Editorial: ਵਕਤ ਸੰਭਾਲਣ ਦਾ ਪੈਗ਼ਾਮ ਹੈ ਠੰਢ ਦਾ ਕਹਿਰ
ਬੁੱਧਵਾਰ (14 ਜਨਵਰੀ) ਨੂੰ ਪੰਜਾਬ ਦੇ 10 ਜ਼ਿਲ੍ਹਿਆਂ ਵਿਚ ਦਿਨ ਦਾ ਤਾਪਮਾਨ 10 ਡਿਗਰੀ ਸੈਲਸੀਅਸ ਤੋਂ ਘੱਟ ਰਿਹਾ।
ਪੰਜਾਬ ਤੇ ਹਰਿਆਣਾ ਸਮੇਤ ਸਾਰੇ ਉੱਤਰੀ ਭਾਰਤ ਵਿਚ ਸਰਦੀ ਦਾ ਕਹਿਰ ਜਾਰੀ ਹੈ। 15 ਦਸੰਬਰ ਤੋਂ ਸ਼ੁਰੂ ਹੋਈ ਠੰਢ 15 ਜਨਵਰੀ ਤਕ ਨਾ ਸਿਰਫ਼ ਬਰਕਰਾਰ ਸੀ ਸਗੋਂ ਘਟਣ ਦੀ ਥਾਂ ਇਸ ਵਿਚ ਇਜ਼ਾਫ਼ਾ ਹੁੰਦਾ ਗਿਆ। ਮੌਸਮ ਵਿਗਿਆਨੀ ਇਸ ਨੂੰ ਅਸਾਧਾਰਨ ਵਰਤਾਰਾ ਮੰਨਦੇ ਹਨ। ਦਿਨ ਦੇ ਤਾਪਮਾਨ ਵਿਚ ਆਈ ਨਿਰੰਤਰ ਕਮੀ ਇਸ ਵਰਤਾਰੇ ਨੂੰ ਆਮ ਬੰਦੇ ਲਈ ਹੈਰਾਨੀਜਨਕ ਵੀ ਬਣਾਉਂਦੀ ਹੈ।
ਬੁੱਧਵਾਰ (14 ਜਨਵਰੀ) ਨੂੰ ਪੰਜਾਬ ਦੇ 10 ਜ਼ਿਲ੍ਹਿਆਂ ਵਿਚ ਦਿਨ ਦਾ ਤਾਪਮਾਨ 10 ਡਿਗਰੀ ਸੈਲਸੀਅਸ ਤੋਂ ਘੱਟ ਰਿਹਾ। ਸਭ ਤੋਂ ਘੱਟ ਤਾਪਮਾਨ 8.4 ਡਿਗਰੀ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਰਿਕਾਰਡ ਕੀਤਾ ਗਿਆ ਜਦੋਂ ਕਿ ਪਠਾਨਕੋਟ ਵਿਚ 8.5 ਡਿਗਰੀ, ਅੰਮ੍ਰਿਤਸਰ ਵਿਚ 8.8 ਤੇ ਪਟਿਆਲਾ ਵਿਚ 9.6 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਚੰਡੀਗੜ੍ਹ (8.9 ਡਿਗਰੀ) ਵੀ ਦਿਨ ਦੇ ਤਾਪਮਾਨ ਪੱਖੋਂ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਹਾਣ ਦਾ ਰਿਹਾ। ਹਰਿਆਣਾ ਵਿਚ ਅੰਬਾਲਾ (9 ਡਿਗਰੀ) ਸਮੇਤ ਛੇ ਜ਼ਿਲ੍ਹੇ ਦਿਨ ਵੇਲੇ ਵੀ 10 ਡਿਗਰੀ ਤੋਂ ਘੱਟ ਤਾਪਮਾਨ ਨਾਲ ਜੂਝਦੇ ਰਹੇ।
ਇਹ ਮੰਨਿਆ ਜਾਂਦਾ ਹੈ ਕਿ ਦੋਵਾਂ ਰਾਜਾਂ ਵਿਚ ਕੋਈ ਜਗ੍ਹਾ ਐਸੀ ਨਹੀਂ ਬਚੀ ਜਿੱਥੇ ਦਿਨ ਵੇਲੇ ਪਾਰਾ ਆਮ ਨਾਲੋਂ 5 ਤੋਂ 8 ਡਿਗਰੀ ਤੱਕ ਨਾ ਡਿੱਗਿਆ ਹੋਵੇ। ਅਜਿਹੇ ਰੁਝਾਨ ਕਾਰਨ ਇਨਸਾਨੀ ਹੱਡਾਂ ਵਿਚ ਠੰਢ ਦਾ ਅਸਰ ਲਗਾਤਾਰ ਬਰਕਰਾਰ ਰਹਿਣਾ ਸੁਭਾਵਿਕ ਹੀ ਹੈ, ਖ਼ਾਸ ਤੌਰ ’ਤੇ ਇਹ ਦੇਖਦਿਆਂ ਕਿ ਰਾਤ ਦੇ ਤਾਪਮਾਨ ਵਿਚ ਵੀ ਕਮੀ ਵਾਲਾ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਇਹ ਤੱਥ ਵੀ ਜ਼ਿਕਰਯੋਗ ਹੈ ਕਿ ਜੇਕਰ ਦਿਨ ਦੇ ਤਾਪਮਾਨ ਵਿਚ ਕਮੀ ਪੱਖੋਂ ਪੰਜਾਬ ਬਾਜ਼ੀ ਜਿੱਤ ਰਿਹਾ ਹੈ ਤਾਂ ਰਾਤ ਦੇ ਤਾਪਮਾਨ ਵਿਚ ਗਿਰਾਵਟ ਪੱਖੋਂ ਹਰਿਆਣਾ ਮੋਹਰੀ ਹੈ। ਹਿਸਾਰ (0.5 ਡਿਗਰੀ ਸੈਲਸੀਅਸ), ਗੁਰੂਗ੍ਰਾਮ (0.8), ਨਾਰਨੌਲ (1.0), ਭਿਵਾਨੀ (1.2) ਤੇ ਮਹਿੰਦਰਗੜ੍ਹ (14 ਡਿਗਰੀ) ਰਾਤ ਦੇ ਤਾਪਮਾਨ ਪੱਖੋਂ ਹਰਿਆਣੇ ਦੀ ਬਜਾਏ ਯੂਰੋਪੀਅਨ ਖ਼ਿੱਤੇ ਹੋਣ ਦਾ ਪ੍ਰਭਾਵ ਜ਼ਿਆਦਾ ਦਿੰਦੇ ਹਨ।
ਮੌਸਮ ਵਿਗਿਆਨੀ ਅਜਿਹੀਆਂ ਤਬਦੀਲੀਆਂ ਲਈ ਆਲਮੀ ਤਪਸ਼ ਨੂੰ ਦੋਸ਼ੀ ਦੱਸਦੇ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਇਹ ਤਪਸ਼ ਵਧਣ ਕਾਰਨ ਉੱਤਰੀ ਤੇ ਦੱਖਣੀ ਧਰੁਵਾਂ ਵਿਚ ਬਰਫ਼ਾਂ ਦੇ ਪਿਘਲਣ ਦੀ ਰਫ਼ਤਾਰ ਨਾ ਸਿਰਫ਼ ਵਧੀ ਹੋਈ ਹੈ ਸਗੋਂ ਉੱਤਰੀ ਧਰੁਵ ’ਤੇ ਸਰਦੀ ਦੇ ਬਾਵਜੂਦ ਬਰਫ਼ਾਨੀ ਪਰਤਾਂ ਦਾ ਪਿਘਲਣਾ ਜਾਰੀ ਰਹਿਣਾ ਉੱਤਰੀ ਅਰਧ-ਗੋਲੇ ਅੰਦਰਲੇ ਇਲਾਕਿਆਂ ਵਿਚ ਅਣਕਿਆਸੀਆਂ ਮੌਸਮੀ ਤਬਦੀਲੀਆਂ ਪੈਦਾ ਕਰ ਰਿਹਾ ਹੈ। ਜਿਨ੍ਹਾਂ ਇਲਾਕਿਆਂ ਵਿਚ ਬਰਫ਼ ਪੈਣੀ ਚਾਹੀਦੀ ਸੀ, ਉੱਥੇ ਇਹ ਨਹੀਂ ਪੈ ਰਹੀ। ਜਿੱਥੇ ਇਹ ਪੈ ਰਹੀ ਹੈ, ਉੱਥੇ 20 ਸਾਲ ਪਹਿਲਾਂ ਜਨਮੇ ਜਾਂ ਵਸੇ ਲੋਕਾਂ ਨੇ ਕਦੇ ਬਰਫ਼ਬਾਰੀ ਨਹੀਂ ਸੀ ਦੇਖੀ। ਇਸੇ ਤਰ੍ਹਾਂ ਅੰਧ ਮਹਾਂਸਾਗਰ ਤੇ ਮੱਧ ਸਾਗਰ ਤੋਂ ਜਿਹੜੇ ਗਿੱਲੇ-ਸਿੱਲ੍ਹੇ ਚੱਕਰਵਾਤ ਪੂਰਬ ਵਲ ਰਵਾਨਾ ਹੋਇਆ ਕਰਦੇ ਸਨ, ਉਹ ਇਸ ਵਾਰ ਜਾਂ ਤਾਂ ਉਪਜ ਹੀ ਨਹੀਂ ਰਹੇ ਅਤੇ ਜਾਂ ਫਿਰ ਏਨੇ ਕਮਜ਼ੋਰ ਹਨ ਕਿ ਹਿਮਾਲੀਆ ਪਰਬਤਮਾਲਾ ਤਕ ਪੁੱਜਣ ਤੋਂ ਪਹਿਲਾਂ ਹੀ ਦਮ ਤੋੜ ਰਹੇ ਹਨ। ਇਸੇ ਕਾਰਨ ਅਫ਼ਗਾਨਿਸਤਾਨ, ਪਾਕਿਸਤਾਨ ਜਾਂ ਭਾਰਤ ਵਿਚ ਸਰਦੀਆਂ ਵਾਲੇ ਮੀਂਹ ਨਹੀਂ ਪੈ ਰਹੇ।
ਮੀਂਹ ਨਾ ਪੈਣ ਕਾਰਨ ਫ਼ਿਜ਼ਾਈ ਮਲੀਨਤਾ ਵਧੀ ਹੋਈ ਹੈ, ਹਰ ਪਾਸੇ ਗ਼ਰਦ-ਗ਼ੁਬਾਰ ਦਾ ਪਸਾਰਾ ਹੈ ਅਤੇ ਇਸ ਪਸਾਰੇ ਨੇ ਨੀਵੇਂ ਪਹਾੜੀ ਇਲਾਕਿਆਂ ਨੂੰ ਵੀ ਅਪਣੀ ਗ੍ਰਿਫ਼ਤ ਵਿਚ ਲਿਆ ਹੋਇਆ ਹੈ। ਅਜਿਹੇ ਮੌਸਮੀ ਹਾਲਾਤ ਜਿੱਥੇ ਉਚੇਰੇ ਪਹਾੜੀ ਖੇਤਰਾਂ ਵਿਚ ਬਰਫ਼ਬਾਰੀ ਦੀ ਅਣਹੋਂਦ ਦੀ ਵਜ੍ਹਾ ਬਣੇ ਹੋਏ ਹਨ, ਉੱਥੇ ਧੁੱਪ ਦੀ ਚਮਕ ਤੇ ਨਿੱਘ ਪੱਖੋਂ ਮੈਦਾਨੀ ਖੇਤਰਾਂ ਨੂੰ ਵੀ ਸਿੱਧੀ ਮਾਤ ਦੇ ਰਹੇ ਹਨ। ਸ਼ਿਮਲਾ ਵਿਚ ਬੁੱਧਵਾਰ ਨੂੰ ਦਿਨ ਦਾ ਤਾਪਮਾਨ 17 ਡਿਗਰੀ ਅਤੇ ਮਨਾਲੀ ਵਿਚ 14.8 ਡਿਗਰੀ ਸੈਲਸੀਅਸ ਰਹਿਣਾ ਸਾਡੀ ਧਰਤ ਦੇ ਬਦਲਦੇ ਮੌਸਮੀ ਮਿਜ਼ਾਜ ਦੀ ਸਿੱਧੀ-ਸਪਸ਼ਟ ਮਿਸਾਲ ਹਨ। ਧਰਮਸ਼ਾਲਾ, ਉਸ ਦਿਨ ਮੁਹਾਲੀ ਤੋਂ ਵੱਧ ਨਿੱਘਾ ਸੀ ਅਤੇ ਡਲਹੌਜ਼ੀ, ਗੁਰਦਾਸਪੁਰੀਆਂ ਤੇ ਅੰਮ੍ਰਿਤਸਰੀਆਂ ਨੂੰ ਨਿੱਘ ਨਾਲ ਅਪਣੇ ਵਲ ਆਉਣ ਦਾ ਸੱਦਾ ਦੇ ਰਿਹਾ ਸੀ।
ਮੌਸਮ ਵਿਗਿਆਨੀਆਂ ਨੇ ਅੱਜ (16 ਜਨਵਰੀ) ਤੋਂ ਠੰਢ ਵਿਚ ਕੁਝ ਕਮੀ ਆਉਣ ਦੀਆਂ ਪੇਸ਼ੀਨਗੋਈਆਂ ਕੀਤੀਆਂ ਹਨ। ਇਹ ਠੰਢ ਤੋਂ ਅੱਕੇ ਜਿਸਮਾਂ ਲਈ ਧਰਵਾਸ ਜ਼ਰੂਰ ਹਨ, ਪਰ ਫ਼ਿਜ਼ਾਈ ਮੈਲ ਨੂੰ ਮਿਟਾਉਣ ਲਈ ਸਾਡੇ ਵਾਲੇ ਖ਼ਿੱਤੇ ਨੂੰ ਚੰਦ ਗਿੱਲੇ-ਸਿੱਲ੍ਹੇ ਦਿਨਾਂ ਦੀ ਵੀ ਲੋੜ ਹੈ। ਅਜਿਹੇ ਦਿਨਾਂ ਬਾਰੇ ਮੌਸਮ ਵਿਗਿਆਨੀਆਂ ਦੀਆਂ ਗਿਣਤੀਆਂ-ਮਿਣਤੀਆਂ ਖ਼ਾਮੋਸ਼ ਹਨ। ਕਾਰਬਨ-ਭਰਪੂਰ ਗੈਸਾਂ ਦਾ ਨਿਰੰਤਰ ਨਿਕਾਸ ਅਤੇ ਬਿਹਤਰ ਆਵਾਸ ਤੇ ਵਿਕਾਸ ਦੇ ਨਾਂਅ ’ਤੇ ਦੁਨੀਆਂ ਭਰ ਵਿਚ ਕੰਕਰੀਟੀ ਜੰਗਲਾਂ ਦਾ ਪਾਸਾਰ-ਵਿਸਥਾਰ, ਕਾਦਿਰ ਦੀ ਕੁਦਰਤ ਨਾਲ ਖਿਲਵਾੜ ਦੀ ਬੁਨਿਆਦ ਬਣੇ ਹੋਏ ਹਨ। ਇਸ ਦੇ ਮੰਦੇ ਨਤੀਜੇ ਸਪਸ਼ਟ ਰੂਪ ਵਿਚ ਸਾਡੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਇਨ੍ਹਾਂ ਨਤੀਜਿਆਂ ਨਾਲ ਜੁੜੀਆਂ ਦੁਸ਼ਵਾਰੀਆਂ ਦਾ ਜਾਇਜ਼ਾ ਲੈਣ ਅਤੇ ਸਾਡੀ ਧਰਤ ਦੀ ਫ਼ਿਜ਼ਾ ਨੂੰ ਸਵੱਛ ਤੇ ਨਿਰਮਲ ਬਣਾਉਣ ਦੇ ਉਪਾਅ ਸੰਜੀਦਗੀ ਨਾਲ ਆਰੰਭਣ ਦਾ ਸਮਾਂ ਆ ਚੁੱਕਾ ਹੈ। ਲੋੜ ਕੁਦਰਤ ਦਾ ਪੈਗ਼ਾਮ ਸਮਝਣ ਤੇ ਵੇਲਾ ਸੰਭਾਲਣ ਦੀ ਹੈ, ਖੁੰਝਾਉਣ ਦੀ ਨਹੀਂ।