'ਜਥੇਦਾਰ' ਜੀ ਨੂੰ ਸੋਸ਼ਲ ਮੀਡੀਆ ਤੇ ਗੁੱਸਾ ਕਿਉਂ ਆਉਂਦਾ ਹੈ?

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਅਕਾਲ ਤਖ਼ਤ ਦੇ ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਗੁਹਾਰ ਲਗਾਈ ਗਈ ਹੈ ਕਿ ਸਿੱਖਾਂ ਦਾ ਸੱਭ ਕੁੱਝ ਖ਼ਤਰੇ ਵਿਚ ਹੈ।

Giani Harpreet Singh Jathedar

ਅਕਾਲ ਤਖ਼ਤ ਦੇ ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਗੁਹਾਰ ਲਗਾਈ ਗਈ ਹੈ ਕਿ ਸਿੱਖਾਂ ਦਾ ਸੱਭ ਕੁੱਝ ਖ਼ਤਰੇ ਵਿਚ ਹੈ। ਮਰਿਆਦਾਵਾਂ, ਪ੍ਰੰਪਰਾਵਾਂ ਤੇ ਅਸੀ ਵੀ ਅਰਥਾਤ ਅਕਾਲ ਤਖ਼ਤ ਵਾਲੇ ਅਤੇ ਸ਼੍ਰੋਮਣੀ ਕਮੇਟੀ ਵਾਲੇ ਵੀ ਸੁਰੱਖਿਅਤ ਨਹੀਂ। ਪਰ ਜ਼ਿੰਮੇਵਾਰ ਕੌਣ ਹੈ? ਉਨ੍ਹਾਂ ਨੇ ਅਪਣੇ   ਭੁੱਲਾਂ ਕਰਨ ਵਾਲੇ ਪੁਜਾਰੀਵਾਦੀ ਸਾਥੀਆਂ ਅਤੇ ਹਜ਼ਾਰ ਪਾਪ ਕਰਨ ਵਾਲੇ ਸ਼੍ਰੋਮਣੀ ਕਮੇਟੀ ਦੇ ਕਰਤਾ ਧਰਤਾ ਲੋਕਾਂ ਵਿਰੁਧ ਕੁੱਝ ਨਾ ਕਹਿਣ ਲਈ ਬਹੁਤ ਦਲੀਲਾਂ ਦਿਤੀਆਂ (ਜੋ ਬ੍ਰਾਹਮਣ ਸ਼ੁਰੂ ਤੋਂ ਦੇਂਦਾ ਆ ਰਿਹਾ ਹੈ) ਪਰ ਨਾਂ ਅਕਾਲ ਤਖ਼ਤ ਦਾ ਹੀ ਵਰਤਿਆ ਹੈ ਕਿ ਇਸ ਨੂੰ ਸਾਰੇ ਖ਼ਤਮ ਕਰਨਾ ਚਾਹੁੰਦੇ ਹਨ।

ਇਹ ਸੱਚ ਉਹ ਨਹੀਂ ਮੰਨ ਰਹੇ (ਸਾਰੇ ਪੁਜਾਰੀਵਾਦੀਆਂ ਵਾਂਗ) ਕਿ ਸੰਸਥਾ ਨੂੰ ਚਲਾਉਣ ਵਾਲੇ ਤੇ ਕਾਬਜ਼ ਲੋਕਾਂ ਦੇ ਗ਼ਲਤ ਫ਼ੈਸਲੇ ਹੀ ਸੰਸਥਾ ਦਾ ਵਕਾਰ ਮਿੱਟੀ ਵਿਚ ਮਿਲਾ ਰਹੇ ਹੁੰਦੇ ਹਨ, ਬਾਹਰ ਵਾਲੇ ਤਾਂ ਸੰਸਥਾ ਦੀ ਢਹਿ ਰਹੀ ਸਾਖ ਦਾ ਮਾਤਮ ਹੀ ਕਰ ਰਹੇ ਹੁੰਦੇ ਹਨ ਤੇ ਕਾਬਜ਼ਾਂ ਨੂੰ ਸੰਭਲ ਜਾਣ ਦੀ ਦੁਹਾਈ ਹੀ ਦੇ ਰਹੇ ਹੁੰਦੇ ਹਨ। ਜਥੇਦਾਰ ਨੇ ਸਿੱਖਾਂ ਨਾਲ ਵਾਅਦੇ ਪੂਰੇ ਨਾ ਕਰਨ ਅਤੇ ਉਨ੍ਹਾਂ ਲਈ ਅਸੁਰੱਖਿਆ ਵਾਲੇ ਹਾਲਾਤ ਪੈਦਾ ਕਰਨ ਲਈ ਆਵਾਜ਼ ਉੱਚੀ ਕਰ ਕੇ ਠੀਕ ਕੀਤਾ ਹੈ। ਅਕਾਲ ਤਖ਼ਤ ਨੂੰ ਜ਼ਰੂਰ ਇਸ ਸੱਚ ਨੂੰ ਤਖ਼ਤ ਦੀ ਆਵਾਜ਼ ਦੇਣੀ ਚਾਹੀਦੀ ਹੈ। ਪਰ ਜਦ ਅਕਾਲ ਤਖ਼ਤ ਦੀ ਹੋ ਰਹੀ ਬਦਨਾਮੀ ਦੀ ਗੱਲ ਆਖੀ ਤਾਂ ਦੋਸ਼ ਸੋਸ਼ਲ ਮੀਡੀਆ ਅਤੇ ਵੇਲੇ ਸਿਰ ਚੇਤਾਵਨੀ ਦੇਣ ਵਾਲਿਆਂ ਸਿਰ ਮੜ੍ਹ ਕੇ 'ਜਥੇਦਾਰਾਂ' ਤੇ ਸਿਆਸਤਦਾਨਾਂ ਨੂੰ ਦੋਸ਼-ਮੁਕਤ ਵੀ ਕਰ ਦਿਤਾ।

ਉਨ੍ਹਾਂ ਦਾ ਇਹ ਕਹਿਣਾ ਤਾਂ ਸਹੀ ਹੈ ਕਿ ਸੱਭ ਕੁੱਝ ਠੀਕ ਨਹੀਂ। ਸਿੱਖ ਸੰਸਥਾਵਾਂ, ਖ਼ਾਸ ਕਰ ਕੇ ਇਕ ਅਜਿਹੀ ਬੀਮਾਰੀ ਨਾਲ ਲੜ ਰਹੀਆਂ ਹਨ ਜਿਸ ਵਾਸਤੇ ਕੋਈ ਸਿਆਣਾ ਹਕੀਮ ਨਹੀਂ ਲੱਭ ਰਿਹਾ। ਪਰ ਐਸ.ਜੀ.ਪੀ.ਸੀ. ਤੇ ਹੋਰ ਸਿੱਖ ਸੰਸਥਾਵਾਂ ਬੀਮਾਰ ਜ਼ਰੂਰ ਹਨ। ਜਿਵੇਂ ਕਿਸੇ ਅੰਦਰ ਜ਼ਹਿਰ ਫੈਲ ਰਿਹਾ ਹੋਵੇ ਜਾਂ ਕੈਂਸਰ ਵਰਗੀ ਬੀਮਾਰੀ ਫੈਲ ਰਹੀ ਹੋਵੇ ਤਾਂ ਵਾਰ-ਵਾਰ ਕੁੱਝ ਨਿਸ਼ਾਨੀਆਂ ਸਾਹਮਣੇ ਆਉਂਦੀਆਂ ਹਨ ਜਿਵੇਂ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਵਿਚੋਂ ਹੱਥ ਲਿਖਤ ਸ੍ਰੀ ਗੁਰੂ ਗੰ੍ਰਥ ਸਾਹਿਬ ਦੇ ਸਰੂਪ ਲਾਪਤਾ ਹੋ ਗਏ ਤੇ ਕਿਸੇ ਨੂੰ ਪਤਾ ਹੀ ਨਾ ਲਗਿਆ। ਜਦ ਪਤਾ ਲਗਿਆ ਤਾਂ ਇਕ ਐਸ.ਆਈ.ਟੀ. ਉਨ੍ਹਾਂ ਲੋਕਾਂ ਦੀ ਕਮਾਨ ਹੇਠ ਹੀ ਬਣਾ ਦਿਤੀ ਜਿਨ੍ਹਾਂ ਦੀ ਅਗਵਾਈ ਵਿਚ ਹੱਥ ਲਿਖਤ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਾਪਤਾ ਹੋਏ। ਕਈ ਵਾਰ ਆਵਾਜ਼ਾਂ ਚੁਕੀਆਂ ਜਾਂਦੀਆਂ ਹਨ ਪਰ ਫਿਰ ਅੰਦਰਖਾਤੇ ਸਮਝੌਤੇ ਹੋ ਜਾਂਦੇ ਹਨ ਅਤੇ ਸੱਭ ਚੁੱਪ ਹੋ ਜਾਂਦੇ ਹਨ।

ਮਰਿਆਦਾ, ਸਿਧਾਂਤਾਂ ਦੀ ਗੱਲ ਕਰਦੇ ਗਿਆਨੀ ਹਰਪ੍ਰੀਤ ਸਿੰਘ ਗੁਰੂ ਗ੍ਰੰਥ ਸਾਹਿਬ ਉਤੇ ਹੱਥ ਰੱਖ ਕੇ ਆਖਣ ਕਿ ਸੌਦਾ ਸਾਧ ਨੂੰ ਮਾਫ਼ੀ ਸੋਸ਼ਲ ਮੀਡੀਆ ਦੇ ਕਹਿਣ 'ਤੇ ਦਿਤੀ ਗਈ ਸੀ ਜਾਂ ਵੋਟਾਂ ਦੀ ਭੀਖ ਦੁਸ਼ਮਣ ਦੇ ਦਵਾਰ ਤੇ ਜਾ ਕੇ ਮੰਗਣ ਵਾਲਿਆਂ ਦੇ ਕਹਿਣ ਤੇ? ਸੌਦਾ ਸਾਧ ਦੀ ਮਾਫ਼ੀ ਦੇ ਇਸ਼ਤਿਹਾਰ ਦਾ ਖ਼ਰਚਾ 94 ਲੱਖ ਕਿਹੜੀ ਮਰਿਆਦਾ ਮੁਤਾਬਕ ਸੀ? ਪ੍ਰੋ. ਸਾਹਿਬ ਨੂੰ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਵਿਚ ਚੋਰੀ ਦੀ ਜਾਂਚ ਦੀ ਜ਼ਿੰਮੇਵਾਰੀ ਸੌਂਪੀ ਗਈ। ਅੱਜ ਤਕ ਇਹ ਵੀ ਨਹੀਂ ਦਸ ਸਕੇ ਕਿ ਪਾਵਨ ਸਰੂਪ ਗਏ ਕਿਥੇ? ਫਿਰ ਵੀ ਦੋਸ਼ੀ ਦੂਜਿਆਂ ਨੂੰ ਕਹਿ ਰਹੇ ਹਨ।

ਕਿਸ ਤਰ੍ਹਾਂ ਦੇ ਸਿੱਖ ਹਾਂ ਅਸੀ? ਪਰ ਐਸ.ਆਈ.ਟੀ. ਨੇ ਕੀਤਾ ਕੀ? ਬਿਨਾਂ ਤੱਥਾਂ ਦੇ ਕੌੜੇ ਬਿਆਨ ਜਾਰੀ ਕਰਨ ਤੇ ਝੂਠੀ ਸੱਚੀ ਇਲਜ਼ਾਮਬਾਜ਼ੀ ਦਾ ਰਾਹ ਹੀ ਖੋਲ੍ਹਿਆ? ਇਸੇ ਇਲਜ਼ਾਮਬਾਜ਼ੀ ਦੀ ਘੁੰਮਣਘੇਰੀ ਵਿਚ ਸ. ਹਰਚਰਨ ਸਿੰਘ ਦੀ ਜਾਨ ਚਲੀ ਗਈ। ਅੱਜ ਆਖਿਆ ਜਾ ਰਿਹਾ ਹੈ ਕਿ ਸਿੱਖਾਂ ਦੇ ਘਰ-ਘਰ ਵਿਚ ਜਾ ਕੇ ਗੁਰੂ ਗ੍ਰੰਥ ਸਾਹਿਬ ਦਾ ਸਰਵੇਖਣ ਕੀਤਾ ਜਾਵੇਗਾ। ਹੁਣ ਇਹ ਵਿਦੇਸ਼ ਯਾਤਰਾਵਾਂ ਵੀ ਕਰਨਗੇ ਕਿਉਂਕਿ ਸਿੱਖ ਤਾਂ ਦੁਨੀਆਂ ਦੇ ਕੋਨੇ-ਕੋਨੇ ਵਿਚ ਹਨ ਪਰ ਇਹ ਤਾਂ ਦੱਸਣ, ਕੀ ਇਹ ਚੋਰੀ ਵੀ ਸੋਸ਼ਲ ਮੀਡੀਆ ਨੇ ਕਰਵਾਈ ਸੀ? ਅੱਜ ਜਿਸ ਕੰਮ ਲਈ ਰਾਖੀ ਵਾਸਤੇ ਐਨੇ ਸੇਵਾਦਾਰ ਤੈਨਾਤ ਹਨ, ਉਹ ਜਵਾਬ ਦੇਣ। ਪਰ ਜਵਾਬ ਦੇਣ ਦੀ ਮੰਗ ਨੂੰ ਹੀ ਇਹ ਅਪਣੇ ਆਪ ਉਤੇ ਅਤੇ ਅਕਾਲ ਤਖ਼ਤ ਤੇ ਹਮਲਾ ਆਖਣ ਲਗਦੇ ਹਨ।

ਸੋਸ਼ਲ ਮੀਡੀਆ, ਪੰਜਾਬੀ ਮੀਡੀਆ ਤੇ ਹੋਰ ਕਈ ਸੰਗਠਨ ਕਿਉਂ ਵੱਡੀ ਤਾਦਾਦ ਵਿਚ ਹੋਂਦ ਵਿਚ ਆਏ? ਗਿਆਨੀ ਹਰਪ੍ਰੀਤ ਸਿੰਘ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਕਾਲੀ ਦਲ ਦੇ ਮੁਖੀ ਦਾ ਚੈਨਲ ਚਲਾਉਣ ਵਾਸਤੇ ਬਾਕੀ ਸਾਰੇ ਚੈਨਲਾਂ ਨੂੰ ਖ਼ਤਮ ਕੀਤਾ ਗਿਆ। ਜੋ ਕੰਮ ਸਿੱਖ ਸੰਸਥਾਵਾਂ ਨੇ ਕਰਨਾ ਸੀ, ਪ੍ਰਚਾਰ ਦਾ ਉਹ ਕੰਮ ਮਜਬੂਰਨ ਸੋਸ਼ਲ ਮੀਡੀਆ ਨੂੰ ਕਰਨਾ ਪਿਆ। ਬਚਿੱਤਰ ਨਾਟਕ ਦਾ ਪਾਠ ਦਿੱਲੀ ਵਿਚ ਸ਼੍ਰੋਮਣੀ ਕਮੇਟੀ ਤੇ ਦਿੱਲੀ ਕਮੇਟੀ ਦੀ ਦੇਖ ਰੇਖ ਵਿਚ ਦਸ ਦਿਨਾਂ ਵਾਸਤੇ ਰਖਿਆ ਗਿਆ। 'ਜਥੇਦਾਰ' ਨੇ ਕੀ ਕੀਤਾ? ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਖਿਆ ਗੁਰੂ ਗੋਬਿੰਦ ਸਿੰਘ ਨੇ ਰਾਮ ਗ੍ਰੰਥ ਲਿਖਿਆ, 'ਜਥੇਦਾਰ' ਨੇ ਕੀ ਕੀਤਾ? ਚੈਨਲ ਤੇ ਆਉਣ ਤੇ ਅਰਦਾਸ, ਬਿਨਾਂ ਸਿਰ ਢੱਕੇ ਤੇ ਜੁੱਤੇ ਪਾ ਕੇ ਕਰਵਾਈ ਗਈ, ਗਿਆਨੀ ਹਰਪ੍ਰੀਤ ਸਿੰਘ ਨੇ ਕੀ ਕੀਤਾ?

ਖ਼ਾਲਸਤਾਨ ਦੀ ਸਿੱਧੀ ਅਸਿੱਧੀ ਹਮਾਇਤ ਕਰ ਕੇ ਜੇ ਉਹ ਅਪਣਾ ਵਕਾਰ ਬਹਾਲ ਕਰਨਾ ਚਾਹੁੰਦੇ ਹਨ ਤਾਂ ਕਰਨ ਪਰ ਇਹ ਵੀ ਯਾਦ ਰੱਖਣ ਕਿ ਇਸ ਤਰ੍ਹਾਂ ਐਨ.ਐਸ.ਏ. ਹੇਠ ਹੋਰ ਨੌਜਵਾਨਾਂ ਦੀ ਬਲੀ ਦਾ ਰਸਤਾ ਤਿਆਰ ਕਰ ਰਹੇ ਹਨ। ਜੇ ਸਿਆਸਤਦਾਨਾਂ ਤੋਂ ਨਿਰਾਸ਼ ਹਨ ਤਾਂ ਅਕਾਲੀ ਦਲ ਦੇ ਕੇਂਦਰੀ ਮੰਤਰੀ ਤੇ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਨੂੰ ਤਲਬ ਕਰ ਕੇ ਅਪਣੀ ਜ਼ਿੰਮੇਵਾਰੀ ਯਾਦ ਕਰਵਾਉਣ ਤੇ ਉਨ੍ਹਾਂ ਦੀ ਪਾਰਟੀ ਕੋਲੋਂ ਖ਼ਾਲਸਤਾਨੀਆਂ ਦੀ ਹਮਾਇਤ ਕਰਵਾਉਣ। ਹੁਣ ਤਾਂ ਅਕਾਲੀ ਨੇਤਾਵਾਂ ਨੂੰ ਕੋਈ ਕੁੱਝ ਪੁੱਛੇਗਾ ਤਾਂ ਉਹ ਕਹਿ ਦੇਣਗੇ,''ਅਕਾਲੀ ਦਲ ਨੇ ਤਾਂ ਅਜਿਹਾ ਕੁੱਝ ਨਹੀਂ ਕਿਹਾ।

ਜਥੇਦਾਰ ਜੀ, ਸਾਡੇ ਅਧੀਨ ਕੰਮ ਨਹੀਂ ਕਰਦੇ, ਇਸ ਲਈ ਉਨ੍ਹਾਂ ਨੇ ਜੋ ਕਿਹਾ, ਉਸ ਬਾਰੇ ਉਨ੍ਹਾਂ ਨੂੰ ਹੀ ਪੁੱਛੋ।'' ਇਸ ਤਰ੍ਹਾਂ ਦੀਆਂ ਦੋ-ਮੂੰਹੀਆਂ ਚਾਲਾਂ ਹੀ ਸਿੱਖਾਂ ਦਾ ਸਰਵਨਾਸ਼ ਕਰ ਰਹੀਆਂ ਨੇ ਤੇ ਕੋਈ ਹੁਣ ਉਨ੍ਹਾਂ ਨੂੰ ਗੰਭੀਰਤਾ ਨਾਲ ਨਹੀਂ ਲੈਂਦਾ। ਪਰ ਅਪਣੇ ਉਤੇ ਚੁਕੇ ਗਏ ਸਵਾਲਾਂ ਤੋਂ ਬਚਣ ਵਾਸਤੇ ਅੱਜ ਜੋ ਸ਼ਬਦ 'ਜਥੇਦਾਰ' ਵਲੋਂ ਆਖੇ ਗਏ ਹਨ, ਉਹ ਦਸਦੇ ਹਨ ਕਿ ਬੀਮਾਰੀ ਬਹੁਤ ਡੂੰਘੀ ਹੈ ਤੇ ਘਰ ਬਣਾ ਚੁਕੀ ਹੈ। ਜ਼ਿੰਮੇਵਾਰ ਤੇ ਜ਼ਿੰਮੇਵਾਰੀ ਤੈਅ ਕਰਨ ਦਾ ਕੰਮ ਕੋਈ ਬੀਮਾਰ ਕਿਸ ਤਰ੍ਹਾਂ ਦਸ ਸਕਦਾ ਹੈ?   - ਨਿਮਰਤ ਕੌਰ