ਪੁਲਵਾਮਾ ਵਿਚ ਆਤੰਕੀ ਹਮਲਾ ਕਸ਼ਮੀਰ ਵਿਚ ਸਦੀਵੀ ਅਮਨ ਸ਼ਾਂਤੀ ਦਾ ਟੀਚਾ ਸਰ ਕਰਨੋਂ ਰੋਕਣ ਦੀ ਸਾਜ਼ਿਸ਼?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਇਮਰਾਨ ਖ਼ਾਨ ਦੀ ਚੁੱਪੀ ਵੀ ਸਿੱਧ ਕਰਦੀ ਹੈ ਕਿ ਉਹ ਅਪਣੀ ਫ਼ੌਜ ਦੇ ਸਾਹਮਣੇ ਬੇਵੱਸ ਹਨ.........

Pulwama Attack

ਇਮਰਾਨ ਖ਼ਾਨ ਦੀ ਚੁੱਪੀ ਵੀ ਸਿੱਧ ਕਰਦੀ ਹੈ ਕਿ ਉਹ ਅਪਣੀ ਫ਼ੌਜ ਦੇ ਸਾਹਮਣੇ ਬੇਵੱਸ ਹਨ। ਅੱਜ ਦੁਨੀਆਂ ਦੇ ਬਾਕੀ ਸਾਰੇ ਦੇਸ਼ ਵੀ ਇਸ ਹਮਲੇ ਦੀ ਸਖ਼ਤ ਨਿੰਦਾ ਕਰ ਰਹੇ ਹਨ ਪਰ ਪਾਕਿਸਤਾਨ ਵਲੋਂ ਅਤਿਵਾਦੀਆਂ ਨੂੰ ਪਨਾਹ ਦੇਣ ਦੀ ਪ੍ਰਥਾ ਬਾਰੇ ਅਣਜਾਣ ਤਾਂ ਕੋਈ ਵੀ ਨਹੀਂ ਸੀ। ਅਮਰੀਕਾ ਨੇ ਹੀ ਪਾਕਿਸਤਾਨ ਦੀ ਮਦਦ ਕਰ ਕੇ ਇਸ ਨੂੰ ਅਫ਼ਗ਼ਾਨਿਸਤਾਨ ਵਿਰੁਧ ਅਪਣਾ ਅੱਡਾ ਬਣਾਉਣ ਦੇ ਚੱਕਰ ਵਿਚ ਪਾਕਿਸਤਾਨ ਵਿਚ ਅਤਿਵਾਦ ਨੂੰ ਵਧਣ ਫੁੱਲਣ ਦਿਤਾ। ਮੁੰਬਈ ਹਮਲੇ ਦੇ ਸਰਗ਼ਨਾ ਅਜ਼ਹਰ ਮਸੂਦ ਨੂੰ ਅਜੇ ਤਕ ਅਪਣੇ ਕੰਮਾਂ ਵਾਸਤੇ ਜ਼ਿੰਮੇਵਾਰ ਨਹੀਂ ਠਹਿਰਾਇਆ ਗਿਆ। 

ਪੁਲਵਾਮਾ ਵਿਚ ਅਤਿਵਾਦੀ ਹਮਲਾ ਮੁੜ ਤੋਂ ਪੂਰੇ ਭਾਰਤ ਵਾਸੀਆਂ ਦਾ ਧਿਆਨ ਅਪਣੇ ਦੇਸ਼ ਅੰਦਰਲੀ ਜੰਨਤ ਵਲ ਮੋੜ ਕੇ ਲੈ ਗਿਆ ਜਿਸ ਨੂੰ ਜੰਗਾਬਾਜ਼ਾਂ ਨੇ ਇਕ ਜਹੱਨੁਮ ਬਣਾ ਦਿਤਾ ਹੈ। ਇਹ ਭਾਰਤ-ਪਾਕਿਸਤਾਨ ਵਿਚ ਦਿਨ-ਬ-ਦਿਨ ਵਿਗੜਦੇ ਰਿਸ਼ਤਿਆਂ ਦੀ ਨਿਸ਼ਾਨੀ ਹੈ ਜੋ ਹੁਣ ਆਈ.ਐਸ.ਆਈ.ਐਸ. ਵਰਗੇ ਹਮਲੇ ਭਾਰਤ ਵਿਚ ਨਜ਼ਰ ਆ ਰਹੇ ਹਨ। ਅਮਰੀਕੀ ਜਾਂਚ ਏਜੰਸੀਆਂ ਵਲੋਂ ਇਹ ਆਖਿਆ ਜਾ ਰਿਹਾ ਹੈ ਕਿ ਇਸ ਹਮਲੇ ਵਿਚ ਜੈਸ਼-ਏ-ਮੁਹੰਮਦ ਦਾ ਸਾਥ ਆਈ.ਐਸ.ਆਈ. ਨੇ ਦਿਤਾ ਸੀ ਅਤੇ ਇਮਰਾਨ ਖ਼ਾਨ ਦੀ ਚੁੱਪੀ ਵੀ ਸਿੱਧ ਕਰਦੀ ਹੈ ਕਿ ਉਹ ਅਪਣੀ ਫ਼ੌਜ ਦੇ ਸਾਹਮਣੇ ਬੇਵੱਸ ਹਨ।

ਅੱਜ ਦੁਨੀਆਂ ਦੇ ਬਾਕੀ ਸਾਰੇ ਦੇਸ਼ ਵੀ ਇਸ ਹਮਲੇ ਦੀ ਸਖ਼ਤ ਨਿੰਦਾ ਕਰ ਰਹੇ ਹਨ ਪਰ ਪਾਕਿਸਤਾਨ ਵਲੋਂ ਅਤਿਵਾਦੀਆਂ ਨੂੰ ਪਨਾਹ ਦੇਣ ਦੀ ਪ੍ਰਥਾ ਬਾਰੇ ਅਣਜਾਣ ਤਾਂ ਕੋਈ ਵੀ ਨਹੀਂ ਸੀ। ਅਮਰੀਕਾ ਨੇ ਹੀ ਪਾਕਿਸਤਾਨ ਦੀ ਮਦਦ ਕਰ ਕੇ ਇਸ ਨੂੰ ਅਫ਼ਗ਼ਾਨਿਸਤਾਨ ਵਿਰੁਧ ਅਪਣਾ ਅੱਡਾ ਬਣਾਉਣ ਦੇ ਚੱਕਰ ਵਿਚ ਪਾਕਿਸਤਾਨ ਵਿਚ ਅਤਿਵਾਦ ਨੂੰ ਵਧਣ ਫੁੱਲਣ ਦਿਤਾ। ਮੁੰਬਈ ਹਮਲੇ ਦੇ ਸਰਗ਼ਨਾ ਅਜ਼ਹਰ ਮਸੂਦ ਨੂੰ ਅਜੇ ਤਕ ਅਪਣੇ ਕੰਮਾਂ ਵਾਸਤੇ ਜ਼ਿੰਮੇਵਾਰ ਨਹੀਂ ਠਹਿਰਾਇਆ ਗਿਆ। 
ਜਦੋਂ ਇਹੀ ਦੇਸ਼ ਪਾਕਿਸਤਾਨ ਵਿਚ ਪਲਦੇ ਅਤਿਵਾਦ ਬਾਰੇ ਜਾਣੂ ਹੋਣ ਦੇ ਬਾਵਜੂਦ ਪਾਕਿਸਤਾਨ ਨਾਲ ਰਿਸ਼ਤੇ ਬਣਾਈ ਬੈਠੇ ਹਨ

ਤਾਂ ਅੱਜ ਇਨ੍ਹਾਂ ਦੀ ਗੜਗੜਾਹਟ ਜਾਂ ਸਖ਼ਤ ਸ਼ਬਦਾਂ ਦੀ ਕੀ ਮਹੱਤਤਾ? ਜੇ ਦੁਨੀਆਂ ਦੇ ਤਾਕਤਵਰ ਦੇਸ਼ਾਂ ਨੇ ਪਾਕਿਸਤਾਨ ਵਿਚ ਹਰਦਮ ਫੈਲ ਰਹੀਆਂ ਅਤਿਵਾਦ ਦੀਆਂ ਜੜ੍ਹਾਂ ਨੂੰ ਕਾਬੂ ਹੇਠ ਕਰਨ ਦੀ ਕੋਸ਼ਿਸ਼ ਕੀਤੀ ਹੁੰਦੀ ਤਾਂ ਅੱਜ ਇਨ੍ਹਾਂ 42 ਸੀ.ਆਰ.ਪੀ.ਐਫ਼. ਜਵਾਨਾਂ ਦੀ ਬੇਵਕਤ ਮੌਤ ਨਾ ਹੁੰਦੀ। ਸਿਰਫ਼ ਉਹ 42 ਜਵਾਨ ਸ਼ਹੀਦ ਨਹੀਂ ਹੋਏ ਬਲਕਿ 42 ਪ੍ਰਵਾਰ ਤਬਾਹ ਹੋਏ ਹਨ। ਕਿਸੇ ਦਾ ਬੇਟਾ, ਕਿਸੇ ਦਾ ਪਤੀ, ਭਰਾ ਹਮੇਸ਼ਾ ਲਈ ਚਲਾ ਗਿਆ ਅਤੇ ਇਸ ਦੀ ਜ਼ਿੰਮੇਵਾਰੀ ਕਿਸੇ ਨੂੰ ਤਾਂ ਅਪਣੇ ਉਪਰ ਲੈਣੀ ਹੀ ਚਾਹੀਦੀ ਹੈ।

ਜੈਸ਼-ਏ-ਮੁਹੰਮਦ ਨੇ ਤਾਂ ਜ਼ਿੰਮੇਵਾਰੀ ਲੈ ਕੇ ਅਪਣੇ ਇਰਾਦੇ ਜ਼ਾਹਰ ਕਰ ਦਿਤੇ ਹਨ। ਉਨ੍ਹਾਂ ਮੰਨ ਲਿਆ ਹੈ ਕਿ ਭਾਰਤ ਉਤੇ ਇਸਲਾਮ ਅਤੇ ਜੰਗੇ ਆਜ਼ਾਦੀ ਕਾਰਨ ਵਾਰ ਕਰ ਰਹੇ ਹਨ। ਪਰ ਇਕ ਨੈਤਿਕ ਜ਼ਿੰਮੇਵਾਰੀ ਅੱਜ ਭਾਰਤ ਦੀ ਵੀ ਬਣਦੀ ਹੈ ਕਿ ਉਹ ਅਪਣੀ ਆਪਸੀ ਸਿਆਸੀ ਤੂੰ-ਤੂੰ, ਮੈਂ-ਮੈਂ ਤੋਂ ਉਪਰ ਉਠ ਕੇ ਜੰਮੂ-ਕਸ਼ਮੀਰ ਵਿਚ ਅਪਣੀ ਸਰਕਾਰ ਪ੍ਰਤੀ ਵਧਦੀ ਨਾਰਾਜ਼ਗੀ ਬਾਰੇ ਵਿਚਾਰ ਕਰੇ। ਜਿਸ ਨੌਜਵਾਨ ਨੇ ਸੀ.ਆਰ.ਪੀ.ਐਫ਼. ਦੇ ਜਵਾਨਾਂ ਉਤੇ ਅਤਿਵਾਦੀ ਹਮਲਾ ਕੀਤਾ, ਉਹ ਪਾਕਿਸਤਾਨ ਤੋਂ ਨਹੀਂ ਸੀ ਆਇਆ।

ਉਹ 20 ਸਾਲ ਦਾ ਨੌਜਵਾਨ ਭਾਰਤ ਦਾ ਜੰਮਪਲ ਹੈ ਅਤੇ ਇਹ ਪਹਿਲੀ ਵਾਰੀ ਹੋਇਆ ਹੈ ਕਿ ਇਕ ਭਾਰਤੀ ਨਾਗਰਿਕ ਨੇ ਆਈ.ਐਸ.ਆਈ. ਜਾਂ ਆਈ.ਐਸ.ਆਈ.ਐਸ. ਦੀ ਨਫ਼ਰਤ ਨੂੰ ਅਪਣੇ ਦੇਸ਼ ਦੀ ਫ਼ੌਜ ਵਿਰੁਧ ਵਰਤਿਆ ਹੈ। ਅੱਜ ਸਿਆਸਤਦਾਨਾਂ ਦਾ ਦੋਗਲਾਪਨ, ਉਨ੍ਹਾਂ ਦੀਆਂ ਨਿਜੀ ਧਾਰਮਕ ਕਮਜ਼ੋਰੀਆਂ ਨੂੰ ਲੈ ਕੇ ਸਰਕਾਰ ਉਤੇ ਇਲਜ਼ਾਮ ਲਾਇਆ ਜਾ ਸਕਦਾ ਹੈ ਪਰ ਉਸ ਨਾਲ ਉਹ 42 ਫ਼ੌਜੀ ਵਾਪਸ ਨਹੀਂ ਆਉਣ ਵਾਲੇ। ਨਵੇਂ ਸਿਰਿਉਂ ਦਿਲ ਨੂੰ ਟਟੋਲਣ ਦੀ ਜ਼ਰੂਰਤ ਹੈ ਕਿ ਸਾਡੀ ਫ਼ੌਜ ਦੀ ਸੁਰੱਖਿਆ ਵਿਚ ਕੀ ਕਮੀ ਰਹਿ ਗਈ ਸੀ?

ਆਮ ਕਸ਼ਮੀਰੀ ਨੂੰ ਅਤਿਵਾਦੀ ਦਾ ਨਾਂ ਦੇਣ ਵਾਲੀ ਅਪਣੇ ਦਿਲੋ-ਦਿਮਾਗ਼ ਦੀ ਪ੍ਰਥਾ ਵੀ ਕਸੂਰਵਾਰ ਹੈ। ਅੱਜ ਕਿੰਨੇ ਹੀ ਨੌਜਵਾਨ ਅਤਿਵਾਦ ਦਾ ਰਾਹ ਚੁਣ ਰਹੇ ਹਨ, ਕਿੰਨੇ ਹੀ ਨੌਜਵਾਨ ਅਤਿਵਾਦ ਦੀ ਸਫ਼ਾਈ ਦੇ ਨਾਂ 'ਤੇ ਮਾਰੇ ਜਾ ਰਹੇ ਹਨ? ਇਹ ਜੋ 'ਆਜ਼ਾਦੀ ਆਜ਼ਾਦੀ' ਦੇ ਨਾਹਰੇ ਸੁਣਾਈ ਦੇ ਰਹੇ ਹਨ, ਇਨ੍ਹਾਂ ਪਿੱਛੇ ਸੱਚ ਕੀ ਹੈ? ਭਾਰਤ ਨੂੰ ਇਹ ਸੱਚ ਟਟੋਲਣ ਲਈ ਹਿੰਮਤ ਜੁਟਾਣੀ ਚਾਹੀਦੀ ਹੈ। ਬਦਲੇ ਦੀਆਂ ਗੱਲਾਂ ਕਰਨ ਵਾਲੇ ਅਪਣੇ ਮਹਿਲਾਂ ਵਿਚ ਹੀ ਰਹਿਣ ਵਾਲੇ ਹਨ।

ਜੇ ਬਦਲੇ ਨਾਲ ਹੱਲ ਨਿਕਲਦਾ ਹੈ ਤਾਂ ਹੋਰ ਜਵਾਨਾਂ ਦੀ ਜਾਨ ਵੀ ਖ਼ਤਰੇ ਪਾ ਲੈਣ ਦਾ ਜੋਖਮ ਉਠਾ ਲੈਣ ਵਿਚ ਕੋਈ ਹਰਜ ਨਹੀਂ ਪਰ ਪਹਿਲਾਂ ਅਪਣੀਆਂ ਗ਼ਲਤੀਆਂ ਸੁਧਾਰਨ ਦੀ ਵੀ ਸੋਚ ਲਈ ਜਾਵੇ। ਅੱਜ ਦੇਸ਼ ਨੂੰ ਕਸ਼ਮੀਰ ਵਿਚ ਸ਼ਾਂਤੀ ਲਿਆਉਣ ਦੀ ਜ਼ਿੰਮੇਵਾਰੀ ਸਾਰੇ ਹੀ ਸਿਆਸਤਦਾਨਾਂ ਦੇ ਹੱਥੋਂ ਲੈ ਲੈਣੀ ਚਾਹੀਦੀ ਹੈ। ਇਹ ਲੋਕ ਨਾ ਆਮ ਕਸ਼ਮੀਰੀ ਦੀ ਅਤੇ ਨਾ ਹੀ ਜਵਾਨਾਂ ਦੀ ਜਾਨ ਦੀ ਕੀਮਤ ਸਮਝ ਸਕਦੇ ਹਨ।  -ਨਿਮਰਤ ਕੌਰ