ਮੋਦੀ ਦੀ 'ਤੰਦਰੁਸਤੀ' ਦਰਸਾਉਂਦੀ ਵੀਡੀਉ ਤੇ ਗ਼ਰੀਬ ਭਾਰਤੀਆਂ ਦੀਆਂ ਦੀ ਗ਼ਰੀਬੀ ਵਿਖਾਉਂਦੀਆਂ ਦੋ ਵੀਡੀਉ!!

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਕਈ ਵਾਰ ਜਿਥੇ ਹਜ਼ਾਰਾਂ ਸ਼ਬਦ ਵੀ ਸਚਾਈ ਨੂੰ ਬਿਆਨ ਕਰਨ ਤੋਂ ਹਾਰ ਜਾਂਦੇ ਹਨ, ਉਥੇ ਇਕ ਤਸਵੀਰ ਸਾਰੇ ਸੱਚ ਨੂੰ ਬਿਆਨ ਕਰ ਦੇਂਦੀ ਹੈ। ਇਸ ਹਫ਼ਤੇ ਸੋਸ਼ਲ ਮੀਡੀਆ...

Poor Woman drinking Dirty Water

ਕਈ ਵਾਰ ਜਿਥੇ ਹਜ਼ਾਰਾਂ ਸ਼ਬਦ ਵੀ ਸਚਾਈ ਨੂੰ ਬਿਆਨ ਕਰਨ ਤੋਂ ਹਾਰ ਜਾਂਦੇ ਹਨ, ਉਥੇ ਇਕ ਤਸਵੀਰ ਸਾਰੇ ਸੱਚ ਨੂੰ ਬਿਆਨ ਕਰ ਦੇਂਦੀ ਹੈ। ਇਸ ਹਫ਼ਤੇ ਸੋਸ਼ਲ ਮੀਡੀਆ ਤੇ ਕੁੱਝ ਤਸਵੀਰਾਂ ਤੇ ਵੀਡੀਉ ਚਰਚਿਤ ਰਹੇ ਹਨ ਜਿਨ੍ਹਾਂ ਸਾਡੇ ਸਮਾਜ ਦੀ ਸੱਚੀ ਤਸਵੀਰ ਪੇਸ਼ ਕੀਤੀ ਹੈ। ਪਹਿਲੀ ਤਸਵੀਰ ਇਕ ਬਜ਼ੁਰਗ ਔਰਤ ਦੀ ਹੈ ਜੋ ਸੜਕ ਵਿਚ ਪੈ ਚੁੱਕੇ ਟੋਏ 'ਚੋਂ, ਇਕੱਠਾ ਹੋਇਆ ਪਾਣੀ ਪੀ ਰਹੀ ਹੈ ਅਤੇ ਤੁਹਾਨੂੰ ਦਿਸ ਰਿਹਾ ਹੈ ਕਿ ਉਸੇ ਸੜਕ ਤੇ ਕਿਸ ਤਰ੍ਹਾਂ ਗੱਡੀਆਂ, ਬਿਨਾਂ ਉਸ ਵਲ ਵੇਖੇ, ਚਲ ਰਹੀਆਂ ਹਨ। ਬਜ਼ੁਰਗ ਔਰਤ ਇਸ ਕਹਿਰ ਦੀ ਗਰਮੀ ਵਿਚ ਸੜਕ 'ਚ ਬਣੇ ਟੋਏ 'ਚੋਂ ਗੰਦਾ ਪਾਣੀ ਪੀਣ ਲਈ ਮਜਬੂਰ ਹੈ

ਪਰ ਕੋਲੋਂ ਲੰਘਦੇ ਲੋਕਾਂ ਨੂੰ ਪ੍ਰਵਾਹ ਹੀ ਕੋਈ ਨਹੀਂ। ਲੰਘ ਰਹੀਆਂ ਗੱਡੀਆਂ, ਮੋਟਰ ਸਾਈਕਲ ਦਰਸਾਉਂਦੇ ਹਨ ਕਿ ਗ਼ਰੀਬੀ ਦੀ ਮਾਰ ਹੇਠ ਜੀਅ ਰਹੇ ਤਬਕੇ ਤੋਂ ਬੇਖ਼ਬਰ, ਸੱਭ ਅਪਣੀ ਚਾਲ ਵਿਚ ਮਸਤ ਹਨ। ਅਮੀਰ ਨੂੰ ਪਿਆਸ ਲੱਗੇ ਤਾਂ ਕੰਪਨੀਆਂ ਤੇ ਸਰਕਾਰਾਂ ਕਈ ਕੁੱਝ ਲੈ ਕੇ ਉਸ ਦੀ ਸੇਵਾ ਵਿਚ ਹਾਜ਼ਰ ਹੋ ਜਾਂਦੀਆਂ ਹਨ ਤੇ ਪਾਣੀ ਦੇ ਪ੍ਰਦੂਸ਼ਣ ਤੋਂ ਉਸ ਅਮੀਰ ਨੂੰ ਬਚਾਉਣ ਲਈ ਕਮਰਕਸੇ ਕਰ ਲੈਂਦੀਆਂ ਹਨ ਪਰ ਗ਼ਰੀਬ ਗੰਦਾ ਪਾਣੀ ਪੀ ਕੇ ਪਿਆਸ ਬੁਝਾਉਣ ਦਾ ਸ਼ਰੇਆਮ ਯਤਨ ਕਰ ਰਿਹਾ ਹੋਵੇ ਤਾਂ ਵੀ ਉਸ ਵਲ ਕੋਈ ਨਹੀਂ ਵੇਖਦਾ।

ਭਾਰਤ ਵਿਚ ਆਧਾਰ ਕਾਰਡ ਦੀ ਮਾਰ ਨਾਲ ਬੜੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਹੀ ਨਹੀਂ ਕਰਨਾ ਪੈ ਰਿਹਾ ਬਲਕਿ ਕਈ ਲੋਕ ਮੌਤ ਦੇ ਘਾਟ ਵੀ ਉਤਾਰ ਦਿਤੇ ਗਏ ਹਨ ਕਿਉਂਕਿ ਬਗ਼ੈਰ ਆਧਾਰ ਤੋਂ ਉਨ੍ਹਾਂ ਨੂੰ ਸਸਤਾ ਖਾਣਾ ਜਾਂ ਮਨਰੇਗਾ ਹੇਠ ਰੁਜ਼ਗਾਰ ਦੀ ਸਹੂਲਤ ਵੀ ਨਹੀਂ ਮਿਲ ਸਕਦੀ। ਰਾਂਚੀ ਵਿਚ ਪਿਛਲੇ ਸਾਲ 11 ਸਾਲ ਦੀ ਬੱਚੀ ਭੁੱਖ ਨਾਲ ਤੜਪਦੀ ਮਰ ਗਈ ਸੀ ਕਿਉਂਕਿ ਉਸ ਦੇ ਪ੍ਰਵਾਰ ਕੋਲ ਆਧਾਰ ਕਾਰਡ ਨਹੀਂ ਸੀ। ਉਸ ਦੇ ਆਖ਼ਰੀ ਲਫ਼ਜ਼ 'ਭਾਤ, ਭਾਤ' (ਚਾਵਲ, ਚਾਵਲ) ਸਨ। ਇਸ ਤਰ੍ਹਾਂ ਦੀਆਂ ਬਹੁਤ ਦਰਦਨਾਕ ਕਹਾਣੀਆਂ ਹਨ ਜੋ ਭਾਰਤ ਦੀ ਸੱਚਾਈ ਬਿਆਨ ਕਰਦੀਆਂ ਹਨ।

ਦੂਜੀ ਤਸਵੀਰ ਜਾਂ ਵੀਡੀਉ ਜੋ ਸਾਹਮਣੇ ਆਈ ਹੈ, ਉਹ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ। ਇਹ ਇਕ ਫ਼ਿਟਨੈੱਸ ਚੈਲੰਜ (ਤੰਦਰੁਸਤੀ ਦੀ ਚੁਨੌਤੀ) ਹੈ ਜੋ ਕਿ ਕੇਂਦਰੀ ਮੰਤਰੀ ਰਾਠੌਰ ਵਲੋਂ ਭਾਰਤ ਦੇ ਸੱਭ ਤੋਂ ਪ੍ਰਸਿੱਧ ਕ੍ਰਿਕਟਰ ਵਿਰਾਟ ਕੋਹਲੀ, ਰਿਤਿਕ ਰੌਸ਼ਨ ਨੂੰ ਦਿਤਾ ਗਿਆ ਸੀ। ਬਦਲੇ ਵਿਚ ਉਨ੍ਹਾਂ ਦੋਹਾਂ ਨੇ ਪ੍ਰਧਾਨ ਮੰਤਰੀ ਨੂੰ ਹੀ ਚੁਨੌਤੀ ਦੇ ਦਿਤੀ ਸੀ। ਪ੍ਰਧਾਨ ਮੰਤਰੀ ਨੇ ਤਕਰੀਬਨ ਦੋ ਮਿੰਟਾਂ ਦਾ ਵੀਡੀਉ ਜਵਾਬ ਵਿਚ ਜਾਰੀ ਕਰ ਦਿਤਾ। ਵੀਡੀਉ ਵਿਚ ਪ੍ਰਧਾਨ ਮੰਤਰੀ ਦੀ ਸਿਹਤ, ਯੋਗ ਪ੍ਰਤੀ ਦ੍ਰਿੜਤਾ ਤਾਂ ਦਿਸਦੀ ਹੈ, ਪਰ ਨਾਲ ਨਾਲ ਉਨ੍ਹਾਂ ਦੇ ਸ਼ਾਹੀ ਠਾਠ ਦਾ ਵੀ ਪਤਾ ਚਲਦਾ ਹੈ।

ਜਿਸ ਤਰ੍ਹਾਂ ਉਨ੍ਹਾਂ ਦੇ ਬਗ਼ੀਚੇ ਨੂੰ ਉਨ੍ਹਾਂ ਦੀ ਕਸਰਤ ਵਾਸਤੇ ਕੁਦਰਤੀ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ, ਕਿਸੇ ਆਮ ਆਦਮੀ ਦੇ ਵੱਸ ਦੀ ਗੱਲ ਨਹੀਂ ਹੋ ਸਕਦੀ। ਜਿਸ ਦੇਸ਼ ਦਾ ਇਕ ਵੀ ਨਾਗਰਿਕ ਸੜਕ ਦੇ ਛੱਪੜ 'ਚੋਂ ਪਾਣੀ ਪੀਂਦਾ ਹੋਵੇ, ਕੀ ਉਸ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਅਪਣੇ ਨਿਵਾਸ ਦੇ ਬਗ਼ੀਚਿਆਂ ਦਾ ਵਿਖਾਵਾ ਕਰਨਾ ਸੋਭਦਾ ਹੈ?

ਇਕ ਹੋਰ ਵੀਡੀਉ ਵੀ ਸਾਹਮਣੇ ਆਇਆ ਹੈ ਜਿਸ 'ਚ ਹਾਲੈਂਡ ਦੇ ਪ੍ਰਧਾਨ ਮੰਤਰੀ ਵਿਖਾਏ ਗਏ ਹਨ। ਵੀਡੀਉ 'ਚ ਉਨ੍ਹਾਂ ਕੋਲੋਂ ਦਫ਼ਤਰ ਜਾਂਦੇ ਸਮੇਂ ਹੱਥ 'ਚ ਫੜਿਆ ਅਪਣੀ ਚਾਹ ਦਾ ਕੱਪ ਡਿੱਗ ਪਿਆ। ਉਨ੍ਹਾਂ ਸਫ਼ਾਈ ਕਰਮਚਾਰੀ ਤੋਂ ਪੋਚਾ ਲਿਆ ਅਤੇ ਖ਼ੁਦ ਸਫ਼ਾਈ ਕੀਤੀ। ਉਹ ਨਾ ਵੀ ਕਰਦੇ, ਮਾਫ਼ੀ ਮੰਗ ਲੈਂਦੇ ਤਾਂ ਵੀ ਕੋਈ ਗ਼ਲਤ ਗੱਲ ਨਾ ਹੁੰਦੀ। ਪਰ ਇਸ ਕਦਮ ਨਾਲ ਉਨ੍ਹਾਂ ਇਕ ਆਮ ਇਨਸਾਨ ਵਾਲੀ ਅਪਣੀ ਸੋਚ ਦਾ ਸਬੂਤ ਦਿਤਾ।

ਵਜ਼ੀਰ ਬਣ ਕੇ ਉਹ ਆਮ ਆਦਮੀ ਨਹੀਂ ਰਹਿ ਜਾਂਦੇ? ਭਾਰਤ ਵਿਚ ਨਹੀਂ ਰਹਿਣਾ ਚਾਹੁੰਦੇ ਕਿਉਂਕਿ ਉਹ ਦੁਨੀਆਂ ਨੂੰ ਦਸਣਾ ਚਾਹੁੰਦੇ ਹਨ ਕਿ ਉਹ 'ਬਹੁਤ ਵੱਡੇ' ਬਣ ਗਏ ਹਨ ਤੇ ਹੁਣ 'ਆਮ ਆਦਮੀ' ਨਹੀਂ ਰਹੇ। ਪਛਮੀ ਦੇਸ਼ਾਂ ਵਿਚ ਸੱਭ ਅਪਣੇ ਕੰਮ ਆਪ ਕਰਦੇ ਹਨ ਅਤੇ ਹਾਲੈਂਡ ਦੇ ਪ੍ਰਧਾਨ ਮੰਤਰੀ ਨੇ ਵੀ ਇਹੀ ਸਿੱਧ ਕੀਤਾ ਕਿ ਉਹ ਪ੍ਰਧਾਨ ਮੰਤਰੀ ਹੋਣ ਦੇ ਬਾਵਜੂਦ ਇਕ ਆਮ ਇਨਸਾਨ ਵੀ ਹਨ ਜੋ ਅਪਣਾ ਕੰਮ ਆਪ ਕਰ ਸਕਦੇ ਹਨ। ਭਾਰਤ ਵਿਚ ਅਮੀਰ, ਵਜ਼ੀਰ ਤੇ ਅਫ਼ਸਰ ਉਚੇਚਾ ਯਤਨ ਕਰ ਕੇ ਦਸਦੇ ਹਨ ਕਿ ਉਹ ਹੁਣ ਆਮ ਆਦਮੀ ਨਹੀਂ ਰਹਿ ਗਏ।

ਭਾਰਤ ਵਿਚ ਸੋਚ ਬਿਲਕੁਲ ਉਲਟ ਕਿਉਂ ਹੈ? ਸਾਡੇ ਵਜ਼ੀਰ, ਉਦਯੋਗਪਤੀ, ਅਫ਼ਸਰਸ਼ਾਹੀ, ਨਿਆਂਪਾਲਿਕਾ ਜਾਂ ਹੋਰ ਕਈ, ਜਿਨ੍ਹਾਂ ਕੋਲ ਪੈਸਾ ਜਾਂ ਤਾਕਤ ਹੈ, ਉਹ ਅਪਣੇ ਆਪ ਨੂੰ 'ਖ਼ਾਸਮ ਖ਼ਾਸ' ਸਮਝਣਾ ਸ਼ੁਰੂ ਕਰ ਲੈਂਦੇ ਹਨ ਕਿਉਂਕਿ ਇਨ੍ਹਾਂ ਕੋਲ ਭਾਰਤ ਦੀ ਵਾਗਡੋਰ ਹੈ, ਟੈਕਸ ਲਾਉਣ ਤੇ ਰਿਆਇਤਾਂ ਦੇਣ ਸਮੇਤ ਸਜ਼ਾ ਦੇਣ ਦੀ ਵੀ ਤਾਕਤ ਹੈ। ਇਹ ਕਠੋਰਤਾ ਭਾਰਤ ਨੂੰ ਸੱਭ ਤੋਂ ਜ਼ਿਆਦਾ ਨੁਕਸਾਨ ਦੇ ਰਹੀ ਹੈ।

ਭਾਰਤ ਦੀ ਹਰ ਮੁਸੀਬਤ, ਮਹਿੰਗਾਈ, ਅਮੀਰੀ-ਗ਼ਰੀਬੀ ਵਿਚ ਫ਼ਰਕ, ਔਰਤਾਂ ਦੀ ਅਸੁਰੱਖਿਆ, ਨਿਆਂ ਵਿਚ ਦੇਰੀ, ਭ੍ਰਿਸ਼ਟਾਚਾਰ, ਕਾਲਾ ਧਨ, ਹਰ ਮੁਸੀਬਤ ਦੀ ਬੁਨਿਆਦੀ ਕਮਜ਼ੋਰੀ ਸਾਡੇ ਸਮਾਜ ਦੀ ਕਠੋਰਤਾ ਹੈ। ਪ੍ਰਧਾਨ ਮੰਤਰੀ ਵਲੋਂ ਪੇਸ਼ ਕੀਤਾ ਗਿਆ ਇਸ ਕਠੋਰ ਸੋਚ ਦਾ ਨਮੂਨਾ ਉਨ੍ਹਾਂ ਦੇ ਅਹੁਦੇ ਨੂੰ ਸੋਭਾ ਨਹੀਂ ਦਿੰਦਾ ਪਰ ਉਹ ਭਾਰਤ ਦੀ ਉਸ ਉਪਰਲੀ ਖ਼ਾਸਮ ਖ਼ਾਸ ਕਰੀਮ ਦਾ ਹਿੱਸਾ ਹਨ ਜੋ ਗ਼ਰੀਬ ਦੇ ਦਰਦ ਤੋਂ ਜ਼ਿਆਦਾ ਅਮੀਰਾਂ ਦੀ ਅਮੀਰੀ ਨੂੰ ਹੋਰ ਵਧਾਉਣ ਤੇ ਉਨ੍ਹਾਂ ਦੇ ਸੁੱਖ ਆਰਾਮ ਬਾਰੇ ਜ਼ਿਆਦਾ ਸੋਚਦੀ ਹੈ।  -ਨਿਮਰਤ ਕੌਰ