ਬਲਾਤਕਾਰੀ ਬਾਬਿਆਂ ਦੇ ਭਗਤ ਉਨ੍ਹਾਂ ਦੇ ਸੱਚ ਨੂੰ ਕਿਉਂ ਨਹੀਂ ਵੇਖ ਸਕਦੇ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਸੋਸ਼ਲ ਮੀਡੀਆ ਤੇ ਅਪਣੇ ਆਪ ਨੂੰ 'ਮੋਦੀ ਭਗਤ' ਅਖਵਾਉਣ ਵਾਲੇ ਇਕ ਸ਼ਖ਼ਸ ਨੇ ਲਿਖਿਆ ਸੀ ਕਿ ਜੇ ਪਟਰੌਲ 200 ਰੁਪਏ ਪ੍ਰਤੀ ਲੀਟਰ ਵੀ ਹੋ ਜਾਵੇ.............

Ashu Maharaj

ਸੋਸ਼ਲ ਮੀਡੀਆ ਤੇ ਅਪਣੇ ਆਪ ਨੂੰ 'ਮੋਦੀ ਭਗਤ' ਅਖਵਾਉਣ ਵਾਲੇ ਇਕ ਸ਼ਖ਼ਸ ਨੇ ਲਿਖਿਆ ਸੀ ਕਿ ਜੇ ਪਟਰੌਲ 200 ਰੁਪਏ ਪ੍ਰਤੀ ਲੀਟਰ ਵੀ ਹੋ ਜਾਵੇ ਤਾਂ ਵੀ ਉਹ ਮੋਦੀ ਨੂੰ ਹੀ ਵੋਟ ਪਾਵੇਗਾ। ਇਹ ਉਸੇ ਸੋਚ ਦੀ ਜਿੱਤ ਹੈ ਜਿਸ ਨੇ 'ਨਰਿੰਦਰ ਮੋਦੀ' ਇਕ ਇਨਸਾਨ ਨੂੰ 'ਨਮੋ' ਬਣਾ ਕੇ ਇਕ ਵਰਗ ਦਾ ਰੱਬ ਬਣਾ ਦਿਤਾ ਹੈ ਕਿਉਂਕਿ ਇਹ ਇਨਸਾਨ ਰੱਬ ਦਾ ਰੂਪ ਬਣ ਜਾਂਦੇ ਹਨ ਤੇ 'ਭਗਤ' ਮੰਨਣ ਲਗਦੇ ਹਨ ਕਿ ਇਹ ਤਾਂ ਗ਼ਲਤੀ ਕਰ ਹੀ ਨਹੀਂ ਸਕਦੇ। 

ਅਪਣੇ ਆਪ ਨੂੰ ਰੱਬ ਅਖਵਾਉਣ ਵਾਲਾ ਇਕ ਹੋਰ ਬਾਬਾ 'ਆਸ਼ੂ ਮਹਾਰਾਜ' ਇਕ ਮਾਂ-ਧੀ ਨਾਲ ਬਲਾਤਕਾਰ ਕਰਨ ਦੇ ਇਲਜ਼ਾਮ ਵਿਚ ਫੜਿਆ ਗਿਆ ਹੈ। ਪਰ ਇਸ ਵਿਚ ਕੋਈ ਸ਼ੱਕ ਨਹੀਂ ਕਿ ਇਸ ਖ਼ਬਰ ਦਾ ਅਸਰ ਉਸ ਦੇ ਭਗਤਾਂ ਉਤੇ ਨਹੀਂ ਪੈਣ ਵਾਲਾ। ਜਿਸ ਤਰ੍ਹਾਂ ਬਲਾਤਕਾਰੀ ਸੌਦਾ ਸਾਧ ਦੇ ਭਗਤ ਉਸ ਦੀ ਜੇਲ ਦੇ ਬਾਹਰ ਜਾ ਕੇ ਮੱਥਾ ਟੇਕਦੇ ਹਨ, ਸਾਫ਼ ਹੈ ਕਿ ਲੋਕਾਂ ਨੂੰ ਦੰਭੀ ਇਨਸਾਨਾਂ ਵਿਚੋਂ ਵੀ ਰੱਬ ਲੱਭਣ ਦੀ ਬੀਮਾਰੀ ਗੰਭੀਰ ਰੂਪ ਵਿਚ ਲੱਗ ਗਈ ਹੈ। ਅਜਿਹੀ ਬੀਮਾਰੀ ਜਿਸ ਨੂੰ ਲੱਗ ਜਾਂਦੀ ਹੈ, ਉਸ ਨੂੰ ਸੱਚ ਨਜ਼ਰ ਆਉਣੋਂ ਹੀ ਹੱਟ ਜਾਂਦਾ ਹੈ।

ਪਿੱਛੇ ਜਿਹੇ ਜਲੰਧਰ ਦੇ ਇਕ ਚਰਚ ਵਿਚ ਇਕ ਨੰਨ ਵਲੋਂ ਵੀ ਇਕ ਪਾਦਰੀ ਜਾਂ ਬਿਸ਼ਪ ਉਤੇ ਬਲਾਤਕਾਰ ਦੇ ਇਲਜ਼ਾਮ ਲਾਏ ਗਏ ਸਨ ਜਿਸ ਤੋਂ ਬਾਅਦ ਹੋਰ ਔਰਤਾਂ (ਨੰਨਾਂ) ਨੇ ਵੀ ਉਸ ਪਾਦਰੀ ਉਤੇ ਇਲਜ਼ਾਮ ਲਾਏ ਹਨ।  ਇਸ ਮਾਮਲੇ ਨੇ ਚਰਚ ਨੂੰ ਹੀ ਆਪਸ ਵਿਚ ਭਿੜਵਾ ਦਿਤਾ ਹੈ। ਉਹ ਪਾਦਰੀ ਅਜੇ ਵੀ ਬਿਸ਼ਪ ਬਣ ਕੇ ਬੈਠਾ ਹੋਇਆ ਹੈ ਅਤੇ ਪੀੜਤ ਵਿਰੁਧ ਟਿਪਣੀਆਂ ਕਰ ਕੇ ਉਸ ਨੂੰ ਈਸਾਈ ਧਰਮ 'ਚੋਂ ਬੇਦਖ਼ਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਲੋਕ ਬਿਸ਼ਪ ਦੀ ਗੱਲ ਮੰਨ ਕੇ ਨੰਨ ਨੂੰ ਹੀ ਬੁਰਾ-ਭਲਾ ਆਖ ਰਹੇ ਹਨ।

ਉਸ ਵਿਚਾਰੀ ਦੇ ਜਿਸਮ ਨਾਲ ਕੀਤੀ ਗ਼ੈਰ-ਮਨੁੱਖੀ ਚੀਰ-ਫਾੜ ਨੂੰ ਅੱਜ ਟੀ.ਵੀ. ਚੈਨਲਾਂ ਵਿਚ ਬਹਿਸ ਦਾ ਮੁੱਦਾ ਬਣਾ ਦਿਤਾ ਗਿਆ ਹੈ। ਇਸ ਤਰ੍ਹਾਂ ਦੀਆਂ ਕਿੰਨੀਆਂ ਹੀ ਵਾਰਦਾਤਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਪਰ ਘੱਟ ਹੀ ਅਸੀ ਕਦੇ ਵੇਖਿਆ ਹੈ ਕਿ ਇਸ ਮਰਦ ਪ੍ਰਧਾਨ ਦੇਸ਼ ਵਿਚ, ਉੱਚ ਅਹੁਦੇ ਤੇ ਬੈਠੇ ਕਿਸੇ ਮਰਦ ਦੀ, ਉੱਚੀ ਆਵਾਜ਼ ਵਿਚ ਨਿਖੇਧੀ ਕੀਤੀ ਗਈ ਹੋਵੇ। ਇਕ ਮਨੋਵਿਗਿਆਨੀ ਨੇ ਇਸ ਸੋਚ ਨੂੰ ਇਕ 'ਮਰਦ ਕਲੱਬ' ਸੋਚ ਦਾ ਨਾਂ ਦਿਤਾ ਹੈ ਜਿਥੇ ਉਸ ਦੇ ਹਾਣ ਦੇ ਤਾਕਤਵਰ ਆਦਮੀ ਇਕ-ਦੂਜੇ ਦੀ ਨਿੰਦਾ ਨਹੀਂ ਕਰਦੇ ਕਿਉਂਕਿ ਆਦਮੀ ਸਮਾਜ ਨੂੰ ਮਰਦ-ਪ੍ਰਧਾਨ ਬਣਾਈ ਰੱਖਣ ਲਈ ਇਕ-ਦੂਜੇ ਵਾਸਤੇ ਖੜੇ ਹੋ ਜਾਂਦੇ ਹਨ।

ਇਕ ਕਾਰਨ ਤਾਂ ਇਹ ਹੈ ਕਿ ਅਜੇ ਵੀ ਬਹੁਤ ਸਾਰੇ ਲੋਕ ਜ਼ਿੰਦਗੀ ਨੂੰ ਮਰਦ ਬਨਾਮ ਔਰਤ ਵਜੋਂ ਹੀ ਵੇਖਦੇ ਹਨ। ਦੂਜਾ ਇਹ ਕਿ ਉਹ ਸੋਚਦੇ ਹਨ ਕਿ ਅੱਜ ਮੈਂ ਚੁੱਪ ਰਹਾਂ ਤਾਂ ਜੇ ਕਲ ਮੈਂ ਫੱਸ ਗਿਆ ਤਾਂ ਇਹ ਮੇਰੀ ਵਾਰੀ ਵੀ ਚੁਪ ਰਹੇਗਾ। ਇਸ 'ਮਰਦ ਕਲੱਬ' ਸੋਚ ਵਾਲੇ ਮਰਦਾਂ ਨੇ ਅੱਜ ਅਪਣੀ ਇਸੇ ਸੋਚ ਸਦਕਾ ਦੇਸ਼ ਦੇ ਲੋਕਾਂ ਨੂੰ ਗ਼ੁਲਾਮ ਬਣਾ ਰਖਿਆ ਹੈ। ਇਹ ਲੋਕ ਧਰਮ ਵਿਚ, ਸਿਆਸਤ ਵਿਚ, ਵਪਾਰ ਵਿਚ, ਘਰਾਂ ਵਿਚ, ਬਾਕੀਆਂ ਨੂੰ ਅਪਣੇ ਪਿੱਛੇ ਲਾਈ ਰੱਖ ਕੇ ਉਨ੍ਹਾਂ ਉਤੇ ਰਾਜ ਕਰਦੇ ਰਹਿੰਦੇ  ਹਨ। 

ਸੋਸ਼ਲ ਮੀਡੀਆ ਤੇ ਅਪਣੇ ਆਪ ਨੂੰ 'ਮੋਦੀ ਭਗਤ' ਅਖਵਾਉਣ ਵਾਲੇ ਇਕ ਸ਼ਖ਼ਸ ਨੇ ਲਿਖਿਆ ਸੀ ਕਿ ਜੇ ਪਟਰੌਲ 200 ਰੁਪਏ ਪ੍ਰਤੀ ਲੀਟਰ ਵੀ ਹੋ ਜਾਵੇ ਤਾਂ ਵੀ ਉਹ ਮੋਦੀ ਨੂੰ ਹੀ ਵੋਟ ਪਾਵੇਗਾ। ਇਹ ਉਸੇ ਸੋਚ ਦੀ ਜਿੱਤ ਹੈ ਜਿਸ ਨੇ 'ਨਰਿੰਦਰ ਮੋਦੀ' ਇਕ ਇਨਸਾਨ ਨੂੰ 'ਨਮੋ' ਬਣਾ ਕੇ ਇਕ ਵਰਗ ਦਾ ਰੱਬ ਬਣਾ ਦਿਤਾ ਹੈ ਕਿਉਂਕਿ ਇਹ ਇਨਸਾਨ ਰੱਬ ਦਾ ਰੂਪ ਬਣ ਜਾਂਦੇ ਹਨ ਤੇ 'ਭਗਤ' ਮੰਨਣ ਲਗਦੇ ਹਨ ਕਿ ਇਹ ਤਾਂ ਗ਼ਲਤੀ ਕਰ ਹੀ ਨਹੀਂ ਸਕਦੇ। ਇਨ੍ਹਾਂ ਵਲੋਂ ਕੀਤੀਆਂ ਗ਼ਲਤੀਆਂ ਵੀ ਓਨੀਆਂ ਭਿਆਨਕ ਨਜ਼ਰ ਨਹੀਂ ਆਉਂਦੀਆਂ ਜਿੰਨੀਆਂ ਆਮ ਬੰਦੇ ਦੀਆਂ ਆਉਂਦੀਆਂ ਹਨ।

ਇਸੇ 'ਮਰਦ ਕਲੱਬ' ਦੀ ਸੋਚ ਤੇ ਫ਼ਖ਼ਰ ਕਰਦੇ ਅਮਿਤ ਸ਼ਾਹ ਕਹਿ ਗਏ ਕਿ ਫ਼ਿਰਕੂ ਭੀੜ ਵਲੋਂ ਕੀਤੀਆਂ ਗਈਆਂ ਹਤਿਆਵਾਂ ਦੇ ਬਾਵਜੂਦ ਅਸੀ ਜਿੱਤੇ ਹਾਂ ਅਤੇ ਜਿੱਤਾਂਗੇ। ਇਸੇ ਤਰ੍ਹਾਂ ਸਾਡੇ ਪੁਜਾਰੀ ਵੀ ਆਖ ਦੇਂਦੇ ਹਨ ''ਇਹ ਬੰਦਾ ਹੁਣ ਸਿੱਖ ਨਹੀਂ ਹੈ। ਇਸ ਨਾਲ ਰੋਟੀ-ਬੇਟੀ ਦੀ ਸਾਂਝ ਨਾ ਰੱਖੋ।'' ਤੇ ਬਹੁਤੇ ਸਿੱਖ ਮੰਨ ਲੈਂਦੇ ਹਨ।ਇਹ ਮੁੱਠੀ ਭਰ 'ਮਰਦ ਕਲੱਬ' ਸੋਚ ਵਾਲੇ ਲੋਕ ਇਸੇ ਤਰ੍ਹਾਂ ਸਾਰੇ ਆਦਮੀਆਂ-ਔਰਤਾਂ ਉਤੇ ਰਾਜ ਕਰ ਲੈਂਦੇ ਹਨ ਅਤੇ ਉਨ੍ਹਾਂ ਨੂੰ ਹੀ ਇਕ-ਦੂਜੇ ਵਿਰੁਧ ਕਰ ਦੇਂਦੇ ਹਨ!

ਅਸਲ ਵਿਚ ਭਾਰਤ ਮਰਦ-ਪ੍ਰਧਾਨ ਦੇਸ਼ ਨਹੀਂ, ਪਰ ਇਹ ਸੋਚ ਪੱਖੋਂ ਗ਼ੁਲਾਮ ਦੇਸ਼ ਹੈ। ਹਰ ਮਰਦ-ਔਰਤ ਅਪਣੀ ਬੁੱਧੀ ਨੂੰ ਇਸਤੇਮਾਲ ਕਰਨ ਤੋਂ ਕਤਰਾਉਂਦਾ ਹੈ ਅਤੇ ਕਿਸੇ ਨੂੰ ਰੱਬ ਬਣਾ ਕੇ ਉਸ ਦੀ ਪੂਜਾ ਕਰਨ ਲੱਗ ਪੈਂਦਾ ਹੈ, ਭਾਵੇਂ ਉਹ ਇਨਸਾਨ ਬਲਾਤਕਾਰੀ ਹੋਵੇ, ਮਤਲਬੀ ਹੋਵੇ, ਚੋਰ ਹੋਵੇ, ਨਾਲਾਇਕ ਹੋਵੇ, ਭ੍ਰਿਸ਼ਟ ਹੋਵੇ, ਕਾਤਲ ਹੋਵੇ, ਭਗਤਾਂ ਨੂੰ ਕੋਈ ਅਸਰ ਨਹੀਂ ਪੈਂਦਾ। -ਨਿਮਰਤ ਕੌਰ