ਸਾਡੇ ਬੱਚੇ ਇਮਤਿਹਾਨਾਂ ’ਚ ਵੱਧ ਨੰਬਰ ਲੈਣ ਦੇ ਭਾਰ ਹੇਠ ਦੱਬ ਕੇ ਖ਼ੁਦਕੁਸ਼ੀਆਂ ਕਰਨ ਲੱਗ ਪਏ ਹਨ

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਕੋਟਾ ਵਿਚ ਇਸ ਸਾਲ ਵਿਦਿਆਰਥੀਆਂ ਦੀਆਂ ਖ਼ੁਦਕੁਸ਼ੀਆਂ ਦੀ ਗਿਣਤੀ 25 ਤਕ ਪਹੁੰਚ ਗਈ

File Photo

ਕੋਟਾ ਵਿਚ ਇਸ ਸਾਲ ਵਿਦਿਆਰਥੀਆਂ ਦੀਆਂ ਖ਼ੁਦਕੁਸ਼ੀਆਂ ਦੀ ਗਿਣਤੀ 25 ਤਕ ਪਹੁੰਚ ਗਈ ਜਦੋਂ ਇਕ 16 ਸਾਲ ਦੀ ਬੱਚੀ ਨੇ ਅਪਣੇ ਆਪ ਨੂੰ ਪੱਖੇ ਨਾਲ ਟੰਗ ਕੇ ਫਾਹੇ ਲਾ ਲਿਆ। ਉਸ ਤੇ ਪੜ੍ਹਾਈ ਦਾ ਵਾਧੂ ਬੋਝ ਤਾਂ ਸੀ ਹੀ ਪਰ ਸ਼ਾਇਦ ਕਿਸੇ ਨਾਲ ਦੋਸਤੀ ਦਾ ਟੁਟਣਾ ਵੀ ਇਕ ਕਾਰਨ ਦਸਿਆ ਜਾ ਰਿਹਾ ਹੈ। ਸਿਆਸਤਦਾਨ ਕੋਟਾ ਵਿਚ ਚੱਲ ਰਹੇ ਉੱਚ ਸਿਖਿਆ ਤਿਆਰੀ ਕੇਂਦਰ ਦਾ ਬਚਾਅ ਕਰ ਰਹੇ ਹਨ।

ਪਰ ਜਦ ਵਿਦਿਆਰਥੀਆਂ ਵਲੋਂ ਕੀਤੀਆਂ ਜਾ ਰਹੀਆਂ ਖ਼ੁਦਕੁਸ਼ੀਆਂ ਦੀ ਗਿਣਤੀ ਵੱਧ ਰਹੀ ਹੈ ਤਾਂ ਨਾ ਸਿਰਫ਼ ਉਨ੍ਹਾਂ ਉਤੇ ਦਾਖ਼ਲਾ (entrance) ਇਮਤਿਹਾਨ ਦੀ ਤਿਆਰੀ ਦਾ ਭਾਰ ਸੀ ਬਲਕਿ ਆਉਣ ਵਾਲੇ ਕਲ ਦਾ ਡਰ ਵੀ ਉਨ੍ਹਾਂ ਨੂੰ ਖਾਈ ਜਾ ਰਿਹਾ ਸੀ। ਦਿਲ ਜੁੜਨ ਤੇ ਟੁਟਣ ਦੀ ਉਮਰ ਹੀ 16-17 ਦੇ ਕੱਚੇ ਸਾਲਾਂ ਵਿਚ ਸ਼ੁਰੂ ਹੁੰਦੀ ਹੈ। ਪਰ ਹਰ ਕੁੜੀ ਹੀਰ ਨਹੀਂ ਹੁੰਦੀ।

ਇਸ ਕੱਚੀ ਉਮਰ ਵਿਚ ਬੱਚਿਆਂ ਸਾਹਮਣੇ ਬੜੀਆਂ ਖ਼ਾਸ ਚੁਨੌਤੀਆਂ ਹੁੰਦੀਆਂ ਹਨ ਤੇ ਕੁਦਰਤ ਉਨ੍ਹਾਂ ਨੂੰ ਇਨ੍ਹਾਂ ਨਾਲ ਨਜਿੱਠਣ ਦਾ ਬਲ ਵੀ ਦੇਂਦੀ ਹੈ। ਜਿਸਮ ਵਿਚ ਬਦਲਾਅ ਪੈਦਾ ਹੁੰਦੇ ਹਨ, ਪਿਆਰ ਉਮੜਦਾ ਹੈ, ਦਿਲ ਟੁਟਦਾ ਹੈ ਪਰ ਚੁਨੌਤੀਆਂ ਦਾ ਮੁਕਾਬਲਾ ਕਰਨ ਵਾਲੇ ਬੱਚੇ ਸਿਆਣੇ, ਤਜਰਬੇਕਾਰ, ਮਜ਼ਬੂਤ ਬਾਲਗ਼ ਬਣ ਨਿਕਲਦੇ ਹਨ।

ਪਰ ਜਿਹੜਾ ਭਾਰ ਸਾਡੇ ਸਮਾਜ ਨੇ ਬੱਚਿਆਂ ਤੇ ‘ਦਾਖ਼ਲਾ ਇਮਤਿਹਾਨਾਂ’ ਦਾ ਪਾਇਆ ਹੋਇਆ ਹੈ, ਉਸ ਦਾ ਮੁਕਾਬਲਾ ਕਰਨ ਲਈ ਬੱਚਿਆਂ ਅੰਦਰ ਸਹਿਣਸ਼ਕਤੀ ਤੇ ਧੀਰਜ ਅਜੇ ਨਹੀਂ ਪਨਪੇ ਹੁੰਦੇ। ਮਨਾਂ ਵਿਚ ਇਕ ਅਜਿਹਾ ਡਰ ਪਾਇਆ ਗਿਆ ਹੁੰਦਾ ਹੈ ਕਿ ਜੋ ਬੱਚੇ ਐਨ.ਈ.ਈ., ਜੇ.ਈ.ਈ., ਆਈ.ਏ.ਐਸ. ਆਦਿ ਦੇ ਇਮਤਿਹਾਨ ਵਿਚ ਸਫ਼ਲਤਾ ਪ੍ਰਾਪਤ ਨਹੀਂ ਕਰ ਸਕਦੇ, ਉਹ ਜੀਵਨ ਵਿਚ ਠੋਕਰਾਂ ਤੇ ਧੱਕੇ ਖਾਣ ਲਹੀ ਹੀ ਪੈਦਾ ਹੋਏ ਹੁੰਦੇ ਹਨ।

ਇਨ੍ਹਾਂ ਸਾਰੀਆਂ ਪ੍ਰੀਖਿਆਵਾਂ ਵਿਚ ਸਿਰਫ਼ ਗਿਣਤੀ ਦੀਆਂ ਕੁੱਝ ਹਜ਼ਾਰ ਸੀਟਾਂ ਹੀ ਪੂਰੇ ਦੇਸ਼ ਵਿਚ ਹੁੰਦੀਆਂ ਹਨ ਤੇ ਮੁਕਾਬਲੇ ਵਿਚ ਬੈਠਣ ਵਾਲਿਆਂ ਦੀ ਗਿਣਤੀ ਹਰ ਸਾਲ ਕਰੋੜਾਂ ਵਿਚ ਹੁੰਦੀ ਹੈ। ਇਹ ਖ਼ੁਦਕੁਸ਼ੀਆਂ ਕੋਟਾ ਵਿਚ ਦਿਸ ਰਹੀਆਂ ਹਨ ਕਿਉਂਕਿ ਉਥੇ ਲੱਖਾਂ ਦੀ ਗਿਣਤੀ ਵਿਚ ਬੱਚੇ ਤਿਆਰੀ ਵਾਸਤੇ ਆ ਰਹੇ ਹਨ। ਪਰ ਅੱਜ ਅਪਣੇ ਆਸ ਪਾਸ ਦੇ ਬੱਚੇ ਵੇਖੋ, ਉਨ੍ਹਾਂ ਦੀਆਂ ਅੱਖਾਂ ਹੇਠਾਂ ਦੀਆਂ ਛਾਈਆਂ ਤੁਹਾਨੂੰ ਦਰਸਾ ਰਹੀਆਂ ਹਨ ਕਿ ਬੱਚਿਆਂ ਉਤੇ ਭਵਿੱਖ ਦਾ ਦਬਾਅ ਬਹੁਤ ਜ਼ਿਆਦਾ ਹੈ।

ਗ਼ਲਤੀ ਬੱਚਿਆਂ ਦੀ ਨਹੀਂ, ਗ਼ਲਤੀ ਸਮਾਜ ਦੀ ਹੈ ਕਿਉਂਕਿ ਉਨ੍ਹਾਂ ਨੂੰ ਬੱਚੇ ਪੈਦਾ ਕਰਨ ਵਿਚ ਅਪਣੀਆਂ ਵੋਟਾਂ ਨਜ਼ਰ ਆਉਂਦੀਆਂ ਹਨ ਪਰ ਇਹ ਉਨ੍ਹਾਂ ਦੀ ਜ਼ਿੰਮੇਵਾਰੀ ਸੀ ਕਿ ਉਹ ਬੱਚਿਆਂ ਵਾਸਤੇ ਨੌਕਰੀਆਂ ਦੇ ਰਸਤੇ ਆਪ ਲੱਭ ਕੇ ਉਨ੍ਹਾਂ ਨੂੰ ਕੁੱਝ ਦੇਣ ਲਈ ਤਿਆਰ ਬਰ ਤਿਆਰ ਹੋ ਕੇ ਰਹਿਣ। ਅੱਜ ਪੰਜਾਬ ਵਿਚ ਵੀ ਸਕੂਲਾਂ ਦੀ ਬਿਹਤਰੀ ਵਾਸਤੇ ‘ਸਿਖਿਆ ਕ੍ਰਾਂਤੀ’ ਸ਼ੁਰੂ ਕੀਤੀ ਜਾ ਰਹੀ ਹੈ।

ਦਿੱਲੀ ਵਿਚ ਸਰਕਾਰੀ ਸਕੂਲਾਂ ’ਚ ਇਕ ਵਖਰਾ ਬਦਲਾਅ ਵੇਖਿਆ ਹੈ ਤੇ ਆਸ ਕਰਦੀ ਹਾਂ ਕਿ ਪੰਜਾਬ ਵਿਚ ਨਾ ਸਿਰਫ਼ ਇਕ ਅੱਧੇ ਸ਼ਹਿਰ ਵਿਚ ਬਲਕਿ ਪਿੰਡ-ਪਿੰਡ ਵਿਚ ਐਸੇ ਸਕੂਲ ਖੁਲ੍ਹਣਗੇ ਜਿਥੇ ਬੱਚੇ ਦੁਨੀਆਂ ਦੀ ਸੇਵਾ ਕਰਨ ਵਾਸਤੇ ਤਿਆਰ ਹੋ ਨਿਕਲਣਗੇ। ਜੇ ਕੋਟਾ ਵਿਚ ਦਾਖ਼ਲਾ ਇਮਤਿਹਾਨਾਂ ਦੀਆਂ ਸਿਖਿਆ ਫ਼ੈਕਟਰੀਆਂ ਹਨ, ਪੰਜਾਬ ਵਿਚ ਆਈਲੈਟਸ ਸਿਖਿਆ ਕੇਂਦਰ ਦੀਆਂ ਫ਼ੈਕਟਰੀਆਂ ਲਗਣੀਆਂ ਸ਼ੁਰੂ ਹਨ ਜਿਨ੍ਹਾਂ ਦਾ ਕਾਰੋਬਾਰ ਇਸ ਕਰ ਕੇ ਚਲ ਰਿਹਾ ਹੈ

ਕਿਉਂਕਿ ਸਾਡੇ ਸਕੂਲ ਸਮਾਰਟ ਹੋਣ ਦੇ ਬਾਵਜੂਦ, ਬੱਚਿਆਂ ਨੂੰ ਅੰਗਰੇਜ਼ੀ ਹੀ ਨਹੀਂ ਸਿਖਾ ਪਾ ਰਹੇ। ਜੋ ਬੱਚਾ ਇਕ ਚੰਡੀਗੜ੍ਹ ਦੇ ਚੰਗੇ ਸਕੂਲ ਵਿਚ ਪੜ੍ਹਦਾ ਹੈ, ਉਸ ਵਾਸਤੇ “O56L ਆਦਿ ਪਾਸ ਕਰਨ ਵਾਸਤੇ ਇਕ ਦਿਨ ਦੀ ਤਿਆਰੀ ਹੀ ਲਗਦੀ ਹੈ। ਪਰ ਕਿਉਂਕਿ ਪੰਜਾਬ ਵਿਚ ਸਕੂਲੀ ਪੜ੍ਹਾਈ ’ਚ ਬੁਨਿਆਦ ਹੀ ਕਮਜ਼ੋਰ ਹੈ, ਉਸ ਵਲੋਂ ਸਾਲ ਆਈਲੈਟਸ ਕੇਂਦਰਾਂ ’ਤੇ ਪੈਸੇ ਦੇਣ ਤੋਂ ਬਾਅਦ ਵੀ, 2 ਬੈਂਡ ਨਹੀਂ ਆਉਂਦੇ।

ਸਾਡੇ ਬੱਚਿਆਂ ਤੇ ਬਹੁਤ ਤਰ੍ਹਾਂ ਦੇ ਭਾਰ ਪੈ ਰਹੇ ਹਨ ਤੇ ਹੁਣ ਸਾਨੂੰ ਗ਼ਲਤੀਆਂ ਇਕ ਦੂਜੇ ਦੇ ਵਿਹੜੇ ਸੁੱਟਣ ਦੀ ਸੋਚ ਛੱਡ ਕੇ ਬੱਚਿਆਂ ਦੀ ਹਾਲਤ ਸਮਝਦੇ ਹੋਏ ਯੋਜਨਾਵਾਂ ਬਣਾਉਣੀਆਂ ਪੈਣਗੀਆਂ ਤੇ ਮਾਪਿਆਂ ਨੂੰ ਅਪਣੇ ਬੱਚਿਆਂ ਪ੍ਰਤੀ ਥੋੜੀ ਹਮਦਰਦੀ ਰਖਣੀ ਪਵੇਗੀ। ਬੱਚਾ ਜ਼ਿੰਦਾ ਰਹਿਣਾ ਚਾਹੀਦਾ ਹੈ, ਭਾਵੇਂ ਆਈ.ਏ.ਐਸ. ਨਾ ਵੀ ਬਣੇ, ਕੋਈ ਫ਼ਿਕਰ ਨਹੀਂ। ਸਕੂਲੀ ਪੜ੍ਹਾਈ ਵਿਚ ਬੁਰੀ ਤਰ੍ਹਾਂ ਫ਼ੇਲ ਹੋਣ ਵਾਲੇ, ਦੁਨੀਆਂ ਵਿਚ ਵੱਡੇ ਸਾਇੰਸਦਾਨ, ਵਪਾਰੀ, ਸਿਆਸਤਦਾਨ ਤੇ ਲੇਖਕ ਬਣ ਕੇ ਵੀ ਚਮਕੇ ਹਨ। 
- ਨਿਮਰਤ ਕੌਰ