ਪੰਜਾਬ ਦੇ ਨੌਜੁਆਨਾਂ ਨੂੰ ਕਿਹੜੇ ਪਾਸੇ ਲਿਜਾਣਾ ਚਾਹੁੰਦੇ ਹਨ ਭਾਰਤ ਦੇ ਵੱਡੇ ਹਾਕਮ ਤੇ ਦੂਜੇ ਲੋਕ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਗਰਮ ਲਹੂ ਵਾਲੇ ਪ੍ਰਵਾਸੀਆਂ ਤੇ ਭਾਰਤੀ ਸਿਸਟਮ ਦੇ ਨਾਲ ਨਾਲ ਇਕ ਹੋਰ ਵਰਗ ਵੀ ਜ਼ਿੰਮੇਵਾਰ

Khalistan Jalus

ਗਰਮ ਲਹੂ ਵਾਲੇ ਪ੍ਰਵਾਸੀਆਂ ਤੇ ਭਾਰਤੀ ਸਿਸਟਮ ਦੇ ਨਾਲ ਨਾਲ ਇਕ ਹੋਰ ਵਰਗ ਵੀ ਜ਼ਿੰਮੇਵਾਰ ਹੈ¸ਪੰਜਾਬ ਦੇ ਪੰਥਕ ਆਗੂ ਅਤੇ ਉਨ੍ਹਾਂ ਨੂੰ ਚੁਣਨ ਵਾਲੇ ਲੋਕ। ਸ਼ਰਾਬ ਨਾਲ ਐਸ.ਜੀ.ਪੀ.ਸੀ. ਦੀਆਂ ਵੋਟਾਂ ਖ਼ਰੀਦਣ ਵਾਲੇ ਅਤੇ ਵੋਟ ਵੇਚਣ ਵਾਲੇ ਵੀ ਜ਼ਿੰਮੇਵਾਰ ਹਨ। ਐਸ.ਜੀ.ਪੀ.ਸੀ./ਅਕਾਲ ਤਖ਼ਤ ਵਿਚ ਤਰੱਕੀਆਂ ਲੈਣ ਲਈ ਸਿਆਸਤਦਾਨਾਂ ਅੱਗੇ ਸਿਰ ਦੇ ਬਲ ਚਲ ਕੇ ਜਾਣ ਵਾਲੇ ਤੇ ਹੁਕਮ ਮੰਨਣ ਵਾਲੇ ਵੀ ਪੂਰੀ ਤਰ੍ਹਾਂ ਜ਼ਿੰਮੇਵਾਰ ਹਨ।

ਗੋਲਕ ਦਾ ਪੈਸਾ ਅਪਣੇ ਨਿਜ ਲਈ ਵਰਤਣ ਵਾਲੇ ਵੀ ਜ਼ਿੰਮੇਵਾਰ ਹਨ। ਸਿੱਖ ਫ਼ਲਸਫ਼ੇ ਵਿਚ ਪਾਖੰਡਾਂ ਅਤੇ ਡੇਰਾਵਾਦ, ਜਾਤੀਵਾਦ ਨੂੰ ਦਾਖ਼ਲ ਕਰਨ ਵਾਲੇ ਵੀ ਜ਼ਿੰਮੇਵਾਰ ਹਨ। ਕੀ ਇਨ੍ਹਾਂ ਸੱਭ ਬੁਰਾਈਆਂ ਦਾ ਹੱਲ ਖ਼ਾਲਿਸਤਾਨ ਹੈ? ਜਦੋਂ ਕੋਈ ਆਗੂ ਹੀ ਨਹੀਂ, ਸਾਰੀ ਕੌਮ ਭਟਕੀ ਹੋਈ ਹੈ, ਜ਼ਮੀਨ ਦੇ ਇਕ ਵਖਰੇ ਟੁਕੜੇ ਵਿਚ ਖ਼ਾਲਸ ਸੋਚ ਅਪਣੇ ਆਪ ਤਾਂ ਨਹੀਂ ਆਉਣ ਵਾਲੀ।

ਅੱਜ ਮੁੜ ਤੋਂ ਖ਼ਾਲਿਸਤਾਨ ਦੇ ਨਾਹਰੇ ਦੁਨੀਆਂ ਦੇ ਹਰ ਕੋਨੇ ਵਿਚ ਬੈਠੇ ਪ੍ਰਵਾਸੀਆਂ ਵਲੋਂ ਮਾਰੇ ਜਾ ਰਹੇ ਹਨ। ਅਮਰੀਕਾ ਵਿਚ 'ਸਿੱਖਜ਼ ਫ਼ਾਰ ਜਸਟਿਸ' ਨੇ ਬਿਆਨ ਦਿਤਾ ਹੈ ਕਿ ਖ਼ਾਲਿਸਤਾਨ ਤਾਂ ਬਣ ਕੇ ਰਹੇਗਾ ਅਤੇ ਆਗੂਆਂ ਨੂੰ ਚੇਤਾਵਨੀ ਦਿੰਦਿਆਂ ਇਹ ਕਿਹਾ ਗਿਆ ਹੈ ਕਿ ਇਸ ਨਵੇਂ ਬੂਟੇ ਨੂੰ ਪੰਜਾਬ ਦੀ ਹਿਕ ਉਤੇ ਹੀ ਉਗਾਵਾਂਗੇ। 2020 ਨੂੰ ਪੰਜਾਬ ਵਿਚ ਰੈਫ਼ਰੈਂਡਮ ਦਾ ਸਾਲ ਪ੍ਰਚਾਰਿਤ ਕੀਤਾ ਜਾ ਰਿਹਾ ਹੈ। ਅਜਿਹੇ ਐਲਾਨਾਂ ਮਗਰੋਂ ਕਈ ਨੌਜਵਾਨ ਪੁਲਿਸ ਵਲੋਂ ਫੜ ਕੇ ਜੇਲਾਂ ਵਿਚ ਸੁੱਟੇ ਜਾ ਰਹੇ ਹਨ ਅਤੇ ਹਰ ਐਲਾਨ ਨੂੰ ਸੁਣ ਕੇ ਇਹ ਖ਼ਿਆਲ ਆਉਂਦਾ ਹੈ ਕਿ 'ਹਾਏ ਸਾਡੇ ਵਿਚਾਰੇ ਮੁੰਡੇ।'

ਅੱਜ ਪੰਜਾਬ ਜਿਸ ਆਰਥਕ ਤੰਗੀ ਦੇ ਦੌਰ ਵਿਚੋਂ ਲੰਘ ਰਿਹਾ ਹੈ, ਕੀ ਉਹ ਨੌਜਵਾਨਾਂ ਨੂੰ ਮੁੜ ਤੋਂ ਇਕ ਹਿੰਸਕ ਰਾਹ ਵਲ ਲੈ ਜਾਵੇਗਾ? ਇਕ ਪਾਸੇ ਬਾਹਰ ਬੈਠੇ ਪ੍ਰਵਾਸੀ ਪੰਜਾਬੀਆਂ ਉਤੇ ਰੋਸ ਆਉਂਦਾ ਹੈ ਜੋ ਅਪਣੀ ਸੁਰੱਖਿਅਤ ਭੂਮੀ ਉਤੇ ਬੈਠ ਕੇ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਦੀ ਆਜ਼ਾਦੀ ਮਾਣ ਰਹੇ ਹਨ ਪਰ ਨਾਲ ਹੀ ਇਥੇ ਬੈਠੇ ਨੌਜਵਾਨਾਂ ਨੂੰ ਖ਼ਤਰੇ ਵਿਚ ਵੀ ਪਾ ਰਹੇ ਹਨ। ਹਾਂ ਪ੍ਰਵਾਸੀ ਸਿੱਖ/ਪੰਜਾਬੀ ਜਿਸ ਧਰਤੀ ਉਤੇ ਸਜੇ ਬੈਠੇ ਹਨ, ਕੀ ਉਥੇ ਉਹ ਖ਼ਾਲਿਸਤਾਨ ਬਣਾਉਣ ਦੀ ਗੱਲ ਕਰ ਸਕਦੇ ਹਨ? ਨਹੀਂ, ਉਥੇ ਤਾਂ ਅਮਨ ਚੈਨ ਦੀ ਬੰਸਰੀ ਵਜਦੀ ਵੇਖਣਾ ਚਾਹੁੰਦੇ ਹਨ। ਪਰ ਪੰਜਾਬ ਵਿਚ...?

ਖ਼ਾਲਿਸਤਾਨ, ਖ਼ਾਲਿਸ ਖ਼ਾਲਸਾ ਸੋਚ ਨਾਲ ਜੁੜਿਆ ਹੋਇਆ ਸ਼ਬਦ ਹੈ ਜਾਂ ਇਕ ਜ਼ਮੀਨ ਦੇ ਟੁਕੜੇ ਅਤੇ ਉਸ ਉਤੇ ਲਹਿਰਾਉਂਦੇ ਝੰਡੇ ਨਾਲ? ਅੱਜ ਜਿਨ੍ਹਾਂ ਮੁਸ਼ਕਲਾਂ ਨੇ ਪੰਜਾਬ ਨੂੰ ਜਕੜਿਆ ਹੋਇਆ ਹੈ, ਕੀ ਉਹ ਖ਼ਾਲਿਸਤਾਨ ਬਣ ਜਾਣ ਨਾਲ ਖ਼ਤਮ ਹੋ ਜਾਣਗੀਆਂ? ਧਰਤੀ ਨੂੰ ਕਿੰਨੇ ਹੀ ਟੁਕੜਿਆਂ ਵਿਚ ਵੰਡ ਲਵੋ, ਜਦੋਂ ਤਕ ਇਕਮੁਠ ਨਹੀਂ ਹੁੰਦੇ ਤੇ ਅਪਣੀਆਂ ਬੁਰਾਈਆਂ ਦੂਰ ਕਰ ਕੇ ਵਿਚਾਰਧਾਰਕ ਸਵੱਛਤਾ ਅਪਣੇ ਅੰਦਰ ਨਹੀਂ ਪੈਦਾ ਕਰਦੇ, ਕੁੱਝ ਵੀ ਪ੍ਰਾਪਤ ਨਹੀਂ ਹੋਣ ਵਾਲਾ।

ਪੰਜਾਬ ਵਿਚ ਜੋ ਹਾਲਾਤ ਬਣੇ ਹੋਏ ਹਨ, ਉਨ੍ਹਾਂ ਦੇ ਹੁੰਦਿਆਂ ਨੌਜਵਾਨਾਂ ਦੇ ਗਰਮ ਲਹੂ ਨੂੰ ਉਬਾਲਾ ਦੇਣਾ ਬੜਾ ਆਸਾਨ ਹੈ। ਸਰਕਾਰੀ ਅੰਕੜਿਆਂ ਤੇ ਨਿਰਭਰ ਇਕ ਸਰਵੇਖਣ ਨੇ ਪੰਜਾਬ ਵਿਚ ਮਾਨਸਿਕ ਡਰ ਦਾ ਮਾਹੌਲ ਪੇਸ਼ ਕੀਤਾ ਹੈ। ਪੰਜਾਬ ਸੂਬੇ ਵਿਚ ਪੁਲਿਸ ਦਾ ਸੱਭ ਤੋਂ ਵੱਧ ਖ਼ੌਫ਼ ਹੈ। ਇਹ ਬੇਤੁਕਾ ਨਹੀਂ ਕਿਉਂਕਿ ਵਾਰ ਵਾਰ ਸਾਹਮਣੇ ਆਏ ਅੱਜ ਦੇ ਸਿਸਟਮ ਵਿਚ ਪੰਜਾਬ ਅਤੇ ਸਿੱਖਾਂ ਨੂੰ, ਮਾੜਾ ਜਿਹਾ ਬਹਾਨਾ ਮਿਲਣ ਤੇ ਹੀ ਬਦਨਾਮ ਕਰਨ ਤੇ ਤਬਾਹ ਕਰਨ ਵਾਲੀ ਸੋਚ ਹਾਵੀ ਹੋ ਜਾਂਦੀ ਹੈ।

ਪੰਜਾਬ ਹਾਈ ਕੋਰਟ ਵਿਚ ਇਕ ਸਿੱਖ ਮੁੰਡੇ ਵਿਰੁਧ ਖ਼ਾਲਿਸਤਾਨ ਦੇ ਹੱਕ ਵਿਚ ਪੋਸਟਰ ਫ਼ੇਸਬੁਕ ਤੇ ਸਾਂਝਾ ਕਰਨ ਦੇ ਕਾਰਜ ਨੂੰ ਰਾਸ਼ਟਰ-ਵਿਰੋਧੀ ਅਪ੍ਰਾਧ ਕਰਾਰ ਦਿਤਾ ਗਿਆ ਹੈ ਜੋ ਕਿ ਇੰਦਰਾ ਗਾਂਧੀ ਦੇ ਕਾਤਲਾਂ ਲਈ ਵੀ ਨਹੀਂ ਸੀ ਵਰਤਿਆ ਗਿਆ। ਕੇਂਦਰ ਸਰਕਾਰ ਨੇ ਪੰਜਾਬ ਦੀ ਅਦਾਲਤ ਵਲੋਂ ਸਾਕਾ ਨੀਲਾ ਤਾਰਾ ਤੋਂ ਬਾਅਦ ਮਾਸੂਮਾਂ ਨੂੰ ਬੰਧਕ ਬਣਾ ਕੇ ਗ਼ੈਰ-ਕਾਨੂੰਨੀ ਢੰਗ ਨਾਲ 4-5 ਸਾਲ ਜੇਲਾਂ ਵਿਚ ਰੱਖਣ ਲਈ ਚਾਰ-ਚਾਰ ਲੱਖ ਦਾ ਮੁਆਵਜ਼ਾ ਦੇਣ ਦੇ ਹੁਕਮ ਨੂੰ ਚੁਨੌਤੀ ਦੇ ਦਿਤੀ ਹੈ।

ਕੇਂਦਰ ਸਰਕਾਰ ਪੰਜਾਬ ਦੀ ਆਰਥਕ ਮਦਦ ਤੇ ਆਉਣ ਤੋਂ ਇਨਕਾਰ ਕਰਦੀ ਹੈ, ਇਥੇ ਉਦਯੋਗਾਂ ਨੂੰ ਲੱਗਣ ਨਹੀਂ ਦੇਂਦੀ ਅਤੇ ਸਿੱਖ ਧਰਮ ਵਿਚ ਪਿਛਲੇ ਦਰਵਾਜ਼ੇ ਤੋਂ ਦਖ਼ਲਅੰਦਾਜ਼ੀ ਕਰਦੀ ਹੈ। ਪੰਜਾਬ ਦਾ 70% ਪਾਣੀ ਖੋਹਿਆ ਤੇ ਲੁਟਿਆ ਜਾ ਰਿਹਾ ਹੈ ਅਤੇ ਧੇਲੇ ਦਾ ਮੁਆਵਜ਼ਾ ਵੀ ਨਹੀਂ ਦਿਤਾ ਜਾ ਰਿਹਾ। ਇਹ ਰਵਈਆ ਨੌਜਵਾਨਾਂ ਦਾ ਖ਼ੂਨ ਖੌਲਣ ਤੇ ਲਾ ਸਕਦਾ ਹੈ। ਇਸ ਦੀ ਜ਼ਿੰਮੇਵਾਰੀ ਸਿਰਫ਼ ਪ੍ਰਵਾਸੀ ਗਰਮ ਲਹੂ ਦੀ ਨਹੀਂ ਬਲਕਿ ਉਸ ਸਿਸਟਮ ਦੀ ਹੈ ਜੋ ਪੰਜਾਬ ਦੇ ਹੱਕਾਂ ਨੂੰ ਕੁਚਲ ਰਿਹਾ ਹੈ। ਅੱਜ ਸੁਮਬਰਾਮਨੀਅਮ ਸਵਾਮੀ ਖੁਲ੍ਹ ਕੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਹੱਕ ਵਿਚ ਗੱਲ ਕਰ ਸਕਦੇ ਹਨ, ਬਿਆਨ ਦੇ ਸਕਦੇ ਹਨ,

ਪਰ ਜੇ ਇਕ ਸਿੱਖ ਉਨ੍ਹਾਂ ਬਾਰੇ ਅਜਿਹੀ ਗੱਲ ਕਰ ਦੇਵੇ ਤਾਂ ਉਹ ਰਾਸ਼ਟਰ ਵਿਰੋਧੀ ਬਣ ਜਾਂਦਾ ਹੈ। '84 ਦੇ ਕਾਰੇ ਵਾਸਤੇ ਸਾਰੇ ਭਾਰਤ ਨੂੰ ਸਿਰ ਝੁਕਾ ਕੇ ਮਾਫ਼ੀ ਮੰਗਣੀ ਚਾਹੀਦੀ ਹੈ। ਗਰਮ ਲਹੂ ਵਾਲੇ ਪ੍ਰਵਾਸੀਆਂ ਭਾਰਤੀ ਸਿਸਟਮ ਦੇ ਨਾਲ ਨਾਲ ਇਕ ਹੋਰ ਵਰਗ ਵੀ ਜ਼ਿੰਮੇਵਾਰ ਹੈ¸ਪੰਜਾਬ ਦੇ ਪੰਥਕ ਆਗੂ ਅਤੇ ਉਨ੍ਹਾਂ ਨੂੰ ਚੁਣਨ ਵਾਲੇ ਲੋਕ। ਸ਼ਰਾਬ ਨਾਲ ਐਸ.ਜੀ.ਪੀ.ਸੀ. ਦੀਆਂ ਵੋਟਾਂ ਖ਼ਰੀਦਣ ਵਾਲੇ ਅਤੇ ਵੋਟ ਵੇਚਣ ਵਾਲੇ ਵੀ ਜ਼ਿੰਮੇਵਾਰ ਹਨ। ਐਸ.ਜੀ.ਪੀ.ਸੀ./ਅਕਾਲ ਤਖ਼ਤ ਵਿਚ ਤਰੱਕੀਆਂ ਲੈਣ ਲਈ ਸਿਆਸਤਦਾਨਾਂ ਅੱਗੇ ਸਿਰ ਦੇ ਬਲ ਚਲ ਕੇ ਜਾਣ ਵਾਲੇ ਤੇ ਹੁਕਮ ਮੰਨਣ ਵਾਲੇ ਵੀ ਪੂਰੀ ਤਰ੍ਹਾਂ ਜ਼ਿੰਮੇਵਾਰ ਹਨ।

ਗੋਲਕ ਦਾ ਪੈਸਾ ਅਪਣੇ ਨਿਜ ਲਈ ਵਰਤਣ ਵਾਲੇ ਵੀ ਜ਼ਿੰਮੇਵਾਰ ਹਨ। ਸਿੱਖ ਫ਼ਲਸਫ਼ੇ ਵਿਚ ਪਾਖੰਡਾਂ ਅਤੇ ਡੇਰਾਵਾਦ, ਜਾਤੀਵਾਦ ਨੂੰ ਦਾਖ਼ਲ ਕਰਨ ਵਾਲੇ ਵੀ ਜ਼ਿੰਮੇਵਾਰ ਹਨ। ਕੀ ਇਨ੍ਹਾਂ ਸੱਭ ਕਮਜ਼ੋਰੀਆਂ ਦਾ ਹੱਲ ਖ਼ਾਲਿਸਤਾਨ ਹੈ? ਜਦੋਂ ਕੋਈ ਆਗੂ ਹੀ ਨਹੀਂ, ਸਾਰੀ ਕੌਮ ਭਟਕੀ ਹੋਈ ਹੈ, ਜ਼ਮੀਨ ਦੇ ਇਕ ਵਖਰੇ ਟੁਕੜੇ ਵਿਚ ਖ਼ਾਲਸ ਸੋਚ ਅਪਣੇ ਆਪ ਤਾਂ ਨਹੀਂ ਪਲਰਨ ਵਾਲੀ।  -ਨਿਮਰਤ ਕੌਰ