Bengaluru Water Crisis: ਖ਼ੁਸ਼ਹਾਲ ਬੰਗਲੌਰ ਵਿਚ ਪਾਣੀ ਦੀ ਕਮੀ ਨੇ ਭਿਆਨਕ ਰੂਪ ਵਿਖਾ ਦਿਤਾ-ਪੰਜਾਬ ਵੀ ਉਸੇ ਰਸਤੇ ਜਾ ਰਿਹਾ ਹੈ!

ਏਜੰਸੀ

ਵਿਚਾਰ, ਸੰਪਾਦਕੀ

ਬੰਗਲੌਰ ਵਿਚ ਝੀਲਾਂ ਹੁੰਦੀਆਂ ਸਨ ਜੋ ਕੁਦਰਤੀ ਪਾਣੀ ਨੂੰ ਸੰਭਾਲ ਲੈਂਦੀਆਂ ਸਨ ਤੇ ਐਸੀਆਂ ਕੁਦਰਤੀ ਆਫ਼ਤਾਂ ਵਿਚ ਇਹੀ ਖਜ਼ਾਨਾ ਕੰਮ ਆਉਂਦਾ ਸੀ।

File Photo

Bengaluru Water Crisis: ਅੱਜ ਦੇ ਦਿਨ ਕਰਨਾਟਕਾ ਵਿਚ ਜੋ ਵੀ ਹੋ ਰਿਹਾ ਹੈ, ਉਹ ਆਉਣ ਵਾਲੇ ਸਮੇਂ ਵਿਚ ਪੰਜਾਬ ਦੀ ਹਕੀਕਤ ਵੀ ਬਣ ਸਕਦਾ ਹੈ। ਅੱਜ ਦੇ ਦਿਨ ਭਾਰਤ ਦੀ ਸਿਲੀਕੋਨ ਵੈਲੀ ਅਰਥਾਤ ਬੰਗਲੌਰ ਵਿਚ ਰਹਿਣ ਵਾਲੇ ਨਾਗਰਿਕਾਂ ਵਾਸਤੇ ਪੀਣ ਵਾਲੇ ਪਾਣੀ ਦੀ ਕਮੀ ਪੈਦਾ ਹੋ ਗਈ ਹੈ। ਬੰਗਲੌਰ ਦੇ ਆਈਟੀ ਉਦਯੋਗ ਦਾ ਹਿੱਸਾ ਬਣੇ ਲੋਕ, ਉੱਚੀਆਂ ਬਿਲਡਿੰਗਾਂ ਵਿਚ ਰਹਿੰਦੇ ਹਨ ਤੇ ਅੱਜ ਦੇ ਦਿਨ ਅਜਿਹੇ ਹਾਲਾਤ ਵਿਚੋਂ ਲੰਘ ਰਹੇ ਹਨ ਕਿ ਉਨ੍ਹਾਂ ਨੂੰ ਪੀਣ ਵਾਸਤੇ ਵੀ ਬੰਦ ਬੋਤਲ ਦਾ ਪਾਣੀ ਖ਼ਰੀਦਣਾ ਪੈਂਦਾ ਹੈ ਤੇ ਨਹਾਉਣਾ ਇਕ ਐਸੀ ਸਹੂਲਤ ਹੈ ਜੋ ਹਰ ਇਕ ਨੂੰ ਹਰ ਰੋਜ਼ ਨਸੀਬ ਨਹੀਂ ਹੁੰਦੀ। ਕੁਦਰਤ ਦਾ ਕਹਿਰ ਵੇਖੋ ਕਿ ਉਥੇ ਪਿਛਲੇ 40 ਸਾਲਾਂ ਵਿਚ ਸੱਭ ਤੋਂ ਵੱਡਾ ਸੋਕਾ ਪਿਆ ਹੈ ਤੇ ਅਜੇ ਗਰਮੀ ਦੀ ਸ਼ੁਰੂਆਤ ਹੀ ਹੋਈ ਹੈ।

ਬੰਗਲੌਰ ਦੇ ਅੱਜ ਦੇ ਹਾਲਾਤ ਸਿਰਫ਼ ਸੋਕੇ ਕਾਰਨ ਸੰਕਟ ਵਾਲੀ ਹਾਲਤ ਵਿਚ ਨਹੀਂ ਪਹੁੰਚੇ  ਬਲਕਿ ਇਸ ਦਾ ਕਾਰਨ ਇਹ ਹੈ ਕਿ ਉਨ੍ਹਾਂ ਨੇ ਪਾਣੀ ਦੀ ਜ਼ਰੂਰਤ ਤੇ ਸੰਭਾਲ ਨੂੰ ਪੂਰੀ ਤਰ੍ਹਾਂ ਸਮਝਿਆ ਹੀ ਨਾ। ਕਰਨਾਟਕਾ ਕਾਵੇਰੀ ਤੋਂ ਪਾਣੀ ਲੈਂਦਾ ਹੈ ਪਰ ਉਸ ’ਤੇ ਵੱਡਾ ਹੱਕ ਤਮਿਲਨਾਡੂ ਦਾ ਹੈ ਤੇ ਦੋਹਾਂ ਵਿਚ ਹਰ ਵਕਤ ਲੜਾਈ ਛਿੜੀ ਰਹਿੰਦੀ ਹੈ। ਬੰਗਲੌਰ ਵਿਚ ਪਾਣੀ  ਦਾ ਦੂਜਾ ਸਰੋਤ ਜ਼ਮੀਨੀ ਪਾਣੀ ਹੈ ਤੇ ਪਿਛਲੇ ਸਮਿਆਂ ਵਿਚ ਜ਼ਮੀਨ ਵਿਚ ਪਾਣੀ ਦਾ ਪੱਧਰ ਬਰਕਰਾਰ ਰੱਖਣ ਲਈ ਬੰਗਲੌਰ ਵਿਚ ਝੀਲਾਂ ਹੁੰਦੀਆਂ ਸਨ ਜੋ ਕੁਦਰਤੀ ਪਾਣੀ ਨੂੰ ਸੰਭਾਲ ਲੈਂਦੀਆਂ ਸਨ ਤੇ ਐਸੀਆਂ ਕੁਦਰਤੀ ਆਫ਼ਤਾਂ ਵਿਚ ਇਹੀ ਖਜ਼ਾਨਾ ਕੰਮ ਆਉਂਦਾ ਸੀ।

ਪਰ ਝੀਲਾਂ ਦੀ ਹਾਲਤ ਖਸਤਾ ਹੋ ਚੁੱਕੀ ਹੈ ਤੇ ਇਹ ਅਕਸਰ ਚਰਚਾ ਦਾ ਵਿਸ਼ਾ ਬਣੀਆਂ ਰਹਿੰਦੀਆਂ ਹਨ। ਜੇ ਸਮੇਂ ਸਿਰ ਉਨ੍ਹਾਂ ਨੂੰ ਬਚਾਉਣ ਦਾ ਕੰਮ ਕੀਤਾ ਹੁੰਦਾ ਤਾਂ ਅੱਜ ਬੰਗਲੌਰ ਵਿਚ ਸੋਕਾ ਇਸ ਤਰ੍ਹਾਂ ਦਾ ਸੰਕਟ ਨਾ ਪੈਦਾ ਕਰਦਾ। ਬੰਗਲੌਰ ਦੀਆਂ ਉੱਚੀਆਂ ਇਮਾਰਤਾਂ ਤੇ ਸਿਲੀਕੋਨ ਵੈਲੀ ਨੂੰ ਵਧਣ ਫੁੱਲਣ ਦੀ ਖੁਲ੍ਹ ਉਂਜ ਹੀ ਦਿਤੀ ਗਈ ਜਿਵੇਂ ਪੰਜਾਬ ਵਿਚ ਕਣਕ ਤੇ ਝੋਨੇ ਦੀ ਬੀਜਾਈ ਨੂੰ ਖੁਲ੍ਹੀ ਛੋਟ ਦੇ ਕੇ ਕੀਤਾ ਗਿਆ ਹੈ। 

ਪੰਜਾਬ ਦੀ ਹਰੀ ਕ੍ਰਾਂਤੀ ਨੇ ਪੰਜਾਬ ਦੇ ਗ਼ਰੀਬ ਕਿਸਾਨ ਦੀ ਜ਼ਿੰਦਗੀ ਬਦਲੀ ਤੇ ਨਾਲ-ਨਾਲ ਸਾਰੇ ਪੰਜਾਬ ਵਿਚ ਤਰੱਕੀ ਦਾ ਮਾਹੌਲ ਵੀ ਬਣਿਆ।  ਪਰ ਅਸੀ ਵੀ ਕਰਨਾਟਕਾ ਵਾਂਗ ਇਕ ਸੰਕਟ ਵਲ ਭੱਜ ਰਹੇ ਹਾਂ ਕਿਉਂਕਿ ਪਾਣੀ ਸਾਡੀਆਂ ਨਹਿਰਾਂ ਵਿਚੋਂ ਨਹੀਂ ਲਿਆ ਜਾ ਰਿਹਾ ਬਲਕਿ ਜ਼ਮੀਨ ’ਚੋਂ ਖਿੱਚ ਕੇ ਜੀਰੀ ਨੂੰ ਉਗਾਇਆ ਜਾ ਰਿਹਾ ਹੈ। ਐਮਐਸਪੀ ਸਿਰਫ਼ ਇਨ੍ਹਾਂ ਦੋ ਫ਼ਸਲਾਂ ’ਤੇ ਮਿਲਦੀ ਹੈ ਪਰ ਕਿਸਾਨ ਨੂੰ ਬਾਕੀ ਫ਼ਸਲਾਂ ਉਗਾਉਣ ਨਾਲ ਮੁਨਾਫ਼ਾ ਨਹੀਂ ਹੁੰਦਾ ਤਾਂ ਫਿਰ ਉਹ ਇਹੀ ਦੋ ਫ਼ਸਲਾਂ ਬੀਜੀ ਜਾਂਦੇ ਹਨ।

ਗ਼ਰੀਬ ਮਜਬੂਰ ਹੈ ਤੇ ਸਰਕਾਰ ਨਾ ਤਾਂ ਨਹਿਰੀ ਸਿੰਚਾਈ ਨੂੰ ਵਧਾ ਕੇ ਜ਼ਮੀਨੀ ਪਾਣੀ ਦੇ ਪੱਧਰ ਨੂੰ ਹੋਰ ਹੇਠਾਂ ਜਾਣੋਂ ਰੋਕਣ ਲਈ ਜ਼ਿਆਦਾ ਉਤਸ਼ਾਹਤ ਹੁੰਦੀ ਹੈ, ਨਾ ਹੋਰ ਫ਼ਸਲਾਂ ਤੇ ਐਮਐਸਪੀ ਵਧਾ ਕੇ ਕਿਸਾਨਾਂ ਨੂੰ ਦੂਜੀਆਂ ਫ਼ਸਲਾਂ ਦੀ ਬਿਜਾਈ ਵਾਸਤੇ ਉਤਸ਼ਾਹ ਵਿਖਾਉਂਦੀ ਹੈ। ਉੱਤਰ ਪ੍ਰਦੇਸ਼ ਵਿਚ ਵੀ ਚੌਲਾਂ ਦੀ ਖੇਤੀ ਵੱਧ ਰਹੀ ਹੈ ਪਰ ਪਾਣੀ ਗੰਗਾ ਤੋਂ ਲਿਆ ਜਾ ਰਿਹਾ ਹੈ।

ਅੱਜ ਕਰਨਾਟਕਾ ਵਿਚ ਪੀਣ ਜਾਂ ਗੱਡੀ ਸਾਫ਼ ਕਰਨ ਲਈ ਪਾਣੀ ਦੀ ਵਰਤੋਂ ’ਤੇ ਜਿਹੜੀ ਪਾਬੰਦੀ ਲਗਾਈ ਗਈ ਹੈ, ਉਹ ਪੰਜਾਬ ਵਾਸਤੇ ਹੋਰ ਵੀ ਖ਼ਤਰਨਾਕ ਹੋਵੇਗੀ ਕਿਉਂਕਿ ਇਥੇ ਆਮਦਨ ਦੇ ਵਸੀਲੇ ਅਤੇ ਰਸਤੇ ਹੀ ਠੱਪ ਹੋ ਕੇ ਰਹਿ ਜਾਣਗੇ। ਜੇ ਪਾਣੀ ਹੀ ਨਹੀਂ ਹੋਵੇਗਾ ਤਾਂ ਕਿਸਾਨ ਖੇਤੀ ਕਿਵੇਂ ਕਰੇਗਾ ਤੇ ਜੇ ਪੰਜਾਬ ਵਿਚ ਕਿਸਾਨ ਹੀ ਤਬਾਹ ਹੋ ਗਿਆ ਤਾਂ ਪੂਰੀ ਆਰਥਕਤਾ ਹੀ ਤਬਾਹ ਹੋ ਸਕਦੀ ਹੈ। ਪੰਜਾਬ ਵਲ ਦੌੜਦਾ ਆ ਰਿਹਾ ਸੰਕਟ ਅਜੇ ਕੁੱਝ ਸਾਲ ਦੂਰ ਹੈ ਪਰ ਅੱਜ ਵੀ ਕੰਮ ਨਾ ਸ਼ੁਰੂ ਕੀਤਾ ਤਾਂ ਤਬਾਹੀ ਨੂੰ ਰੋਕਣਾ ਅਸੰਭਵ ਹੋ ਜਾਵੇਗਾ।
- ਨਿਮਰਤ ਕੌਰ