Editorial: ਜਿਹੜਾ ਹਿੰਦੂ ਰਾਮ ਮੰਦਰ ਜਸ਼ਨਾਂ ਵਿਚ ਸ਼ਾਮਲ ਹੋਣ ਲਈ 22 ਨੂੰ ਅਯੁਧਿਆ ਨਾ ਜਾਵੇ ਉਹ ਕੱਚਾ ਹਿੰਦੂ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਭਾਰਤ ਵਿਚ ਰਾਮ ਹਰ ਬੱਚੇ ਦੀ ਸੋਚ ਵਿਚ ਬਚਪਨ ਤੋਂ ਹੀ ਸਿਖਿਆ ਦੇ ਮਾਧਿਅਮ ਰਾਹੀਂ ਦਿਲ ਦਿਮਾਗ਼ ਵਿਚ ਵਸਾਇਆ ਜਾਂਦਾ ਹੈ

File Photo

Editorial: ਕਾਂਗਰਸ ਵਲੋਂ ਰਾਮ ਮੰਦਰ ਦੇ ਉਦਘਾਟਨ ’ਚ ਜਾਣ ਤੋਂ ਇਨਕਾਰ ਕਰਨਾ ਸਹੀ ਸੀ ਜਾਂ ਗ਼ਲਤ, ਇਸ ਵਿਵਾਦ ’ਚ ਅੱਜ ਕਈ ਲੋਕ ਕਾਂਗਰਸ ਨੂੰ ਹਿੰਦੂ ਵਿਰੋਧੀ, ਡਰਪੋਕ ਅਤੇ ਸਿਆਸੀ ਭੁੱਲੜ ਆਖ ਰਹੇ ਹਨ। ਕਈ ਨਾਮੀ ਪੱਤਰਕਾਰਾਂ ਨੇ ਕਾਂਗਰਸ ਦੇ ਇਸ ਫ਼ੈਸਲੇ ਨੂੰ ਸਿਆਸੀ ਬੇਵਕੂਫ਼ੀ ਤਕ ਵੀ ਕਿਹਾ ਹੈ ਤੇ ਆਖਿਆ ਹੈ ਕਿ ਉਨ੍ਹਾਂ ਵਲੋਂ ਰਾਮ ਮੰਦਰ ਉਦਘਾਟਨ ਦੇ ਸੱਦੇ ’ਤੇ ਉਥੇ ਜਾਣਾ ਚਾਹੀਦਾ ਸੀ ਤਾਕਿ ਉਹ ਹਿੰਦੂ ਪੱਖੀ ਲੱਗ ਸਕਣ।

ਇਸੇ ਸੋਚ ਨੂੰ ਸ਼ੰਕਰਾਚਾਰੀਆ ’ਤੇ ਵੀ ਲਾਗੂ ਕੀਤਾ ਜਾ ਸਕਦਾ ਹੈ ਜਿਨ੍ਹਾਂ ਨੇ ਅਪਣੀ ਸਿਧਾਂਤਕ ਸੋਚ ਮੁਤਾਬਕ 22 ਜਨਵਰੀ ਦੇ ਜਸ਼ਨ ਵਿਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿਤਾ ਹੈ। ਇਸ ਦਾ ਇਹ ਮਤਲਬ ਨਹੀਂ ਕਢਿਆ ਜਾ ਸਕਦਾ ਕਿ ਚਹੁੰਆਂ ਸ਼ੰਕਰਚਾਰੀਆਂ ਦੀ ਹਿੰਦੂ ਧਰਮ ਵਿਚ ਆਸਥਾ ਘੱਟ ਗਈ ਹੈ। ਇਸ ਵਿਵਾਦ ਦੇ ਚਲਦੇ ਨਾਮੀ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਦੀਆਂ ਟਿਪਣੀਆਂ ਸੁਣ ਕੇ ਹੈਰਾਨੀ ਹੁੰਦੀ ਹੈ ਕਿਉਂਕਿ ਅੱਜ ਦੇ ਸਮੇਂ ਸਿਧਾਂਤ ਦੀ ਗੱਲ ਦੀ ਚਰਚਾ ਸ਼ਾਇਦ ਹੀ ਕਦੇ ਸੁਣਨ ਨੂੰ ਮਿਲੇ।

ਭਾਰਤ ਵਿਚ ਰਾਮ ਹਰ ਬੱਚੇ ਦੀ ਸੋਚ ਵਿਚ ਬਚਪਨ ਤੋਂ ਹੀ ਸਿਖਿਆ ਦੇ ਮਾਧਿਅਮ ਰਾਹੀਂ ਦਿਲ ਦਿਮਾਗ਼ ਵਿਚ ਵਸਾਇਆ ਜਾਂਦਾ ਹੈ। ਪਰ ਸਿਰਫ਼ ਰਾਮ ਮੰਦਰ ਦੇ ਉਦਘਾਟਨ ਤੇ ਹਾਜ਼ਰੀ ਜਾਂ ਗ਼ੈਰ-ਹਾਜ਼ਰੀ ਸ੍ਰੀ ਰਾਮ ਪ੍ਰਤੀ ਨਿਸ਼ਠਾ ਦਾ ਇਮਤਿਹਾਨ ਨਹੀਂ ਹੋ ਸਕਦੀ। ਰਾਮ ਮੰਦਰ ਦੀ ਉਸਾਰੀ ਸਿਰਫ਼ ਤੇ ਸਿਰਫ਼ ਭਾਜਪਾ ਦੀ ਸੋਚ ਦੀ ਜਿੱਤ ਹੈ। ਕਾਂਗਰਸ ਜੇ ਸੱਤਾ ਵਿਚ ਹੁੰਦੀ ਤਾਂ 22 ਜਨਵਰੀ ਦਾ ਦਿਨ ਇਸ ਤਰ੍ਹਾਂ ਨਹੀਂ ਸੀ ਮਨਾਇਆ ਜਾਣਾ। ਇਹ ਆਰ.ਐਸ.ਐਸ., ਵੀ.ਐਚ.ਪੀ. ਦੀ ਬਾਬਰੀ ਮਸਜਿਦ ਦੇ ਢਾਹੇ ਜਾਣ ਤੋਂ ਪਹਿਲਾਂ ਦੀ ਜਦੋਜਹਿਦ ਦੀ ਜਿੱਤ ਹੈ ਤੇ ਉਨ੍ਹਾਂ ਦੀ ਧਾਰਮਕ ਸਿਆਸਤ ਦੀ ਪ੍ਰਤੀਕ ਹੈ। ਕਾਂਗਰਸ ਤੇ ਹੋਰਨਾਂ ਵਿਰੋਧੀ ਆਗੂਆਂ ਦਾ ਕਹਿਣਾ ਹੈ ਕਿ ਉਹ ਭਾਜਪਾ ਜਾਂ ਵੀ.ਐਚ.ਪੀ. ਦੇ ਜਸ਼ਨ ’ਤੇ ਨਾ ਜਾ ਕੇ ਬਾਅਦ ਵਿਚ ਰਾਮ ਮੰਦਰ ਜ਼ਰੂਰ ਜਾਣਗੇ।

ਇਸ ਸਿਧਾਂਤਕ ਪੱਖ ’ਤੇ ਕਾਂਗਰਸ ਦਾ ਖੜੇ ਹੋਣਾ ਕਾਂਗਰਸ ਅੰਦਰ ਇਕ ਨਵੀਂ ਤਾਕਤ  ਨੂੰ ਦਰਸਾਉਂਦਾ ਹੈ ਜੋ ਕਦੇ ਕਦੇ ਗਵਾਚਦੀ ਵੀ ਦਿਸਦੀ ਸੀ। ਪਿਛਲੀਆਂ ਚੋੋਣਾਂ ਵਿਚ ਰਾਹੁਲ ਤੇ ਪ੍ਰਿਯੰਕਾ ਗਾਂਧੀ, ਮੰਦਰਾਂ ਵਿਚ ਪੂਜਾ ਕਰ ਕੇ ਪ੍ਰਚਾਰ ਕਰਦੇ, ਭਾਜਪਾ ਨਾਲ ਮੁਕਾਬਲਾ ਕਰਦੇ ਨਜ਼ਰ ਆਏ ਸਨ ਤੇ ਇਸ ਨਾਲ ਉਨ੍ਹਾਂ ਨੂੰ ਫ਼ਾਇਦਾ ਤਾਂ ਕੀ ਹੋਣਾ ਸੀ ਬਲਕਿ ਇਸ ਦੋਗਲੀ ਸਿਆਸਤ ਦਾ ਨੁਕਸਾਨ ਜ਼ਰੂਰ ਹੋਇਆ ਸੀ।

ਅੱਜ ਸਾਡੇ ਦੇਸ਼ ਵਿਚ ਦੋ ਵੱਡੀਆਂ ਤੇ ਵਖਰੀਆਂ ਸੋਚਾਂ ਚਲ ਰਹੀਆਂ ਹਨ ਜਿਨ੍ਹਾਂ ਵਿਚ ਭਾਜਪਾ ਅਪਣੇ ਸਿਧਾਂਤਾਂ ਬਾਰੇ ਪੂਰੀ ਤਰ੍ਹਾਂ ਪੱਕੀ ਹੈ। ਉਨ੍ਹਾਂ ਧਾਰਾ 370, ਸਮÇਲੰਗੀ ਵਿਆਹ, ਰਾਮ ਮੰਦਰ ਨਿਰਮਾਣ ਤੇ ਅਨੇਕਾਂ ਹੋਰ ਕਦਮ ਪੂਰੀ ਤਾਕਤ ਨਾਲ ਚੁੱਕੇ  ਹਨ। ਇਹ ਅੱਜ ਦੀ ਕੋਈ ਗੱਲ ਨਹੀਂ ਇਹ ਉਨ੍ਹਾਂ ਦਾ ਸ਼ੁਰੂਆਤ ਤੋਂ ਹੀ ਅਪਣੀ ਸੋਚ ਵਿਚ ਵਿਸ਼ਵਾਸ ਹੈ

ਜਿਸ ਕਾਰਨ ਉਹ ਅੱਜ 450 ਸੀਟਾਂ ਦੇ ਟੀਚੇ ਮਿਥ ਸਕਦੇ ਹਨ ਤੇ ਲੋਕ ਇਸ ਨੂੰ ਮੁਮਕਿਨ ਵੀ ਮੰਨਦੇ ਹਨ। ਭਾਜਪਾ ਨੇ ਕਦੇ ਵੀ ਅਪਣੇ ਕਿਸੇ ਵਾਅਦੇ ਤੋਂ ਪਿੱਛੇ ਹਟਣ ਬਾਰੇ ਨਹੀਂ ਸੋਚਿਆ ਤੇ ਇਹ ਅੱਜ ਦੀ ਕਾਂਗਰਸ ਵਿਚ ਪਹਿਲੀ ਵਾਰ ਹੈ ਕਿ ਕਾਂਗਰਸ ਨੇ ਵੀ ਅਪਣੀ ਸੋਚ ਨੂੰ ਆਪ ਪਹਿਚਾਣਨਾ ਸ਼ੁਰੂ ਕੀਤਾ ਹੈ। ਇਸ ਨਾਲ ਭਾਵੇਂ ਕਾਂਗਰਸ ਵਾਸਤੇ ਵੋਟਾਂ ਵਿਚ ਵਾਧਾ ਨਾ ਹੁੰਦਾ ਹੋਵੇ ਪਰ ਇਹ ਦੇਸ਼ ਦੀ ਰਾਜਨੀਤੀ ਵਾਸਤੇ ਅੱਛਾ ਸ਼ਗਨ ਹੈ।

ਸਿਆਸਤਦਾਨ ਸਿਧਾਂਤ ਨਾਲ ਬੱਝਾ ਨਾ ਹੋਵੇ ਤਾਂ ਇਹ ਲੋਕਾਂ ਵਾਸਤੇ ਸਹੀ ਨਹੀਂ ਹੁੰਦਾ। ਜਦ ਸਿਆਸਤਦਾਨ ਅਪਣੇ ਸਿਧਾਂਤਾਂ ਦੀ ਪਹਿਚਾਣ ਵਾਸਤੇ ਖੜੇ ਹੋਣਗੇ ਨਾਕਿ ਵੋਟਾਂ ਵਾਸਤੇ, ਤਾਂ ਉਹ ਦਿਨ ਵੀ ਜ਼ਰੂਰ ਆਵੇਗਾ ਜਦ ਸਾਡੇ ਲੋਕ ਅਪਣੀ ਵੋਟ, ਬਹਿਕਾਵੇ ਵਿਚ ਆ ਕੇ ਨਹੀਂ ਬਲਕਿ ਸਾਫ਼ ਮੁੱਦਿਆਂ ਦੇ ਆਧਾਰ ’ਤੇ ਹੀ ਪਾਉਣਗੇ। ਇਸ ਕਦਮ ਨਾਲ ਕਾਂਗਰਸ ਨੂੰ ਫ਼ਾਇਦਾ ਜਾਂ ਨੁਕਸਾਨ ਸ਼ਾਇਦ ਨਾ ਹੋਵੇ ਪਰ ਭਾਰਤੀ ਸਿਆਸਤ ਨੂੰ ਫ਼ਾਇਦਾ ਜ਼ਰੂਰ ਹੋਵੇਗਾ।        - ਨਿਮਰਤ ਕੌਰ