ਬੀਬੀ ਪਰਮਜੀਤ ਕੌਰ ਖਾਲੜਾ ਅਪਣੀ ਜਿੱਤ ਲਈ ਨਹੀਂ ਲੜ ਰਹੀ, ਅੰਨ੍ਹੇ ਜ਼ੁਲਮ ਦਾ ਸ਼ਿਕਾਰ ਹੋਏ ਹਜ਼ਾਰਾਂ...

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਬੀਬੀ ਪਰਮਜੀਤ ਕੌਰ ਖਾਲੜਾ ਅਪਣੀ ਜਿੱਤ ਲਈ ਨਹੀਂ ਲੜ ਰਹੀ, ਅੰਨ੍ਹੇ ਜ਼ੁਲਮ ਦਾ ਸ਼ਿਕਾਰ ਹੋਏ ਹਜ਼ਾਰਾਂ ਨੌਜੁਆਨਾਂ ਦੀਆਂ ਚੀਕਾਂ ਪਾਰਲੀਮੈਂਟ ਨੂੰ ਸੁਣਾਉਣ ਲਈ ਲੜ ਰਹੀ ਹੈ

Bibi Paramjeet Kaur Khalra

ਸਿਆਸਤਦਾਨਾਂ ਨਾਲ ਗੱਲਬਾਤ ਕਰਦਿਆਂ, ਉਨ੍ਹਾਂ ਦੇ ਬਿਆਨਾਂ, ਉਨ੍ਹਾਂ ਦੇ ਵਾਅਦਿਆਂ ਨੂੰ ਟਟੋਲਦਿਆਂ, ਲੋਕਾਂ ਪ੍ਰਤੀ ਉਨ੍ਹਾਂ ਦੇ ਰਵਈਏ ਦੀ ਅਸਲੀਅਤ ਲੱਭਣ ਦੀ ਕੋਸ਼ਿਸ਼ ਕਰਦੀ ਰਹਿੰਦੀ ਹਾਂ। ਅਪਣੇ ਦਿਲ ਵਿਚ ਵਧਦੀ ਨਿਰਾਸ਼ਾ ਨੂੰ ਪਿੱਛੇ ਰੱਖ ਕੇ, ਅੱਜ ਦੇ ਸਿਆਸੀ ਖਿਡਾਰੀਆਂ ਦੀਆਂ ਗੱਲਾਂ 'ਚੋਂ ਕਲ ਵਾਸਤੇ ਉਮੀਦ ਲੱਭਣ ਦੀ ਕੋਸ਼ਿਸ਼ ਕਰਦਿਆਂ ਦਿਮਾਗ਼ ਬੌਂਦਲ ਜਿਹਾ ਜਾਂਦਾ ਹੈ। ਪਰ ਕਲ ਇਸ ਤਲਾਸ਼ ਦੌਰਾਨ ਇਕ ਵਖਰੀ ਤਰ੍ਹਾਂ ਦੀ ਹੀ ਮੁਲਾਕਾਤ ਨਸੀਬ ਹੋਈ ਜੋ ਦਿਲ ਨੂੰ ਤਾਕਤ ਤਾਂ ਦੇ ਹੀ ਗਈ ਪਰ ਇਹ ਨਹੀਂ ਪਤਾ ਕਿ ਖਡੂਰ ਸਾਹਿਬ ਦੀ ਜਨਤਾ ਵੀ ਉਸ ਨੂੰ ਉਸੇ ਤਰ੍ਹਾਂ ਸੁਣੇਗੀ ਤੇ ਸਮਝੇਗੀ ਜਿਸ ਤਰ੍ਹਾਂ ਮੈਂ ਸੁਣਿਆ ਤੇ ਸਮਝਿਆ ਹੈ ਤੇ ਇਸ ਦਾ ਸਿੱਟਾ ਕੀ ਨਿਕਲੇਗਾ।

ਖਡੂਰ ਸਾਹਿਬ ਤੋਂ ਬੀਬੀ ਖਾਲੜਾ ਨਾਲ ਆਖ਼ਰਕਾਰ ਰਾਬਤਾ ਬਣਾਉਣ ਵਿਚ ਕਾਮਯਾਬ ਹੋ ਗਈ ਅਤੇ ਉਨ੍ਹਾਂ ਨਾਲ ਉਨ੍ਹਾਂ ਦੀਆਂ ਰੈਲੀਆਂ ਵਿਚ ਵੀ ਸਮਾਂ ਬਿਤਾਇਆ। ਜਸਵੰਤ ਸਿੰਘ ਖਾਲੜਾ ਦੀ ਸਿੱਖ ਕੌਮ ਨੂੰ ਦੇਣ ਅਤੇ ਉਨ੍ਹਾਂ ਦੀ ਸ਼ਹਾਦਤ ਬਾਰੇ ਕੁਲ ਦੁਨੀਆਂ ਜਾਣਦੀ ਹੈ ਅਤੇ ਬੀਬੀ ਪਰਮਜੀਤ ਕੌਰ ਵਲੋਂ ਪਤੀ ਦੇ ਕੰਮ ਨੂੰ ਕੌਮ ਦੇ ਚੇਤੇ ਵਿਚ ਵਸਾਈ ਰੱਖਣ ਲਈ ਅਪਣਾ ਸਾਰਾ ਜੀਵਨ ਅਰਪਣ ਕਰ ਦੇਣ ਬਾਰੇ ਵੀ ਹਰ ਕੋਈ ਜਾਣਦਾ ਹੈ। ਜਿਸ ਜੋੜੇ ਨੇ ਸਿੱਖ ਨੌਜੁਆਨਾਂ ਦੀਆਂ ਬੇਹਿਸਾਬ ਮੌਤਾਂ ਦੇ ਮਿਟਾਏ ਜਾ ਰਹੇ ਸਬੂਤਾਂ ਨੂੰ ਜ਼ਿੰਦਗੀ ਦਾ ਬਾਲਣ ਬਾਲ ਕੇ ਬਚਾ ਲੈਣ ਦੀ ਕੋਸ਼ਿਸ਼ ਕੀਤੀ ਹੋਵੇ, ਉਨ੍ਹਾਂ ਨੂੰ ਸਿੱਖ ਕੌਮ ਕਿਸ ਤਰ੍ਹਾਂ ਭੁਲਾ ਸਕਦੀ ਹੈ?

ਉਨ੍ਹਾਂ ਹਜ਼ਾਰਾਂ ਪ੍ਰਵਾਰਾਂ ਨੂੰ ਅਪਣੇ ਮੁੰਡਿਆਂ ਦੀਆਂ ਸ਼ਹਾਦਤਾਂ ਦੀ ਸਚਾਈ ਸਾਂਭਣ ਦੀ ਕੋਸ਼ਿਸ਼ ਵਿਚ ਜਸਵੰਤ ਸਿੰਘ ਖਾਲੜਾ, ਆਪ ਉਸ ਗੁੰਮਸ਼ੁਦਾ ਸੂਚੀ ਦਾ ਹਿੱਸਾ ਬਣ ਗਏ ਸਨ। ਉਨ੍ਹਾਂ ਤੋਂ ਬਾਅਦ ਬੀਬੀ ਖਾਲੜਾ ਨੇ ਨਾ ਸਿਰਫ਼ ਜਸਵੰਤ ਸਿੰਘ ਖਾਲੜਾ ਦੇ ਕਾਤਲਾਂ ਨੂੰ ਸਜ਼ਾ ਦਿਵਾਈ ਬਲਕਿ ਉਨ੍ਹਾਂ ਦੇ ਕੰਮ ਨੂੰ ਵੀ ਜਾਰੀ ਰਖਿਆ। 'ਪੰਜਾਬ ਗੁੰਮਸ਼ੁਦਾ' ਨਾਮਕ ਦਸਤਾਵੇਜ਼ੀ ਫ਼ਿਲਮ ਹੁਣ ਸਾਰਿਆਂ ਦੇ ਸਾਹਮਣੇ ਲਿਆ ਰਹੇ ਹਨ ਜਿਸ ਵਿਚ ਉਨ੍ਹਾਂ ਪ੍ਰਵਾਰਾਂ ਦਾ ਵੇਰਵਾ ਹੈ ਜਿਨ੍ਹਾਂ ਨੂੰ ਅਪਣੇ ਪ੍ਰਵਾਰ ਦੇ ਜੀਆਂ ਦੀ ਅੰਤਮ ਅਰਦਾਸ ਕਰਨ ਦਾ ਮੌਕਾ ਵੀ ਨਾ ਦਿਤਾ ਗਿਆ। ਉਹ ਪ੍ਰਵਾਰ ਅੱਜ ਤਕ ਇਸ ਉਮੀਦ ਵਿਚ ਜਿਊਂਦੇ ਹਨ ਕਿ ਸ਼ਾਇਦ ਕਿਤੇ ਕਿਸੇ ਕਾਲ ਕੋਠੜੀ ਵਿਚ ਉਨ੍ਹਾਂ ਦੇ ਪੁੱਤਰ 35 ਸਾਲ ਤੋਂ ਬੰਦ ਕੀਤੇ ਹੋਏ ਹੀ ਮਿਲ ਜਾਣ।

ਜਿਸ ਜਸਵੰਤ ਸਿੰਘ ਅਤੇ ਪਰਮਜੀਤ ਕੌਰ ਨੇ ਇਨ੍ਹਾਂ ਪ੍ਰਵਾਰਾਂ ਲਈ ਲੜਾਈ ਲੜੀ ਅਤੇ ਅਪਣੀ ਜਾਨ ਗੁਆਈ, ਉਨ੍ਹਾਂ ਨੂੰ ਕਿਸ ਤਰ੍ਹਾਂ ਭੁੱਲ ਸਕਦੇ ਹਾਂ? ਉਨ੍ਹਾਂ ਦੀਆਂ ਰੈਲੀਆਂ ਅਤੇ ਵੋਟਰਾਂ ਦਾ ਜੋਸ਼ ਵੇਖ ਕੇ ਇਹ ਵੀ ਮਹਿਸੂਸ ਕੀਤਾ ਕਿ ਖਡੂਰ ਸਾਹਿਬ ਵਿਚ ਬੀਬੀ ਖਾਲੜਾ ਜ਼ਰੂਰ ਜਿੱਤਣਗੇ ਭਾਵੇਂ ਉਨ੍ਹਾਂ ਨੇ ਸਿਆਸਤ ਵਿਚ ਅਪਣੇ ਕਦਮ ਬੜੀ ਦੁਚਿੱਤੀ ਜਹੀ ਵਿਚ ਹੀ ਰੱਖੇ ਸਨ। ਪਰ ਉਨ੍ਹਾਂ ਨੂੰ ਮਿਲ ਕੇ ਜਿਥੇ ਉਨ੍ਹਾਂ ਦਾ ਇਸ ਗੰਧਲਾਈ ਸਿਆਸਤ ਵਿਚ ਜਾਣ ਦਾ ਮਕਸਦ ਵੀ ਸਮਝ ਆਇਆ, ਨਾਲ ਨਾਲ ਪੰਜਾਬ ਦੇ ਲੋਕਾਂ ਦੀਆਂ, ਅਪਣੇ ਇਤਿਹਾਸ ਤੋਂ ਦੂਰੀਆਂ ਵੀ ਸਮਝ ਆਈਆਂ।

ਬੀਬੀ ਖਾਲੜਾ ਚੋਣਾਂ ਵਿਚ ਸੱਤਾ ਜਾਂ ਵਿਕਾਸ ਦੇ ਵਾਅਦੇ ਲੈ ਕੇ ਨਹੀਂ ਉਤਰੇ ਬਲਕਿ ਉਹ ਤਾਂ ਹਜ਼ਾਰਾਂ ਬਦਨਸੀਬਾਂ ਦੀਆਂ ਸਾਲਾਂ ਤੋਂ ਡੱਕੀਆਂ ਹੋਈਆਂ ਚੀਕਾਂ ਨੂੰ ਸੰਸਦ ਵਿਚ ਸੁਣਾਉਣਾ ਹੀ ਚਾਹੁੰਦੇ ਹਨ, ਬੱਸ। ਉਨ੍ਹਾਂ ਦੇ ਲਫ਼ਜ਼ਾਂ ਵਿਚ ਕਹਾਂ ਤਾਂ 'ਵਿਕਾਸ ਦਾ ਕੀ ਮਤਲਬ ਜੇ ਉਨ੍ਹਾਂ ਸਾਲਾਂ ਵਿਚ ਵਾਪਰੀਆਂ ਤਰਾਸਦੀਆਂ ਨੂੰ ਕੋਈ ਕਬੂਲਣ ਲਈ ਹੀ ਤਿਆਰ ਨਾ ਹੋਵੇ?' ਮਾਫ਼ੀ ਕਿਸ ਗੱਲ ਦੀ ਮੰਗਦੇ ਹੋ? ਪਹਿਲਾਂ ਇਹ ਤਾਂ ਦੱਸੋ ਕਸੂਰ ਕੀ ਕੀਤਾ ਸੀ? ਕਿੰਨੇ ਨੌਜੁਆਨ ਕੇ.ਪੀ.ਐਸ. ਗਿੱਲ ਨੂੰ ਕਹਿ ਕੇ ਮਰਵਾਏ ਸਨ? ਕਿੰਨੀਆਂ ਲਾਸ਼ਾਂ ਨਹਿਰਾਂ ਵਿਚ ਵਹਾਈਆਂ, ਕਿੰਨੀਆਂ ਸ਼ਮਸ਼ਾਨਾਂ ਵਿਚ ਹਨੇਰੀਆਂ ਰਾਤਾਂ ਵਿਚ ਲਾਸ਼ਾਂ ਸਾੜੀਆਂ ਗਈਆਂ?

ਨਵੰਬਰ '84 ਦੀ ਦਿੱਲੀ ਨਸਲਕੁਸ਼ੀ ਦਾ ਹਿਸਾਬ ਤਾਂ ਅਦਾਲਤ ਵਿਚ ਮੰਗਣ ਵਾਲੇ ਖੜੇ ਹਨ ਪਰ ਸਰਕਾਰੀ ਏਜੰਸੀਆਂ ਵਲੋਂ ਘਰੋਂ ਚੁੱਕ ਕੇ ਗੁੰਮ ਕੀਤੇ ਅਤੇ ਕਤਲ ਕੀਤੇ ਨੌਜੁਆਨਾਂ ਦੀ ਗੱਲ ਕੋਈ ਨਹੀਂ ਕਰਦਾ। ਬੀਬੀ ਖਾਲੜਾ ਇਸ ਆਵਾਜ਼ ਨੂੰ ਸੰਸਦ ਵਿਚ ਲਿਜਾਣਾ ਚਾਹੁੰਦੇ ਹਨ ਪਰ ਜਿਸ ਜਨਤਾ ਕੋਲ ਉਨ੍ਹਾਂ ਨੂੰ ਭੇਜਣ ਦੀ ਤਾਕਤ ਹੈ, ਉਹ ਜਨਤਾ ਉਨ੍ਹਾਂ ਦੀ ਜ਼ਿੰਦਗੀ ਬਾਰੇ ਜਾਣਦੀ ਹੀ ਕੁੱਝ ਨਹੀਂ। ਬੀਬੀ ਖਾਲੜਾ ਨੂੰ ਅਪਣੀ ਪਛਾਣ ਦਸਦੇ ਹੋਏ ਵੇਖ ਕੇ ਅਫ਼ਸੋਸ ਹੁੰਦਾ ਹੈ ਅਤੇ ਹੋਰ ਵੀ ਅਫ਼ਸੋਸ ਹੁੰਦਾ ਹੈ ਕਿ ਬੀਬੀ ਖਾਲੜਾ ਦਾ ਵਿਰੋਧ ਅੱਜ ਅਕਾਲੀ ਦਲ ਦੀ ਉਮੀਦਵਾਰ ਜਗੀਰ ਕੌਰ ਕਰ ਰਹੇ ਹਨ, ਜੋ ਕਿ ਸ਼੍ਰੋਮਣੀ ਕਮੇਟੀ ਦੇ ਮੁਖੀ ਵੀ ਰਹਿ ਚੁੱਕੇ ਹਨ।

ਕੀ ਸ਼੍ਰੋਮਣੀ ਕਮੇਟੀ ਨੂੰ ਬੀਬੀ ਖਾਲੜਾ ਦਾ ਵਿਰੋਧ ਕਰਦਿਆਂ ਸ਼ਰਮ ਨਹੀਂ ਮਹਿਸੂਸ ਹੁੰਦੀ? ਆਖ਼ਰੀ ਵੇਲੇ ਵੀ ਉਨ੍ਹਾਂ ਨੂੰ ਪਸ਼ਚਾਤਾਪ ਵਜੋਂ, ਪਿੱਛੇ ਹੱਟ ਜਾਣਾ ਚਾਹੀਦਾ ਹੈ, ਉਸ ਤਰ੍ਹਾਂ ਹੀ ਜਿਵੇਂ ਜਨਰਲ ਜੇ.ਜੇ. ਸਿੰਘ (ਟਕਸਾਲੀ ਅਕਾਲੀ ਦਲ) ਪਿੱਛੇ ਹੱਟ ਗਏ ਹਨ। ਬਾਦਲ ਅਕਾਲੀ ਦਲ ਅਜੇ ਵੀ ਅਪਣੇ ਉਮੀਦਵਾਰ ਨੂੰ ਵਾਪਸ ਬੁਲਾ ਕੇ ਲੋਕਾਂ ਦੇ ਦਿਲਾਂ ਵਿਚ ਅਪਣੀ ਥਾਂ ਬਣਾ ਸਕਦਾ ਹੈ। ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀ ਅੱਤ ਪੰਜਾਬ ਵਿਚ ਕੀਤੀ ਗਈ ਅਤੇ ਅੱਜ ਉਹ ਕਸ਼ਮੀਰ ਵਿਚ ਰੋਜ਼ ਹੱਦਾਂ ਪਾਰ ਕਰਦੇ ਹਨ।

ਬੀਬੀ ਖਾਲੜਾ ਦਾ ਸੰਸਦ ਵਿਚ ਪਹੁੰਚਣਾ ਸਿਰਫ਼ ਸਿੱਖ ਕੌਮ ਲਈ ਹੀ ਨਹੀਂ, ਬਲਕਿ ਭਾਰਤ ਦੇ ਸਾਰੇ ਲੋਕਾਂ ਦੇ ਮਨੁੱਖੀ ਅਧਿਕਾਰਾਂ ਦੀ ਲੜਾਈ ਵਾਸਤੇ ਜ਼ਰੂਰੀ ਹੈ ਤੇ ਇਸ ਦਾ ਲਾਭ ਪੂਰੇ ਦੇਸ਼ ਨੂੰ ਹੋਵੇਗਾ। ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਨੇ ਕੇ.ਪੀ.ਐਸ. ਗਿੱਲ ਦੇ ਰਾਜ ਦਾ ਅੰਤ ਕੀਤਾ ਸੀ ਅਤੇ ਸ਼ਾਇਦ ਬੀਬੀ ਖਾਲੜਾ ਦੀ ਜਿੱਤ ਭਾਰਤ ਵਿਚ ਮਨੁੱਖੀ ਅਧਿਕਾਰਾਂ ਦੀ ਪਛਾਣ ਦਾ ਨਵਾਂ ਦੌਰ ਸ਼ੁਰੂ ਕਰ ਦੇਵੇ। ਖਡੂਰ ਸਾਹਿਬ ਦੇ ਲੋਕਾਂ ਦੇ ਫ਼ੈਸਲੇ ਦੀ ਉਡੀਕ ਸਾਰੇ ਦੇਸ਼ ਨੂੰ ਰਹੇਗੀ।  - ਨਿਮਰਤ ਕੌਰ