ਕਾਨਫ਼ਰੰਸਾਂ ਬਦਲੇ ਕਾਨਫ਼ਰੰਸਾਂ ਕਰ ਕੇ, ਪੰਜਾਬ ਦੇ ਲੀਡਰਾਂ ਨੇ ਕੀ ਖੱਟਿਆ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਪੰਜਾਬ ਵਿਚ ਸੁਖਬੀਰ ਬਾਦਲ ਇਕ ਅਜਿਹਾ ਵਿਅਕਤੀ ਹੈ, ਜੋ ਬਿਨਾਂ ਵਜ੍ਹਾ ਕਾਨਫ਼ਰੰਸ ਜਾਂ ਰੈਲੀ ਰੱਖ ਲੈਂਦਾ ਹੈ

Punjab leaders just do Conferences

ਭੁਪਿੰਦਰ ਸਿੰਘ ਬਾਠ: ਪੰਜਾਬ ਵਿਚ ਸੁਖਬੀਰ ਬਾਦਲ ਇਕ ਅਜਿਹਾ ਵਿਅਕਤੀ ਹੈ, ਜੋ ਬਿਨਾਂ ਵਜ੍ਹਾ ਕਾਨਫ਼ਰੰਸ ਜਾਂ ਰੈਲੀ ਰੱਖ ਲੈਂਦਾ ਹੈ। ਉਸ ਉਤੇ ਹੋਣ ਵਾਲੇ ਖ਼ਰਚੇ, ਨੁਕਸਾਨ ਬਾਰੇ ਬਿਲਕੁਲ ਨਹੀਂ ਸੋਚਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ, 10 ਸਾਲਾਂ ਵਿਚ ਪੰਜਾਬ ਨੂੰ ਤਬਾਹ ਕਰਨ ਦਾ ਮਾਮਲਾ, ਸਿਰਸੇ ਵਾਲੇ ਸਾਧ ਨੂੰ ਮਾਫ਼ ਕਰ ਕੇ, ਸ਼੍ਰੋਮਣੀ ਕਮੇਟੀ ਨੂੰ ਧਰਮ ਨੂੰ ਠੇਸ ਪਹੁੰਚਾਉਣ ਲਈ ਵਰਤ ਕੇ ਤੇ ਅਕਾਲ ਤਖ਼ਤ ਨੂੰ ਨਿਜੀ ਹਿਤਾਂ ਲਈ ਵਰਤ ਕੇ, ਵਗੈਰਾ-ਵਗੈਰਾ ਕਰ ਕੇ ਲੋਕ ਸੁਖਬੀਰ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਵਿਰੁਧ ਹੋ ਗਏ ਹਨ। ਅਪਣੇ ਆਪ ਨੂੰ ਦੁੱਧ ਧੋਤਾ ਸਾਬਤ ਕਰਨ ਲਈ,

ਇਮਾਨਦਾਰ ਸਾਬਤ ਕਰਨ ਲਈ, ਦੁਬਾਰਾ ਸੱਤਾ ਹਥਿਆਉਣ ਲਈ, ਸੁਖਬੀਰ ਬਾਦਲ ਰੈਲੀਆਂ ਕਰ ਕੇ, ਅਪਣੇ ਲੋਕਾਂ ਦਾ ਇਕੱਠ ਬੁਲਾ ਕੇ, ਅਪਣੇ ਦਿਲ ਦੀ ਭੜਾਸ ਕੱਢਣ ਲਈ ਰੈਲੀਆਂ ਰੱਖ ਲੈਂਦਾ ਹੈ। ਦੂਜੇ ਪਾਸੇ ਲਲਕਾਰਾ ਮਾਰ ਦਿੰਦਾ ਹੈ, ਜੇ ਕੈਪਟਨ ਵਿਚ ਹਿੰਮਤ ਹੈ ਤਾਂ ਮੇਰੇ ਵਿਰੁਧ ਬਠਿੰਡੇ ਰੈਲੀ ਕਰ ਕੇ ਵਿਖਾਵੇ ਜਾਂ ਫ਼ਰੀਦਕੋਟ ਰੈਲੀ ਕਰੇ। ਕੈਪਟਨ ਸਾਹਬ ਨੇ ਲਲਕਾਰੇ ਦੇ ਜਵਾਬ ਵਿਚ ਫਰੀਦਕੋਟ ਰੈਲੀ ਰੱਖ ਦਿਤੀ। ਹਾਲੇ ਰੈਲੀ ਹੋਈ ਨਹੀਂ ਸੀ, ਸੁਖਬੀਰ ਨੇ ਪਟਿਆਲੇ ਰੈਲੀ ਰੱਖ ਦਿਤੀ। ਵਿਧਾਨ ਸਭਾ ਚੋਣਾਂ ਵੇਲੇ ਸੁਖਬੀਰ ਪਟਿਆਲੇ ਰੈਲੀ ਕਰਦਾ ਲਲਕਾਰਾ ਮਾਰ ਬੈਠਾ ਕਿ ਕੈਪਟਨ ਮੇਰੇ ਬਠਿੰਡੇ ਵਿਚ ਰੈਲੀ ਕਰ ਕੇ ਵਿਖਾਵੇ।

ਸੱਭ ਜਾਣਦੇ ਹਨ ਕਿੰਨੀ ਵੱਡੀ ਕੈਪਟਨ ਸਾਹਬ ਦੀ ਰੈਲੀ ਬਠਿੰਡੇ ਵਿਚ ਹੋਈ। ਉਸ ਰੈਲੀ ਨੇ ਬਾਦਲਾਂ ਦਾ ਸੱਭ ਕੁੱਝ ਖ਼ਤਮ ਕਰ ਦਿਤਾ। ਕਾਂਗਰਸ ਆ ਗਈ। ਯਾਦ ਰਹੇ ਸੁਖਬੀਰ ਬਾਦਲ ਨੇ ਪਿਛਲੀ ਵਿਧਾਨ ਸਭਾ ਵੇਲੇ ਨੌਂ ਮਹੀਨੇ ਚੋਣਾਂ ਤੋਂ ਪਹਿਲਾਂ ਸਦਭਾਵਨਾ ਰੈਲੀਆਂ ਕਰਨੀਆਂ ਸ਼ੁਰੂ ਕਰ ਦਿਤੀਆਂ। ਬਸ ਫਿਰ ਕੀ ਸੀ, ਵੇਖਾ ਵੇਖੀ ਕਾਂਗਰਸ, ਆਮ ਆਦਮੀ ਪਾਰਟੀ ਸਾਰਿਆਂ ਨੇ ਰੈਲੀਆਂ ਸ਼ੁਰੂ ਕਰ ਦਿਤੀਆਂ। ਕਾਨਫ਼ਰੰਸ ਜਾਂ ਰੈਲੀ ਕਰਨ ਤੇ ਕਰੋੜਾਂ ਰੁਪਏ ਖ਼ਰਚ ਆਉਂਦੇ ਹਨ। ਲੋਕਾਂ ਦੇ ਸਮੇਂ ਦੀ ਬਰਬਾਦੀ ਹੁੰਦੀ ਹੈ, ਗੱਡੀਆਂ ਦਾ ਮਹਿੰਗਾ ਡੀਜ਼ਲ-ਪਟਰੌਲ ਸਾੜ ਦਿਤਾ ਜਾਂਦਾ ਹੈ,

ਪ੍ਰਸ਼ਾਸਨ ਤੇ ਪੁਲਿਸ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪੰਜਾਬ ਦਾ ਪੈਸਾ ਬਰਬਾਦ ਹੁੰਦਾ ਹੈ। ਅਕਾਲੀ ਗੁਰੂ ਘਰਾਂ ਵਿਚੋਂ ਲੰਗਰ ਮੰਗਵਾ ਲੈਂਦੇ ਹਨ। ਪੈਸਾ ਤਾਂ ਸੰਗਤ ਦਾ ਹੀ ਹੈ, ਬੋਲਣਾ ਤਾਂ ਝੂਠ ਹੀ ਹੈ ਤੇ ਇਕ ਦੂਜੇ ਦੀ ਨਿੰਦਿਆਂ ਹੀ ਕਰਨੀ ਹੈ। ਫਿਰ ਰੈਲੀਆਂ ਲਈ 500 ਰੁਪਏ ਦਿਹਾੜੀ ਦੇ ਕੇ, ਸ਼ਰਾਬ ਦੇ ਕੇ, ਬੰਦੇ ਭਾੜੇ ਦੇ ਇਕੱਠੇ ਕਰ ਲੈਂਦੇ ਹਨ। ਇਉਂ ਲਗਦਾ ਹੈ ਜਿਵੇਂ ਪੰਜਾਬ ਦੇ ਲੀਡਰਾਂ ਨੂੰ ਰੈਲੀਆਂ, ਧਰਨਿਆਂ ਤੇ ਕਾਨਫਰੰਸਾਂ ਤੋਂ ਬਿਨਾਂ ਹੋਰ ਕੋਈ ਕੰਮ ਹੀ ਨਹੀਂ। ਲੋਕ ਜਿਵੇਂ ਵਿਹਲੇ ਹੋਣ। ਕਾਂਗਰਸ ਪਾਰਟੀ ਨੂੰ ਸੁਖਬੀਰ ਦੀ ਗੱਪ ਸੁਣ ਕੇ ਕਾਨਫ਼ਰੰਸ ਨਹੀਂ ਰਖਣੀ ਚਾਹੀਦੀ।