ਸੰਪਾਦਕੀ: ਸੰਤ ਭਿੰਡਰਾਂਵਾਲੇ ‘ਅਤਿਵਾਦੀ’ ਜਾਂ ਪੰਜਾਬ ਦਾ ਸੰਘਰਸ਼ੀ ਯੋਧਾ?
ਹਿੰਦੂਆਂ ਨੂੰ ਬਸਾਂ ਵਿਚੋਂ ਕੱਢ ਕੇ ਮਾਰਨ ਵਾਲੀ ਸੋਚ ਕਦੇ ਵੀ ਸੰਤ ਜਰਨੈਲ ਸਿੰਘ ਦੀ ਨਹੀਂ ਸੀ ਕਿਉਂਕਿ ਉਹ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਹੀ ਗੁਰੂ ਮੰਨਦੇ ਸਨ।
ਪੰਜਾਬੀ ਵਰਸਿਟੀ ਦੀ ਇਕ ਕਿਤਾਬ ਤੇ ਐਸ.ਜੀ.ਪੀ.ਸੀ. ਨੇ ਇਤਰਾਜ਼ ਪ੍ਰਗਟਾਇਆ ਹੈ ਕਿਉਂਕਿ ਉਸ ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਇਕ ਅਤਿਵਾਦੀ ਵਾਂਗ ਪੇਸ਼ ਕੀਤਾ ਗਿਆ ਸੀ। ਪੰਜਾਬੀ ਵਰਸਿਟੀ ਵਲੋਂ ਝੱਟ ਇਸ ਨੂੰ ਵਾਪਸ ਲੈਣ ਦੇ ਕਦਮ ਚੁਕੇ ਗਏ ਹਨ। ਪਰ ਮੁੱਦਾ ਵੱਡਾ ਹੈ। ਅੱਜ ਦੀ ਜ਼ਬਾਨ ਵਿਚ ਪੰਜਾਬ ਦੀ ਕੇਂਦਰ ਨਾਲ ਲੜਾਈ ਨੂੰ ਇਕ ਕਾਲਾ ਦੌਰ ਮੰਨਿਆ ਜਾਂਦਾ ਹੈ। ਪੰਜਾਬ ਦੇ ਹੱਕਾਂ ਵਾਸਤੇ ਲੜਨ ਵਾਲਿਆਂ ਨੂੰ ਆਮ ਹੀ ਅਤਿਵਾਦੀ ਗਰਦਾਨ ਦਿਤਾ ਜਾਂਦਾ ਹੈ ਪਰ ਹੋਰ ਬਹੁਤ ਸਾਰੇ ਹਨ ਜੋ ਉਨ੍ਹਾਂ ਨੂੰ ਸ਼ਹੀਦ ਤੇ ਕੌਮੀ ਸੰਘਰਸ਼ੀ ਕਹਿੰਦੇ ਹਨ। ਅੱਜ ਜਦ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਹੁੰਦੀ ਹੈ ਤਾਂ ਇਕ ਧੜਾ ਆਖਦਾ ਹੈ ਕਿ ਉਹ ਕਾਤਲ ਹਨ ਜਿਨ੍ਹਾਂ ਨੇ ਸਿਆਸਤਦਾਨ ਹੀ ਨਹੀਂ ਬਲਕਿ ਬੇਗੁਨਾਹ ਪੁਲਿਸ ਅਫ਼ਸਰ ਵੀ ਮਾਰੇ ਸਨ।
Sant Jarnail Singh Bhindranwale
ਇਹ ਵੀ ਆਖਿਆ ਜਾ ਰਿਹਾ ਹੈ ਕਿ ਜੇ ਤੁਸੀਂ ਇਨ੍ਹਾਂ ਦੇ ਹੱਥੋਂ ਹੋਏ ਪੁਲਿਸ ਅਫ਼ਸਰਾਂ ਦੇ ਕਤਲਾਂ ਨੂੰ ਮਾਫ਼ ਕਰਦੇ ਹੋ ਤਾਂ ਉਨ੍ਹਾਂ ਸਾਰੇ ਪੁਲਿਸ ਅਫ਼ਸਰਾਂ ਨੂੰ ਵੀ ਮਾਫ਼ ਕਰੋ ਜਿਨ੍ਹਾਂ ਨੇ ਨਿਰਦੋਸ਼ ਨੌਜਵਾਨ ਮਾਰੇ ਸਨ ਕਿਉਂਕਿ ਉਹ ਪੁਲਿਸ ਵਾਲੇ ਵੀ ਤਾਂ ਸਿੱਖ ਹੀ ਹਨ। ਇਕ ਸੂਬੇ ਵਿਚ ਆਮ ਜਨਤਾ ਦੀ ਕੇਂਦਰ ਸਰਕਾਰ ਨਾਲ ਲੜਾਈ ਚਲ ਰਹੀ ਸੀ। ਲੜਾਈ ਵਿਚ ਦੋਹਾਂ ਪਾਸਿਆਂ ਨੇ ਅਪਣੀ ਪੂਰੀ ਤਾਕਤ ਲਗਾ ਕੇ ਇਕ ਦੂਜੇ ਨੂੰ ਹਰਾਉਣ ਦਾ ਯਤਨ ਕੀਤਾ। ਜਿਵੇਂ ਅਜੀਤ ਸਿੰਘ ਨੇ ਅੰਗਰੇਜ਼ਾਂ ਵਿਰੁਧ ਪਗੜੀ ਸੰਭਾਲ ਅੰਦੋਲਨ ਚਲਾਇਆ ਸੀ, ਉਸੇ ਤਰ੍ਹਾਂ ਹੁਣ ਵੀ ਕਿਸਾਨਾਂ ਨੇ ਕਾਲੇ ਕਾਨੂੰਨਾਂ ਵਿਰੁਧ ਅੰਦੋਲਨ ਚਲਾਇਆ ਸੀ। ਜਿਵੇਂ ਭਾਰਤ ਦੇ ਹੱਕਾਂ ਵਾਸਤੇ ਭਗਤ ਸਿੰਘ ਨੇ ਅੰਗਰੇਜ਼ਾਂ ਨਾਲ ਲੜਾਈ ਕੀਤੀ ਸੀ, ਉਸੇ ਤਰ੍ਹਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਪੰਜਾਬ ਦੇ ਹੱਕਾਂ ਵਾਸਤੇ ਦਿੱਲੀ ਨਾਲ ਲੜਾਈ ਕੀਤੀ ਸੀ।
SGPC
ਅੰਗਰੇਜ਼ਾਂ ਕੋਲੋਂ ਤਾਂ ਪੰਜਾਬੀਆਂ ਨੇ ਆਜ਼ਾਦੀ ਲੈ ਕੇ ਅਪਣੇ ਆਪ ਨੂੰ ਦੇਸ਼ ਦੇ ਸਿਪਾਹੀ ਹੋਣ ਦਾ ਖ਼ਿਤਾਬ ਜਿੱਤ ਲਿਆ ਸੀ ਪਰ ਇੰਦਰਾ ਗਾਂਧੀ ਨਾਲ ਲੜਾਈ ਤੋਂ ਬਾਅਦ ਨਾ ਕੋਈ ਹੱਕ ਮਿਲਿਆ ਤੇ ਨਾ ਕੋਈ ਖ਼ਿਤਾਬ। ਅਤਿਵਾਦੀ ਦਾ ਮੱਥੇ ਤੇ ਦਾਗ਼ ਵਾਧੂ ਦਾ ਲਗਾ ਦਿਤਾ ਗਿਆ ਹੈ। ਅੱਜ ਪੰਜਾਬੀ ਆਪ ਇਸ ਭੰਬਲਭੂਸੇ ਵਿਚ ਫੱਸ ਗਏ ਲਗਦੇ ਹਨ ਕਿ ਜਿਨ੍ਹਾਂ ਲੋਕਾਂ ਨੇ ਸਰਕਾਰ ਦਾ ਵਿਰੋਧ ਕੀਤਾ ਸੀ, ਕੀ ਉਹ ਅਤਿਵਾਦੀ ਸਨ ਜਾਂ ਸਾਡੇ ਹੱਕਾਂ ਦੇ ਰਾਖੇ? ਇੰਦਰਾ ਗਾਂਧੀ ਨੇ ਉਸ ਸਮੇਂ ਕਿੰਨੇ ਹੀ ਸਰਕਾਰੀ ਬੰਦੇ ਅੰਦੋਲਨ ਵਿਚ ਵਾੜ ਦਿਤੇ ਸਨ ਜੋ ਅਜਿਹੇ ਕੰਮ ਕਰਦੇ ਸਨ ਜਿਨ੍ਹਾਂ ਨਾਲ ਸਿੱਖ ਅਤਿਵਾਦੀ ਲਗਦੇ ਸਨ ਨਾ ਕਿ ਲੋਕ-ਹੱਕਾਂ ਦੇ ਰਾਖੇ।
Indra Gandhi
ਹਿੰਦੂਆਂ ਨੂੰ ਬਸਾਂ ਵਿਚੋਂ ਕੱਢ ਕੇ ਮਾਰਨ ਵਾਲੀ ਸੋਚ ਕਦੇ ਵੀ ਸੰਤ ਜਰਨੈਲ ਸਿੰਘ ਦੀ ਨਹੀਂ ਸੀ ਕਿਉਂਕਿ ਉਹ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਹੀ ਗੁਰੂ ਮੰਨਦੇ ਸਨ। ਅਪਣੇ ਹੱਕਾਂ ਦੀ ਰਾਖੀ ਕਰਨਾ ਤੇ ਉਨ੍ਹਾਂ ਲਈ ਲੜਾਈ ਲੜਨਾ ਅਤੇ ਨਿਹੱਥਿਆਂ ਨੂੰ ਮਾਰਨਾ ਦੋ ਅੱਲਗ ਅਲੱਗ ਗੱਲਾਂ ਹੁੰਦੀਆਂ ਹਨ ਤੇ ਪੰਜਾਬ ਵਿਚ ਰਹਿਣ ਵਾਲੇ ਹਿੰਦੂ ਵੀ ਅਪਣੇ ਸਿੱਖਾਂ ਨੂੰ ਜਾਣਦੇ ਹਨ ਤੇ ਉਹ ਇੰਦਰਾ ਤੇ ਫਿਰ ਰਾਜੀਵ ਦੀ ਚਾਲ ਸੀ ਜਿਸ ਨਾਲ ਉਹ ਪੰਜਾਬ ਵਿਚ ਹਿੰਦੂਆਂ-ਸਿੱਖਾਂ ਵਿਚਕਾਰ ਦੂਰੀਆਂ ਪੈਦਾ ਕਰ ਗਈ। ਪਰ ਅਫ਼ਸੋਸ ਕਿ ਉਨ੍ਹਾਂ ਚਾਲਾਂ ਨੂੰ ਸੱਭ ਦੇ ਸਾਹਮਣੇ ਲਿਆਉਣ ਦੀ ਬਜਾਏ ਅੱਜ ਵੀ ਲੋਕ ਉਨ੍ਹਾਂ ਚਾਲਾਂ ਵਿਚ ਉਲਝੇ ਪਏ ਹਨ। ਗੀਤ ਲਿਖੇ ਜਾ ਰਹੇ ਹਨ ਜੋ ਹਕੀਕਤ ਨਾਲ ਮੇਲ ਨਹੀਂ ਖਾਂਦੇ। ਬਸ ਭਾਵਨਾਵਾਂ ਤੇ ਆਧਾਰਤ ਇਕ ਗੱਲ ਨੂੰ ਫੜੀ ਬੈਠੇ ਹਨ ਕਿ ਸਿਆਸਤਦਾਨਾਂ ਦੇ ਪਿਆਦੇ ਬਣਨ ਤੋਂ ਬਿਹਤਰ ਹੈ ਕਿ ਪੰਜਾਬੀ ਅਪਣੀ ਹਕੀਕਤ ਨੂੰ ਸਮਝਣ।
Jarnail Singh Bhindranwale
ਪੰਜਾਬ ਦਾ ਪਾਣੀ ਸਿਰਫ਼ ਸਿੱਖਾਂ ਦਾ ਨਹੀਂ, ਸਾਰੇ ਪੰਜਾਬੀਆਂ ਦਾ ਹੈ ਜਿਸ ਵਿਚ ਹਿੰਦੂ ਤੇ ਸਿੱਖ ਸ਼ਾਮਲ ਹਨ। ਪੰਜਾਬ ਦੀ ਰਾਜਧਾਨੀ, ਪੰਜਾਬ ਦੀ ਵਰਸਿਟੀ, ਪੰਜਾਬੀ ਭਾਸ਼ਾ, ਸੱਭ ਕੁੱਝ ਪੰਜਾਬ ਵਿਚ ਰਹਿਣ ਵਾਲੇ ਹਿੰਦੂ-ਸਿੱਖਾਂ ਦੀ ਸਾਂਝੀ ਮਾਲਕੀਅਤ ਹੈ। ਜਿਹੜਾ ਹਿੰਦੂ-ਸਿੱਖ ਦੀ ਸਿਆਸਤ ਕਰ ਰਿਹਾ ਹੈ, ਸਮਝ ਲਵੇ ਕਿ ਉਹ ਤੁਹਾਨੂੰ ਤੁਹਾਡੇ ਹੱਕਾਂ ਤੋਂ ਦੂਰ ਕਰ ਕੇ ਸਿਆਸੀ ਸ਼ਤਰੰਜ ਦਾ ਪਿਆਦਾ ਬਣਾ ਰਿਹਾ ਹੈ। ਸਮਾਂ ਜੋਸ਼ ਦੀ ਵਰਤੋਂ ਕਰਨ ਤੋਂ ਪਹਿਲਾਂ, ਤਰਕ ਤੇ ਸਮਝ ਦੇ ਇਸਤੇਮਾਲ ਦੀ ਮੰਗ ਵੀ ਕਰਦਾ ਹੈ। ਬੜੇ ਧਿਆਨ ਨਾਲ ਅਪਣੇ ਫ਼ੈਸਲੇ ਕਰੋ।
- ਨਿਮਰਤ ਕੌਰ