ਕਿਸਾਨਾਂ ਨੇ ਵਡੱਪਣ ਵਿਖਾਇਆ ਕੇਂਦਰ ਨੇ ਰਾਜ-ਹੱਠ ਦਾ ਰਾਹ ਚੁਣਿਆ

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਦਿੱਲੀ ਦਰਬਾਰ, ਅਪਣੇ ਹੰਕਾਰ ਵਿਚ, ਅੰਨਦਾਤਾ ਨਾਲ ਤਾਕਤ ਦੀਆਂ ਖੇਡਾਂ ਖੇਡਣ ਤੇ ਤੁਲਿਆ ਹੋਇਆ ਹੈ

File Photo

ਇਸ ਬੇਵਿਸ਼ਵਾਸੀ ਦੇ ਮਾਹੌਲ ਵਿਚ ਕਿਸਾਨ ਜਥੇਬੰਦੀਆਂ ਵਲੋਂ ਦਿੱਲੀ ਜਾ ਕੇ ਬੜਾ ਵੱਡਾ ਕਦਮ ਚੁਕਿਆ ਗਿਆ ਤੇ ਸੱਤ ਕਿਸਾਨ ਆਗੂ ਕੇਂਦਰ ਨਾਲ ਗੱਲਬਾਤ ਕਰਨ ਲਈ ਪਹੁੰਚੇ, ਕਿਸਾਨ ਆਗੂਆਂ ਵਲੋਂ ਵਿਖਾਇਆ ਗਿਆ ਵਡੱਪਣ ਅਤੇ ਉਨ੍ਹਾਂ ਵਲੋਂ ਅਪਣੇ ਸ਼ੱਕ ਸ਼ੁਭੇ ਇਕ ਪਾਸੇ ਰੱਖ ਕੇ ਕੇਂਦਰ ਦੀ ਗੱਲ ਸੁਣਨ ਜਾਣਾ ਛੋਟਾ ਕਦਮ ਨਹੀਂ ਸੀ। ਪਰ ਦਿੱਲੀ ਦਰਬਾਰ, ਅਪਣੇ ਹੰਕਾਰ ਵਿਚ, ਅੰਨਦਾਤਾ ਨਾਲ ਤਾਕਤ ਦੀਆਂ ਖੇਡਾਂ ਖੇਡਣ ਤੇ ਤੁਲਿਆ ਹੋਇਆ ਹੈ।

10 ਕੇਂਦਰੀ ਮੰਤਰੀ, ਹਨੇਰੀ ਵਾਂਗ ਪੰਜਾਬ ਵਿਚ ਕਿਸਾਨਾਂ ਵਿਰੁਧ ਪ੍ਰਚਾਰ ਦਾ ਧੂਆਂ ਛਡਦੇ ਰਹੇ ਤੇ ਉਨ੍ਹਾਂ ਨੂੰ ਕਿਸਾਨ ਜਥੇਬੰਦੀਆਂ ਤੋਂ ਅਲੱਗ ਕਰਨ ਦਾ ਯਤਨ ਕਰਦੇ ਰਹੇ ਪਰ ਕੇਂਦਰ ਦੇ ਬੁਲਾਵੇ ਤੇ ਜਦ ਕਿਸਾਨ ਆਗੂ ਦਿੱਲੀ ਪੁੱਜੇ ਤਾਂ ਕਿਸਾਨ ਆਗੂਆਂ ਨਾਲ ਗੱਲਬਾਤ ਕਰਨ ਲਈ ਸਿਰਫ਼ ਸਰਕਾਰੀ ਅਫ਼ਸਰ ਹੀ ਬੈਠੇ ਸਨ। ਜੇਕਰ ਅੰਨਦਾਤਾ ਲਈ ਸਰਕਾਰ ਦੇ ਮਨ ਵਿਚ ਕੋਈ ਸਤਿਕਾਰ ਹੁੰਦਾ ਤਾਂ ਅੱਜ ਖੇਤੀ ਮੰਤਰੀ ਤੋਮਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪ ਇਨ੍ਹਾਂ ਨੂੰ ਮਿਲਣ ਤੇ ਵਿਚਾਰ ਵਟਾਂਦਰਾ ਕਰਨ ਵਾਸਤੇ ਬੈਠੇ ਹੁੰਦੇ।

ਪਰ ਕਿਸਾਨ ਆਗੂਆਂ ਨਾਲ ਮੀਟਿੰਗ ਕਰਨ ਦੀ ਖ਼ਾਨਾਪੂਰਤੀ ਕਰ ਕੇ ਇਹ ਸੁਨੇਹਾ ਦਿਤਾ ਜਾ ਰਿਹਾ ਹੈ ਕਿ ਹੁਣ ਕਾਨੂੰਨ ਬਣ ਗਿਆ ਹੈ ਤੇ ਤੁਹਾਨੂੰ ਸਮਝਣ ਤੇ ਇਸ ਵਿਚ ਸ਼ਾਮਲ ਹੋਣ ਦੀ ਲੋੜ ਹੀ ਬਾਕੀ ਰਹਿ ਗਈ ਹੈ। ਪਰ ਨਾਲ-ਨਾਲ ਕਿਸਾਨਾਂ ਦੇ ਰੋਸ ਨੂੰ ਕਮਜ਼ੋਰ ਕਰਨ ਦੀਆਂ ਵੱਡੀਆਂ ਚਾਲਾਂ ਵੀ ਚਲੀਆਂ ਜਾ ਰਹੀਆਂ ਹਨ। ਅੱਜ ਦੀ ਦਿੱਲੀ ਦਰਬਾਰ ਦੀ ਮੀਟਿੰਗ ਬਾਰੇ ਵੀ ਇਹੀ ਆਖਿਆ ਜਾਵੇਗਾ ਕਿ ਕਿਸਾਨ ਗੱਲ ਕਰਨ ਨੂੰ ਤਿਆਰ ਨਹੀਂ। ਮੀਡੀਆ ਵਿਚ ਵੀ ਇਹੀ ਰਾਗ ਅਲਾਪਿਆ ਜਾਵੇਗਾ ਤੇ ਸੁਪਰੀਮ ਕੋਰਟ ਨੂੰ ਵੀ ਸਰਕਾਰੀ ਵਕੀਲ ਇਹੀ ਜਵਾਬ ਦੇਣਗੇ।

ਕਿਸਾਨ ਆਗੂਆਂ ਵਲੋਂ ਵਾਰ-ਵਾਰ ਆਖਿਆ ਜਾ ਰਿਹਾ ਹੈ ਕਿ ਮਾਹੌਲ ਖ਼ਰਾਬ ਹੋਇਆ ਤਾਂ ਕਿਸ ਦੀ ਗ਼ਲਤੀ ਹੋਵੇਗੀ। ਇਨ੍ਹਾਂ ਸ਼ਬਦਾਂ ਨੂੰ ਤੋੜ ਮਰੋੜ ਕੇ ਕਿਸਾਨ ਦੇ ਸਿਰ 'ਤੇ ਮੜ੍ਹਿਆ ਜਾਵੇਗਾ। ਟਾਂਡਾ ਵਿਚ ਭਾਜਪਾ ਆਗੂ ਦੀ ਗੱਡੀ 'ਤੇ ਪਥਰਾਅ ਨੂੰ ਅਤਿਵਾਦ ਦੀ ਰੰਗਤ ਦਿਤੀ ਜਾ ਰਹੀ ਹੈ, ਇਰਾਦੇ-ਏ-ਕਤਲ ਦੀ ਗੱਲ ਕੀਤੀ ਜਾ ਰਹੀ ਹੈ ਜਦਕਿ ਕਾਂਗਰਸੀ ਆਗੂਆਂ ਉਤੇ ਰੈਲੀਆਂ ਵਿਚ ਥੱਪੜ ਵੀ ਵਜਦੇ ਰਹੇ ਹਨ, ਸੰਸਦ ਵਿਚ ਹਰ ਪਾਰਟੀ ਨਾਹਰੇਬਾਜ਼ੀ ਤੇ ਹੰਗਾਮੇ ਕਰ ਚੁੱਕੀ ਹੈ,

ਪਰ ਉਹ ਅਤਿਵਾਦ ਨਹੀਂ, ਪੰਜਾਬ ਦੇ ਕਿਸਾਨ ਧਰਨੇ ਨਾਹਰੇ ਮਾਰ ਦੇਣ ਤਾਂ ਉਹ ਅਤਿਵਾਦੀ ਬਣ ਜਾਂਦੇ ਹਨ। ਅਕਾਲੀ ਦਲ ਤੇ ਕਾਂਗਰਸ ਦੇ ਸ਼ਬਦੀ ਵਾਰ, ਸਾਜ਼ਸ਼ਾਂ ਦੇ ਦੋਸ਼, ਅੰਤ ਵਿਚ ਕਿਸਾਨ ਤੇ ਉਨ੍ਹਾਂ ਨਾਲ ਖੜੇ ਨੌਜਵਾਨਾਂ ਉਤੇ ਹੀ ਪਾ ਦਿਤੇ ਜਾਣੇ ਹਨ। ਬਿਜਲੀ ਮਹਿਕਮੇ ਦੇ ਮੁਲਾਜ਼ਮਾਂ ਨੂੰ ਕੋਲੇ ਦੀ ਕਮੀ ਦੀ ਕੋਈ ਚਿੰਤਾ ਨਹੀਂ ਪਰ ਸਰਕਾਰ ਨੇ ਫੈਲਾ ਦਿਤਾ ਕਿ ਪੰਜਾਬ ਵਿਚ ਬਿਜਲੀ ਗੁਲ ਹੋਣ ਵਾਲੀ ਹੈ।

ਇਹ ਕਿਸਾਨ ਦੀ ਮੁਹਿੰਮ ਨੂੰ ਕਮਜ਼ੋਰ ਕਰਨ ਦੀ ਚਾਲ ਹੀ ਸੀ। ਇਥੇ ਕਿਸਾਨ ਜਥੇਬੰਦੀਆਂ ਨੇ ਸਿਆਣਪ ਵਾਲਾ ਫ਼ੈਸਲਾ ਲਿਆ ਤੇ ਦੋ ਟਰੈਕ ਖੋਲ੍ਹ ਕੇ ਇਸ ਅਫ਼ਵਾਹ ਨੂੰ ਖ਼ਤਮ ਕਰ ਦਿਤਾ। ਇਸੇ ਤਰ੍ਹਾਂ ਸਾਰੀਆਂ ਚਾਲਾਂ ਨੂੰ ਸਿਆਣਪ ਨਾਲ ਖ਼ਤਮ ਕਰਨਾ ਪਵੇਗਾ। ਕਈ ਯੁਵਾ ਆਗੂ ਇਸ ਮੌਕੇ ਪੰਜਾਬ ਦੀ ਵੱਡੀ ਜੰਗ ਨੂੰ ਤੋੜਨ ਦੀ ਗੱਲ ਕਰ ਰਹੇ ਹਨ ਤੇ ਇਸ ਨਾਲ ਕਿਸਾਨਾਂ ਦੀ ਤਾਕਤ ਬਣੇ ਨੌਜਵਾਨ ਵੱਖ ਹੋ ਰਹੇ ਹਨ।

ਦੀਪ ਸਿੱਧੂ, ਲੱਖਾ ਸਿਧਾਣਾ ਵਰਗਿਆਂ ਨੂੰ ਅੱਜ ਅਪਣੀ ਲੜਾਈ ਨੂੰ ਪਿਛੇ ਛੱਡ ਕਿਸਾਨ ਦੇ ਪਿਛੇ ਖੜਾ ਹੋਣਾ ਚਾਹੀਦਾ ਹੈ। ਜੇਕਰ ਵੱਡੀ ਜੰਗ ਜਿਤਣੀ ਹੈ ਤਾਂ ਛੋਟੀਆਂ ਲੜਾਈਆਂ ਵਿਚ ਇਕਜੁਟ ਹੋ ਕੇ ਅਪਣੇ ਕਿਰਦਾਰ ਦੀ ਬੁਲੰਦੀ ਵਿਖਾਉ। ਇਹ ਯੁਵਾ ਆਗੂ ਜੇਕਰ ਇਸ ਲੜਾਈ ਦੇ ਸਿਰ ਉਤੇ 2022 ਦੀਆਂ ਚੋਣਾਂ ਵਿਚ ਹਿੱਸਾ ਲੈਣਾ ਚਾਹੁਣ ਤਾਂ ਮਾੜੀ ਗੱਲ ਨਹੀਂ ਪਰ ਉਸ ਦਾ ਇਮਤਿਹਾਨ ਅਪਣੀ ਹਉਮੈ ਨੂੰ ਮਾਰ ਕੇ ਅੱਜ ਕਿਸਾਨ ਦੇ ਪਿਛੇ ਚਲ ਕੇ ਦੇਣ ਦੀ ਲੋੜ ਹੈ।

ਵੱਖ ਚਲਣ ਵਾਲੇ ਸਿਆਸਤਦਾਨ ਬੜੇ ਹਨ। ਰਾਹੁਲ ਗਾਂਧੀ ਤੇ ਕਾਂਗਰਸ ਸੜਕਾਂ ਉਤੇ ਟਰੈਕਟਰ ਚਲਾਉਂਦੇ ਵੇਖੇ ਗਏ। ਅਕਾਲੀ ਦਲ ਅਪਣੀ ਕੁਰਸੀ ਪਿਛੇ ਕਿਸਾਨਾਂ ਨੂੰ ਗੁਮਰਾਹ ਕਰਦਾ ਵੇਖ ਲਿਆ। ਅੱਜ ਵੀ ਅਕਾਲੀ ਦਲ ਤੇ ਖ਼ਾਸ ਤੌਰ ਤੇ ਬਾਦਲ ਪ੍ਰਵਾਰ, ਕੇਂਦਰ ਸਰਕਾਰ ਦੀਆਂ ਸਿਫ਼ਤਾਂ ਕਰਦਾ ਨਹੀਂ ਥਕਦਾ। ਮੌਕਾ ਭਾਲ ਰਹੇ ਆਗੂ ਕਿਸੇ ਬਹਾਨੇ ਨਰਿੰਦਰ ਮੋਦੀ ਦੇ ਪੈਰਾਂ ਵਿਚ ਥਾਂ ਬਣਾਈ ਰਖਣਾ ਚਾਹੁੰਦੇ ਹਨ। 'ਆਪ' ਨੇ ਚਮਕਣਾ ਸੀ ਤੇ ਕਿਸਾਨਾਂ ਨੂੰ ਪੰਜਾਬ ਛੱਡ, ਦਿੱਲੀ ਵਿਚ ਮੁਜ਼ਾਹਰਾ ਕਰ ਆਏ। 'ਜਥੇਦਾਰ' ਵੀ ਪੰਜਾਬ ਦੇ ਕਿਸਾਨਾਂ ਨੂੰ ਨਹੀਂ ਮਿਲੇ ਪਰ ਜੰਤਰ-ਮੰਤਰ ਵਿਖੇ ਕੁੱਝ ਬੀਜੇਪੀ ਮਾਰਕਾ ਅਕਾਲੀ ਆਗੂਆਂ ਨੂੰ ਸਿਰੋਪਾਉ ਪਾ ਆਏ।

ਸੋ ਹੋਰ ਗੱਲਾਂ ਨਾਲੋਂ ਜ਼ਿਆਦਾ, ਅਪਣੀ ਚੜ੍ਹਤ ਦੀ ਚਿੰਤਾ ਕਰਨ ਵਾਲੇ ਸਿਆਸੀ ਤੇ ਧਾਰਮਕ ਆਗੂ ਦੋਹਰੀ ਚਾਲ ਚਲ ਰਹੇ ਹਨ ਤੇ ਹੁਣ ਉਨ੍ਹਾਂ ਨਵੇਂ ਆਗੂਆਂ ਨੂੰ ਅੱਗੇ ਆਉਣ ਦੀ ਲੋੜ ਹੈ ਜਿਨ੍ਹਾਂ ਵਿਚ ਕੰਮ ਕਰਨ ਦੀ ਹਿੰਮਤ ਹੋਵੇ ਜੋ ਇਸ ਸਮੇਂ ਸਿਰਫ਼ ਤੇ ਸਿਰਫ਼ ਕਿਸਾਨ ਦੇ ਮੁੱਦੇ ਤੇ ਇਕਜੁਟ ਹੋ ਕੇ ਸਾਰੀ ਲੜਾਈ ਸ਼ਾਂਤੀ ਨਾਲ ਜਿੱਤ ਵਿਖਾਉਣ ਦੀ ਦ੍ਰਿੜ੍ਹ ਇੱਛਾ ਦਾ ਪ੍ਰਗਟਾਵਾ ਕਰਨ।

ਕਿਸਾਨ ਦੇ ਮੁਕਾਬਲੇ ਤੇ ਧੰਨਾ ਸੇਠ ਹਨ ਜਿਨ੍ਹਾਂ ਦੀ ਜੇਬ ਵਿਚ ਸਿਆਸਤਦਾਨ ਹੈ, ਮੀਡੀਆ ਹੈ ਜਿਸ ਦੀ ਮਦਦ ਨਾਲ ਉਹ ਆਪ ਸ਼ਹਿਰੀ ਨਾਗਰਿਕ ਨੂੰ ਕਿਸਾਨ ਵਿਰੁਧ ਸ਼ਿਸ਼ਕਾਰ ਕੇ ਖੜਾ ਕਰ ਦੇਵੇਗਾ। ਹਿੰਸਾ ਦੀ ਕੋਈ ਇਕ ਘਟਨਾ ਲੈ ਕੇ ਵੀ ਕਿਸਾਨ ਤੇ ਉਸ ਨਾਲ ਖੜੇ ਨੌਜਵਾਨਾਂ ਨੂੰ ਅਤਿਵਾਦੀ ਕਰਾਰ ਕਰ ਦੇਵੇਗੀ। ਬੜੀ ਸਿਆਣਪ ਨਾਲ ਸ਼ਾਂਤੀ ਦਾ ਸਹਾਰਾ ਲੈ ਕੇ ਅਪਣੀ ਦਲੀਲ ਨਾਲ ਸਰਕਾਰ ਨੂੰ ਸੁਣਨ ਵਾਸਤੇ ਮਜਬੂਰ ਕਰਨ ਦੀ ਲੋੜ ਹੈ। - ਨਿਮਰਤ ਕੌਰ