ਪੰਜਾਬ ਦੀ ਸੱਤਾ ਪ੍ਰਾਪਤ ਕਰਨ ਲਈ ਦਿੱਲੀ ਦੇ ਸਿਆਸਤਦਾਨ ਪੰਜਾਬ ਦੇ ਚੱਪੇ-ਚੱਪੇ ’ਤੇ ਆ ਕੇ ਬੈਠ ਗਏ!
ਭਾਜਪਾ ਨੇ ਕਦੇ ਪੰਜਾਬ ਵਲ ਏਨਾ ਧਿਆਨ ਨਹੀਂ ਸੀ ਦਿਤਾ ਜਿੰਨਾ ਇਸ ਵਾਰ ਦੇ ਰਹੀ ਹੈ। ਉਨ੍ਹਾਂ ਵਾਸਤੇ ਯੂ.ਪੀ. ਤੇ ਬਿਹਾਰ ਹਮੇਸ਼ਾ ਹੀ ਜ਼ਰੂਰੀ ਸਨ
ਅੱਜ ਦੇ ਦਿਨ ਸਾਰੀਆਂ ਪਾਰਟੀਆਂ ਦਾ ਕੇਂਦਰ-ਬਿੰਦੂ ਪੰਜਾਬ ਬਣ ਚੁੱਕਾ ਹੈ। ਹਮੇਸ਼ਾ ਤੋਂ ਹੀ ਅਕਾਲੀ ਜਾਂ ਕਾਂਗਰਸ ਦੀ ਸਰਦਾਰੀ ਹੇਠ ਰਹਿਣ ਵਾਲੇ ਪੰਜਾਬ ਉਤੇ ਅੱਜ ਭਾਜਪਾ ਤੇ ‘ਆਪ’ ਅਪਣਾ ਝੰਡਾ ਲਹਿਰਾਉਣ ਦੀ ਮਨਸ਼ਾ ਨਾਲ ਆ ਬੈਠੀਆਂ ਹਨ। ਕਿਸੇ ਹੋਰ ਸੂਬੇ ਵਿਚ ਅਜਿਹੀ ਹਾਲਤ ਬਣੀ ਹੋਈ ਨਹੀਂ ਵੇਖੀ। ਲੜਾਈ ਅਜਿਹੀ ਜ਼ਬਰਦਸਤ ਹੋ ਗਈ ਹੈ ਕਿ ਹੁਣ ਪੂਰੀ ਕੇਂਦਰ ਸਰਕਾਰ ਪੰਜਾਬ ਵਿਚ ਚੱਪੇ ਚੱਪੇ ਉਤੇ ਆ ਕੇ ਬੈਠ ਗਈ ਹੈ। ਦਿੱਲੀ ਦੇ ਮੁੱਖ ਮੰਤਰੀ ਤੇ ਉਨ੍ਹਾਂ ਦੀ ਕੈਬਨਿਟ ਸਮੇਤ, ‘ਆਪ’ ਅਪਣੇ ਵਰਕਰਾਂ ਦੇ ਵੱਡੇ ਸਮੂਹ ਨਾਲ ਪੰਜਾਬ ਵਿਚ ਮੌਜੂਦ ਹਨ। ਕਾਂਗਰਸ ਦੀ ਸਾਰੀ ਹਾਈਕਮਾਂਡ ਵੀ ਪੰਜਾਬ ਵਿਚ ਆ ਕੇ ਬੈਠ ਗਈ ਹੈ।
Arvind Kejriwal
ਪੰਜਾਬ ਉਤੇ ਕੇਂਦਰੀ ਪਾਰਟੀਆਂ ਦੇ ਜਮਾਵੜੇ ਦਾ ਕਾਰਨ ਕੀ ਹੈ ਤੇ ਪੰਜਾਬ ਪ੍ਰਤੀ ਉਨ੍ਹਾਂ ਅੰਦਰ ਏਨੀ ਖਿੱਚ ਕਿਉਂ ਪੈਦਾ ਹੋ ਗਈ ਹੈ? ਕਿਉਂਕਿ ਸਾਰੇ ਜਾਣਦੇ ਹਨ ਕਿ ਹਰ ਤਬਦੀਲੀ ਦੀ ਸ਼ੁਰੂਆਤ ਪੰਜਾਬ ਤੇ ਬੰਗਾਲ ਵਿਚੋਂ ਹੀ ਹੁੰਦੀ ਹੈ। ਕਾਂਗਰਸ ਬੰਗਾਲ ਵਿਚ ਨਹੀਂ ਰਹੀ ਪਰ ਜਦ ਤਕ ਉਸ ਕੋਲ ਪੰਜਾਬ ਹੈ, ਉਹ ਦੇਸ਼ ਵਿਚ ਵਿਰੋਧੀ ਧਿਰ ਦੀ ਭੂਮਿਕਾ ਨਿਭਾ ਸਕਦੀ ਹੈ। ਕਾਂਗਰਸ ਵਾਸਤੇ ਪੰਜਾਬ ਸਿਰਫ਼ ਇਕ ਸੂਬੇ ਵਜੋਂ ਹੀ ਜ਼ਰੂਰੀ ਨਹੀਂ ਬਲਕਿ ਕਾਂਗਰਸ ਦੀ ਹੋਂਦ ਵਾਸਤੇ ਵੀ ਪੰਜਾਬ ਜ਼ਰੂਰੀ ਹੈ। ‘ਆਪ’ ਕਾਂਗਰਸ ਦੀ ਥਾਂ ਅਪਣੇ ਆਪ ਨੂੰ ਦੇਸ਼ ਵਿਚ ਨਰਿੰਦਰ ਮੋਦੀ ਦਾ ਟਾਕਰਾ ਕਰਨ ਵਾਲੀ ਇਕ ਪਾਰਟੀ ਬਣਾ ਵਿਖਾਉਣਾ ਚਾਹੁੰਦੀ ਹੈ ਤੇ ਇਹ ਰਸਤਾ ਉਨ੍ਹਾਂ ਵਾਸਤੇ ਪੰਜਾਬ ਵਿਚੋਂ ਦੀ ਹੋ ਕੇ ਲੰਘਦਾ ਹੈ।
Rahul Gandhi
ਉਹ ਬੰਗਾਲ ਵਿਚ ਮਮਤਾ ਨਾਲ ਖੜੇ ਹੋ ਗਏ ਸਨ ਪਰ ਜਿਥੇ ਜਿਥੇ ਕਾਂਗਰਸ ਹੁੰਦੀ ਹੈ, ਜਿਵੇਂ ਗੋਆ ਜਾਂ ਪੰਜਾਬ, ਉਥੇ ਉਹ ਉਸ ਦਾ ਵਿਰੋਧ ਕਰਨ ਲਈ ਅਪਣੀ ਪੂਰੀ ਵਾਹ ਲਗਾ ਦੇਂਦੇ ਹਨ। ਇਸੇ ਕਰ ਕੇ ਸ਼ਾਇਦ ਕਈ ਉਨ੍ਹਾਂ ਨੂੰ ਆਰ.ਐਸ.ਐਸ. ਦੀ ਬੀ ਟੀਮ ਮੰਨਦੇ ਹਨ। ਇਕ ਪਾਸੇ ਉਹ ਕਾਂਗਰਸ ਨੂੰ ਖ਼ਤਮ ਕਰਨ ਵਿਚ ਆਰ.ਐਸ.ਐਸ. ਤੇ ਭਾਜਪਾ ਦੀ ਮਦਦ ਕਰਦੇ ਹਨ ਤੇ ਦੂਜੇ ਪਾਸੇ ਭਾਜਪਾ ਨੂੰ ਅਪਣੇ ਦਾਇਰੇ ਵਿਚ ਰੱਖਣ ਦਾ ਕੰਮ ਵੀ ਕਰਦੇ ਹਨ। ਇਸ ਵਿਚ ਕਿੰਨੀ ਸਫ਼ਾਈ ਤੇ ਕਿੰਨਾ ਡਰ ਹੈ, ਇਸ ਬਾਰੇ ਸਾਫ਼ ਕੁੱਝ ਵੀ ਨਹੀਂ ਪਰ ਇਹ ਸੋਚ ਅੰਨਾ ਹਜ਼ਾਰੇ ਲਹਿਰ ਸਮੇਂ ਆਰ.ਐਸ.ਐਸ. ਵਲੋਂ ਦਿਤੇ ਗਏ ਸਮਰਥਨ ਤੋਂ ਸ਼ੁਰੂ ਹੁੰਦੀ ਹੈ। ਇਸ ਨੂੰ ਧਰਮਵੀਰ ਗਾਂਧੀ ਤੇ ਸੁਖਪਾਲ ਖਹਿਰਾ ਵਰਗੇ ਕਈ ਵਾਰ ਦੋਹਰਾ ਕੇ ਡਰ ਨੂੰ ਹੋਰ ਗਹਿਰਾ ਕਰਦੇ ਰਹੇ ਹਨ।
PM Modi
ਭਾਜਪਾ ਨੇ ਕਦੇ ਪੰਜਾਬ ਵਲ ਏਨਾ ਧਿਆਨ ਨਹੀਂ ਸੀ ਦਿਤਾ ਜਿੰਨਾ ਇਸ ਵਾਰ ਦੇ ਰਹੀ ਹੈ। ਉਨ੍ਹਾਂ ਵਾਸਤੇ ਯੂ.ਪੀ. ਤੇ ਬਿਹਾਰ ਹਮੇਸ਼ਾ ਹੀ ਜ਼ਰੂਰੀ ਸਨ ਕਿਉਂਕਿ ਕੇਂਦਰ ਦੀ ਸਰਕਾਰ ਤਾਂ ਉਨ੍ਹਾਂ ਦੋ ਸੂਬਿਆਂ ਦੀਆਂ ਵੋਟਾਂ ਨਾਲ ਹੀ ਬਣਦੀ ਹੈ। ਪੰਜਾਬ ਤਾਂ ਦੇਸ਼ ਜਿੱਤਣ ਤੋਂ ਬਾਅਦ ਵੀ ਅਕਾਲੀ ਦਲ ਦੇ ਹਵਾਲੇ ਕੀਤਾ ਹੋਇਆ ਸੀ। ਸ਼ਾਇਦ ਕਿਸਾਨੀ ਸੰਘਰਸ਼ ਤੇ ਬੰਗਾਲ ਦੀਆਂ ਚੋਣਾਂ ਵਿਚ ਜਿੱਤੀ ਹੋਈ ਬਾਜ਼ੀ ਹਾਰਨ ਮਗਰੋਂ ਤੇ ਉੱਤਰ ਪ੍ਰਦੇਸ਼ ਵਿਚ ਪੰਜਾਬ ਦੀ ਬਗ਼ਾਵਤ ਦਾ ਅਸਰ ਵੇਖਦੇ ਹੋਏ ਭਾਜਪਾ ਨੂੰ ਪੰਜਾਬ ਦੀ ਅਹਿਮੀਅਤ ਸਮਝ ਆਈ ਤੇ ਉਨ੍ਹਾਂ ਫ਼ੈਸਲਾ ਕੀਤਾ ਕਿ ਹੁਣ ਪੰਜਾਬ ਨੂੰ ਜਿੱਤਣਾ ਹੀ ਹੋਵੇਗਾ।
BJP
ਪ੍ਰਧਾਨ ਮੰਤਰੀ ਵਲੋਂ ਸਿੱਖਾਂ ਨਾਲ ਪਿਆਰ ਵਿਖਾਉਣ ਦਾ ਸਿਲਸਿਲਾ ਸ਼ੁਰੂ ਹੋਇਆ। ਖੇਤੀ ਕਾਨੂੰਨ ਵਾਪਸ ਹੋਏ ਤੇ ਪੰਜਾਬ ਵਾਸਤੇ ਸੌਗਾਤਾਂ ਦੀ ਸੂਚੀ ਤਿਆਰ ਕੀਤੀ ਜਾਣੀ ਸ਼ੁਰੂ ਹੋਈ। ਪਰ ਫ਼ਿਰੋਜ਼ਪੁਰ ਰੈਲੀ ਤੋਂ ਸਾਫ਼ ਹੋ ਗਿਆ ਕਿ ਇਹ ਪੰਜਾਬੀ ਬੜੇ ਵਖਰੇ ਹਨ। ਇਨ੍ਹਾਂ ਨੂੰ ਪੈਸੇ ਤੋਂ ਵੱਧ ਉਨ੍ਹਾਂ ਦੇ ਦਿਲਾਂ ਨੂੰ ਲਗੀਆਂ ਸੱਟਾਂ ਯਾਦ ਰਹਿੰਦੀਆਂ ਹਨ। ਅਕਾਲੀ ਦਲ ਅਪਣੀ ਪੂਰੀ ਤਾਕਤ ਨਾਲ ਪਿਛਲੇ ਇਕ ਸਾਲ ਤੋਂ ਹੀ ਪੰਜਾਬ ਦੇ ਪਿੰਡ-ਪਿੰਡ ਵਿਚ ਪ੍ਰਚਾਰ ਕਰਦਾ ਆ ਰਿਹਾ ਹੈ। ਨਾ ਅਕਾਲੀ ਦਲ ਨੂੰ ਕਿਸੇ ਹੋਰ ਸੂਬੇ ਵਿਚ ਦਿਲਚਸਪੀ ਹੈ ਤੇ ਨਾ ਹੀ ਭਾਜਪਾ ਦੇ ਬਿਨਾਂ ਉਹ ਕੇਂਦਰ ਵਿਚ ਅਪਣੀ ਹੋਂਦ ਹੀ ਚਾਹੁੰਦਾ ਹੈ। ਉਹ ਪੰਜਾਬ ਦੀ ਸੱਤਾ ਵਿਚੋਂ ਹੀ ਅਪਣੀਆਂ ਸਾਰੀਆਂ ਖ਼ੁਸ਼ੀਆਂ ਲੱਭ ਲੈਂਦਾ ਹੈ। ਐਸ.ਜੀ.ਪੀ.ਸੀ. ਵੀ ਉਨ੍ਹਾਂ ਦੇ ਹੱਥ ਵਿਚ ਹੈ ਤੇ ਜੇ ਪੰਜਾਬ ਵਿਚ ਉਹ ਸੱਤਾ ਵਿਚ ਵਾਪਸ ਆ ਜਾਂਦੇ ਹਨ ਤਾਂ ਉਹ ਕੇਂਦਰ ਨਾਲ ਦੋਸਤੀ ਜ਼ਰੂਰ ਕਰ ਲੈਣਗੇ ਤੇ ਅਪਣੇ ਪ੍ਰਵਾਰ ਵਿਚੋਂ ਕਿਸੇ ਇਕ ਨੂੰ ਕੁਰਸੀ ਤੇ ਬਿਠਾ ਦੇਣਗੇ। ਉਨ੍ਹਾਂ ਦਾ ਸਾਰਾ ਵਪਾਰ ਵੀ ਪੰਜਾਬ ਵਿਚ ਹੀ ਹੈ ਤੇ ਉਨ੍ਹਾਂ ਵਾਸਤੇ ਸੱਤਾ ਹੱਥ ਵਿਚ ਹੋਣ ਨਾਲ ਵਪਾਰ ਕਰਨਾ ਆਸਾਨ ਹੋ ਜਾਂਦਾ ਹੈ।
Captain Amarinder Singh
ਕਾਂਗਰਸ ਨੇ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਅਹੁਦੇ ਤੋਂ ਉਤਾਰ ਕੇ ਇਕ ਵੱਡਾ ਖ਼ਤਰਾ ਸਹੇੜਿਆ ਹੈ। ਉਨ੍ਹਾਂ ਨੂੰ ਪਤਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਵਿਚ ਸੁਖਬੀਰ ਬਾਦਲ ਤੇ ਭਗਵੰਤ ਮਾਨ ਸਾਹਮਣੇ ਵੱਡਾ ਚਿਹਰਾ ਹਨ ਤੇ ਜਿੱਤ ਜ਼ਰੂਰ ਹਾਸਲ ਕਰ ਲੈਣਗੇ ਪਰ ਫਿਰ ਵੀ ਉਨ੍ਹਾਂ ਕੈਪਟਨ-ਅਕਾਲੀ/ਭਾਜਪਾ ਦੀ ਸਾਂਝ ਉਤੇ ਅਪਣੀ ਤਾਕਤ ਦੀ ਮੋਹਰ ਲਾ ਕੇ ਪਹਿਲੀ ਵਾਰ ਇਕ ਦਲਿਤ ਨੂੰ ਮੁੱਖ ਮੰਤਰੀ ਬਣਾਉਣ ਦਾ ਫ਼ੈਸਲਾ ਕਰ ਲਿਆ।
ਇਹ ਫ਼ੈਸਲਾ ਠੀਕ ਸੀ ਜਾਂ ਨਹੀਂ ਪਰ ਫ਼ੈਸਲਾ ਲੈਣ ਦਾ ਢੰਗ ਜ਼ਰੂਰ ਗ਼ਲਤ ਸੀ। ਇਕ ਵੱਡੇ ਲੀਡਰ ਨੂੰ ‘ਛੇਕਣ’ ਤੋਂ ਪਹਿਲਾਂ ਕਈ ਗੱਲਾਂ ਵੇਖਣੀਆਂ ਹੁੰਦੀਆਂ ਹਨ ਜੋ ਨਾ ਵੇਖੀਆਂ ਗਈਆਂ। ਹੁਣ ਗੁੱਸਾ ਖਾ ਕੇ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਨੂੰ ਵੀ ਓਨਾ ਗਹਿਰਾ ਜ਼ਖ਼ਮ ਲਗਾਉਣਾ ਚਾਹੁੰਦੇ ਹਨ ਜਿੰਨਾ ਗਹਿਰਾ ਜ਼ਖ਼ਮ ਉਨ੍ਹਾਂ ਨੂੰ ਹਾਈ ਕਮਾਨ ਨੇ ਲਗਾਇਆ ਸੀ। ਜ਼ਰਾ ਕੁ ਸਮਝਦਾਰੀ ਨਾਲ ਕੰਮ ਲੈ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਇਆ ਜਾਂਦਾ ਤਾਂ ਉਹ ਕਾਂਗਰਸ ਪਾਰਟੀ ਵਿਰੁਧ ਏਨਾ ਗੁੱਸਾ ਅਪਣੇ ਮਨ ਵਿਚ ਨਾ ਭਰਦੇ। (ਚਲਦਾ)