Editorial: ਕਿੰਨੀ ਕੁ ਸਥਾਈ ਹੈ ਗਾਜ਼ਾ ਵਾਲੀ ਜੰਗਬੰਦੀ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਇਜ਼ਰਾਈਲ ਨੇ 1700 ਫ਼ਲਸਤੀਨੀਆਂ ਦੀ ਰਿਹਾਈ ਦੇ ਹੁਕਮ ਜਾਰੀ ਕੀਤੇ ਹਨ

Editorial: How permanent is the Gaza ceasefire?

How permanent is the Gaza ceasefire? Editorial: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਯਤਨਾਂ ਤੇ ਧੌਂਸ ਸਦਕਾ ਗਾਜ਼ਾ ਪੱਟੀ ਵਿਚ ਇਕ ਵਾਰ ਤਾਂ ਜੰਗਬੰਦੀ ਹੋ ਗਈ ਹੈ। ਕਿੰਨੇ ਦਿਨ ਜਾਂ ਕਿੰਨੀ ਦੇਰ ਤਕ ਰਹਿੰਦੀ ਹੈ, ਇਹ ਤਾਂ ਸਮਾਂ ਹੀ ਦੱਸੇਗਾ। ਫ਼ਲਸਤੀਨੀ ਸੰਗਠਨ ‘ਹਮਾਸ’ (ਜਿਸ ਨੂੰ ਸੰਯੁਕਤ ਰਾਸ਼ਟਰ ਤੇ ਅਮਰੀਕਾ ਸਮੇਤ ਬਹੁਤੇ ਦੇਸ਼ਾਂ ਨੇ ਦਹਿਸ਼ਤਗ਼ਰਦ ਕਰਾਰ ਦਿਤਾ ਹੋਇਆ ਹੈ) ਨੇ ਸੋਮਵਾਰ (13 ਅਕਤੂਬਰ) ਨੂੰ 20 ਜੀਵਤ ਇਜ਼ਰਾਇਲੀ ਬੰਧਕ ਰਿਹਾਅ ਕਰ ਦਿਤੇ। ਇਸ ਦੇ ਬਦਲੇ ਇਜ਼ਰਾਈਲ ਨੇ 1700 ਫ਼ਲਸਤੀਨੀਆਂ ਦੀ ਰਿਹਾਈ ਦੇ ਹੁਕਮ ਜਾਰੀ ਕੀਤੇ ਹਨ ਜਿਨ੍ਹਾਂ ਵਿਚੋਂ 281 ਉਹ ਹਨ ਜਿਨ੍ਹਾਂ ਨੂੰ ਇਜ਼ਰਾਇਲੀ ਅਦਾਲਤਾਂ ਨੇ ਤਾਉਮਰ ਕੈਦ ਵਰਗੀਆਂ ਸਜ਼ਾਵਾਂ ਸੁਣਾਈਆਂ ਹੋਈਆਂ ਸਨ। ਸੋਮਵਾਰ ਉਹ ਦਿਨ ਸੀ ਜਦੋਂ ਇਜ਼ਰਾਈਲ ਨੇ ਗਾਜ਼ਾ ਦੇ ਕਿਸੇ ਵੀ ਹਿੱਸੇ ਵਿਚ ਨਾ ਬੰਬਾਰੀ ਕੀਤੀ ਅਤੇ ਨਾ ਹੀ ਛਾਪੇਮਾਰੀ। ਇਸ ਨੇ ਅਪਣੇ ਫ਼ੌਜੀ ਦਸਤੇ ਤੇ ਟੈਂਕ ਵੀ ਸਿਵਲੀਅਨ ਖੇਤਰਾਂ ਤੋਂ ਦੂਰ ਹਟਾ ਲਏ ਅਤੇ ਰਾਸ਼ਨ ਤੇ ਹੋਰ ਰਾਹਤ ਸਮੱਗਰੀ ਵਾਲੇ ਟਰੱਕਾਂ ਨੂੰ ਬੇਰੋਕ-ਟੋਕ ਗਾਜ਼ਾ ਦੇ ਅੰਦਰ ਜਾਣ ਦਿਤਾ। ਅਜਿਹੇ ਮਾਹੌਲ ਦੇ ਬਾਵਜੂਦ ਗਾਜ਼ਾ ਪੱਟੀ ਹਿੰਸਾਮੁਕਤ ਨਹੀਂ ਰਹੀ। ਹਮਾਸ ਦੇ ਲੜਾਕੂਆਂ ਨੇ ਗਾਜ਼ਾ ਸ਼ਹਿਰ ਦੇ ਅੰਦਰ 20 ਤੋਂ ਵੱਧ ਫ਼ਲਸਤੀਨੀ ਮਾਰ ਦਿਤੇ ਅਤੇ 24 ਜ਼ਖ਼ਮੀ ਕਰ ਦਿਤੇ। ਹਮਾਸ ਦਾ ਦਾਅਵਾ ਹੈ ਕਿ ਮਾਰੇ ਗਏ ਲੋਕ ਇਕ ਅਪਰਾਧੀ ਗੈਂਗ ਦੇ ਮੈਂਬਰ ਸਨ ਅਤੇ ਇਹ ਗੈਂਗ ਮੁਸੀਬਤਜ਼ਦਾ ਗਾਜ਼ਾ-ਵਾਸੀਆਂ ਨੂੰ ਲੁੱਟਦਾ-ਕੁੱਟਦਾ ਆ ਰਿਹਾ ਸੀ। ਦੂਜੇ ਪਾਸੇ, ਆਜ਼ਾਦਾਨਾ ਸੋਚ ਵਾਲਿਆਂ ਦਾ ਕਹਿਣਾ ਹੈ ਕਿ ਹਮਾਸ ਵਲੋਂ ਮਾਰੇ ਗਏ ਲੋਕ ਜਾਂ ਤਾਂ ਇਜ਼ਰਾਈਲ ਦੇ ਮੁਖ਼ਬਰ ਸਨ ਅਤੇ ਜਾਂ ਫਿਰ ਹਮਾਸ ਦੇ ਰਾਜਸੀ ਵਿਰੋਧੀ।

ਇਹ ਘਟਨਾ ਦਰਸਾਉਂਦੀ ਹੈ ਕਿ ਟਰੰਪ ਤੇ ਉਸ ਦੇ ਪਰਚਮਬਰਦਾਰਾਂ ਦੇ ਗਾਜ਼ਾ ਵਿਚ ਅਮਨ ਨੂੰ ਚਿਰ-ਸਥਾਈ ਬਣਾਉਣ ਦੇ ਦਾਅਵਿਆਂ ਦੇ ਬਾਵਜੂਦ ਹਿੰਸਾ ਦਾ ਦੌਰ-ਦੌਰਾ ਖ਼ਤਮ ਹੋਣਾ ਆਸਾਨ ਮਾਮਲਾ ਨਹੀਂ। ਇਹ ਸੱਚ ਹੈ ਕਿ ਫ਼ਲਸਤੀਨੀ ਲੋਕ ਰਾਹਤ ਮਹਿਸੂਸ ਕਰ ਰਹੇ ਹਨ, ਪਰ ਉਨ੍ਹਾਂ ਨੂੰ ਵੀ ਪਤਾ ਹੈ ਕਿ ਇਜ਼ਰਾਈਲ-ਹਮਾਸ ਜੰਗਬੰਦੀ ਦਾ ਅਜੇ ਪਹਿਲਾ ਪੜਾਅ ਹੈ। ਸਥਾਈ ਜੰਗਬੰਦੀ ਤਾਂ ਗਾਜ਼ਾ ਵਿਚ ਅੰਤਰਿਮ ਪ੍ਰਸ਼ਾਸਨ ਦੀ ਸਥਾਪਨਾ ਤੋਂ ਬਾਅਦ ਹੀ ਆਰੰਭ ਹੋਵੇਗੀ। ਟਰੰਪ ਨੇ ਇਸ ਪ੍ਰਸ਼ਾਸਨ ਦੇ ਮੁਖੀ ਵਜੋਂ ਸਾਬਕਾ ਬ੍ਰਿਟਿਸ਼ ਪ੍ਰਧਾਨ ਮੰਤਰੀ ਟੋਨੀ ਬਲੇਅਰ ਨੂੰ ਚੁਣਿਆ ਹੈ। ਫ਼ਲਸਤੀਨੀ ਵਸੋਂ ਵਾਲੇ ਦੂਜੇ ਪ੍ਰਮੁੱਖ ਇਲਾਕੇ-ਪੱਛਮੀ ਕੰਢੇ ਦਾ ਪ੍ਰਸ਼ਾਸਨ ਚਲਾਉਣ ਵਾਲੀ ਪੀ.ਐਲ.ਏ. (ਫ਼ਲਸਤੀਨੀ ਅਥਾਰਟੀ) ਨੇ ਬਲੇਅਰ ਦੀ ਅਗਵਾਈ ਵਾਲੇ ਪ੍ਰਸ਼ਾਸਨ ਨੂੰ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿਤਾ ਹੈ। ਪਰ ਇਸ ਕਿਸਮ ਦੇ ਪ੍ਰਬੰਧ ਬਾਰੇ ਲੋਕਾਂ ਦੇ ਮਨਾਂ ਵਿਚ ਗੰਭੀਰ ਸਵਾਲ ਹਨ। ਇਨ੍ਹਾਂ ਸਵਾਲਾਂ ਦੇ ਬਾਵਜੂਦ ਫ਼ਿਲਹਾਲ ਹਰ ਕੋਈ ਇਹੋ ਚਾਹੁੰਦਾ ਹੈ ਕਿ ਗਾਜ਼ਾ ਵਿਚ ਅਮਨ ਕਿਸੇ ਵੀ ਬਹਾਨੇ ਭੰਗ ਨਾ ਹੋਵੇ।
ਹਮਾਸ ਨੇ ਵਾਅਦਾ ਕੀਤਾ ਹੈ ਕਿ ਉਹ 28 ਮ੍ਰਿਤਕ ਇਜ਼ਰਾਇਲੀ ਬੰਧਕਾਂ ਦੀਆਂ ਦੇਹਾਂ ਜਾਂ ਪਿੰਜਰ ਇਸੇ ਹਫ਼ਤੇ ਇਜ਼ਰਾਈਲ ਨੂੰ ਮੋੜ ਦੇਵੇਗੀ। ਇਨ੍ਹਾਂ ਵਿਚੋਂ ਚਾਰ ਦੇਹਾਂ ਮੋੜੀਆਂ ਵੀ ਗਈਆਂ ਹਨ। ਉਨ੍ਹਾਂ ਦੀ ਹਾਲਤ ਕੀ ਸੀ, ਇਸ ਬਾਰੇ ਇਜ਼ਰਾਈਲ ਨੇ ਵੀ ਖ਼ਾਮੋਸ਼ੀ ਧਾਰਨ ਕੀਤੀ ਹੋਈ ਹੈ ਅਤੇ ਹਮਾਸ ਨੇ ਵੀ। ਡੋਨਲਡ ਟਰੰਪ ਨੇ ਸੋਮਵਾਰ ਨੂੰ ਪਹਿਲਾਂ ਇਜ਼ਰਾਇਲੀ ਪਾਰਲੀਮੈਂਟ (ਕਨੈਸੇਟ) ਅਤੇ ਫਿਰ ਸ਼ਰਮ ਅਲ-ਸ਼ੇਖ਼ (ਮਿਸਰ) ਵਿਚ ਇਕ ਵੱਡੀ ਅਮਨ ਸਭਾ ਦੌਰਾਨ ਦਾਅਵਾ ਕੀਤਾ ਕਿ ਪੱਛਮੀ ਏਸ਼ੀਆ ਵਿਚ ਨਾ ਸਿਰਫ਼ ਜੰਗ ਖ਼ਤਮ ਹੋਈ ਹੈ, ਬਲਕਿ ‘ਦਹਿਸ਼ਤ ਤੇ ਹਲਾਕਤ’ ਦਾ ਯੁੱਗ ਵੀ ਸਮਾਪਤ ਹੋ ਗਿਆ ਹੈ। ਇਸ ਦਾਅਵੇ ਦੇ ਬਾਵਜੂਦ ਜੋ ਦ੍ਰਿਸ਼ਕ੍ਰਮ ਹੈ, ਉਹੋ ਇਹੀ ਦਰਸਾਉਂਦਾ ਹੈ ਕਿ ਅਮਨ ਦੀ ਉਮਰ ਇਜ਼ਰਾਇਲੀ ਪ੍ਰਧਾਨ ਮੰਤਰੀ ਬੇਨਿਆਮਿਨ ਨੇਤਨਯਾਹੂ ਦੀ ਨੀਤੀ ਤੇ ਨੀਅਤ ਉੱਤੇ ਵੱਧ ਨਿਰਭਰ ਕਰੇਗੀ, ਫ਼ਲਸਤੀਨੀਆਂ ਦੇ ਰੁਖ਼ ’ਤੇ ਘੱਟ।

ਨੇਤਨਯਾਹੂ ਨੇ ਅਕਤੂਬਰ 2023 ਵਿਚ ਹਮਾਸ ਦੀ ਵਹਿਸ਼ਤੀ ਕਾਰਵਾਈ ਦੇ ਜਵਾਬ ਵਿਚ ਦੋ ਵਰਿ੍ਹਆਂ ਤਕ ਬੇਕਿਰਕੀ ਤੇ ਬੇਰਹਿਮੀ ਨਾਲ ਜੰਗ ਲੜੀ। ਉਨ੍ਹਾਂ ਦਾ ਇਹ ਜੰਗ ਲੜਨ ਦਾ ਇਕੋ-ਇਕ ਮਿਸ਼ਨ ਸੀ : ਹਮਾਸ ਦਾ ਸਫ਼ਾਇਆ। ਇਸ ਜੰਗ ਨੇ 67 ਹਜ਼ਾਰ ਤੋਂ ਵੱਧ ਫ਼ਲਸਤੀਨੀਆਂ ਅਤੇ ਦੋ ਹਜ਼ਾਰ ਤੋਂ ਵੱਧ ਇਜ਼ਰਾਇਲੀ ਫ਼ੌਜੀਆਂ ਦੀਆਂ ਜਾਨਾਂ ਲੈ ਲਈਆਂ ਅਤੇ ਗਾਜ਼ਾ ਪੱਟੀ ਦੇ ਅੰਦਰ ਇਕ ਵੀ ਇਮਾਰਤ ਸਲਾਮਤ ਨਹੀਂ ਰਹਿਣ ਦਿਤੀ। ਇਸ ਦੇ ਬਾਵਜੂਦ ਹਮਾਸ ਦਾ ਸਫ਼ਾਇਆ ਨਹੀਂ ਹੋ ਸਕਿਆ। ਅਜਿਹੀ ਨਾਕਾਮੀ ਦਰਸਾਉਂਦੀ ਹੈ ਕਿ ਮਾਰੂ-ਸ਼ਕਤੀ ਦੀਆਂ ਵੀ ਸੀਮਾਵਾਂ ਹਨ, ਉਹ ਅਸੀਮ ਨਹੀਂ। ਇਹ ਵੀ ਤਕਦੀਰ ਦਾ ਪੁੱਠਾ ਗੇੜ ਹੈ ਕਿ ਹਮਾਸ-ਇਜ਼ਰਾਈਲ ਜੰਗ ਨੇ ਪੱਛਮੀ ਏਸ਼ੀਆ ਦੇ ਕਈ ਮੁਲਕਾਂ ਵਿਚ ਅਮਨ ਤੇ ਸਥਿਰਤਾ ਨੂੰ ਹੁਲਾਰਾ ਮਿਲਣ ਦੀ ਆਸ ਵੀ ਜਗਾਈ ਹੈ। ਲੈਬਨਾਨ ਵਿਚ ‘ਹਿਜ਼ਬੁੱਲਾ’ ਦੀ ਸਿੱਧੀ-ਅਸਿੱਧੀ ਅਰਾਜਕੀ ਸਰਦਾਰੀ ਇਕ ਵਾਰ ਤਾਂ ਖ਼ਤਮ ਹੋ ਗਈ ਹੈ। ਸੀਰੀਆ ਵੀ ਇਰਾਨੀ ਦਖ਼ਲਅੰਦਾਜ਼ੀ ਤੋਂ ਮੁਕਤ ਹੋ ਗਿਆ। ਇੰਜ ਹੀ, ਯਮਨ ਦੇ ਹੂਦੀਆਂ ਨੇ ਵੀ ਇਜ਼ਰਾਇਲੀਆਂ ਜਾਂ ਸਾਊਦੀਆਂ ਨਾਲ ਦੁਸ਼ਮਣੀ ਘਟਾਉਣ ਦੀਆਂ ਗੱਲਾਂ ਸ਼ੁਰੂ ਕਰ ਦਿੱਤੀਆਂ ਹਨ। ਅਜਿਹਾ ਸਭ ਹੋਣ ’ਤੇ ਵੀ ‘‘ਸਭ ਪਾਸੇ ਖ਼ੁਸ਼ੀਆਂ-ਖੇੜੇ’’ ਦੂਰ ਦੀ ਗਲ ਜਾਪਦੇ ਹਨ। ਜ਼ਾਹਿਰ ਹੈ ਕਿ ਫ਼ਲਸਤੀਨੀਆਂ ਨੂੰ ਉਨ੍ਹਾਂ ਦੀ ਤਕਦੀਰ ਦਾ ਖ਼ੁਦ ਮਾਲਕ ਬਣਾਏ ਜਾਣ ਤੋਂ ਬਿਨਾਂ ‘ਖ਼ੁਸ਼ੀਆਂ ਖੇੜਿਆਂ ਦੀ ਵਾਪਸੀ’ ਕਾਲਪਨਿਕ ਹੀ ਕਹੀ ਜਾ ਸਕਦੀ ਹੈ, ਅਸਲੀਅਤ ਨਹੀਂ।