ਪੰਜਾਬ 'ਚ ਸਾਰੀਆਂ ਪਾਰਟੀਆਂ ਦਲਿਤਾਂ ਦਾ ਭਲਾ ਕਰਨ ਲਈ ਚੋਣ ਲੜਨ ਦਾ ਦਾਅਵਾ ਕਰ ਰਹੀਆਂ ਪਰ ਸੱਚ ਕੀ ਹੈ?

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

‘‘ਚਲ ਚਲ ਮੇਰੇ ਸਾਥੀ, ਮੇਰੇ ਹਾਥੀ, ਚਲ ਲੈ ਚਲ ਖਟਾਰਾ ਖਿੱਚ ਕੇ, ਚਲ ਯਾਰ ਧੱਕਾ ਮਾਰ, ਬੰਦ ਹੈ ਪੰਜਾਬ ਦਾ ਸਭਿਆਚਾਰ।’’

BSP-SAD alliance

‘‘ਚਲ ਚਲ ਮੇਰੇ ਸਾਥੀ, ਮੇਰੇ ਹਾਥੀ, ਚਲ ਲੈ ਚਲ ਖਟਾਰਾ ਖਿੱਚ ਕੇ, ਚਲ ਯਾਰ ਧੱਕਾ ਮਾਰ, ਬੰਦ ਹੈ ਪੰਜਾਬ ਦਾ ਸਭਿਆਚਾਰ।’’ ਹੁਣ ਨਵੇਂ ਸਿਆਸੀ ਗਠਜੋੜ ਦੇ ਬਾਅਦ ਇਹ ਗੀਤ ਹਰ ਥਾਂ ਗਾਇਆ ਜਾ ਰਿਹਾ ਹੈ। ਹਾਥੀ ਦਾ ਨਿਸ਼ਾਨ ਭਾਵੇਂ ਯੂ.ਪੀ. (UP)ਦੀ ਦੀਦੀ ਮਾਇਆਵਤੀ (Mayawati)  ਕੋਲ ਹੈ ਪਰ ਅਗਲੇ ਸਾਲ ਦੇ ਸ਼ੁਰੂ ਵਿਚ ਹੋਣ ਵਾਲੀਆਂ ਚੋਣਾਂ ਵਿਚ ਭਾਜਪਾ (BJP) ਵਲੋਂ ਮੁੱਖ ਰੂਪ ਵਿਚ ਪ੍ਰਚਾਰੀ ਜਾਂਦੀ ‘ਜਾਤੀਵਾਦੀ’ ਸੋਚ ਹੁਣ ਸਾਰੀਆਂ ਪਾਰਟੀਆਂ ਨੇ ਅਪਣਾ ਲਈ ਲਗਦੀ ਹੈ।

ਭਾਜਪਾ ਨੂੰ ਪੰਜਾਬ ਵਿਚ ਜੱਟ ਆਗੂ ਤਾਂ ਮਿਲਣਾ ਨਹੀਂ ਸੀ, ਸੋ ਉਨ੍ਹਾਂ ਹਿੰਦੂ ਤੇ ਦਲਿਤ ਵਰਗ ਦਾ ਸਾਥ, ਦਲਿਤ ਮੁੱਖ ਮੰਤਰੀ ਬਣਾਉਣ ਦਾ ਵਾਅਦਾ ਕਰ ਕੇ ਮੰਗ ਲਿਆ। ਅਕਾਲੀ ਦਲ (Akali Dal) ਨੇ ਦਲਿਤ ਉਪ ਮੁੱਖ ਮੰਤਰੀ ਬਣਾਉਣ ਦਾ ਐਲਾਨ ਵੀ ਕਰ ਦਿਤਾ ਤੇ ਹੁਣ ਮਾਇਆਵਤੀ ਨਾਲ ਗਠਜੋੜ ਵੀ ਕਰ ਲਿਆ ਹੈ। ਕਾਂਗਰਸ ਵਿਚ ਦਲਿਤ ਮੰਤਰੀ, ਅਪਣੀ ਪੂਰੀ ਤਾਕਤ ਨਾਲ ਹੁਣ ਅਪਣਾ ਮਨਪਸੰਦ ਦਲਿਤ ਚਿਹਰਾ ਪੰਜਾਬ ਕਾਂਗਰਸ (Punjab Congress) ਦੇ ਪ੍ਰਧਾਨ ਵਜੋਂ ਪੇਸ਼ ਕਰਨ ਦੇ ਯਤਨ ਵਿਚ ਹਨ। ‘ਆਪ’ ਅੱਜ ਉਸ ਪੰਜਾਬੀ ਆਗੂ ਨੂੰ ਲਭਦੀ ਫਿਰ ਰਹੀ ਹੈ ਜੋ ਉਨ੍ਹਾਂ ਦੀ ਨੁਮਾਇੰਦਗੀ ਕਰਨ ਦੀ ਕਾਬਲੀਅਤ ਰਖਦਾ ਹੋਵੇ।

ਸਾਰੀਆਂ ਹੀ ਪਾਰਟੀਆਂ ਦੇ ਆਗੂ ਬੜੀ ਸੰਕੁਚਿਤ ਜਾਂ ਸੌੜੀ ਸੋਚ ਨਾਲ ਚੋਣਾਂ ਜਿੱਤਣ ਬਾਰੇ ਸੋਚ ਰਹੇ ਹਨ। ਇਹ ਹਿੰਦੂ ਵੋਟਰ ਹੈ, ਇਹ ਭਾਪਾ ਵੋਟਰ ਹੈ, ਇਹ ਜੱਟ ਵੋਟਰ, ਇਹ ਪਛੜੀ ਜਾਤੀ ਦਾ ਵੋਟਰ ਹੈ। ਅਸਲ ਮੁੱਦਿਆਂ ਦੀ ਸੋਚ ਕਿਧਰੇ ਵੀ ਨਹੀਂ। ਹੁਣ ਭਾਜਪਾ ਕੋਲ ਵਿਖਾਉਣ ਲਈ ਇਕ ਦਲਿਤ ਰਾਸ਼ਟਰਪਤੀ ਹੀ ਹੈ। ਸਿੱਖ, ਮੁਸਲਮਾਨ ਰਾਸ਼ਟਰਪਤੀ ਬਣਾਇਆ ਹੀ ਉਨ੍ਹਾਂ ਨੂੰ ਜਾਂਦਾ ਹੈ ਜੋ ਅਪਣੀ ਕੌਮ ਨਾਲ ਹੁੰਦੀ ਜ਼ਿਆਦਤੀ ਵੇਖ ਕੇ ਚੁੱਪ ਰਹਿਣ ਦੀ ਸਹੁੰ ਚੁਕ ਬੈਠੇ ਹੋਣ। ਕੀ ਇਕ ਦਲਿਤ ਰਾਸ਼ਟਰਪਤੀ ਦੇ ਆਉਣ ਮਗਰੋਂ ਦਲਿਤ ਵਰਗ ਦੀ ਜ਼ਿੰਦਗੀ ਅਸਾਨ ਹੋ ਗਈ?

ਦਲਿਤ ਤੇ ਪਛੜੀਆਂ ਜਾਤੀਆਂ ਵਿਰੁਧ ਪਿਛਲੇ ਦੋ ਤਿੰਨ ਸਾਲਾਂ ਵਿਚ ਜਿਹੜੇ ਕੇਸ ਦਰਜ ਹੋਏ ਹਨ, ਉਹ ਸ਼ਾਇਦ ਹੀ ਪਹਿਲਾਂ ਕਦੇ ਦਰਜ ਹੋਏ ਹੋਣਗੇ। ਕਾਂਗਰਸ (Congress) ਵਿਚ ਦਲਿਤ ਮੰਤਰੀ ਹੋਣ ਦੇ ਬਾਵਜੂਦ ਦਲਿਤ ਵਰਗ ਲਈ ਵਜ਼ੀਫ਼ੇ ਆਉਣ ਦੀ ਰਫ਼ਤਾਰ ਹੌਲੀ ਹੀ ਰਹੀ ਅਤੇ ਅਕਾਲੀ ਦਲ ਨੇ ਅਪਣੇ ਆਪ ਨੂੰ ਧਰਮ ਨਿਰਪੱਖ, ਸੂਬਾ ਪਧਰੀ ਗਠਜੋੜ ਦੀ ਪਹਿਲ ਕਰਨ ਵਾਲੀ ਪਾਰਟੀ ਹੋਣ ਦਾ ਦਾਅਵਾ ਤਾਂ ਕਰ ਦਿਤਾ ਪਰ ਘਰ ਵਿਚ ਤਾਂ ਇਹ ਪਾਰਟੀ ਅਪਣੀਆਂ ਪਹਿਲੀਆਂ ਪੰਥਕ ਜੜ੍ਹਾਂ ਵੱਢਣ ਤੇ ਲੱਗੀ ਹੋਈ ਸੀ। ਕੀ ਹੁਣ ਰਾਹ ਵਿਚ ਨਵਾਂ ਮੌੜ ਆਉਣ ਨਾਲ ਦਲਿਤ ਵਰਗ ਦਾ ਫ਼ਾਇਦਾ ਕਰਨ ਵਿਚ ਈਮਾਨਦਾਰੀ ਨਾਲ ਕੰਮ ਕਰ ਸਕੇਗੀ?

ਪੰਜਾਬ (Punjab) ਦਾ ਕੋਈ ਵੀ ਆਗੂ ਅਸਲ ਬਰਾਬਰੀ ਵਾਲੀ ਸੋਚ ਰਖਦਾ ਹੀ ਨਹੀਂ। ਮੂੰਹ ਤੋਂ ਪੰਥਕ ਹੋਣ ਦੀ ਗੱਲ ਕਰਦਾ ਹੈ ਪਰ ਚੋਣਾਂ ਵੇਲੇ ਨਿਰੀ ਜਾਤ-ਪਾਤ ਹੀ ਉਸ ਦੇ ਮਨ ਤੇ ਛਾਈ ਹੁੰਦੀ ਹੈ। ਹਰ ਕੋਈ ਅਪਣੇ ਆਪ ਨੂੰ ਪੱਕਾ ਸਿੱਖ, ਪੰਜਾਬੀ ਤੇ ਪੰਥਕ ਦਸਦਾ ਹੈ ਪਰ ਕੀ ਗੁਰੂ ਗ੍ਰੰਥ ਸਾਹਿਬ (Guru Granth Sahib ) ਵਿਚ ਜਾਤ ਪਾਤ ਤੇ ਆਧਾਰਤ ਸਿਆਸਤ ਦਾ ਸੰਦੇਸ਼ ਦਿਤਾ ਗਿਆ ਹੈ? ਜਿਹੜੇ ਸਚਮੁਚ ਦੇ ਪੰਥਕ ਜਾਂ ਧਰਮ ਨਿਰਪੱਖ ਲੋਕ ਹਨ, ਅਸਲ ਵਿਚ ਉਹ ਗ਼ੈਰ ਸਿਆਸੀ ਲੋਕ ਹੀ ਹਨ ਜਾਂ ਗੁਰਦਵਾਰਾ ਸਿਆਸਤ ਤੋਂ ਦੂਰ ਰਹਿਣ ਵਾਲੇ। ਪੰਥਕ ਹੋਣ ਦਾ ਲੇਬਲ ਮੱਥੇ ਤੇ ਚਿਪਕਾ ਕੇ ਮਾਇਆ ਅਤੇ ਸੱਤਾ ਦੇ ਗੱਫੇ ਲੁੱਟਣ ਵਾਲਿਆਂ ਦੀ ਤਾਂ ਗੱਲ ਨਾ ਹੀ ਛੇੜੀ ਜਾਵੇ ਤਾਂ ਠੀਕ ਰਹੇਗੀ।

ਅੱਜ ਪੰਜਾਬ ਵਿਚ ਸਿਆਸੀ ਪਾਰਟੀਆਂ ਜਾਤ ਪਾਤ ਦੀ ਜਿਹੜੀ ਖੇਡ ਖੇਡ ਰਹੀਆਂ ਹਨ, ਇਨ੍ਹਾਂ ਨੇ ਹੀ 2017 ਵਿਚ ਪੰਥਕ ਮੁੱਦਿਆਂ ਨੂੰ ਮੋਹਰਾ ਬਣਾਇਆ ਸੀ। ਇਨ੍ਹਾਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਐਲਾਨ ਕੀਤਾ ਸੀ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਬਹਿਬਲ ਗੋਲੀ ਕਾਂਡ ਦਾ ਨਿਆਂ ਦਿਵਾਉਣ ਦਾ ਵਾਅਦਾ ਕੀਤਾ ਸੀ। ਹੌਲੀ ਹੌਲੀ ਪੰਥਕ ਮੁੱਦਿਆਂ ਦੀ ਰਾਖੀ ਕਰਨ ਦਾ ਦਾਅਵਾ ਕਰਨ ਵਾਲੀਆਂ ਜਥੇਬੰਦੀਆਂ ਕਮਜ਼ੋਰ ਪੈ ਗਈਆਂ ਤੇ ਸੱਭ ਪੰਥਕ ਮੁੱਦੇ ਭੁਲਾ ਦਿਤੇ ਗਏ।

ਇਹ ਬੜੀ ਗ਼ਲਤ ਸੋਚ ਹੋਵੇਗੀ ਜੇ ਅਸੀ ਉਮੀਦ ਰਖੀਏ ਕਿ ਇਹ ਪਾਰਟੀਆਂ ਅਪਣੀ ਸੋਚ ਬਦਲ ਲੈਣਗੀਆਂ ਪਰ ਇਨ੍ਹਾਂ ਪਾਰਟੀਆਂ ਦੀ ਲੋੜ ਤੇ ਇਸ ਵੇਲੇ ਦੀ ਐਲਾਨੀਆਂ ਸੋਚ ਦਾ ਫ਼ਾਇਦਾ ਚੁਕ ਕੇ ਦਲਿਤ ਜਥੇਬੰਦੀਆਂ ਜ਼ਰੂਰ ਕੁੱਝ ਅਜਿਹਾ ਕਰਵਾ ਸਕਦੀਆਂ ਹਨ ਜਿਸ ਨਾਲ ਪੰਜਾਬ ਵਿਚ ਦਲਿਤ ਵਰਗ ਦੇ ਆਮ ਇਨਸਾਨ ਨੂੰ ਵੀ ਕੁੱਝ ਫ਼ਾਇਦਾ ਮਿਲ ਜਾਵੇ। ਸਿਆਸਤ ਦੀ ਇਸ ਲੋੜ ਨੂੰ ਸਿਰਫ਼ ਕੁੱਝ ਲੋਕਾਂ ਦੇ ਹੱਥਾਂ ਦੀ ਤਾਕਤ ਨਹੀਂ ਬਲਕਿ ਇਕ ਵੱਡੇ ਕਮਜ਼ੋਰ ਤਬਕੇ ਦੀ ਮਜ਼ਬੂਤੀ ਤੇ ਖ਼ੁਸ਼ਹਾਲੀ ਦਾ ਸਾਧਨ ਬਣਾਇਆ ਜਾ ਸਕਦਾ ਹੈ। ਦਲਿਤ ਲੀਡਰਾਂ ਨੂੰ ਇਸ ਮੌਕੇ ਨੂੰ ‘ਪੰਥਕ ਧਿਰਾਂ’ ਵਾਂਗ ਹੀ ਗਵਾਉਣਾ ਨਹੀਂ ਚਾਹੀਦਾ।                                                                  -ਨਿਮਰਤ ਕੌਰ