ਯੂ.ਪੀ. ਵਿਚ ਨਾਮੀ ਗੁੰਡੇ ਅਤੀਕ ਅਸਲਮ ਦੇ ਪੁੱਤਰ ਦਾ ਪੁਲਿਸ ਮੁਕਾਬਲੇ ਵਿਚ ਖ਼ਾਤਮਾ!

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਭਾਵੇਂ ਚਾਰ ਗੈਂਗਸਟਰ ਪੁਲਿਸ ਮੁਕਾਬਲੇ ਵਿਚ ਮਾਰੇ ਜਾ ਚੁਕੇ ਹਨ ਪਰ ਲਾਰੰਸ ਬਿਸ਼ਨੋਈ ਜੇਲ੍ਹ ਵਿਚ ਹਨ ਤੇ ਜਦ ਉਹ ਆਰਾਮ ਨਾਲ ਜੇਲ੍ਹ ’ਚੋਂ ਦੋ ਘੰਟੇ ਦੀ ਇੰਟਰਵਿਊ ਦੇ ਸਕਦੇ ਹਨ

photo

 

ਅਤੀਕ ਅਸਲਮ, ਇਕ ਨਾਮੀ ਗੁੰਡਾ ਜਿਸ ਨੇ ਸਿਆਸਤ ਵਿਚ ਅਪਣੀ ਜਗ੍ਹਾ ਬਣਾ ਕੇ ਭਾਰਤ ਦੇ ਲੋਕਤੰਤਰ ਦੀਆਂ ਧੱਜੀਆਂ ਉਡਾਈਆਂ ਸਨ, ਅੱਜ ਪੁਲਿਸ ਹਿਰਾਸਤ ਵਿਚ ਫੁੱਟ ਫੁੱਟ ਰੋਇਆ ਜਦ ਉੱਤਰ ਪ੍ਰਦੇਸ਼ ਦੀ ਪਲਿਸ ਨੇ ਉਸ ਦੇ ਬੇਟੇ ਨੂੰ ਪੁਲਿਸ ਮੁਕਾਬਲੇ ਵਿਚ ਉਡਾ ਦਿਤਾ। ਅਤੀਕ ਅਸਲਮ ਦੇ ਬੇਟੇ ਅਸਦ ਨੇ ਹਾਲ ਹੀ ਵਿਚ ਉਸ ਦੇ ਪਿਤਾ ਉਤੇ ਚਲ ਰਹੇ ਕੇਸ ਵਿਚ ਇਕ ਵਕੀਲ ਤੇ ਚਸ਼ਮਦੀਦ ਗਵਾਹ ਸਮੇਤ ਦੋ ਪੁਲਿਸ ਕਰਮਚਾਰੀਆਂ ਨੂੰ ਮਾਰ ਦਿਤਾ ਸੀ ਤੇ ਉਸ ਤੋਂ ਬਾਅਦ ਯੂ.ਪੀ. ਦੇ ਮੁੱਖ ਮੰਤਰੀ ਨੇ ਵਿਧਾਨ ਸਭਾ ਵਿਚ ਖੜੇ ਹੋ ਕੇ ਆਖਿਆ ਸੀ ਕਿ ਇਸ ਕਾਰਨਾਮੇ ਨੂੰ ਅੰਜਾਮ ਦੇਣ ਵਾਲਿਆਂ ਨੂੰ ਮਿੱਟੀ ਵਿਚ ਮਿਲਾ ਦਿਤਾ ਜਾਵੇਗਾ। 

ਅਜੇ ਬੁਧਵਾਰ ਹੀ ਅਤੀਕ ਅਸਲਮ ਨੇ ਬਿਆਨ ਦਿਤਾ ਸੀ ਕਿ ਉਹ ਤਬਾਹ ਹੋ ਚੁਕਿਆ ਹੈ ਤੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਸੀ ਕਿ ਉਸ ਦੇ ਘਰ ਦੀਆਂ ਔਰਤਾਂ ਤੇ ਬੇਟੀਆਂ ਨੂੰ ਬਖ਼ਸ਼ ਦਿਤਾ ਜਾਵੇ। ਸ਼ਾਇਦ ਉਸ ਨੂੰ ਪਤਾ ਸੀ ਕਿ ਵਕਤ ਬਦਲ ਗਿਆ ਹੈ।  ਅਸੀਂ ਵੇਖਿਆ ਹੈ ਕਿ ਉੱਤਰ ਪ੍ਰਦੇਸ਼ ਵਿਚ ਯੋਗੀ ਰਾਜ, ਗੁੰਡਾ ਗਰਦੀ ਪ੍ਰਤੀ ਬਹੁਤ ਸਖ਼ਤ ਹੈ। ਕਈ ਲੋਕ ਇਸ ਨੂੰ ਸਹੀ ਮੰਨਦੇ ਹਨ ਤੇ ਕਈ ਗ਼ਲਤ। ਸਿੱਧੂ ਮੂਸੇਵਾਲਾ ਦੇ ਪਿਤਾ ਵੀ ਇਸੇ ਤਰ੍ਹਾਂ ਦੇ ਨਿਆਂ ਦੀ ਆਸ ਰਖਦੇ ਹਨ ਜਿਸ ਸਦਕੇ ਉਹ ਹਰ ਐਤਵਾਰ ਨੂੰ ਅਪਣੇ ਪੁੱਤਰ ਵਾਸਤੇ ਇਨਸਾਫ਼ ਮੰਗਦੇ ਹਨ।

ਭਾਵੇਂ ਚਾਰ ਗੈਂਗਸਟਰ ਪੁਲਿਸ ਮੁਕਾਬਲੇ ਵਿਚ ਮਾਰੇ ਜਾ ਚੁਕੇ ਹਨ ਪਰ ਲਾਰੰਸ ਬਿਸ਼ਨੋਈ ਜੇਲ੍ਹ ਵਿਚ ਹਨ ਤੇ ਜਦ ਉਹ ਆਰਾਮ ਨਾਲ ਜੇਲ੍ਹ ’ਚੋਂ ਦੋ ਘੰਟੇ ਦੀ ਇੰਟਰਵਿਊ ਦੇ ਸਕਦੇ ਹਨ ਤਾਂ ਬਲਕੌਰ ਸਿੰਘ ਦਾ ਦੁੱਖ ਤਾਂ ਜਾਇਜ਼ ਹੀ ਹੈ। ਜਿਸ ਤੇਜ਼ੀ ਨਾਲ ਸਿੱਧੂ ਦੇ ਕਤਲ ਦੀ ਸਾਜ਼ਸ਼ ਬਾਹਰ ਆਈ ਉਸ ਤੇਜ਼ੀ ਨਾਲ ਅਜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਨਿਹੱਥੇ ਸਿੰਘਾਂ ਦੇ ਕਤਲ ਦੀ ਸਾਜ਼ਿਸ਼ ਤੇ ਕੰਮ ਸ਼ੁਰੂ ਨਹੀਂ ਹੋਇਆ। ਪਰ ਕੀ ਖ਼ੂਨ ਦਾ ਬਦਲਾ ਖ਼ੂਨ ਦੀ ਸੋਚ ਠੀਕ ਹੈ? ‘ਅੱਖ ਦੇ ਬਦਲੇ ਅੱਖ ਕਢਣੀ ਸ਼ੁਰੂ ਹੋ ਗਈ ਤਾਂ ਫਿਰ ਤਾਂ ਦੁਨੀਆਂ ਅੰਨ੍ਹੀ ਹੋ ਜਾਵੇਗੀ - ਮਹਾਤਮਾ ਗਾਂਧੀ’। ਜਿਸ ਅਹਿੰਸਾ ਦੇ ਪਰਚਮ ਹੇਠ ਭਾਰਤ ਨੇ ਆਜ਼ਾਦੀ ਪ੍ਰਾਪਤ ਕੀਤੀ, ਉਹ ਸਾਨੂੰ ਸਿਖਾਉਂਦਾ ਹੈ ਕਿ ਜੇ ਕੋਈ ਇਕ ਥੱਪੜ ਮਾਰੇ ਤਾਂ ਦੂਜੀ ਗੱਲ੍ਹ ਨੂੰ ਅੱਗੇ ਕਰ ਦੇਵੋ। ਸ਼ਾਇਦ ਭਾਰਤੀ ਸੋਚ ਬਦਲ ਰਹੀ ਹੈ ਤੇ ਇਸ ਕਰ ਕੇ ਅੱਜ ਮਹਾਤਮਾ ਗਾਂਧੀ ਤੇ ਗੋਡਸੇ ਵਿਚਕਾਰ ਲੋਕ ਵੰਡੇ ਜਾ ਚੁਕੇ ਹਨ। ਭਾਰਤ ਦੇ ਅਸ਼ੋਕ ਚੱਕਰ ਵਿਚ ਬਣੇ ਸ਼ੇਰ ਹੁਣ ਸ਼ਾਂਤ ਨਹੀਂ ਬਲਕਿ ਹਮਲਾ ਕਰਦੇ ਵਿਖਾਈ ਦੇ ਰਹੇ ਹਨ। 

ਚਲੋ, ਜੇ ਹੁਣ ਅਜਿਹੀ ਸਖ਼ਤੀ ਵਿਖਾਣੀ ਹੀ ਹੈ ਤਾਂ ਫਿਰ ਸਾਰਿਆਂ ਵਾਸਤੇ ਹੀ ਵਿਖਾਈ ਜਾਵੇ। ਉੱਤਰ ਪ੍ਰਦੇਸ਼ ਵਿਚ ਹੀ ਲਖੀਮਪੁਰ ਵਿਚ ਡੇਢ ਸਾਲ ਪਹਿਲਾਂ ਕਿਸਾਨ ਅੰਦੋਲਨ ਦੌਰਾਨ ਚਾਰ ਕਿਸਾਨਾਂ ਨੂੰ ਗੱਡੀ ਹੇਠ ਰੋਂਦ ਦਿਤਾ ਗਿਆ ਸੀ ਤੇ ਉਸ ਕੇਸ ਵਿਚ ਅਜੇ ਗਵਾਹੀਆਂ ਹੀ ਪੂਰੀਆਂ ਨਹੀਂ ਹੋਈਆਂ। ਅਦਾਲਤ ਨੇ ਆਖ ਦਿਤਾ ਹੈ ਕਿ ਦੋ ਸਾਲ ਤਾਂ ਜਾਂਚ ਵਿਚ ਹੀ ਲੱਗ ਜਾਣਗੇ। ਕੀ ਇਨਸਾਫ਼ ਵਿਚ ਬਰਾਬਰੀ ਦੀ ਆਸ ਰਖਣਾ ਵੀ ਗ਼ਲਤ ਹੈ? ਕੀ ਸਰਕਾਰਾਂ ਸਚਮੁਚ ਏਨੀਆਂ ਸਖ਼ਤ ਹੋ ਗਈਆਂ ਹਨ ਜਾਂ ਸਿਰਫ਼ ਦੂਜੇ ਧਰਮ ਵਾਲਿਆਂ ਤੇ ਹੀ ਅਪਣੀ ਸਾਰੀ ਸਖ਼ਤੀ ਵਿਖਾ ਰਹੀਆਂ ਹਨ? ਹਾਲ ਹੀ ਵਿਚ ਇਕ ਪਿਤਾ ਨੇ ਅਪਣੀਆਂ ਬੇਟੀਆਂ ਸਮੇਤ ਜ਼ਹਿਰ ਖਾ ਕੇ ਆਤਮ ਹਤਿਆ ਕਰ ਲਈ ਕਿਉਂਕਿ ਉਨ੍ਹਾਂ ਦੇ ਘਰ ਨੂੰ ਨਿਲਾਮ ਕਰਨ ਦੇ ਆਦੇਸ਼ ਸਰਕਾਰ ਵਲੋਂ ਭੇਜੇ ਗਏ ਸਨ ਕਿਉਂਕਿ ਉਨ੍ਹਾਂ ਦਾ ਨਾਂ ਕਿਸੇ ਨਾਲ ਜੋੜਿਆ ਗਿਆ ਸੀ।

ਕੀ ਨਿਆਂ-ਪਾਲਿਕਾ ਵਿਚ ਸਿਆਸੀ ਰਿਸ਼ਤੇ ਤੇ ਧਰਮ ਵੇਖਿਆ ਜਾਵੇਗਾ? ਜੇ ਇਹੀ ਰਵਈਆ ਪੰਜਾਬ ਵਿਚ ਵੀ ਲਾਗੂ ਕਰ ਦਿਤਾ ਗਿਆ ਤਾਂ ਫਿਰ ਜਿਹੜੇ ਲੋਕ ਅੱਜ ਅਸਾਮ ਭੇਜੇ ਜਾ ਰਹੇ ਹਨ, ਕੀ ਉਨ੍ਹਾਂ ਨੂੰ ਅਪਣਾ ਪੱਖ ਪੇਸ਼ ਕਰਨ ਦਾ ਮੌਕਾ ਨਹੀਂ ਮਿਲੇਗਾ? ਹਰ ਹਿੰਦੁਸਤਾਨੀ ਨਿਆਂ ਲੈਣ ਦਾ ਹੱਕ ਰਖਦਾ ਹੈ, ਭਾਵੇਂ ਉਹ ਸਿੱਧੂ ਮੂਸੇਵਾਲਾ ਸੀ ਜਾਂ ਵਿੱਕੀ ਮਿਡੂਖੇੜਾ ਜਾਂ ਲਖੀਮਪੁਰ ਦੇ ਕਿਸਾਨ ਜਾਂ ਬਹਿਬਲ ਦੇ ਨਿਹੱਥੇ ਸਿੰਘ ਜਾਂ ਪ੍ਰਯਾਗਰਾਜ ਦੇ ਵਿਧਾਇਕ। ਸਜ਼ਾ ਸੱਭ ਨੂੰ ਨਿਆਂ ਦੀ ਤਕੜੀ ਵਿਚ ਤੋਲਣ ਮਗਰੋਂ ਹੀ ਮਿਲਣੀ ਚਾਹੀਦੀ ਹੈ। ਪਰ ਇਹ ਇਕ ਹਸੀਨ ਸੁਪਨਾ ਹੀ ਲਗਦਾ ਹੈ ਅੱਜ ਦੇ ਹਾਲਾਤ ਵਿਚ। ਸਿਰਫ਼ ਤਾਕਤਵਰ ਨੂੰ ਪਸੰਦ ਆਉਣ ਵਾਲਾ ਨਿਆਂ ਹੀ ਚਲ ਰਿਹਾ ਹੈ ਪਰ ਜੋ ਸੁਪਨਾ ਸੰਵਿਧਾਨ ਵਿਚ ਵਿਖਾਇਆ ਗਿਆ ਹੈ, ਉਹ ਅਜੇ ਦੂਰ ਦੀ ਗੱਲ ਹੈ। ਹਾਂ ਉਹ ਦਿਨ ਆਵੇਗਾ ਜ਼ਰੂਰ ਜਦੋਂ ਇਹ ਸੁਪਨਾ ਪੂਰਾ ਹੇਵੇਗਾ ਤੇ ਨਿਆਂ ਅਜਿਹਾ ਹੋਵੇਗਾ ਜੋ ਸੱਭ ਵਾਸਤੇ ਬਰਾਬਰੀ ਵਾਲਾ ਤੇ ਮਨੁੱਖੀ ਅਧਿਕਾਰਾਂ ਅੱਗੇ ਸਿਰ ਝੁਕਾਉਣ ਵਾਲਾ ਹੋਵੇਗਾ।     
-ਨਿਮਰਤ ਕੌਰ