ਅਜਿਹਾ ਕਿਉਂ ਹੈ ਕਿ ਨਵੀਂ ਸਰਕਾਰ ਬਣਨ ਤੇ ਬੰਦੂਕਾਂ ਚੱਲਣ ਲੱਗ ਪਈਆਂ?
ਮਾਫ਼ੀਆ ਗਰੁੱਪਾਂ ਨੂੰ ਅਸ਼ਾਂਤੀ ਫੈਲਾਉਣ ਵਿਚ ਹੀ ਲਾਭ!
ਕੁੱਝ ਸਿਆਣਿਆਂ ਦੀ ਅੱਜ ਦੀ ਮੌਜੂਦਾ ਸਰਕਾਰ ਤੇ ਪੰਜਾਬ ਦੇ ਹਾਲਾਤ ਬਾਰੇ ਚਰਚਾ ਚਲ ਰਹੀ ਸੀ। ਇਕ ਧੜਾ ਮੰਨਦਾ ਸੀ ਕਿ ਸ਼ਾਸਨ ਵਿਚ ਕੁੱਝ ਸੁਧਾਰ ਹੋਇਆ ਹੈ ਪਰ ਸਾਰੇ ਪੰਜਾਬ ਵਿਚ ਵਧਦੀਆਂ ਹਿੰਸਕ ਵਾਰਦਾਤਾਂ ਬਾਰੇ ਚਿੰਤਿਤ ਵੀ ਸੀ। ਇਕ ਵੱਡੇ ਪੰਜਾਬੀ-ਅੰਗਰੇਜ਼ੀ ਲੇਖਕ ਨੇ ਅਪਣੀ ਟਿਪਣੀ ਦਿੰਦੇ ਹੋਏ ਪੰਜਾਬ ਦੇ ਪੁਰਾਣੇ ਮੁੱਖ ਮੰਤਰੀਆਂ ਦੇ ਹੱਕ ਵਿਚ ਨਾਅਰਾ ਮਾਰ ਦਿਤਾ ਤੇ ਆਖਿਆ ਕਿ ਉਹ ਪੰਜਾਬ ’ਤੇ ਪਕੜ ਰਖਦੇ ਸਨ। ਉਨ੍ਹਾਂ ਕੋਲ ਪੰਜਾਬ ਦੇ ਮਸਲਿਆਂ ਬਾਰੇ ਜੋ ਤਜਰਬਾ ਸੀ, ਉਹ ਅੱਜ ਦੇ ਰਥਵਾਨਾਂ ਕੋਲ ਨਹੀਂ ਹੈ। ਅਪਣੇ ਤਜਰਬੇ ਦੇ ਬੱਲ ’ਤੇ ਉਨ੍ਹਾਂ ਨੇ ਆਖਿਆ ਕਿ ਪੰਜਾਬ ਬਾਕੀ ਸਰਹੱਦੀ ਸੂਬਿਆਂ ਤੋਂ ਵਖਰਾ ਹੈ। ਗੁਜਰਾਤ ਜਾਂ ਰਾਜਸਥਾਨ ਦੇ ਮੁਕਾਬਲੇ ਪੰਜਾਬ ਵਿਚ ਅਜਿਹੀਆਂ ਡੂੰਘੀਆਂ ਦਰਾੜਾਂ ਹਨ ਜੋ ਤਜਰਬੇਕਾਰ ਸਿਆਸਤਦਾਨ ਹੀ ਭਰ ਸਕਦਾ ਹੈ। ਉਨ੍ਹਾਂ ਦੀ ਦਲੀਲ ਸੀ ਕਿ ਪੰਜਾਬ ਵਿਚ ਸ਼ਾਸਨ ਕਰਨ ਵਾਸਤੇ ਭ੍ਰਿਸ਼ਟ ਆਗੂ ਹੀ ਸਹੀ ਹਨ। ਉਨ੍ਹਾਂ ਮੁਤਾਬਕ ਕੋਈ ਹਰਜ ਨਹੀਂ ਕਿ ਕੁੱਝ ਲੋਕਾਂ ਨੇ ਤਾਕਤ ਵਿਚ ਆ ਕੇ ਕਰੋੜਾਂ ਦੇ ਘੁਟਾਲੇ ਕੀਤੇ ਪਰ ਉਨ੍ਹਾਂ ਨੇ ਇਸ ਸੱਭ ਕੁੱਝ ਨਾਲ ਸੂਬੇ ਵਿਚ ਸ਼ਾਂਤੀ ਤਾਂ ਬਣਾਈ ਰੱਖੀ।
ਕੁੱਝ ਸਾਡੇ ਵਰਗੇ ਪੰਜਾਬੀ ਅਦਾਰੇ ਨਾਲ ਜੁੜੇ ਹੋਏ ਲੋਕ ਜੋ ਕਿਸਾਨੀ ਸੰਘਰਸ਼ ਨੂੰ ਟ੍ਰੇਨ, ਟਰੱਕ ਤੋਂ ਲੈ ਕੇ ਹਰਿਆਣਾ ਦੀਆਂ ਸਰਹੱਦਾਂ ’ਤੇ ਦਿੱਲੀ ਦੇ ਬਾਹਰ ਤਕ ਨੌਜੁਆਨਾਂ ਨਾਲ ਜੁੜੇ ਰਹੇ ਸਨ, ਨੇ ਪਿੰਡਾਂ ਵਿਚ ਰਵਾਇਤੀ ਸਿਆਸਤਦਾਨਾਂ ਦਾ ਅਸਰ ਵੇਖਿਆ ਹੈ ਜਿਥੇ ਲੋਕ ਨਸ਼ੇ ਤੇ ਸ਼ਰਾਬ ਤਸਕਰਾਂ ਦੇ ਡਰ ਹੇਠ ਜੀਅ ਰਹੇ ਹਨ। ਜਿਹੜਾ ਦੁੱਖ ਪਿੰਡਾਂ ਵਿਚ ਵੇਖਿਆ, 92 ਵਿਧਾਇਕਾਂ ਦੀ ਜਿੱਤ ਉਸ ਦਾ ਹੀ ਅਸਰ ਹੈ। ਪਰ ਅੱਜ ਜੋ ਸੂਬੇ ਦੇ ਹਾਲਾਤ ਹਨ, ਉਹ ਵੀ ਚਿੰਤਾ ਦਾ ਵਿਸ਼ਾ ਹਨ। ਅਜਿਹਾ ਕੀ ਹੋਇਆ ਹੈ ਕਿ ਨਵੀਂ ਸਰਕਾਰ ਦੇ ਆਉਣ ਤੋਂ ਬਾਅਦ ਪੰਜਾਬ ਵਿਚ ਆਮ ਘਰੇਲੂ ਝਗੜਿਆਂ ਵਿਚ ਵੀ ਬੰਦੂਕਾਂ ਚਲਣੀਆਂ ਸ਼ੁਰੂ ਹੋ ਗਈਆਂ ਹਨ?
ਇਹ ਤਾਂ ਹੈ ਨਹੀਂ ਕਿ ਨਵੀਂ ਸਰਕਾਰ ਨੇ ਆ ਕੇ ਪੰਜਾਬ ਦੀਆਂ ਦਰਾੜਾਂ ਵਿਚ ਤੇਜ਼ਾਬ ਪਾ ਕੇ ਇਨ੍ਹਾਂ ਨੂੰ ਹੋਰ ਡੂੰਘਾ ਕਰਨ ਦਾ ਯਤਨ ਕੀਤਾ ਹੈ। ਇਹ ਇਲਜ਼ਾਮ ਵੀ ਨਹੀਂ ਲਗਾ ਸਕਦੇ ਕਿ ਉਨ੍ਹਾਂ ਨੇ ਆ ਕੇ ਪੰਜਾਬ ਵਿਚ ਬੰਦੂਕਾਂ ਵੰਡੀਆਂ ਤੇ ਖੁਲ੍ਹੇਆਮ ਲੋਕਾਂ ਨੂੰ ਆਪਸ ਵਿਚ ਭਿੜਨ ਦੇ ਆਦੇਸ਼ ਦੇ ਦਿਤੇ।
ਨਸ਼ੇ ਨੇ ਪਹਿਲਾਂ ਤੋਂ ਹੀ ਪੰਜਾਬੀ ਨੌਜੁਆਨਾਂ ਉਤੇ ਸਵਾਰੀ ਕੀਤੀ ਹੋਈ ਸੀ ਸਗੋਂ ਪਿਛਲੀ ਕਾਂਗਰਸ ਸਰਕਾਰ ਤਾਂ ਇਸ ਨੂੰ ਖ਼ਤਮ ਕਰਨ ਦੀ ਸਹੁੰ ਚੁਕ ਕੇ ਆਈ ਸੀ ਪਰ ਇਸ ਨੂੰ ਵਧਾ ਕੇ ਗਈ। ਅੱਜ ਦੇ ਕਾਂਗਰਸ ਪ੍ਰਧਾਨ ਆਪ ਆਖਦੇ ਹਨ ਕਿ ਵੋਟਾਂ ਉਨ੍ਹਾਂ ਦੀ ਚੰਗੀ ਕਾਰਗੁਜ਼ਾਰੀ ਦੇ ਉਲਟ ਪਈਆਂ ਸਨ। ਨਾਲ ਹੀ ਉਹ ਇਹ ਵੀ ਆਖਦੇ ਹਨ ਕਿ ਕਾਂਗਰਸ ਨਾਲ ਨਾਰਾਜ਼ਗੀ ਕਾਰਨ ‘ਆਪ’ ਨੂੰ ਵੋਟਾਂ ਪਈਆਂ ਨਾਕਿ ‘ਆਪ’ ਵਿਚ ਵਿਸ਼ਵਾਸ ਕਾਰਨ। ਯਕੀਨਨ ਇਹ ਇਕ ਸਿਆਸੀ ਬਿਆਨ ਹੈ। ਪਰ ਜਦ ਕਾਂਗਰਸ ਪ੍ਰਧਾਨ ਆਪ ਮੰਨ ਰਹੇ ਹਨ ਕਿ ਉਹ ਚੰਗਾ ਸ਼ਾਸਨ ਦੇਣ ਵਿਚ ਫ਼ੇਲ੍ਹ ਰਹੇ ਸਨ, ਉਨ੍ਹਾਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਉਨ੍ਹਾਂ ਦੇ ਅਪਣੇ ਵਜ਼ੀਰਾਂ ਦੇ ਭ੍ਰਿਸ਼ਟਾਚਾਰ ਦੀਆਂ ਫ਼ਾਈਲਾਂ ਹਨ ਤੇ ਉਹ ਆਪ ਆਖਦੇ ਹਨ ਕਿ ਉਹ ਜਾਣਦੇ ਸਨ ਕਿ ਕੌਣ ਮਾਫ਼ੀਆ (ਸ਼ਰਾਬ/ਰੇਤਾ) ਦਾ ਕੰਮ ਕਰ ਰਿਹਾ ਹੈ, ਫਿਰ ਵੀ ਉਨ੍ਹਾਂ ਦਾ ਸ਼ਾਸਨ ਅਮੀਰ ਤੇ ਉਪਰਲੇ ਵਰਗ ਨੂੰ ਅੱਜ ਵੀ ਚੰਗਾ ਕਿਉਂ ਲਗਦਾ ਹੈ?
ਅੱਜ ਪੰਜਾਬ ਵਿਚ ਨਵੀਂ ਸੋਚ ਵਿਰੁਧ ਇਕ ਮਾਹੌਲ ਬਣਾਇਆ ਜਾ ਰਿਹਾ ਹੈ ਤੇ ਕਈ ਵਾਰ ਜਾਪਦਾ ਹੈ ਕਿ ਇਹ ਮਾਹੌਲ ਬੜੀ ਵੱਡੀ ਸਾਜ਼ਿਸ਼ ਹੈ। ਪੁਲਿਸ ਉਹੀ ਹੈ ਪਰ ਬੰਦੂਕਾਂ ਵੱਧ ਕਿਉਂ ਗਈਆਂ ਹਨ? ਗੈਂਗਸਟਰ ਜੇਲਾਂ ਵਿਚ ਹਨ ਪਰ ਉਨ੍ਹਾਂ ਦੇ ਆਦੇਸ਼ਾਂ ਤੇ ਪੰਜਾਬ ਵਿਚ ਫਿਰੌਤੀ ਹੋ ਰਹੀ ਹੈ ਸਗੋਂ ਵੱਧ ਗਈ ਹੈ। ਫ਼ਾਇਦਾ ਕਿਸ ਨੂੰ ਹੋ ਰਿਹਾ ਹੈ? ਨੌਜੁਆਨਾਂ ਨੂੰ ਬੰਦੂਕਾਂ ਤੇ ਵੱਖਵਾਦ ਵਲ ਭੇਜਣ ਵਾਲੇ ਤਾਂ ਪੰਜਾਬ ਨੂੰ ਕਰਜ਼ੇ ਵਿਚ ਡੋਬ ਕੇ, ਨੌਜੁਆਨਾਂ ਨੂੰ ਵਿਦੇਸ਼ਾਂ ਵਿਚ ਮਜ਼ਦੂਰੀ ਕਰਨ ਲਈ ਜਾਣ ਦਾ ਰਸਤਾ ਵਿਖਾਉਣ ਦੇ ਜ਼ਿੰਮੇਵਾਰ ਹਨ।
ਅੱਜ ਬੜੇ ਸਬਰ ਤੇ ਸਿਆਣਪ ਨਾਲ ਅਪਣਾ ਹਰ ਕਦਮ ਚੁਕਣ ਦੀ ਘੜੀ ਹੈ। ਜਦ ਤੁਸੀ ਗਰਮ ਸੋਚ ਦੇ ਬਹਿਕਾਵੇ ਵਿਚ ਆ ਕੇ ਬੰਦੂਕ ਚਲਾ ਲੈਂਦੇ ਹੋ, ਜੇਲ੍ਹ ਸਿਰਫ਼ ਤੁਸੀ ਜਾਂਦੇ ਹੋ, ਪ੍ਰਵਾਰ ਸਿਰਫ਼ ਆਮ ਇਨਸਾਨ ਦਾ ਤਬਾਹ ਹੁੰਦਾ ਹੈ। ਕਿਸੇ ਦੀ ਵਿਛਾਈ ਬਸਾਤ ਵਿਚ ਪਿਆਦਾ ਬਣਨ ਤੋਂ ਪਹਿਲਾਂ ਸਾਰੇ ਪੱਖਾਂ ਨੂੰ ਪਰਖ ਕੇ ਫ਼ੈਸਲਾ ਕਰੋ ਕਿ ਫ਼ਾਇਦਾ ਕਿਸ ਨੂੰ ਹੋਵੇਗਾ ਤੇ ਨੁਕਸਾਨ ਕਿਸ ਨੂੰ? ਨਸ਼ਾ, ਸ਼ਰਾਬ, ਰੇਤਾ, ਭ੍ਰਿਸ਼ਟਾਚਾਰ ਨੂੰ ਕਾਬੂ ਕਰਨ ਵਾਲੇ ਪੰਜਾਬ ਦੇ ਮਾਹੌਲ ਨੂੰ ਕਿਸ ਤਰ੍ਹਾਂ ਕਾਬੂ ਕਰੀ ਬੈਠੇ ਸਨ ਤੇ ਅੱਜ ਉਹੀ ਲੋਕ ਮਾਹੌਲ ਨੂੰ ਆਪ ਵਿਗਾੜ ਕੇ ਮਾਫ਼ੀਆ ਦਾ ਕੰਮ ਕਰ ਰਹੇ ਹਨ ਜਾਂ ਤੁਹਾਡਾ? - ਨਿਮਰਤ ਕੌਰ