ਸੁਸ਼ਾਂਤ ਸਿੰਘ ਰਾਜਪੂਤ ਦੀ ਉਦਾਸੀ ਬਨਾਮ ਅੱਜ ਦੀ ਨੌਜੁਆਨ ਪੀੜ੍ਹੀ ਦੀ ਉਦਾਸੀ

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਸੁਸ਼ਾਂਤ ਸਿੰਘ ਰਾਜਪੂਤ ਵਲੋਂ ਕੀਤੀ ਗਈ ਖ਼ੁਦਕੁਸ਼ੀ ਦਾ ਸਦਮਾ ਹਰ ਆਮ ਖ਼ਾਸ ਨੂੰ ਲੱਗਾ ਹੈ,

Sushant Singh Rajput

ਸੁਸ਼ਾਂਤ ਸਿੰਘ ਰਾਜਪੂਤ ਵਲੋਂ ਕੀਤੀ ਗਈ ਖ਼ੁਦਕੁਸ਼ੀ ਦਾ ਸਦਮਾ ਹਰ ਆਮ ਖ਼ਾਸ ਨੂੰ ਲੱਗਾ ਹੈ, ਇਸ ਕਰ ਕੇ ਨਹੀਂ ਕਿ ਉਹ ਇਕ ਫ਼ਿਲਮੀ ਅਦਾਕਾਰ ਸੀ ਅਤੇ ਹਰ ਕੋਈ ਉਸ ਦੀ ਅਦਾਕਾਰੀ ਦਾ ਕਾਇਲ ਸੀ। ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਮਸ਼ਹੂਰ ਅਭਿਨੇਤਰੀ ਸ੍ਰੀ ਦੇਵੀ ਦੀ ਮੌਤ ਨਹੀਂ ਬਲਕਿ ਇਕ ਭਾਰਤੀ ਸੁਪਨੇ ਦੀ ਮੌਤ ਹੋਈ ਹੈ। ਸੁਸ਼ਾਂਤ ਇਕ ਸਾਧਾਰਣ ਪ੍ਰਵਾਰ ਦਾ ਮੁੰਡਾ ਸੀ ਜਿਸ ਕੋਲ ਦਿਮਾਗ਼ ਵੀ ਸੀ ਅਤੇ ਹੁਨਰ ਵੀ ਸੀ।

ਉਹ ਇੰਜੀਨੀਅਰਿੰਗ ਦਾ ਇਮਤਿਹਾਨ ਪਾਸ ਕਰਨ ਦੇ ਬਾਵਜੂਦ ਅਪਣੇ ਡਾਂਸ ਅਤੇ ਐਕਟਿੰਗ ਦੇ ਹੁਨਰ ਨੂੰ ਹੋਰ ਚਮਕਾਉਣ ਲਈ ਨਿਕਲ ਤੁਰਿਆ। ਫ਼ਿਲਮਾਂ ਵਿਚ ਉਹ ਕਿਸੇ ਖ਼ਾਨਦਾਨੀ ਪਿਛੋਕੜ ਕਾਰਨ ਨਹੀਂ ਸੀ ਆਇਆ। ਫ਼ਿਲਮ ਇੰਡਸਟਰੀ ਵਿਚ ਉਸ ਦਾ ਦਾਖ਼ਲਾ ਏਕਤਾ ਕਪੂਰ ਨੇ ਕਰਵਾਇਆ। ਉਸ ਦਾ ਪਾਲਣ ਪੋਸ਼ਣ ਇਕ ਸਾਧਾਰਣ ਪ੍ਰਵਾਰ ਵਿਚ ਹੋਇਆ।

ਸੁਸ਼ਾਂਤ ਇਕ ਆਮ ਵਿਅਕਤੀ ਸੀ ਜੋ ਅਪਣੀ ਅਦਾਕਾਰੀ ਕਾਰਨ ਅਨੇਕਾਂ ਭਾਰਤੀਆਂ ਦੇ ਦਿਲਾਂ 'ਤੇ ਰਾਜ ਕਰਨ ਵਿਚ ਸਫ਼ਲ ਹੋਇਆ। ਸੁਸ਼ਾਂਤ ਨੇ ਸਿਤਾਰਿਆਂ ਦੀ ਮਹਾਂ ਨਗਰੀ ਬਾਲੀਵੁੱਡ ਵਿਚ ਥੋੜੇ ਸਮੇਂ ਵਿਚ ਹੀ ਉਚਾਈਆਂ ਨੂੰ ਛੂਹਿਆ। ਉਸ ਕੋਲ ਹੁਨਰ ਸੀ ਅਤੇ ਉਸ ਦੇ ਹੁਨਰ ਨੂੰ ਕਦਰ ਅਤੇ ਕਿਸਮਤ ਦਾ ਸਾਥ ਮਿਲਿਆ। ਪੈਸਾ, ਸ਼ੌਹਰਤ ਹੋਣ ਦੇ ਬਾਵਜੂਦ ਸ਼ੁਸ਼ਾਂਤ ਦੇ ਮਨ ਵਿਚ ਇਕ ਗਹਿਰੀ ਉਦਾਸੀ ਰਹੀ ਹੋਵੇਗੀ ਜਿਸ ਦੇ ਅਸਰ ਹੇਠ ਉਸ ਨੇ ਸੁਨਹਿਰੀ ਜੀਵਨ ਸਾਹਮਣੇ ਹੋਣ ਦੇ ਬਾਵਜੂਦ, ਖ਼ੁਦਕੁਸ਼ੀ ਕਰਨ ਦਾ ਫ਼ੈਸਲਾ ਕਰ ਲਿਆ।

ਸੁਸ਼ਾਂਤ ਦੀ ਜ਼ਿੰਦਗੀ ਅਤੇ ਉਸ ਦਾ ਭਿਆਨਕ ਅੰਤ ਇਹ ਸਵਾਲ ਖੜੇ ਕਰਦਾ ਹੈ ਕਿ ਉਸ ਨੂੰ ਆਖ਼ਰ ਹੋਰ ਕੀ ਚਾਹੀਦਾ ਸੀ? ਜ਼ਿੰਦਗੀ ਕੋਲ ਜੋ ਕੁੱਝ ਵੀ ਸੀ, ਉਸ ਨੇ ਸੁਸ਼ਾਂਤ ਨੂੰ ਉਹ ਸੱਭ ਕੁੱਝ ਦੇ ਦਿਤਾ, ਫਿਰ ਉਹ ਉਦਾਸ ਕਿਉਂ ਸੀ? ਸੁਸ਼ਾਂਤ ਦਾ ਵਿਆਹ ਨਵੰਬਰ ਮਹੀਨੇ ਵਿਚ ਹੋਣਾ ਤੈਅ ਸੀ ਪਰ ਫਿਰ ਵੀ ਉਸ ਦਾ ਮਨ ਪੁਰਾਣੇ ਪਿਆਰ ਵਿਚ ਖੁਭਿਆ ਰਿਹਾ। ਕੀ ਇਹ ਹੀ ਉਸ ਦੀ ਮੌਤ ਦਾ ਇਕ ਕਾਰਨ ਸੀ?

ਜਾਂ ਫਿਰ ਸ਼ਾਇਦ ਉਸ ਨੂੰ ਕੁੱਝ ਆਰਥਕ ਦਿੱਕਤਾਂ ਹੋਣ। ਜੋ ਵੀ ਕਾਰਨ ਸੀ, ਉਸ ਨੇ ਕੁਦਰਤ ਅਤੇ ਦੁਨਿਆਵੀ ਤੋਹਫ਼ਿਆਂ ਨੂੰ ਨਕਾਰ ਦਿਤਾ ਅਤੇ ਬਾਕੀ ਸਾਰਿਆਂ ਲਈ ਇਕ ਸਵਾਲ ਖੜਾ ਕਰ ਦਿਤਾ। ਅਸੀ ਕਿਸ ਤਰ੍ਹਾਂ ਅੱਜ ਦੀ ਪੀੜ੍ਹੀ ਨੂੰ ਨਿਤ ਨਵੀਂ ਜੰਗ ਵਾਸਤੇ ਤਿਆਰ ਕਰੀਏ? ਸਾਡੇ ਪਾਲਣ-ਪੋਸਣ ਵਿਚ ਕੀ ਕਮੀ ਹੈ ਜੋ ਅੱਜ ਦੇ ਬੱਚੇ ਮਾਨਸਿਕ ਉਦਾਸੀ ਦਾ ਸ਼ਿਕਾਰ ਹੁੰਦੇ ਜਾ ਰਹੇ ਹਨ?

ਕਦੇ ਕੋਈ ਗ਼ਰੀਬ, ਲਾਚਾਰ, ਬਿਮਾਰ ਜਾਂ ਕਰਜ਼ੇ 'ਚ ਡੁਬਿਆ ਵਿਅਕਤੀ ਅਪਣੀ ਜਾਨ ਖ਼ੁਦ ਗੁਆ ਲੈਂਦਾ ਹੈ ਤਾਂ ਉਸ ਦੀ ਜ਼ਿੰਦਗੀ 'ਚ ਹਾਰ ਦਾ ਮਤਲਬ ਸਮਝ ਵਿਚ ਆ ਜਾਂਦਾ ਹੈ ਪਰ ਸੱਭ ਕੁੱਝ ਹੋਣ ਦੇ ਬਾਵਜੂਦ ਜਿਹੜਾ ਅਪਣੇ ਆਪ ਨੂੰ ਖ਼ੁਸ਼ਨਸੀਬ ਨਾ ਸਮਝੇ, ਉਸ ਦਾ ਕੀ ਕੀਤਾ ਜਾਵੇ? ਸੁਸ਼ਾਂਤ ਇਕੱਲਾ ਹੀ ਇਸ ਬੀਮਾਰੀ ਦਾ ਮਰੀਜ਼ ਨਹੀਂ ਸੀ, ਅੱਜ ਦੀ ਪੀੜ੍ਹੀ ਆਮ ਤੌਰ 'ਤੇ ਮਾਨਸਕ ਪੱਖੋਂ ਕਮਜ਼ੋਰ ਹੈ। ਪਿਛਲੇ ਹਫ਼ਤੇ ਇਕ ਬੱਚੇ ਨੂੰ ਮੋਬਾਈਲ 'ਤੇ ਗੇਮ ਨਾ ਖੇਡਣ ਦਿਤੀ ਗਈ ਤਾਂ ਉਸ ਨੇ ਵੀ ਸੁਸ਼ਾਂਤ ਵਾਂਗ ਹਾਰ ਮੰਨ ਲਈ ਅਤੇ ਪੰਜਾਬ ਦੀ ਇਕ ਬੱਚੀ ਕੋਲ ਵੀ ਇਸੇ ਤਰ੍ਹਾਂ ਦਾ ਕੋਈ ਕਾਰਨ ਸੀ ਜਿਸ ਨੇ ਉਸ ਨੂੰ ਖ਼ੁਦਕੁਸ਼ੀ ਕਰਨ ਲਈ ਮਜਬੂਰ ਕਰ ਦਿਤਾ।

ਅੱਜ ਦੇ ਦੌਰ ਵਿਚ ਮਾਨਸਿਕ ਉਦਾਸੀ ਨੂੰ ਸੰਜੀਦਗੀ ਨਾਲ ਵੇਖਣ ਅਤੇ ਉਸ ਨੂੰ ਦੂਰ ਕਰਨ ਦੀ ਜ਼ਰੂਰਤ ਹੈ। ਇਹ ਉਹ ਪੀੜ੍ਹੀ ਨਹੀਂ ਜਿਸ ਨੂੰ ਪੁਰਾਣੇ ਜ਼ਮਾਨਿਆਂ ਵਿਚ ਥੱਪੜ ਮਾਰ ਕੇ ਸਿੱਧਾ ਕੀਤਾ ਜਾ ਸਕਦਾ ਸੀ। ਇਹ ਉਹ ਪੀੜ੍ਹੀ ਨਹੀਂ ਜਿਸ ਨੂੰ ਮੰਤਰ ਦੋਹਰਾ-ਦੋਹਰਾ ਕੇ ਇਕ ਖ਼ਾਸ ਦਿਸ਼ਾ ਵਲ ਚਲਾਇਆ ਜਾ ਸਕੇ। ਇਹ ਉਹ ਪੀੜ੍ਹੀ ਨਹੀਂ ਜਿਸ ਨੂੰ ਸਿਰਫ਼ ਰੋਟੀ, ਕਪੜੇ ਅਤੇ ਮਕਾਨ ਦੀ ਖੋਜ ਹੈ।

ਇਹ ਤਾਂ ਉਹ ਪੀੜ੍ਹੀ ਹੈ ਜਿਸ ਨੂੰ ਉੱਚੀਆਂ ਉਡਾਰੀਆਂ ਮਾਰਨ ਦੀ ਤਾਂਘ ਹੈ ਅਤੇ ਜਿਸ ਨੂੰ ਭੁੱਖਮਰੀ ਦਾ ਡਰ ਨਹੀਂ ਪਰ ਇਸ ਪੀੜ੍ਹੀ ਨੂੰ ਮਾਨਸਿਕ ਤੌਰ 'ਤੇ ਤਿਆਰ ਨਹੀਂ ਕੀਤਾ ਜਾ ਰਿਹਾ। ਅੱਜ ਦੀ ਪੀੜ੍ਹੀ ਨੂੰ ਜੀਵਨ ਵਿਚ ਖੁਸ਼ੀ ਦੇ ਨਾਲ ਨਾਲ ਗ਼ਮ ਨੂੰ ਕਬੂਲਣਾ ਨਹੀਂ ਸਿਖਾਇਆ ਜਾ ਰਿਹਾ। ਇਸ ਪੀੜ੍ਹੀ ਨੂੰ ਪਾਲਣ ਵਾਲੇ ਮਾਪਿਆਂ ਦਾ ਵੀ ਕੋਈ ਕਸੂਰ ਨਹੀਂ ਕਿਉਂਕਿ ਉਨ੍ਹਾਂ ਨੂੰ ਅਪਣੇ ਅਹਿਸਾਸਾਂ ਨੂੰ ਸਮਝਣ ਦੀ ਇਜਾਜ਼ਤ ਨਹੀਂ ਸੀ ਅਤੇ ਨਾ ਹੀ ਅਪਣੇ ਸੁਪਨਿਆਂ ਪਿਛੇ ਇੰਜੀਨੀਅਰਿੰਗ ਦੇ ਦਾਖ਼ਲੇ ਨੂੰ ਠੋਕਰ ਮਾਰਨ ਦੀ ਇਜਾਜ਼ਤ ਸੀ।

ਉਨ੍ਹਾਂ ਨੇ ਅਪਣੇ ਬੱਚਿਆਂ ਨੂੰ ਅਪਣੇ ਵਾਂਗ ਕੈਦ ਨਹੀਂ ਦਿਤੀ ਪਰ ਆਜ਼ਾਦੀ ਨਾਲ ਜ਼ਿੰਦਗੀ ਵਿਚ ਆਉਣ ਵਾਲੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਤਿਆਰੀ ਵੀ ਨਹੀਂ ਕਰਵਾਈ। ਅੱਜ ਦੀ ਪੀੜ੍ਹੀ ਜ਼ਿੰਦਗੀ ਵਿਚ ਥੋੜੀ ਜਿਹੀ ਸਮੱਸਿਆ ਆਉਣ 'ਤੇ ਉਸ ਨੂੰ ਸੁਲਝਾਉਣ ਦੀ ਬਜਾਏ ਨਸ਼ਿਆਂ ਦਾ ਸਹਾਰਾ ਲੈਂਦੀ ਹੈ। ਇਸ ਤਰ੍ਹਾਂ ਅੱਜਕਲ ਰਿਸ਼ਤੇ ਕਮਜ਼ੋਰ ਹੁੰਦੇ ਜਾ ਰਹੇ ਹਨ ਕਿਉਂਕਿ ਅੱਜ ਦੀ ਪੀੜ੍ਹੀ ਨੂੰ ਅਪਣੇ ਸੁਪਨਿਆਂ ਬਾਰੇ ਪਤਾ ਹੀ ਨਹੀਂ ਕਿਉਂਕਿ ਅਸੀ ਇਨ੍ਹਾਂ ਨੂੰ ਸਹੀ ਰਸਤਾ ਨਹੀਂ ਦਿਖਾ ਸਕੇ ਅਤੇ ਇਹ ਅੰਤ ਵਿਚ ਹਾਰ ਜਾਂਦੇ ਹਨ।  

ਸੁਸ਼ਾਂਤ ਅਤੇ ਜ਼ਿਆ ਖ਼ਾਨ ਵਰਗੇ ਨਾਮਣਾ ਖੱਟਣ ਵਾਲਿਆਂ ਦੀ ਹਾਰ ਦੇ ਦੁਖਾਂਤ ਤੋਂ ਅਪਣੇ ਬੱਚਿਆਂ ਨੂੰ ਦੁੱਖ-ਸੁਖ ਦੋਹਾਂ ਨਾਲ ਦੋਸਤੀ ਦਾ ਪਾਠ ਸਿਖਾਉਣ ਦਾ ਸਬਕ ਲੈ ਸਕਦੇ ਹਾਂ ਤਾਕਿ ਸਾਡੇ ਬੱਚੇ ਸਿਰਫ਼ ਦੌਲਤ ਦੇ ਧਨੀ ਹੀ ਨਹੀਂ ਬਲਕਿ ਜ਼ਿੰਦਗੀ ਦੇ ਹਰ ਪਹਿਲੂ ਵਿਚ ਅਮੀਰ ਬਣ ਸਕਣ। -ਨਿਮਰਤ ਕੌਰ