ਵੱਡੇ ਦੇਸ਼ ਤੇ ਉਨ੍ਹਾਂ ਦੇ ਖਰਬਪਤੀ ਵਪਾਰੀ, ਦੁਨੀਆਂ ਨੂੰ ਵੱਧ ਤੋਂ ਵੱਧ ਹਥਿਆਰ ਵੇਚਣ ਲਈ ਕੀ ਕੀ ਯਤਨ ਕਰਦੇ ਰਹਿੰਦੇ ਹਨ...

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਭਾਰਤ ਦੁਨੀਆਂ ਦਾ ਸੱਭ ਤੋਂ ਵੱਡਾ ਜੰਗੀ ਹਥਿਆਰ ਖ਼ਰੀਦਣ ਵਾਲਾ ਦੇਸ਼ ਬਣ ਗਿਆ 

representational image

ਸਟਾਕਹਾਮ ਦੀ ਇੰਟਰੈਸ਼ਨਲ ਪੀਸ ਰੀਸਰਚ ਇੰਸਟੀਚਿਊਟ ਨੇ ਦਸਿਆ ਹੈ ਕਿ ਸੱਭ ਤੋਂ ਵੱਧ ਹਥਿਆਰ, ਵੱਡੀਆਂ ਤਾਕਤਾਂ ਕੋਲੋਂ ਖ਼ਰੀਦਣ ਵਾਲਾ ਦੇਸ਼ ਭਾਰਤ ਬਣ ਗਿਆ ਹੈ। ਰੂਸ ਤੋਂ ਭਾਰਤ 45 ਫ਼ੀ ਸਦੀ ਹਥਿਆਰ ਖ਼ਰੀਦਦਾ ਹੈ। ਫ਼ਰਾਂਸ ਭਾਰਤ ਨੂੰ 29 ਫ਼ੀ ਸਦੀ ਹਥਿਆਰ ਵੇਚਦਾ ਹੈ ਤੇ ਇਹ ਰਾਫ਼ੇਲ ਵਰਗੇ ਸੌਦੇ ਕਰਨ ਮਗਰੋਂ, ਅਮਰੀਕਾ ਤੋਂ ਅੱਗੇ ਲੰਘ ਗਿਆ ਹੈ। ਪਹਿਲਾਂ ਅਮਰੀਕਾ ਦੂਜੇ ਨੰਬਰ ਤੇ ਸੀ। ਹੁਣ ਭਾਰਤ ਨੂੰ ਅਪਣੇ ਹਥਿਆਰ ਵੇਚਣ ਵਾਲਿਆਂ ਵਿਚ ਉਹ ਤੀਜੇ ਨੰਬਰ ਤੇ ਆ ਗਿਆ ਹੈ। ਹੁਣ ਭਾਰਤ 11 ਫ਼ੀ ਸਦੀ ਹਥਿਆਰ ਅਮਰੀਕਾ ਤੋਂ ਖ਼ਰੀਦਦਾ ਹੈ। ਭਾਰਤ ਤੋਂ ਬਾਅਦ ਸਾਊਦੀ ਅਰਬ ਵੱਡੀਆਂ ਤਾਕਤਾਂ ਤੋਂ 9.6 ਫ਼ੀ ਸਦੀ, ਕਤਰ 6.4 ਫ਼ੀ ਸਦੀ,ਆਸਟ੍ਰੇਲੀਆ 4.7 ਫ਼ੀ ਸਦੀ, ਚੀਨ 4.6 ਫ਼ੀ ਸਦੀ, ਮਿਸਰ 4.5 ਫ਼ੀ ਸਦੀ, ਦਖਣੀ ਕੋਰੀਆ ਅਤੇ ਪਾਕਿਸਤਾਨ 3.7 ਫ਼ੀ ਸਦੀ। ਇਹ ਸਾਰੇ ਕੁਲ ਮਿਲਾ ਕੇ ਦੁਨੀਆਂ ਦੇ 10 ਵੱਡੇ ਹਥਿਆਰ ਖ਼ਰੀਦਦਾਰ ਹਨ।

‘ਲੀਡਰ’ ਦਾ ਮਤਲਬ ਕੇਵਲ ਸਿਆਸੀ ਨੇਤਾ ਹੀ ਨਹੀਂ ਹੁੰਦਾ ਸਗੋਂ ਵੱਡੇ ਵਪਾਰੀ, ਵੱਡੇ ਖੋਜੀ ਤੇ ਵੱਡੇ ਵਿਦਵਾਨ ਵੀ ਉਸ ਵਿਚ ਸ਼ਾਮਲ ਹੁੰਦੇ ਹਨ.... ਘੱਟੋ ਘੱਟ ਪਿਛਲੀਆਂ ਸਦੀਆਂ ਵਿਚ ਇਹ ਸਾਰੇ ਹੀ ਮਾਨਵਤਾ ਦੇ ‘ਲੀਡਰ’ ਮੰਨੇ ਜਾਂਦੇ ਸਨ। ਇਸ ਵੇਲੇ ਦੁਨੀਆਂ ਜਹਾਨ  ਚਲਾਉਣ ਵਾਲੇ ਦੋ ਕਿਸਮ ਦੇ ਹੀ ‘ਲੀਡਰ’ ਰਹਿ ਗਏ ਹਨ--ਇਕ ਸ਼ਕਤੀਸ਼ਾਲੀ ਸਿਆਸੀ ਹੁਕਮਰਾਨ ਜਿਨ੍ਹਾਂ ਦੇ ਮੱਥੇ ਤੇ ਪਈ ਤਿਊੜੀ ਦੁਨੀਆਂ ਵਿਚ ਹਲਚਲ ਮਚਾ ਦੇਂਦੀ ਹੇ ਜਿਵੇਂ ਇਸ ਵੇਲੇ ਰੂਸ ਦੇ ਅੱਜ ਦੇ ‘ਜ਼ਾਰ’ (ਬਾਦਸ਼ਾਹ) ਅਰਥਾਤ ਪੂਤਿਨ ਸਾਹਿਬ ਹਨ। ਉਨ੍ਹਾਂ ਨੇ ਅਪਣੇ ਛੋਟੇ ਜਹੇ ਗਵਾਂਢੀ ਦੇਸ਼ ਨੂੰ ਗ਼ੈਰਾਂ ਨਾਲ ਦੋਸਤੀ ਬਣਾਉਣ ਦੀ ਗੁਸਤਾਖ਼ੀ ਦਾ ਮਜ਼ਾ ਚਖਾਉਣ ਲਈ ਨਿਊਕਲੀਅਰ ਧਮਾਕਾ ਕਰਨ ਦੀ ਧਮਕੀ ਵੀ ਦਿਤੀ ਹੋਈ ਹੈ ਅਤੇ ਹਰ ਮਹੀਨੇ ਇਕ ਅੱਧਾ ਯੂਕਰੇਨੀ ਸ਼ਹਿਰ ਮੁਕੰਮਲ ਤੌਰ ’ਤੇ ਤਬਾਹ ਕਰ ਕੇ ਸਾਹ ਲੈਂਦਾ ਹੈ।

ਜੇ ਉਸ ਨੇ ਅਜੇ ਤਕ ਐਟਮ ਬੰਬ ਜਾਂ ਨਿਊਕਲੀਅਰ ਧਮਾਕਾ ਨਹੀਂ ਕੀਤਾ ਤਾਂ ਇਸ ਦਾ ਕਾਰਨ ਇਹ ਹੈ ਕਿ ਉਹ ਜਾਣਦਾ ਹੈ, ‘ਨਾਟੋ’ ਤਾਕਤਾਂ ਦੀ ਜਵਾਬੀ ਕਾਰਵਾਈ ਮਗਰੋਂ ਰੂਸ ਦੀ ਹੋਂਦ ਵੀ ਕਾਇਮ ਨਹੀਂ ਰਹਿ ਸਕੇਗੀ। ਪੂਤਿਨ ਵਰਗੇ ਛੋਟੇ ਹੁਕਮਰਾਨ ਵੀ ਕਈ ਹਨ ਜੋ ਅਪਣੇ ਅਪਣੇ ਦੇਸ਼ ਦੇ ਲੋਕਾਂ ਨੂੰ ਡਰਾਈ ਰਖਦੇ ਹਨ ਪਰ ਸਾਰੀਆਂ ਵੱਡੀਆਂ ਤਾਕਤਾਂ ਦੇ ਮੁਖੀਆਂ ਕੋਲ ਹੀ ਇਹ ਤਾਕਤ ਹੈ ਕਿ ਉਹ ਸਾਰੀ ਦੁਨੀਆਂ ਨੂੰ ਡਰਾਈ ਰੱਖਣ। ਅਮਰੀਕਾ, ਰੂਸ ਤੇ ਚੀਨ ਤਾਂ ਇਹ ਤਿੰਨ ਵੱਡੀਆਂ ਤਾਕਤਾਂ ਹਨ ਹੀ ਜਿਨ੍ਹਾਂ ਦੇ ਮੁਖੀ ਦੁਨੀਆਂ ਨੂੰ ਕਿਸੇ ਵੀ ਵੇਲੇ ਇਹ ਸੁਨੇਹਾ ਦੇ ਸਕਦੇ ਹਨ ਕਿ ਉਹ ਦੁਨੀਆਂ ਨੂੰ ਖ਼ਤਮ ਕਰਨ ਦੀ ਤਿਆਰੀ ਕਰੀ ਬੈਠੇ ਹਨ।

ਇਸੇ ਤਰ੍ਹਾਂ ਸੰਸਾਰ ਦੇ ਕੁੱਝ ਵੱਡੇ ਖਰਬਪਤੀ ਜਦੋਂ ਚਾਹੁਣ, ਪੈਸੇ ਦੀ ਦੁਨੀਆਂ ਵਿਚ ਭੁਚਾਲ ਵੀ ਲਿਆ ਸਕਦੇ ਹਨ ਤੇ ਹਨੇਰੀ ਵੀ। ਅਮਰੀਕਾ ਵਿਚ ਇਕ ਛੋਟਾ ਬੈਂਕ ਫ਼ੇਲ ਕੀ ਹੋਇਆ, ਸਾਰੀ ਦੁਨੀਆਂ ਦੇ ਸ਼ੇਅਰ ਬਾਜ਼ਾਰ ਲੜਖੜਾਉਣ ਲੱਗ ਪਏ ਹਨ। ਹੁਣ ਖ਼ਬਰ ਆਈ ਹੈ ਕਿ ਇਕ ਹੋਰ ਅਮਰੀਕੀ ਬੈਂਕ ਦਾ ਵੀ ਦੀਵਾਲਾ ਨਿਕਲ ਗਿਆ ਹੈ। ਹੋਰਨਾਂ ਦੇਸ਼ਾਂ ਦੇ ਨਾਲ ਨਾਲ ਭਾਰਤੀ ਸ਼ੇਅਰ ਬਾਜ਼ਾਰ ਵੀ ਸੱਤ ਸਮੁੰਦਰ ਪਾਰ ਦੀ ਇਸ ਛੋਟੀ ਜਿਹੀ ਖ਼ਬਰ ਨਾਲ ਹਿਲਿਆ ਹੀ ਨਹੀਂ ਪਿਆ, ਧੜੈਂ ਕਰ ਕੇ ਡਿਗਿਆ ਵੀ ਪਿਆ ਹੈ। ਹੁਣ ਭਾਰਤ ਸਰਕਾਰ ਅਪਣੀ ਚੰਗੀ ‘ਕਾਰਗੁਜ਼ਾਰੀ’ ਦੇ ਕੁੱਝ ਵੀ ਅੰਕੜੇ ਪਈ ਜਾਰੀ ਕਰੇ, ਸੱਚ ਇਹੀ ਹੈ ਕਿ ਹੋਣਾ ਉਹੀ ਕੁੱਝ ਹੈ ਜੋ ਵੱਡੀਆਂ ਤਾਕਤਾਂ ਦੇ ਮਹਾਂਰਥੀ ਵਿਦੇਸ਼ ਵਿਚ ਬੈਠੇ ਚਾਹੁਣਗੇ। 

ਅਤੇ ਵੱਡੀਆਂ ਤਾਕਤਾਂ ਦੇ ਸਿਆਸੀ ਭਲਵਾਨਾਂ ਤੇ ਆਰਥਕ ਬਾਹੂਬਲੀਆਂ ਦਾ ਸਾਂਝਾ ਫ਼ੈਸਲਾ ਕੀ ਹੈ? ਇਹੀ ਹੈ ਕਿ ਦੁਨੀਆਂ ਵਿਚ ਕਦੇ ਸੁੱਖ ਚੈਨ ਵਾਲੇ ਹਾਲਾਤ ਨਾ ਬਣਨ ਤੇ ਦੁਨੀਆਂ, ਵੱਡੀਆਂ ਤਾਕਤਾਂ ਤੋਂ ਹਥਿਆਰ ਸਦਾ ਸਦਾ ਲਈ ਖ਼ਰੀਦਦੀ ਰਹੇ। ਇਸ ਨਾਲ ਉਹ ਮਹਾਂ ਸ਼ਕਤੀਆਂ ਵੀ ‘ਮਹਾਂ ਸ਼ਕਤੀਆਂ’ ਬਣੀਆਂ ਰਹਿੰਦੀਆਂ ਹਨ ਅਤੇ ਉਨ੍ਹਾਂ ਦੇ ਮਹਾਂਬਲੀ ਆਰਥਕ ਖਰਬਪਤੀ ਵੀ ਦੁਨੀਆਂ ਨੂੰ ਗੁੱਡੀ ਵਾਂਗ ਨਚਾਈ ਫਿਰਦੇ ਹਨ। 

ਅੱਜ ਦੀ ਹੀ ਖ਼ਬਰ ਹੈ ਕਿ ਸਟਾਕਹਾਮ ਦੀ ਇੰਟਰੈਸ਼ਨਲ ਪੀਸ ਰੀਸਰਚ ਇੰਸਟੀਚਿਊਟ ਨੇ ਦਸਿਆ ਹੈ ਕਿ ਸੱਭ ਤੋਂ ਵੱਧ ਹਥਿਆਰ, ਵੱਡੀਆਂ ਤਾਕਤਾਂ ਕੋਲੋਂ ਖ਼ਰੀਦਣ ਵਾਲਾ ਦੇਸ਼ ਭਾਰਤ ਬਣ ਗਿਆ ਹੈ। ਰੂਸ ਤੋਂ ਭਾਰਤ 45 ਫ਼ੀ ਸਦੀ ਹਥਿਆਰ ਖ਼ਰੀਦਦਾ ਹੈ। ਫ਼ਰਾਂਸ ਭਾਰਤ ਨੂੰ 29 ਫ਼ੀ ਸਦੀ ਹਥਿਆਰ ਵੇਚਦਾ ਹੈ ਤੇ ਇਹ ਰਾਫ਼ੇਲ ਵਰਗੇ ਸੌਦੇ ਕਰਨ ਮਗਰੋਂ, ਅਮਰੀਕਾ ਤੋਂ ਅੱਗੇ ਲੰਘ ਗਿਆ ਹੈ। ਪਹਿਲਾਂ ਅਮਰੀਕਾ ਦੂਜੇ ਨੰਬਰ ਤੇ ਸੀ। ਹੁਣ ਭਾਰਤ ਨੂੰ ਅਪਣੇ ਹਥਿਆਰ ਵੇਚਣ ਵਾਲਿਆਂ ਵਿਚ ਉਹ ਤੀਜੇ ਨੰਬਰ ਤੇ ਆ ਗਿਆ ਹੈ? ਹੁਣ ਭਾਰਤ 11 ਫ਼ੀ ਸਦੀ ਹਥਿਆਰ ਅਮਰੀਕਾ ਤੋਂ ਖ਼ਰੀਦਦਾ ਹੈ।

ਭਾਰਤ ਤੋਂ ਬਾਅਦ ਸਾਊਦੀ ਅਰਬ ਵੱਡੀਆਂ ਤਾਕਤਾਂ ਤੋਂ 9.6 ਫ਼ੀ ਸਦੀ, ਕਤਰ 6.4 ਫ਼ੀ ਸਦੀ,ਆਸਟ੍ਰੇਲੀਆ 4.7 ਫ਼ੀ ਸਦੀ, ਚੀਨ 4.6 ਫ਼ੀ ਸਦੀ, ਮਿਸਰ 4.5 ਫ਼ੀ ਸਦੀ, ਦਖਣੀ ਕੋਰੀਆ ਅਤੇ ਪਾਕਿਸਤਾਨ 3.7 ਫ਼ੀ ਸਦੀ। ਇਹ ਸਾਰੇ ਕੁਲ ਮਿਲਾ ਕੇ ਦੁਨੀਆਂ ਦੇ 10 ਵੱਡੇ ਹਥਿਆਰ ਖ਼ਰੀਦਦਾਰ ਹਨ। ਇਨ੍ਹਾਂ ਦੇ ਲੀਡਰਾਂ ਨੂੰ ਖ਼ੁਸ਼ ਕਰਨ ਲਈ ਹਥਿਆਰ ਵੇਚਣ ਵਾਲੇ ਕਾਫ਼ੀ ਢੰਗ ਵਰਤਦੇ ਹਨ ਜਿਨ੍ਹਾਂ ਵਿਚ ਕਿਸੇ ਏਜੰਸੀ, ਅਖ਼ਬਾਰ ਜਾਂ ਰਸਾਲੇ ਕੋਲੋਂ ਅੰਨ੍ਹੀ ਤਾਰੀਫ਼ ਕਰਵਾ ਦੇਣੀ, ਇਨਾਮ ਦਿਵਾ ਦੇਣੇ ਤੇ ਹੋਰ ਬਹੁਤ ਕੁੱਝ ਕੀਤਾ ਜਾਂਦਾ ਹੈ। ਵੱਡੀਆਂ ਤਾਕਤਾਂ ਦੇ ਸਾਰੇ ਕੰਮ, ਇਕੱਠੇ ਹੋ ਕੇ, ਗ਼ਰੀਬ ਦੇਸ਼ਾਂ ਦੇ ਲੋਕਾਂ ਨੂੰ ਭੰਬਲਭੂਸੇ ਵਿਚ ਪਾਈ ਰਖਦੇ ਹਨ ਪਰ ਉਹ ਅਪਣੇ ਹਥਿਆਰ ਮੂੰਹ ਮੰਗੇ ਭਾਅ ਤੇ ਵੇਚਣ ਵਿਚ ਕਾਮਯਾਬ ਰਹਿੰਦੇ ਹਨ। ਹੋਰ ਉਨ੍ਹਾਂ ਨੂੰ ਕੀ ਚਾਹੀਦਾ ਹੁੰਦਾ ਹੈ?