਰ ਪੰਜਾਬੀ ਨੇ ਧਰਮਿੰਦਰ ਨੂੰ, ਸੰਨੀ ਦਿਉਲ ਨੂੰ ਤੇ ਉਸ ਦੇ ਪ੍ਰਵਾਰ ਨੂੰ ਪਲਕਾਂ ਉਤੇ ਬਿਠਾ ਕੇ ਰਖਿਆ। ਆਪ ਰਾਜ ਸਭਾ ਦਾ ਮੈਂਬਰ ਬਣ ਕੇ, ਹੇਮਾ ਮਾਲਿਨੀ ਨੂੰ ਬਣਾ ਕੇ, ਪੁੱਤਰ ਸੰਨੀ ਦਿਉਲ ਨੂੰ ਬਣਾ ਕੇ, ਆਪ ਤਾਂ ਨਜ਼ਾਰੇ ਲੁਟਦੇ ਰਹੇ ਪਰ ਹਰ ਔਖੇ ਵੇਲੇ ਪੰਜਾਬ ਨਾਲ ਬੇਵਫ਼ਾਈ ਹੀ ਕੀਤੀ। ਫਿਰ ਵੀ ਪੰਜਾਬੀਆਂ ਨੇ ਉਨ੍ਹਾਂ ਨੂੰ ਪਲਕਾਂ ਤੇ ਬਿਠਾਈ ਰਖਿਆ। ਇਹ ਪ੍ਰਵਾਰ ਮੋਦੀ ਦੀ ਗੋਦੀ ਵਿਚ ਸਿਰਫ਼ ਐਮ.ਪੀ. ਬਣਨ ਦੇ ਲੋਭ ਵਿਚ ਜਾ ਬੈਠਾ। ਧਰਮਿੰਦਰ ਖ਼ਾਨਦਾਨ ਜੋ ਮਰਜ਼ੀ ਕਹੀ ਜਾਵੇ, ਪੰਜਾਬੀਆਂ ਦੇ ਦਿਲਾਂ ਤੋਂ ਦੂਰ ਜਾ ਚੁੱਕਾ ਹੈ। 

ਇਨ੍ਹਾਂ ਵੱਡੇ-ਵੱਡੇ ਅਦਾਕਾਰਾਂ ਨੇ ਮੋਦੀ ਨੂੰ ਕੋਰੋਨਾ ਦੇ ਬਹਾਨੇ ਸੈਂਕੜੇ ਕਰੋੜ ਰੁਪਏ ਦਿਤੇ ਪਰ ਅਫ਼ਸੋਸ, ਦੇਸ਼ ਤੇ ਪੰਜਾਬ ਦੇ ਹੋਰ ਰਾਜਾਂ ਦੇ ਦੁਖੀ ਮੋਰਚੇ ਤੇ ਬੈਠੇ ਕਿਸਾਨਾਂ ਲਈ ਇਕ ਹਾਅ ਦਾ ਨਾਅਰਾ ਵੀ ਨਾ ਮਾਰਿਆ। ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਪੰਜਾਬ ਦਾ ਪੁੱਤਰ ਅਖਵਾਉਣ ਵਾਲਾ ਵੀ ਕਿਸਾਨਾਂ ਲਈ ਕੁੱਝ ਨਾ ਕਰ ਸਕਿਆ। ਮੁਸਲਿਮ ਪਾਕਿਸਤਾਨ ਦੇ ਲੋਕ ਤੜਪ ਰਹੇ ਹਨ ਕਿ ਕਾਸ਼ ਜੇ ਅਸੀ ਪੰਜਾਬ ਦੇ ਕਿਸਾਨਾਂ ਨਾਲ ਦਿੱਲੀ ਮੋਰਚੇ ਤੇ ਜਾ ਕੇ ਬੈਠ ਸਕਦੇ! ਪਰ ਸਾਡੇ ਮੁਸਲਿਮ ਹਿੱਟ ਨਹੀਂ, ਸੁਪਰ ਹਿੱਟ ਮੁਸਲਿਮ ਭਾਰਤੀ ਹੀਰੋ ਸਲਮਾਨ ਖ਼ਾਨ, ਆਮਿਰ ਖ਼ਾਨ, ਸ਼ਾਹਰੁਖ਼ ਖ਼ਾਨ ਗੁੰਗੇ ਹੀਰੋ ਬਣੇ ਬੈਠੇ ਹਨ। ਮੋਦੀ ਤੋਂ ਡਰਦੇ, ਆਰ.ਐਸ.ਐਸ. ਤੋਂ ਡਰਦੇ, ਨੀਵੀਆਂ ਪਾਈ ਬੈਠੇ ਹਨ ਤੇ ਕਿਸਾਨਾਂ ਦੇ ਹੱਕ ਵਿਚ ਆਵਾਜ਼ ਨਹੀਂ ਉਠਾ ਸਕੇ। 

ਮੁੰਬਈ ਤੋਂ ਜਾ ਕੇ ਪੰਜਾਬ ਵਿਚ ਪੰਜਾਬੀ ਫ਼ਿਲਮਾਂ ਬੰਬਈਆ ਐਕਟਰ ਬਣਾਉਂਦੇ ਹਨ, ਉਨ੍ਹਾਂ ਦੇ ਨਾਂ ਰਖਦੇ ਹਨ ਬਦਲਾ ਜੱਟੀ ਦਾ, ਜੱਟ ਜਿਊਣਾ ਮੌੜ, ਜੱਟ ਦਾ ਗੰਡਾਸਾ, ਜੱਟੀ, ਜੱਟ ਸੂਰਮੇ, ਜੁਗਾੜੀ ਜੱਟ। ਫ਼ਿਲਮੀ ਗਾਣਿਆਂ ਵਿਚ ਕਹਿੰਦੇ ਹਨ, ਜੱਟੀ ਦਾ ਲੱਕ ਹਿਲਦਾ, ਧਮਕ ਜਲੰਧਰ ਪੈਂਦੀ। ਹਰ ਫ਼ਿਲਮ ਵਿਚ ਪੈਸੇ ਕਮਾਉਣ ਲਈ ਜੱਟੀ ਵਿਚਾਰੀ ਦੀ ਇਨ੍ਹਾਂ ਨੇ ਬਹੁਤ ਬੇਇਜ਼ਤੀ ਕੀਤੀ। ਜੱਟ ਵਿਚਾਰੇ ਫਿਰ ਵੀ ਇਨ੍ਹਾਂ ਨੂੰ ਮਾਣ ਸਨਮਾਨ ਦਿੰਦੇ ਰਹੇ। ਇਹ ਪੈਸੇ ਕਮਾਉਣ ਲਈ ਜੱਟ ਨੂੰ ਉੱਲੂ ਬਣਾਉਂਦੇ ਰਹੇ। ਇਨ੍ਹਾਂ ਲੋਕਾਂ ਨੂੰ ਇਹ ਨਹੀਂ ਪਤਾ ਕਿ ਇਹ ਇੱਜ਼ਤਦਾਰ ਜੱਟੀਆਂ ਸਾਰੀ ਉਮਰ ਰੋਟੀਆਂ ਪਕਾਉਂਦੀਆਂ ਹੀ ਮਰ ਗਈਆਂ, ਭਾਵੇਂ ਸਾਂਝੀ, ਸੀਰੀ, ਦਿਹਾੜੀਦਾਰ ਵਾਲਿਆਂ ਲਈ ਹੋਣ, ਭਾਵੇਂ ਕੰਬਾਈਨਾਂ ਤੇ ਰੱਖੇ ਕਿੰਨੇ ਹੀ ਫ਼ੋਰਮੈਨਾਂ ਦੀਆਂ ਹੋਣ ਪਰ ਅਸੀ ਇਨ੍ਹਾਂ ਜੱਟੀਆਂ ਦੇ ਪੁੱਤਰਾਂ ਨੂੰ ਰੁਜ਼ਗਾਰ ਨਹੀਂ ਦੇ ਸਕੇ। ਇਨ੍ਹਾਂ ਵਿਚਾਰੀਆਂ ਦੇ ਪੁੱਤਰ ਪ੍ਰਦੇਸੀ ਹੋ ਗਏ। ਸਰਕਾਰ ਨੇ ਕਾਲੇ ਕਾਨੂੰਨ ਲਿਆ ਕੇ ਇਨ੍ਹਾਂ ਤੋਂ ਕਿਸਾਨਾਂ ਦੀ ਕਮਾਈ, ਹੱਕ, ਜ਼ਮੀਨਾਂ ਖੋਹਣ ਦੀਆਂ ਸਕੀਮਾਂ ਬਣਾ ਲਈਆਂ ਹਨ। 

ਇਨ੍ਹਾਂ ਸਿਤਾਰਿਆਂ ਨਾਲੋਂ ਤਾਂ ਯਾਰੋ ਕਲਾਕਾਰ ਚੰਗੇ ਨਿਕਲੇ ਜੋ ਕਿਸਾਨਾਂ ਦੇ ਮੋਰਚੇ ਵਿਚ ਹੁਣ ਤਕ ਸਾਥ ਨਿਭਾ ਰਹੇ ਹਨ। 50-55 ਕਿਲੋ ਦਾ ਕੰਵਰ ਗਰੇਵਾਲ ਸਾਰਾ ਮੋਰਚਾ ਅਪਣੇ ਮੋਢਿਆਂ ਤੇ ਚੁੱਕੀ ਫਿਰਦਾ ਹੈ।

ਅਸੀ ਉਸ ਦੀ ਦੇਣ ਕਿਥੋਂ ਦੇਵਾਂਗੇ? ਸਾਨੂੰ ਅਫ਼ਸੋਸ ਰਹੇਗਾ, ਕੰਗਣਾ ਵਰਗੀਆਂ, ਸਾਡੀਆਂ ਮਾਵਾਂ ਭੈਣਾਂ ਬਾਰੇ ਗ਼ਲਤ ਬੋਲ ਰਹੀਆਂ ਹਨ। ਕਿਸਾਨੀ ਮੋਰਚੇ ਦਾ ਇਤਿਹਾਸ ਲਿਖਿਆ ਜਾਵੇਗਾ ਕਿ ਕੌਣ ਕਿਸਾਨਾਂ ਨਾਲ ਮਾੜੇ ਸਮੇਂ ਖੜਿਆ, ਕੌਣ ਧੋਖਾ ਦੇ ਗਿਆ? 
(ਭੁਪਿੰਦਰ ਸਿੰਘ ਬਾਠ, ਫ਼ਤਿਹਗੜ੍ਹ ਸਾਹਿਬ)
ਸੰਪਰਕ : 94176-82002