ਗੰਨ (ਬੰਦੂਕ) ਝੂਠੀ ਸ਼ਾਨ ਦੀ ਨਿਸ਼ਾਨੀ ਨਹੀਂ ਬਣਾਉਣੀ ਚਾਹੀਦੀ, ਜ਼ਿੰਮੇਵਾਰੀ ਦਾ ਅਹਿਸਾਸ ਪਹਿਲਾਂ ਹੋਣਾ ਚਾਹੀਦਾ ਹੈ
ਇਸ ਸੰਦਰਭ ਨੂੰ ਸਾਹਮਣੇ ਰੱਖ ਕੇ ਵੇਖਿਆ ਜਾਏ ਤਾਂ ਭਗਵੰਤ ਮਾਨ ਸਰਕਾਰ ਨੇ ਗੰਨ ਕਲਚਰ ਉਤੇ ਲਗਾਮ ਲਾਉਣ ਦਾ ਠੀਕ ਹੀ ਫ਼ੈਸਲਾ ਕੀਤਾ ਹੈ।
ਪਿਛਲੇ ਕੁੱਝ ਸਮੇਂ ਤੋਂ ਪੰਜਾਬ ਦੇ ਬਾਂਕੇ ਨੌਜੁਆਨ ਖ਼ਬਰਾਂ ਵਿਚ ਛਾਏ ਰਹੇ ਹਨ, ਕਿਸੇ ‘ਪ੍ਰਾਪਤੀ’ ਕਰ ਕੇ ਨਹੀਂ ਬਲਕਿ ‘ਗੰਨ ਕਲਚਰ’ ਦੇ ਹਿੱਸੇ ਵਜੋਂ ਹੀ। ਇਹ ਗੰਨ ਕਲਚਰ, ਦੁਨੀਆਂ ਨੂੰ ਅਮਰੀਕਾ ਦੀ ਦੇਣ ਹੈ ਤੇ ਹੁਣ ਅਮਰੀਕਾ ਖ਼ੁਦ ਪਛਤਾ ਰਿਹਾ ਹੈ ਕਿ ਨੌਜੁਆਨਾਂ ਦੇ ਹੱਥਾਂ ਵਿਚ ਗੰਨਾਂ (ਬੰਦੂਕਾਂ) ਫੜਾ ਦੇਣਾ, ਅਮਰੀਕਾ ਲਈ ਘਾਤਕ ਸਾਬਤ ਹੋ ਰਿਹਾ ਹੈ ਕਿਉਂਕਿ ਆਏ ਦਿਨ ਕੋਈ ਨਾ ਕੋਈ ਅਮਰੀਕੀ ਨੌਜੁਆਨ ਅਚਾਨਕ ਸਕੂਲ ਦੇ ਬੱਚਿਆਂ ਉਤੇ ਅੰਨ੍ਹੇਵਾਹ ਗੋਲੀਆਂ ਚਲਾਉਣ ਲਗਦਾ ਹੈ ਜਾਂ ਕਿਸੇ ਸਮਾਗਮ ਵਿਚ ਪਹੁੰਚ ਕੇ ਗੋਲੀਆਂ ਚਲਾ ਦੇਂਦਾ ਹੈ ਤੇ ਫਿਰ ਆਪ ਵੀ ਖ਼ੁਦਕੁਸ਼ੀ ਕਰ ਲੈਂਦਾ ਹੈ।
ਇਸ ਤਰ੍ਹਾਂ ਦੀਆਂ ਘਟਨਾਵਾਂ ਅਮਰੀਕਾ ਵਿਚ ਆਮ ਹੋਣ ਲੱਗ ਪਈਆਂ ਹਨ ਤੇ ਉਥੇ ਮੰਗ ਕੀਤੀ ਜਾ ਰਹੀ ਹੈ ਕਿ ‘ਗੰਨ ਕਲਚਰ’ ਨੂੰ ਬੰਦ ਕੀਤਾ ਜਾਏ ਤੇ ਅਮਰੀਕੀ ਜਨ-ਜੀਵਨ ਵਿਚੋਂ ਗ਼ੈਰ-ਜ਼ਿੰਮੇਵਾਰੀ ਨਾਲ ਵਰਤੀ ਜਾ ਰਹੀ ਬੰਦੂਕ ਦਾ ਭੈ ਖ਼ਤਮ ਕੀਤਾ ਜਾਏ। ਜੇ ਇਹ ਕਹਿ ਲਿਆ ਜਾਏ ਕਿ ਅਮਰੀਕੀ ਵਸੋਂ ਦੀ ਬਹੁਗਿਣਤੀ ਇਸ ਵੇਲੇ ਬੰਦੂਕ ਦੀ ਖੁਲੇਆਮ ਵਰਤੋਂ ਤੇ ਪਾਬੰਦੀ ਦੇ ਹੱਕ ਵਿਚ ਹੋ ਗਈ ਹੈ ਤਾਂ ਇਸ ਵਿਚ ਕੋਈ ਅਤਿ-ਕਥਨੀ ਨਹੀਂ ਹੋਵੇਗੀ। ਪਰ ਫਿਰ ਉਥੇ ਸਰਕਾਰ ਪੰਾਬਦੀ ਕਿਉਂ ਨਹੀਂ ਲਗਾ ਰਹੀ?
ਕਿਉਂਕਿ ਅਮਰੀਕਾ ਵਿਚ ਬੰਦੂਕਾਂ ਤਿਆਰ ਕਰਨ ਵਾਲੇ ਵੱਡੇ ਅਰਬਾਂਪਤੀ ਕਾਰਖ਼ਾਨੇਦਾਰ ਏਨੇ ‘ਬਾਹੂਬਲੀ’ ਬਣ ਗਏ ਹਨ ਕਿ ਉਹ ਬੰਦੂਕ ਦੀ ਖੁਲੇਆਮ ਵਰਤੋਂ ਤੇ ਪਾਬੰਦੀ ਲਾਉਣ ਦੀ ਕੋਸ਼ਿਸ਼ ਕਰਨ ਵਾਲੀ ਸਰਕਾਰ ਨੂੰ ਹੀ ਡੇਗ ਦੇਣ ਦੀਆਂ ਧਮਕੀਆਂ ਦੇਣ ਲੱਗ ਪੈਂਦੇ ਹਨ। ਗੰਨ ਇੰਡਸਟਰੀ ਦੇ ਮਾਲਕਾਂ ਕੋਲ ਪੈਸਾ ਏਨਾ ਜ਼ਿਆਦਾ ਹੈ ਕਿ ਜਿੰਨੇ ਚਾਹੁਣ, ਐਮ.ਪੀ. ਖ਼ਰੀਦ ਸਕਦੇ ਹਨ। ਸੋ ਉਥੋਂ ਦੀ ਸਰਕਾਰ ਚਾਹ ਕੇ ਵੀ, ਕਦਮ ਪਿੱਛੇ ਹਟਾ ਲੈਣ ਲਈ ਮਜਬੂਰ ਹੋ ਜਾਂਦੀ ਹੈ।
ਇਧਰ ਹਿੰਦੁਸਤਾਨ ਵਿਚ ਅਜੇ ‘ਗੰਨ ਕਲਚਰ’ ਪੰਜਾਬ ਅਤੇ ਕੁੱਝ ਕੁੱਝ ਹਰਿਆਣਾ ਦੇ ਨੌਜੁਆਨਾਂ ਉਤੇ ਹੀ ਅਸਰ-ਅੰਦਾਜ਼ ਹੋ ਸਕਿਆ ਹੈ, ਇਸ ਲਈ ਸਾਰੇ ਹਿੰਦੁਸਤਾਨ ਦਾ ਧਿਆਨ ਇਸ ਪਾਸੇ ਨਹੀਂ ਜਾ ਸਕਿਆ। ਪੰਜਾਬ ਵਿਚ ਬਹੁਤੇ ਸਿੱਖ ਨੌਜੁਆਨ ਹੀ ਇਸ ‘ਗੰਨ ਕਲਚਰ’ ਵਿਚ ਸ਼ਾਮਲ ਹੋਏ ਵੇਖੇ ਜਾ ਸਕਦੇ ਹਨ, ਇਸ ਲਈ ਸਿੱਖਾਂ ਦਾ ਅਕਸ ਵੀ ਖ਼ਰਾਬ ਹੁੰਦਾ ਜਾ ਰਿਹਾ ਹੈ। ਵਿਆਹ ਵਿਚ ਕੋਈ ਖ਼ੁਸ਼ੀ ਵਿਚ ਅਚਾਨਕ ਗੋਲੀਆ ਚਲਾ ਕੇ ਕਈਆਂ ਨੂੰ ਮਾਰ ਦੇਂਦਾ ਹੈ ਜਾਂ ਕਿਸੇ ਸਮਾਗਮ ਵਿਚ ਲੜਕੀ ਵਲੋਂ ਫ਼ਰਮਾਇਸ਼ ਪੂਰੀ ਨਾ ਕਰਨ ਤੇ ਗੋਲੀ ਚਲਾ ਦਿਤੀ ਜਾਂਦੀ ਹੈ। ਦੁਸ਼ਮਣੀ ਕੱਢਣ ਲਈ ਹੀ ਨਹੀਂ, ਫੋਕੀ ਸ਼ਾਨ ਦਾ ਵਿਖਾਵਾ ਕਰਨ ਲਈ ਬੰਦੂਕ ਦੀ ਵਰਤੋਂ ਕਰਨੀ, ਆਮ ਜਹੀ ਗੱਲ ਹੋ ਗਈ ਹੈ।
ਇਸ ਸੰਦਰਭ ਨੂੰ ਸਾਹਮਣੇ ਰੱਖ ਕੇ ਵੇਖਿਆ ਜਾਏ ਤਾਂ ਭਗਵੰਤ ਮਾਨ ਸਰਕਾਰ ਨੇ ਗੰਨ ਕਲਚਰ ਉਤੇ ਲਗਾਮ ਲਾਉਣ ਦਾ ਠੀਕ ਹੀ ਫ਼ੈਸਲਾ ਕੀਤਾ ਹੈ। ਤਿੰਨ ਮਹੀਨੇ ਅੰਦਰ ਸਾਰੇ ਲਾਈਸੈਂਸਾਂ ਦਾ ਰੀਵੀਊ ਕੀਤਾ ਜਾਏਗਾ ਤੇ ਜਿਨ੍ਹਾਂ ਨੇ ਬੰਦੂਕ ਦੀ ਗ਼ਲਤ ਵਰਤੋਂ ਕੀਤੀ ਹੋਵੇਗੀ, ਉਨ੍ਹਾਂ ਦੇ ਲਾਈਸੈਂਸ ਰੱਦ ਕਰ ਦਿਤੇ ਜਾਣਗੇ। ਨਵੇਂ ਲਾਈਸੈਂਸ ਵੀ ਹੁਣ ਪੂਰੀ ਪੜਤਾਲ ਕਰਨ ਮਗਰੋਂ ਦਿਤੇ ਜਾਣਗੇ। ਨਾਜਾਇਜ਼ ਹਥਿਆਰ, ਪੰਜਾਬ ਵਿਚ, ਪਾਕਿਸਤਾਨ ਵਾਲੇ ਪਾਸਿਉਂ ਏਨੇ ਜ਼ਿਆਦਾ ਭੇਜ ਦਿਤੇ ਗਏ ਹਨ ਕਿ ਸਾਰੀ ਵੱਡੀ ਸਮੱਸਿਆ ਇਕਦੰਮ ਹੱਲ ਨਹੀਂ ਕੀਤੀ ਜਾ ਸਕਣੀ ਪਰ ਇਕ ਚੰਗਾ ਕਦਮ ਤਾਂ ਪੁਟ ਹੀ ਲਿਆ ਗਿਆ ਹੈ ਤੇ ਇਸ ਦਾ ਸਵਾਗਤ ਕੀਤਾ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਬੰਦੂਕਾਂ ਦੀ ਤਾਰੀਫ਼ ਵਿਚ ਲਿਖੇ ਜਾ ਰਹੇ ਗੀਤਾਂ ਉਤੇ ਵੀ ‘ਸੈਂਸਰ ਬੋਰਡ’ ਬਿਠਾਉਣ ਦਾ ਪ੍ਰੋਗਰਾਮ ਬਣਾ ਲਿਆ ਗਿਆ ਹੈ ਜੋ ਥੋੜਾ ਜਿਹਾ ਸਖ਼ਤ ਕਦਮ ਲਗਦਾ ਹੈ ਪਰ ਚਲ ਰਹੇ ਹਾਲਾਤ ਵਿਚ ਬਹੁਤਾ ਗ਼ਲਤ ਵੀ ਨਹੀਂ ਕਿਹਾ ਜਾ ਸਕਦਾ। ਸਾਹਿਤ ਵੀ ਉਦੋਂ ਤਕ ਹੀ ਚੰਗਾ ਲਗਦਾ ਹੈ ਜਦ ਤਕ ਇਹ ਫੋਕੀ ਸ਼ਾਨ ਅਤੇ ਗ਼ੈਰ-ਜ਼ਿੰਮਵਾਰੀ ਵਾਲੀ ਬੰਦੂਕ-ਵਰਤੋਂ ਦੀ ਵਕਾਲਤ, ਏਨੀ ਤੇਜ਼ ਆਵਾਜ਼ ਵਿਚ ਕਰਨਾ ਸ਼ੁਰੂ ਨਹੀਂ ਕਰ ਦੇਂਦਾ।
ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸੇ ਦੇ ਹੱਥ ਵਿਚ ਤਲਵਾਰ ਫੜਾਈ ਸੀ ਪਰ ਇਕ ਫ਼ਾਰਸੀ ਸ਼ੇਅਰ ਵਿਚ (ਚੂੰ ਕਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ, ਹਲਾਲ ਅਸਤ ਬੁਰਦਨ-ਬ ਸ਼ਮਸ਼ੀਰ ਦਸਤ) ਸਪੱਸ਼ਟ ਕਰ ਦਿਤਾ ਸੀ ਕਿ ਉਹ ਹਥਿਆਰ ਚੁੱਕਣ ਨੂੰ ਉਦੋਂ ਹੀ ਜਾਇਜ਼ ਸਮਝਦੇ ਹਨ ਜਦ ਹੋਰ ਸਾਰੇ ਹੀਲੇ ਨਾਕਾਮ ਹੋ ਜਾਣ। ਗੁਰੂ ਗੋਬਿੰਦ ਸਿੰਘ ਜੀ ਹੋਰ ਲਿਖਦੇ ਹਨ ਕਿ ਉਦੋਂ ਵੀ ‘ਲਾਚਾਰਗੀ ਵੱਸ’ ਹੀ ਉਹ ਹਥਿਆਰ ਚੁਕਣ ਦੀ ਗੱਲ ਸੋਚਦੇ ਹਨ। ਪੰਜਾਬ ਦੇ ਨੌਜੁਆਨਾਂ ਤਕ ਗੁਰੂ ਗੋਬਿੰਦ ਸਿੰਘ ਜੀ ਦਾ ਇਹ ਸੁਨੇਹਾ ਵੱਧ ਤੋਂ ਵੱਧ ਢੰਗਾਂ ਤਰੀਕਿਆਂ ਨਾਲ ਪਹੁੰਚਣਾ ਚਾਹੀਦਾ ਹੈ ਤਾਕਿ ਉਹ ਅਪਣੀ ਸ਼ਾਨ ਅਤੇ ਅਪਣਾ ਦਬਦਬਾ ਬਣਾਉਣ ਖ਼ਾਤਰ ਹੀ ਬੰਦੂਕ ਨਾ ਚੁੱਕਣ ਸਗੋਂ ਪੂਰੀ ਜ਼ਿੰਮੇਵਾਰੀ ਦਾ ਅਹਿਸਾਸ ਅਪਣੇ ਅੰਦਰ ਪੈਦਾ ਕਰਨ ਮਗਰੋਂ ਹੀ ਅਜਿਹਾ ਕਰਨ।