ਪਹਿਲਾਂ ਕੁੜੀਆਂ ਵਾਲੇ ਦਾਜ ਦੇਂਦੇ ਸਨ, ਹੁਣ ਮੁੰਡਿਆਂ ਵਾਲੇ ਆਈਲੈਟਸ ਵਾਲੀਆਂ ਕੁੜੀਆਂ ਨੂੰ ਪੈਸੇ.....

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਦਾਜ ਨੂੰ ਤਾਂ ਸਮਾਜਕ ਰੀਤ ਆਖ ਕੇ ਇਸ ਦੀ ਪਾਲਣਾ ਕੀਤੀ ਜਾਂਦੀ ਸੀ ਤੇ ਹੁਣ ਆਈਲੈਟਸ ਲਾੜੀਆਂ ਨੂੰ ਇਮੀਗ੍ਰੇਸ਼ਨ ਵਾਲਿਆਂ ਨੇ ਇਕ ਨਵੀਂ ਰੀਤ ਹੀ ਸਿਖਾ ਦਿਤੀ ਹੈ। 

Dowry

ਸੋਸ਼ਲ ਮੀਡੀਏ ਤੇ ਇਕ ਮਸਲੇ ਨੂੰ ਲੈ ਕੇ ਜ਼ਬਰਦਸਤ ਜੰਗ ਛਿੜੀ ਹੋਈ ਹੈ। ਕਹਾਣੀ ਸ਼ੁਰੂ ਹੁੰਦੀ ਹੈ ਇਕ 16 ਸਾਲ ਦੀ ਲੜਕੀ ਦੀ 18 ਸਾਲ ਦੇ ਇਕ ਲੜਕੇ ਨਾਲ ਵਿਆਹ ਦੀ। ਲੜਕੀ ਪੜ੍ਹਨ ਵਿਚ ਹੁਸ਼ਿਆਰ ਸੀ ਤੇ ਮੁੰਡਾ ਪੜ੍ਹਾਈ ਵਿਚ ਦਿਲ ਨਹੀਂ ਸੀ ਲਗਾਉਂਦਾ। ਸੋ ਮੁੰਡੇ ਵਾਲਿਆਂ ਨੇ ਕੁੜੀ ਨੂੰ ਆਈਲੈਟਸ ਕਰਵਾਏ ਜਿਸ ਵਿਚ ਕੁੜੀ ਦੇ ਸੱਤ ਬੈਂਡ ਆ ਗਏ ਤੇ 18 ਸਾਲ ਪੂਰੇ ਹੋਣ ਤੇ ਵਿਆਹ ਹੋ ਗਿਆ। ਵਿਆਹ ਦੇ ਪੰਜ ਦਿਨ ਬਾਅਦ, ਸੱਤ ਬੈਂਡ ਲਿਆਉਣ ਵਾਲੀ ਕੁੜੀ ਨੂੰ ਕੈਨੇਡਾ ਭੇਜ ਦਿਤਾ ਗਿਆ। ਮੁੰਡੇ ਦੇ ਪ੍ਰਵਾਰ ਕੋਲ ਵੀ ਪੈਸੇ ਨਹੀਂ ਸਨ ਪਰ ਉਨ੍ਹਾਂ ਕਰਜ਼ਾ ਲੈ ਕੇ ‘ਸੌਦਾ’ ਸਿਰੇ ਚੜ੍ਹਾਇਆ ਸੀ।

ਕਰਜ਼ਾ ਆਮ ਤੌਰ ਤੇ ਬੱਚਿਆਂ ਨੂੰ ਬਾਹਰ ਭੇਜਣ ਵਾਸਤੇ ਜਾਂ ਕੁੜੀਆਂ ਦੇ ਦਾਜ ਵਾਸਤੇ ਲਿਆ ਜਾਂਦਾ ਹੈ। ਜਵਾਈ ਦੀ ਉਚੇਰੀ ਪੜ੍ਹਾਈ ਲਈ ਜਾਂ ਕਿਸੇ ਕੰਮਕਾਰ ਵਿਚ ਮਦਦ ਕਰਨ ਵਾਸਤੇ ਵੀ ਕਰਜ਼ਾ ਅਕਸਰ ਚੁਕਿਆ ਜਾਂਦਾ ਸੀ। ਪਰ ਇਥੇ ਮੁੰਡੇ ਦਾ ਤਾਂ ਪੜ੍ਹਾਈ ਵਿਚ ਦਿਲ ਹੀ ਨਹੀਂ ਸੀ ਲੱਗ ਰਿਹਾ ਪਰ ਉਹ ਬਾਹਰ ਜ਼ਰੂਰ ਜਾਣਾ ਚਾਹੁੰਦਾ ਸੀ। ਇਕ ਨਵੀਂ ਰੀਤ ਸ਼ੁਰੂ ਹੋ ਗਈ ਹੈ ਜਿਸ ਵਿਚ ਕੁੜੀਆਂ ਉਤੇ ਪੈਸਾ ਲਾ ਕੇ ਉਨ੍ਹਾਂ ਰਾਹੀਂ ਪ੍ਰਵਾਰ ਅਪਣੇ ਮੁੰਡੇ ਬਾਹਰ ਭੇਜ ਰਹੇ ਹਨ। ਇਸ ਨੂੰ ਇਕ ਤਰ੍ਹਾਂ ਦਾ ਵਪਾਰਕ ਸਮਝੌਤਾ ਆਖਿਆ ਜਾ ਸਕਦਾ ਹੈ।

ਦਾਜ ਨੂੰ ਤਾਂ ਸਮਾਜਕ ਰੀਤ ਆਖ ਕੇ ਇਸ ਦੀ ਪਾਲਣਾ ਕੀਤੀ ਜਾਂਦੀ ਸੀ ਤੇ ਹੁਣ ਆਈਲੈਟਸ ਲਾੜੀਆਂ ਨੂੰ ਇਮੀਗ੍ਰੇਸ਼ਨ ਵਾਲਿਆਂ ਨੇ ਇਕ ਨਵੀਂ ਰੀਤ ਹੀ ਸਿਖਾ ਦਿਤੀ ਹੈ। ਇਸ ਵਿਆਹ ਵਿਚ ਪਿਛਲੇ ਤਿੰਨ ਸਾਲਾਂ ਤੋਂ ਕੁੜੀ ਕੈਨੇਡਾ ਵਿਚ ਤਾਲਾਬੰਦੀ ਤੇ ਪੜ੍ਹਾਈ ਦੇ ਚੱਕਰਾਂ ਵਿਚ ਫਸ ਗਈ ਤੇ ਮੁੰਡਾ ਅਪਣੇ ਘਰ ਵਾਲਿਆਂ ਦੇ ਤਾਹਨਿਆਂ ਦਾ ਸ਼ਿਕਾਰ ਹੁੰਦਾ ਰਿਹਾ। ਮੁੰਡੇ-ਕੁੜੀ ਦੇ ਰਿਸ਼ਤਿਆਂ ਵਿਚ ਵੀ ਤਰੇੜਾਂ ਆ ਗਈਆਂ ਤੇ ਮੁੰਡੇ ਦੀ ਕਿਸੇ ਕਾਰਨ ਕਰ ਕੇ ਮੌਤ ਹੋ ਗਈ। ਕੁੜੀ-ਮੁੰਡੇ ਦੇ ਪ੍ਰਵਾਰ ਨੇ ਮਿਲ ਕੇ ਸਸਕਾਰ ਕਰ ਦਿਤਾ ਤੇ ਕੁੜੀ ਵਾਲਿਆਂ ਨੇ ਰਸਮਾਂ ਵੀ ਨਿਭਾਈਆਂ, ਫੁੱਲ ਵੀ ਚੁਗੇ ਤੇ ਫਿਰ ਚਾਰ ਦਿਨ ਬਾਅਦ ਮੁੰਡੇ ਦੀ ਮੌਤ ਨੂੰ ਖ਼ੁਦਕੁਸ਼ੀ ਆਖ ਕੇ ਕੁੜੀ ਤੇ ਮਾਮਲਾ ਦਰਜ ਕਰਵਾ ਦਿਤਾ। 

ਕੀ ਇਹ ਨਿਰਾ ਪੁਰਾ ਖ਼ੁਦਕੁਸ਼ੀ ਦਾ ਮਾਮਲਾ ਹੈ ਜਾਂ ਇਕ ਗ਼ਰੀਬ ਪ੍ਰਵਾਰ ਵਲੋਂ ਕੁੜੀ ਤੇ ਲਗਾਏ 30 ਲੱਖ ਵਾਪਸ ਲੈਣ ਦੀ ਕੋਸ਼ਿਸ਼ ਹੈ? ਇਸ ਬਾਰੇ ਸੱਚ ਨਹੀਂ ਜਾਣਿਆ ਜਾ ਸਕਦਾ ਕਿਉਂਕਿ ਸਸਕਾਰ ਹੋ ਚੁੱਕਾ ਹੈ ਪਰ ਇਸ ਕੇਸ ਨੇ ਵਿਦੇਸ਼ ਜਾਣ ਦੇ ਇਛੁਕ ਪ੍ਰਵਾਰਾਂ ਵਿਚ ਇਕ ਜੰਗ ਛੇੜ ਦਿਤੀ ਹੈ। ਇਕ ਪਾਸਾ ਇਹ ਆਖਦਾ ਹੈ ਕਿ ਫਿਰ ਕੀ ਹੋਇਆ ਜੇਕਰ ਕੁੜੀ ਨੇ ਮਾੜਾ ਕੀਤਾ ਹੈ, ਹਮੇਸ਼ਾ ਤਾਂ ਮੁੰਡੇ ਹੀ ਇਸ ਤਰ੍ਹਾਂ ਕਰਦੇ ਹਨ। ਕਿੰਨੀਆਂ ਕੁੜੀਆਂ ਨੂੰ ਵਿਆਹ ਕੇ ਵਿਦੇਸ਼ ਜਾ ਕੇ ਭੁੱਲ ਜਾਂਦੇ ਹਨ ਜਾਂ ਪੱਕਾ ਹੋਣ ਲਈ ਦੂਜਾ ਵਿਆਹ ਕਰਦੇ ਹਨ ਤੇ ਦੂਜਾ, ਕਿਸੇ ਕੁੜੀ ਦੇ ਖ਼ੂਨ ਦਾ ਪਿਆਸਾ, ਉਸ ਨੂੰ ਦੇਸ਼ ਵਾਪਸ ਭੇਜਣ ਦੀ ਮੰਗ ਕਰਦਾ ਰਹਿੰਦਾ ਹੈ। 

ਪਰ ਅੱਜ ਇਕ ਵੀ ਆਵਾਜ਼ ਇਕ ਵਿਆਹ ਵਿਚ ਸੌਦੇਬਾਜ਼ੀ ਬਾਰੇ ਚਿੰਤਾ ਨਹੀਂ ਜਤਾ ਰਹੀ। ਕੁੜੀ-ਮੁੰਡਾ ਤਾਂ ‘ਸਿਆਣੇ’ ਮਾਪਿਆਂ ਤੇ ਇਮੀਗ੍ਰੇਸ਼ਨ ਏਜੰਟਾਂ ਦੀਆਂ ਚਾਲਾਂ ਦੇ ਸ਼ਿਕਾਰ ਹੋ ਗਏ। ਕੀ ਇਹ ਵਿਆਹ ਸੀ ਜਾਂ ਇਕ ਸੌਦਾ? ਇਸ ਨੂੰ ਸੌਦਾ ਵੀ ਨਹੀਂ ਆਖਿਆ ਜਾ ਸਕਦਾ ਕਿਉਂਕਿ ਸੌਦੇ ਵਿਚ ਵੀ ਲੈਣ-ਦੇਣ ਦੇ ਨਿਯਮ ਹੁੰਦੇ ਹਨ। ਇਕ 18 ਸਾਲ ਦੀ ਲੜਕੀ ਤੇ ਦੂਜਾ 30 ਲੱਖ ਦਾ ਜੂਆ ਖੇਡਿਆ ਗਿਆ ਤੇ ਅੱਜ ਉਸ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਹੈਰਾਨੀ ਇਸ ਕਰ ਕੇ ਹੋ ਰਹੀ ਹੈ ਕਿ ਕਿਸੇ ਨੂੰ ਇਹ ਸੌਦਾ ਗ਼ਲਤ ਨਹੀਂ ਲੱਗ ਰਿਹਾ। ਸੱਭ ਨੂੰ ਕੁੜੀ ਜਾਂ ਮੁੰਡੇ ਵਿਚ ਗ਼ਲਤੀ ਨਜ਼ਰ ਆ ਰਹੀ ਹੈ

ਪਰ ਕੋਈ ਇਹ ਨਹੀਂ ਆਖ ਰਿਹਾ ਕਿ ਆਖ਼ਰ ਸਿਆਣਿਆਂ ਨੇ ਇਹ ਵਿਆਹ ਹੋਣ ਹੀ ਕਿਉਂ ਦਿਤਾ? ਬਰਾਬਰੀ ਦੇ ਨਾਮ ਤੇ ਕੁੜੀਆਂ, ਮੁੰਡਿਆਂ ਨੂੰ ਮਤਲਬੀ ਬਣਾਉਣ ਨਾਲ ਕਿਸੇ ਦੇ ਪ੍ਰਵਾਰ ਵਿਚ ਖ਼ੁਸ਼ੀਆਂ ਨਹੀਂ ਆਉਣ ਲਗੀਆਂ। ਬਰਾਬਰੀ ਦਾ ਮਤਲਬ ਰਿਸ਼ਤਿਆਂ ਵਿਚ ਸਤਿਕਾਰ, ਪਿਆਰ ਹੁੰਦਾ ਹੈ ਨਾ ਕਿ ਪਹਿਲਾਂ ਮੁੰਡੇ ਖ਼ਰੀਦ ਜਾਂਦੇ ਸਨ ਤੇ ਹੁਣ ਕੁੜੀਆਂ ਨੂੰ ਪੈਸਾ ਚਾੜ੍ਹ ਦਿਉ। ਰਿਸ਼ਤਿਆਂ ਨੂੰ ਸੌਦਾ ਬਣਾਉਣ ਨਾਲ ਨੁਕਸਾਨ ਹੀ ਹੁੰਦਾ ਹੈ ਭਾਵੇਂ ਸੌਦਾ ਕੁੜੀ ਦਾ ਹੋਵੇ ਜਾਂ ਮੁੰਡੇ ਦਾ।                -ਨਿਮਰਤ ਕੌਰ