ਕਰਨਾਟਕ ਚੋਣਾਂ ਨੇ ਸੰਕੇਤ ਦੇ ਦਿਤਾ ਕਿ 2019 ਵਿਚ ਰਾਜਾਂ ਦੀਆਂ ਸਥਾਨਕ ਪਾਰਟੀਆਂ ਦੀ ਮਦਦ ਬਿਨਾਂ ...

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਕੋਈ ਵੱਡੀ ਪਾਰਟੀ ਤਾਕਤ ਵਿਚ ਨਹੀਂ ਆ ਸਕਦੀ

Dev Gowda

ਭਾਜਪਾ ਨੂੰ ਮਿਲੀ 36.2% ਵੋਟ। ਜੇ ਵਿਕਾਸ ਜਾਂ ਮਹਿੰਗਾਈ ਜਾਂ ਭਾਰਤ ਦੀ ਆਰਥਕਤਾ ਦੇ ਸੰਕਟ ਆਰਥਕਤਾ ਵਲ ਧਿਆਨ ਦਿੰਦੇ ਤਾਂ ਨਤੀਜੇ ਹੋਰ ਤਰ੍ਹਾਂ ਵੀ ਹੋ ਸਕਦੇ ਸਨ। ਕਾਂਗਰਸ ਦਾ ਵੋਟ ਹਿੱਸਾ ਭਾਜਪਾ ਤੋਂ ਵੱਧ ਰਿਹਾ (37.9%)। ਕਾਂਗਰਸ ਸੱਭ ਤੋਂ ਵੱਡੀ ਪਾਰਟੀ ਬਣਨੋਂ ਫਿਰ ਵੀ ਰਹਿ ਗਈ ਕਿਉਂਕਿ ਉਹ ਅਪਣੀ ਵਿਚਾਰਧਾਰਾ ਸਬੰਧੀ ਠੀਕ ਸੁਨੇਹਾ ਨਾ ਦੇ ਸਕੀ। ਰਾਹੁਲ ਗਾਂਧੀ ਦੀ ਕਮਾਨ ਹੇਠ ਇਕ ਹੋਰ ਚੋਣ ਹਾਰ ਜਾਣ ਨਾਲ ਇਹ ਤਾਂ ਸਾਫ਼ ਹੋ ਗਿਆ ਹੈ ਕਿ ਅਜੇ ਵੀ ਉਨ੍ਹਾਂ ਦਾ ਲੋਕਾਂ ਵਿਚ ਵਿਸ਼ਵਾਸ ਨਹੀਂ ਬਣਿਆ। 
ਕਰਨਾਟਕ ਚੋਣਾਂ ਨੇ ਭਾਰਤ ਵਿਚ ਦੋ ਵਿਚਾਰਧਾਰਾਵਾਂ ਦੇ ਟਕਰਾਅ ਨੂੰ ਖੁਲ੍ਹ ਕੇ ਸਾਹਮਣੇ ਲਿਆਉਣ ਦਾ ਕੰਮ ਕੀਤਾ ਹੈ ਜਿਸ ਨੂੰ ਲੈ ਕੇ ਸਿਆਸਤਦਾਨ ਜਿੱਤ ਦਾ ਸਿਹਰਾ ਅਪਣੇ ਗਲ ਵਿਚ ਪਾਉਣ ਦੀ ਤਿਆਰੀ ਕਰਨ ਲੱਗ ਪਏ ਹਨ। ਆਉਣ ਵਾਲੀਆਂ 2019 ਦੀਆਂ ਲੋਕ ਸਭਾ ਚੋਣਾਂ ਵਿਚ ਕੀ ਹੋਣ ਜਾ ਰਿਹਾ ਹੈ, ਇਸ ਦੇ ਸੰਕੇਤ ਤਾਂ ਇਹ ਚੋਣਾਂ ਦੇ ਹੀ ਗਈਆਂ ਪਰ ਨਾਲ ਹੀ ਦੇਸ਼ ਦੀ ਸੋਚ ਵਿਚ ਦਿਨ-ਬ-ਦਿਨ ਡੂੰਘੀ ਹੁੰਦੀ ਜਾ ਰਹੀ ਵਿਚਾਰਧਾਰਾ ਦੀਆਂ ਵੰਡੀਆਂ ਨੂੰ ਵੀ ਉਜਾਗਰ ਕਰ ਗਈਆਂ ਹਨ। ਕਰਨਾਟਕ ਵਿਚ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ਸੂਬੇ ਦੇ ਹਿਤਾਂ ਅਤੇ ਵਿਕਾਸ ਲਈ ਵਧੀਆ ਰਹੀ ਅਤੇ ਕਰਨਾਟਕ ਹੁਣ ਦੇਸ਼ ਦੇ ਪਹਿਲੇ 10 ਸੂਬਿਆਂ ਵਿਚ ਗਿਣਿਆ ਜਾਂਦਾ ਹੈ। ਵਿਸ਼ਵ ਬੈਂਕ ਵਲੋਂ ਵੀ ਇਸ ਸੂਬੇ ਨੂੰ ਨਿਵੇਸ਼ ਵਾਸਤੇ ਦੇਸ਼ ਦੇ 10 ਸੱਭ ਤੋਂ ਚੰਗੇ ਸੂਬਿਆਂ ਵਿਚੋਂ ਗਿਣਿਆ ਗਿਆ ਹੈ ਪਰ ਜਿਸ ਤਰ੍ਹਾਂ ਕਾਂਗਰਸ ਸਰਕਾਰ ਨੂੰ ਸੂਬੇ ਵਲੋਂ ਸੱਤਾ ਤੋਂ ਲਾਹਿਆ ਗਿਆ ਹੈ, ਅੱਜ ਪੁਛਣਾ ਬਣਦਾ ਹੈ ਕਿ ਆਖ਼ਰ ਭਾਰਤ ਦੇ ਲੋਕ ਚਾਹੁੰਦੇ ਕੀ ਹਨ?
ਕਰਨਾਟਕ ਵਿਚ ਬਾਕੀ ਦੇਸ਼ ਵਾਂਗ ਕਿਸਾਨਾਂ ਅੰਦਰ ਸਰਕਾਰ ਪ੍ਰਤੀ ਨਾਰਾਜ਼ਗੀ ਤਾਂ ਸੀ ਹੀ ਜਿਸ ਦਾ ਫ਼ਾਇਦਾ ਭਾਜਪਾ ਨੂੰ ਮਿਲਿਆ ਕਿਉਂਕਿ ਨਾਰਾਜ਼ ਕਿਸਾਨਾਂ ਨੇ ਭਾਜਪਾ ਵਿਚ ਭਰੋਸਾ ਪ੍ਰਗਟਾਇਆ। ਪਰ ਉਨ੍ਹਾਂ ਦੇ ਭਰੋਸੇ ਨੂੰ ਪੂਰਾ ਕਰਨ ਵਾਸਤੇ ਜੇ ਭਾਜਪਾ ਕੋਲ ਕੋਈ ਯੋਜਨਾ ਹੁੰਦੀ ਤਾਂ ਉਹ ਅਪਣੇ ਬਾਕੀ ਦੇ ਸੂਬਿਆਂ ਵਿਚ ਸੰਕਟ ਹੇਠ ਆਏ ਕਿਸਾਨਾਂ ਦੀ ਮਦਦ ਤੇ ਆ ਚੁਕੀ ਹੁੰਦੀ।ਗੁਜਰਾਤ ਵਾਂਗ ਕਰਨਾਟਕ ਵਿਚ ਵੀ ਵਿਚਾਰਧਾਰਕ ਵਖਰੇਵੇਂ ਵਲ ਵੇਖੀਏ ਤਾਂ ਕੁੱਝ ਤੱਥ ਸਾਹਮਣੇ ਆਉਂਦੇ ਹਨ। ਭਾਜਪਾ ਵਾਸਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੀ ਸੱਭ ਤੋਂ ਆਕਰਸ਼ਕ ਪ੍ਰਚਾਰਕ ਹਨ ਪਰ ਦੂਜੇ ਨੰਬਰ ਤੇ ਅਮਿਤ ਸ਼ਾਹ ਨਹੀਂ ਬਲਕਿ ਯੋਗੀ ਆਦਿਤਿਆਨਾਥ ਸਨ। ਪਿਛਲੇ ਤਕਰੀਬਨ ਛੇ ਮਹੀਨਿਆਂ ਤੋਂ ਅਮਿਤ ਸ਼ਾਹ ਹਫ਼ਤੇ ਦੇ ਤਿੰਨ ਦਿਨ ਕਰਨਾਟਕ ਵਿਚ ਰਹਿ ਕੇ ਪ੍ਰਚਾਰ ਕਰਦੇ ਰਹੇ ਸਨ ਪਰ ਕਾਂਗਰਸ ਲਈ ਕੋਈ ਸਿਰਦਰਦੀ ਪੈਦਾ ਕਰਨ ਵਿਚ ਕਾਮਯਾਬ ਨਹੀਂ ਸਨ ਹੋ ਰਹੇ।

ਅਖੀਰ ਵਿਚ ਭਾਜਪਾ ਨੇ ਦੋ ਬ੍ਰਹਮ ਅਸਤਰਾਂ ਦਾ ਪ੍ਰਯੋਗ ਕੀਤਾ¸ਯੋਗੀ ਆਦਿਤਿਆਨਾਥ ਅਤੇ ਨਰਿੰਦਰ ਮੋਦੀ। ਯੋਗੀ ਆਦਿਤਿਆਨਾਥ ਨੇ 33 ਸੀਟਾਂ ਤੇ ਪ੍ਰਚਾਰ ਕੀਤਾ ਅਤੇ ਭਾਜਪਾ ਉਨ੍ਹਾਂ ਸਾਰੀਆਂ ਸੀਟਾਂ ਤੇ ਜਿੱਤੀ ਹੈ। ਕਾਂਗਰਸ ਵਿਕਾਸ ਦੇ ਵਾਅਦੇ ਕਰਦੀ ਰਹੀ ਅਤੇ ਅਪਣੀ ਪੰਜ ਸਾਲ ਦੀ ਕਾਰਗੁਜ਼ਾਰੀ ਦੇ ਸਿਰ ਤੇ ਭਵਿੱਖ ਦੀ ਤਸਵੀਰ ਵਿਖਾਂਦੀ ਰਹੀ ਪਰ ਅੰਤ ਵਿਚ ਕਰਨਾਟਕ ਦੇ ਚੋਣ ਨਤੀਜੇ, ਵਿਕਾਸ ਵਲ ਨਹੀਂ ਬਲਕਿ ਯੋਗੀ ਆਦਿਤਿਆਨਾਥ ਦੀ ਧਰਮ ਉਤੇ ਆਧਾਰਤ ਸਿਆਸਤ ਵਲ ਲੈ ਗਏ। ਅਖ਼ੀਰਲੇ ਦਿਨਾਂ ਵਿਚ ਯੋਗੀ ਜੀ ਦੇ ਨਾਲ ਨਾਲ ਪ੍ਰਧਾਨ ਮੰਤਰੀ ਮੋਦੀ ਨੇ 15 ਦੀ ਬਜਾਏ 21 ਰੈਲੀਆਂ ਕਰ ਕੇ ਭਾਜਪਾ ਨੂੰ ਮਜ਼ਬੂਤ ਕੀਤਾ। ਪਰ ਉਨ੍ਹਾਂ ਵਿਕਾਸ ਦੀ ਗੱਲ ਨਹੀਂ ਕੀਤੀ ਬਲਕਿ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਉਤੇ ਤਾਬੜ ਤੋੜ ਹਮਲੇ ਹੀ ਕੀਤੇ। ਭਾਜਪਾ ਨੇ ਲਿੰਗਾਇਤ ਬਰਾਦਰੀ ਨੂੰ ਖ਼ੁਸ਼ ਕਰਨ ਵਾਸਤੇ ਇਕ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਨਾਲ ਦਾਗ਼ੀ ਆਗੂ ਯੇਦੀਯੁਰੱਪਾ ਨੂੰ ਚੁਣਿਆ। ਰੈੱਡੀ ਭਰਾਵਾਂ ਨੂੰ ਭਾਜਪਾ ਵਿਚ ਸ਼ਾਮਲ ਕੀਤਾ ਜਿਨ੍ਹਾਂ ਨੂੰ ਰੇਤਾ-ਬਜਰੀ ਤਸਕਰੀ ਦਾ ਬਾਦਸ਼ਾਹ ਮੰਨਿਆ ਜਾਂਦਾ ਹੈ। ਪਰ ਕਰਨਾਟਕ ਦੀਆਂ ਚੋਣਾਂ ਵਿਚ ਇਨ੍ਹਾਂ ਗੱਲਾਂ ਦਾ ਕੋਈ ਅਸਰ ਨਾ ਹੋ ਸਕਿਆ। ਭਾਜਪਾ ਨੂੰ ਚੋਣਾਂ ਵਿਚ ਵੱਡਾ ਲਾਹਾ ਮਿਲਣ ਪਿੱਛੇ ਸੱਭ ਤੋਂ ਵੱਡਾ ਹੱਥ ਜਾਤ ਅਤੇ ਹਿੰਦੂਤਵ ਦਾ ਹੀ ਰਿਹਾ ਹੈ ਅਤੇ ਇਹੀ ਭਾਜਪਾ ਦੀ ਅਸਲ ਵਿਚਾਰਧਾਰਾ ਦੀ ਸੱਚਾਈ ਹੈ। ਭਾਜਪਾ ਨੂੰ ਮਿਲੀ 36.2% ਵੋਟ। ਜੇ ਵਿਕਾਸ ਜਾਂ ਮਹਿੰਗਾਈ ਜਾਂ ਭਾਰਤ ਦੀ ਆਰਥਕਤਾ ਦੇ ਸੰਕਟ ਵਲ ਧਿਆਨ ਦਿੰਦੇ ਤਾਂ ਨਤੀਜੇ ਹੋਰ ਤਰ੍ਹਾਂ ਵੀ ਹੋ ਸਕਦੇ ਸਨ। 


ਕਾਂਗਰਸ ਦਾ ਵੋਟ ਹਿੱਸਾ ਭਾਜਪਾ ਤੋਂ ਵੱਧ ਰਿਹਾ (38%)। ਕਾਂਗਰਸ ਸੱਭ ਤੋਂ ਵੱਡੀ ਪਾਰਟੀ ਬਣਨੋਂ ਫਿਰ ਵੀ ਰਹਿ ਗਈ ਕਿਉਂਕਿ ਉਹ ਅਪਣੀ ਵਿਚਾਰਧਾਰਾ ਸਬੰਧੀ ਠੀਕ ਸੁਨੇਹਾ ਨਾ ਦੇ ਸਕੀ। ਰਾਹੁਲ ਗਾਂਧੀ ਦੀ ਕਮਾਨ ਹੇਠ ਇਕ ਹੋਰ ਚੋਣ ਹਾਰ ਜਾਣ ਨਾਲ ਇਹ ਤਾਂ ਸਾਫ਼ ਹੋ ਗਿਆ ਹੈ ਕਿ ਅਜੇ ਵੀ ਉਨ੍ਹਾਂ ਦਾ ਲੋਕਾਂ ਵਿਚ ਵਿਸ਼ਵਾਸ ਨਹੀਂ ਬਣਿਆ। ਕਾਂਗਰਸ ਅਪਣੇ ਵਜੂਦ ਨੂੰ ਗਾਂਧੀ ਪ੍ਰਵਾਰ ਦੀ ਦੇਣ ਮੰਨਦੀ ਹੈ ਪਰ ਅੱਜ ਰਾਹੁਲ ਗਾਂਧੀ ਨੂੰ ਸੋਚਣ ਦੀ ਜ਼ਰੂਰਤ ਹੈ ਕਿ ਉਹ ਅਸਲ ਵਿਚ ਦੇਸ਼ ਦੀ ਸਿਆਸਤ ਦੇ ਸੱਭ ਤੋਂ ਉੱਚੇ ਅਹੁਦੇ ਨੂੰ ਜਿੱਤਣ ਦੀ ਸਮਰੱਥਾ ਰਖਦੇ ਵੀ ਹਨ ਜਾਂ ਨਹੀਂ? ਅੱਜ ਕੀ ਉਹ ਸਿਰਫ਼ ਅਪਣੀ ਮਾਂ ਅਤੇ ਕਾਂਗਰਸੀਆਂ ਦੀ ਜ਼ਿੱਦ ਕਰ ਕੇ ਪਾਰਟੀ ਵਿਚ ਸ਼ਾਮਲ ਹੋਏ ਹਨ ਜਾਂ ਉਹ ਹਕੀਕਤ ਵਿਚ ਸਿਆਸਤਦਾਨ ਬਣਨ ਵਾਸਤੇ ਤਿਆਰ ਹਨ? ਉਹ ਤਿਆਰ ਹਨ ਤਾਂ ਉਨ੍ਹਾਂ ਨੂੰ ਹੁਣ 365*24*7 (ਸਾਲ ਵਿਚ 365 ਦਿਨ, 24 ਘੰਟੇ ਅਤੇ ਹਫ਼ਤੇ ਦੇ 7 ਦਿਨ) ਕੰਮ ਕਰਨ ਲਈ ਭਾਰਤ ਦੀ ਸਿਆਸਤ ਵਿਚ ਛਲਾਂਗ ਮਾਰਨੀ ਪਵੇਗੀ। ਇਹ 9 ਤੋਂ 5 ਦੀ ਨੌਕਰੀ ਨਹੀਂ ਹੋ ਸਕਦੀ। ਉਹ ਕਾਗ਼ਜ਼ ਤੋਂ ਪੜ੍ਹ ਕੇ ਭਾਸ਼ਣ ਦਿੰਦੇ ਰਹਿਣ।
ਕਰਨਾਟਕ ਵਿਚ ਅਸਲ ਰਾਜਾ ਤਾਂ ਜਨਤਾ ਦਲ (ਸੈਕੂਲਰ) ਸਾਬਤ ਹੋਇਆ ਅਤੇ ਸ਼ਾਇਦ ਇਹੀ ਆਉਣ ਵਾਲੀਆਂ ਚੋਣਾਂ ਵਾਸਤੇ ਇਕ ਸੰਕੇਤ ਦੇਵੇਗਾ। ਭਾਜਪਾ ਦੀ ਤਾਕਤ ਦੇ ਸਾਹਮਣੇ ਇਕੱਲੀ ਕਾਂਗਰਸ ਕਦੇ ਖੜੀ ਨਹੀਂ ਰਹਿ ਸਕੇਗੀ। ਸ਼ਾਇਦ ਹੁਣ ਉਹ ਸਮਾਂ ਆ ਗਿਆ ਹੈ ਜਦ ਕਾਂਗਰਸ ਅਪਣੀ ਸਾਰੇ ਦੇਸ਼ ਵਿਚ ਰਾਜ ਕਰਨ ਦੀ ਇੱਛਾ ਦਾ ਤਿਆਗ ਕਰ ਕੇ ਸੂਬਿਆਂ ਦੀਆਂ ਆਵਾਜ਼ਾਂ ਨਾਲ ਅਸਲ ਸਾਂਝ ਬਣਾ ਕੇ ਇਕ ਨਵਾਂ ਦੌਰ ਸ਼ੁਰੂ ਕਰੇ। ਆਜ਼ਾਦੀ ਤੋਂ ਬਾਅਦ ਇਸ ਵੱਖ ਵੱਖ ਸੂਬਿਆਂ ਨੂੰ ਕੇਂਦਰ ਹੇਠ ਝੁਕਾਉਣ ਦੀ ਕੋਸ਼ਿਸ਼ ਦਾ ਬੰਦ ਹੋਣਾ ਹੀ, ਸ਼ਾਇਦ 2019 ਦੀਆਂ ਚੋਣਾਂ ਦੀ ਅਸਲ ਪ੍ਰਾਪਤੀ ਹੋਵੇਗੀ। -ਨਿਮਰਤ ਕੌਰ