ਗਿਰੀਸ਼ ਕਾਰਨਾਡ ਨਹੀਂ ਰਹੇ
ਕੰਨੜ ਭਾਸ਼ਾ ਲਈ ਗਿਆਨਪੀਠ ਐਵਾਰਡ ਜਿੱਤਣ ਵਾਲੇ ਗਿਰੀਸ਼ ਕਾਰਨਾਡ ਨੇ 83 ਸਾਲ ਦੀ ਉਮਰ ਵਿਚ ਇਸ ਦੁਨੀਆਂ ਨੂੰ ਅਲਵਿਦਾ ਕਹਿ ਦਿਤੀ ਹੈ। ਜ਼ਿੰਦਗੀ ਭਰ ਅਪਣੇ ਹੀ...
ਕੰਨੜ ਭਾਸ਼ਾ ਲਈ ਗਿਆਨਪੀਠ ਐਵਾਰਡ ਜਿੱਤਣ ਵਾਲੇ ਗਿਰੀਸ਼ ਕਾਰਨਾਡ ਨੇ 83 ਸਾਲ ਦੀ ਉਮਰ ਵਿਚ ਇਸ ਦੁਨੀਆਂ ਨੂੰ ਅਲਵਿਦਾ ਕਹਿ ਦਿਤੀ ਹੈ। ਜ਼ਿੰਦਗੀ ਭਰ ਅਪਣੇ ਹੀ ਸਿਧਾਂਤਾਂ ਉਤੇ ਚਲਣ ਵਾਲੇ ਗਿਰੀਸ਼ ਕਾਰਨਾਡ ਨੇ ਆਖ਼ਰੀ ਇੱਛਾ ਨੂੰ ਦਹੁਰਾਉਂਦੇ ਹੋਏ ਅਪਣੇ ਬੇਟੇ ਨੂੰ ਕਿਹਾ ਸੀ ਕਿ ''ਸਰਕਾਰੀ ਸਨਮਾਨ ਤੇ ਕਿਸੇ ਵੀ ਆਡੰਬਰੀ ਅੰਤਿਮ ਸਸਕਾਰ ਦੀ ਬਜਾਏ ਸਰਲ ਰੂਪ ਵਾਲਾ ਅੰਤਿਮ ਸਸਕਾਰ ਹੋਵੇ।'' ਗਿਰੀਸ਼ ਕਾਰਨਾਡ ਨੇ ਅਪਣੀ ਅੰਤਿਮ ਇੱਛਾ ਵਿਚ ਇਹ ਵੀ ਕਿਹਾ ਸੀ ਕਿ ''ਮ੍ਰਿਤਕ ਦੇਹ ਉਤੇ ਫੁੱਲ ਵੀ ਨਾ ਚੜ੍ਹਾਏ ਜਾਣ ਤੇ ਕੋਈ ਵੀ ਧਾਰਮਕ ਕ੍ਰਿਆ ਕਰਮ ਨਾ ਕੀਤਾ ਜਾਵੇ।''
ਗਿਰੀਸ਼ ਕਾਰਨਾਡ ਦੀ ਇਸ ਅੰਤਿਮ ਇੱਛਾ ਨੂੰ ਵੇਖਣ ਤੋਂ ਬਾਦ ਇਕ ਗੱਲ ਸਪੱਸ਼ਟ ਹੁੰਦੀ ਹੈ ਕਿ ਗਿਰੀਸ਼ ਕਾਰਨਾਡ ਕਿਸੇ ਵੀ ਰੂੜੀਵਾਦ ਵਿਚ ਵਿਸ਼ਵਾਸ ਨਹੀਂ ਰਖਦੇ ਸੀ। ਗਿਰੀਸ਼ ਕਾਰਨਾਡ ਵਲੋਂ ਰਚਿਤ ਕਈ ਨਾਟਕਾਂ ਵਿਚ ਵੀ ਇਸ ਤਰ੍ਹਾਂ ਦੇ ਰੂੜੀਵਾਦ ਪ੍ਰਤੀ ਨਫ਼ਰਤ ਦੇ ਵਿਚਾਰ ਪ੍ਰਗਟ ਕੀਤੇ ਗਏ ਹਨ। ਅਗਨੀ ਮਾਟੂ ਮਾਲੇ, ਹਾਏਵਾਦਾਨ, ਤਾਲੇਦੰਦ ਵਰਗੇ ਨਾਟਕ ਭਾਰਤੀ ਨਾਟਕ ਮੰਚ ਵਿਚ ਕ੍ਰਾਂਤੀ ਲਿਆਏ ਸਨ। ਇਤਿਹਾਸਿਕ ਘਟਨਾਵਾਂ ਨੂੰ ਆਧਾਰ ਬਣਾ ਕੇ ਨਾਟਕ ਲਿਖਣ ਵਾਲੇ ਗਿਰੀਸ਼ ਕਾਰਨਾਡ ਨਾ ਸਿਰਫ਼ ਇਕ ਨਾਟਕਕਾਰ ਸਨ ਬਲਕਿ ਇਕ ਬੇਹਤਰੀਨ ਕਲਾਕਾਰ ਵੀ ਸਨ।
ਕੰਨੜ, ਹਿੰਦੀ ਸਿਨੇਮਾ ਵਿਚ ਅਪਣੀ ਕਲਾਕਾਰੀ ਵਿਖਾਉਣ ਵਾਲੇ ਗਿਰੀਸ਼ ਕਾਰਨਾਡ ਨੇ ਮਾਲਗੁੜੀ ਡੇਅਜ਼ ਵਰਗੇ ਟੀਵੀ ਸੀਰੀਅਲ ਵਿਚ ਵੀ ਅਪਣੀ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਮੂਲ ਰੂਪ ਵਿਚ ਮਹਾਰਾਸ਼ਟਰਾ ਦੇ ਮਾਥੂਰ ਪਿੰਡ ਦੇ ਰਹਿਣ ਵਾਲੇ ਗਿਰੀਸ਼ ਕਾਰਨਾਡ ਨੇ ਕਰਨਾਟਕ ਵਿਚ ਹੀ ਅਪਣੀ ਮੁਢਲੀ ਸਿਖਿਆ ਤੇ ਉੱਚ ਸਿਖਿਆ ਪੂਰਨ ਕੀਤੀ ਸੀ। ਆਕਸਫ਼ੋਰਡ ਯੂਨੀਵਰਸਟੀ ਵਿਚ ਕਈ ਸਾਲਾਂ ਤਕ ਪੜ੍ਹਨ ਵਾਲੇ ਗਿਰੀਸ਼ ਕਾਰਨਾਡ ਨੇ ਇਕ ਦਿਨ ਸੱਭ ਕੁੱਝ ਛੱਡ ਕੇ ਅਪਣੀ ਕਲਮ ਨੂੰ ਹਥਿਆਰ ਵਾਂਗ ਵਰਤ ਕੇ ਕ੍ਰਾਂਤੀਕਾਰੀ ਰਚਨਾਵਾਂ ਰਚੀਆਂ। ਜਦ ਉਨ੍ਹਾਂ ਦੀਆਂ ਕਈ ਸਹਿਤਕ ਰਚਨਾਵਾਂ ਬਦਲੇ ਗਿਆਨਪੀਠ ਪੁਰਸਕਾਰ ਦੇਣ ਦੀ ਘੋਸ਼ਣਾ ਹੋਈ ਤਾਂ ਗਿਰੀਸ਼ ਕਾਰਨਾਡ ਨੇ ਕਿਹਾ ਸੀ ਕਿ ਮੇਰੇ ਤੋਂ ਜ਼ਿਆਦਾ ਹੋਣਹਾਰ ਸਾਹਿਤਕਾਰ ਵਿਜੈ ਤੇਂਦੁਲਕਰ ਨੂੰ ਗਿਆਨਪੀਠ ਪੁਰਸਕਾਰ ਮਿਲਣਾ ਚਾਹੀਦੈ।
ਪਦਮਸ਼੍ਰੀ, ਪਦਮਭੂਸ਼ਣ ਵਰਗੇ ਰਾਸ਼ਟਰੀ ਪੁਰਸਕਾਰ ਜਿੱਤਣ ਵਾਲੇ ਗਿਰੀਸ਼ ਕਾਰਨਾਡ, ਗ਼ਲਤ ਨੂੰ ਸਿੱਧੇ ਤੌਰ ਉਤੇ ਗ਼ਲਤ ਕਹਿਣ ਵਾਲੇ ਇਕ ਖਾੜਕੂ ਇਨਸਾਨ ਸਨ। ਮਸ਼ਹੂਰ ਪੱਤਰਕਾਰ ਗੌਰੀ ਲੰਕੇਸ਼ ਦੀ ਹਤਿਆ ਹੋਣ ਤੋਂ ਬਾਦ ਬੁਲੰਦ ਆਵਾਜ਼ ਉਠਾਉਣ ਵਾਲੇ ਗਿਰੀਸ਼ ਕਾਰਨਾਡ ਫ਼ਿਰਕੂ ਤਾਕਤਾਂ ਦੇ ਵਿਰੁਧ ਸਨ। ਸਮਾਜਕ ਚਿੰਤਨ ਕਰਦੇ ਹੋਏ ਸਮਾਜਕ ਮੁੱਦੇ ਲੈ ਕੇ ਸੜਕ ਉਤੇ ਵੀ ਉਤਰ ਜਾਣ ਵਾਲੇ ਗਿਰੀਸ਼ ਕਾਰਨਾਡ ਦੁਨੀਆਂ ਦੇ ਸਾਰੇ ਕਲਮਕਾਰਾਂ ਨੂੰ ਇਕ ਪਥ ਦੇ ਕੇ ਗਏ ਹਨ ਕਿ ਕਲਮਕਾਰ ਦਾ ਕੰਮ ਸਿਰਫ਼ ਲਿੱਖ ਕੇ ਘਰ ਵਿਚ ਬੈਠ ਜਾਣਾ ਨਹੀਂ ਹੁੰਦਾ ਸਗੋਂ ਸੜਕ ਤੇ ਉਤਰ ਕੇ ਸਮਾਜ ਵਿਚ ਬੁਲੰਦ ਆਵਾਜ਼ ਉਠਾਉਣਾ ਹੁੰਦਾ ਹੈ। ਗਿਰੀਸ਼ ਕਰਨਾਡ ਦੀ ਇਸ ਕ੍ਰਾਂਤੀਕਾਰੀ ਸੋਚ ਨੇ ਕਰਨਾਟਕ ਦੀ ਸਰਕਾਰ ਨੂੰ ਮਜਬੂਰ ਕਰ ਦਿਤਾ ਕਿ ਗਿਰੀਸ਼ ਕਰਨਾਡ ਦੀ ਮੌਤ ਦੇ ਦਿਨ ਕਰਨਾਟਕ ਦੇ ਸਾਰੇ ਸਕੂਲਾਂ ਤੇ ਕਾਲਜਾਂ ਵਿਚ ਛੁੱਟੀ ਕਰ ਦਿਤੀ। ਕਲਮਕਾਰ ਨੂੰ ਸਤਿਕਾਰ ਤੇ ਸਨਮਾਨ ਕਲਮ ਦਿਵਾਉਂਦੀ ਹੈ। ਕਲਮ ਹੀ ਕਲਮਕਾਰ ਨੂੰ ਸਦਾ ਲਈ ਅਮੀਰ ਬਣਾ ਦਿੰਦੀ ਹੈ।
- ਪੰਡਿਤਰਾਉ ਧਰੇਨਵਰ, ਸਹਾਇਕ ਪ੍ਰੋਫ਼ੈਸਰ, ਸਰਕਾਰੀ ਕਾਲਜ, ਸੈਕਟਰ-46, ਚੰਡੀਗੜ੍ਹ, ਸੰਪਰਕ : 99883-51695