ਸਿੱਖਾਂ ਦੇ ‘ਬਾਰਾਂ ਵਜੇ’ ਨੇ ਹੀ ਹਿੰਦੁਸਤਾਨ ਦੀਆਂ ਕੁੜੀਆਂ ਦੀ ਪੱਤ ਮੁਗ਼ਲ ਹਮਲਾਵਰਾਂ ਕੋਲੋਂ ਬਚਾਈ ਸੀ

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਅੱਜ ਉਸ ਨੇਕੀ, ਕੁਰਬਾਨੀ ਦਾ ਮਜ਼ਾਕ ਬਣਾਇਆ ਜਾ ਰਿਹੈ?

Kiran Bedi

 

ਕਿਰਨ ਬੇਦੀ ਵਲੋਂ ਸਿੱਖਾਂ ਦੇ 12 ਵਜੇ ਵਾਲੇ ਮੁਗ਼ਲ ਫ਼ੌਜੀਆਂ ਦੇ ਕਾਂਬੇ ਨੂੰ ਸਿੱਖਾਂ ਦਾ ਅਹਿਸਾਨ ਮੰਨਣ ਲਈ ਨਹੀਂ ਸਗੋਂ ਉਨ੍ਹਾਂ ਨੂੰ ਮੂਰਖ ਵਜੋਂ ਪੇਸ਼ ਕਰਨ ਲਈ ਦੁਹਰਾਇਆ ਜਿਸ ਨਾਲ ਇਕ ਪੁਰਾਣਾ ਵਿਵਾਦ ਮੁੜ ਤੋਂ ਤਾਜ਼ਾ ਹੋ ਗਿਆ। ਕਿਰਨ ਬੇਦੀ ਨੇ ਅਪਣੀ ਸਫ਼ਾਈ ਵੀ ਨਾਲ ਨਾਲ ਹੀ ਦੇ ਦਿਤੀ ਕਿ ਉਹ ਤਾਂ ਰੋਜ਼ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਤੇ ਪਾਠ ਕਰਦੇ ਹਨ ਤੇ ਉਹ ਤਾਂ ਗੁਰੂ ਨਾਨਕ ਸਾਹਿਬ ਦੇ ਭਗਤ ਹਨ ਆਦਿ ਆਦਿ। ਸ਼ਾਇਦ ਉਨ੍ਹਾਂ ਤੇ ਉਨ੍ਹਾਂ ਦੀ ਪਾਰਟੀ ਵਿਚ ਸਿੱਖ ਧਰਮ ਪ੍ਰਤੀ ਕੋਈ ਮੈਲ ਨਹੀਂ ਪਰ ਫਿਰ ਵੀ ਇਸ ਪਾਰਟੀ ਦੇ ਕਈ ਨੇਤਾ ਸਿੱਖਾਂ ਦੇ ਦਿਲ ਨੂੰ ਠੇਸ ਪਹੁੰਚਾਉਣਾ ਬੜੀ ਮਾਮੂਲੀ ਗੱਲ ਸਮਝਦੇ ਹਨ।

 

ਕਾਨਪੁਰ ਵਿਚ ਅੱਜ 38 ਸਾਲ ਬਾਅਦ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਪਰ ਇਸ ਚੰਗੇ ਕਦਮ ਮਗਰੋਂ ਵੀ ਕਿਰਨ ਬੇਦੀ ਦੀ ਪਾਰਟੀ ਸਿੱਖਾਂ ਦੇ ਮਨਾਂ ਵਿਚ ਥਾਂ ਨਹੀਂ ਬਣਾ ਸਕੀ। ਭਾਜਪਾ ਦੇ ਰਾਜ ਵਿਚ ਹੀ ਮੋਦੀ ਜੀ ਨੇ ਹੀ ਦਿੱਲੀ ਨਸਲਕੁਸ਼ੀ ਦੀ ਫ਼ਾਈਲ ਨੂੰ ਅਦਾਲਤ ਵਲ ਤੋਰ ਕੇ ਟਾਈਟਲਰ ਦਾ ਜੇਲ ਜਾਣ ਦਾ ਰਾਹ ਸਾਫ਼ ਕੀਤਾ ਪਰ ਉਸ ਦਾ ਅਸਰ ਸਿੱਖਾਂ ਦੇ ਦਿਲਾਂ ਤੇ ਕਿਉਂ ਨਹੀਂ ਹੋ ਰਿਹਾ? ਕਿਉਂਕਿ ਆਮ ਪ੍ਰਭਾਵ ਇਹੀ ਬਣਿਆ ਹੋਇਆ ਹੈ ਕਿ ਇਸ ਪਾਰਟੀ ਦੇ ਬਹੁਤੇ ਨੇਤਾ ਘੱਟ ਗਿਣਤੀਆਂ ਨੂੰ ਪਸੰਦ ਨਹੀਂ ਕਰਦੇ ਪਰ ਰਾਜਸੀ ਚਾਲ ਵਜੋਂ ਤੇ ਵੋਟਾਂ ਖ਼ਾਤਰ ਕਦੇ ਕਦੇ ਚੰਗੀ ਗੱਲ ਵੀ ਕਰ ਜਾਂਦੇ ਹਨ ਪਰ ਉਨ੍ਹਾਂ ਦੇ ਦਿਲਾਂ ਵਿਚ ਛੁਪੀ ਘੱਟ ਗਿਣਤੀਆਂ ਪ੍ਰਤੀ ਜਲਨ ਅਤੇ ਨਫ਼ਰਤ ਇਕ ਨਾ ਇਕ ਦਿਨ ਅਪਣੇ ਆਪ ਬਾਹਰ ਫੁਟ ਪੈਂਦੀ ਹੈ।

 

ਕਿਰਨ ਬੇਦੀ ਤੇ ਨੂਪੁਰ ਸ਼ਰਮਾ ਵਰਗੇ ਬੁਲਾਰਿਆਂ ਵਿਚ ਇਕ ਹੰਕਾਰ ਹੈ ਜੋ ਬਾਕੀ ਧਰਮਾਂ ਵਾਲਿਆਂ ਨੂੰ ਚੁਭਦਾ ਹੈ ਜਿਸ ਕਾਰਨ ਉਨ੍ਹਾਂ ਦੇ ਠੋਸ ਕਦਮਾਂ ਨੂੰ ਵੀ ਬੂਰ ਨਹੀਂ ਪੈਂਦਾ। ਉਹ ਗੁਰੂ ਨਾਨਕ ਦੇ ਭਗਤ ਹਨ ਪਰ ਸਿੱਖਾਂ ਦੀ ਵਖਰੀ ਪਹਿਚਾਣ ਨੂੰ ਸਵੀਕਾਰ ਨਹੀਂ ਕਰਦੇ। ਉਨ੍ਹਾਂ ਦੀ ਸੋਚ ਇਹ ਹੈ ਕਿ ਜਿਹੜਾ ਸਿੱਖ ਅਪਣੇ ਆਪ ਨੂੰ ਹਿੰਦੂ ਧਰਮ ਦਾ ਅੰਗ ਨਹੀਂ ਮੰਨਦਾ ਉਸ ਦਾ ਮਜ਼ਾਕ ਉਡਾਉ ਤੇ ਉਸ ਅੰਦਰ ਹੀਣ ਭਾਵਨਾ ਪੈਦਾ ਕਰੋ। ਉਹ ਸਿੱਖ ਪਹਿਚਾਣ ਦਾ ਮਜ਼ਾਕ ਉਡਾਉਂਦੇ ਹਨ ਤੇ ਉਨ੍ਹਾਂ ਦਾ ਇਸ ਪਹਿਚਾਣ ਨਾਲ ਜੁੜੇ ਰਹਿਣਾ ਔਖਾ ਬਣਾਉਂਦੇ ਹਨ। ਜਦ ਕਿਰਨ ਬੇਦੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਦੀ ਹੈ, ਫਿਰ ਉਸ ਨੂੰ ਸਿੱਖ ਪਹਿਚਾਣ ਤੇ ਮਾਣ ਕਿਉਂ ਨਹੀਂ? ਆਪ ਵੀ ਅੱਧੀ ਸਿੱਖ ਹੋਣ ਦੇ ਬਾਵਜੂਦ ਜਦ ਉਹ 12 ਵਜੇ ਦਾ ਚੁਟਕਲਾ ਸਿੱਖਾਂ ਦਾ ਮੌਜੂ ਉਡਾਉਣ ਲਈ ਵਰਤਦੀ ਹੈ ਤਾਂ ਇਹੀ ਦਰਸਾਉਂਦੀ ਹੈ ਕਿ ਉਹ ਬਤੌਰ ਸਿੱਖ ਅਪਣੀ ਪਛਾਣ ਤੇ ਮਾਣ ਨਹੀਂ ਕਰਦੀ।

 

ਸਿੱਖਾਂ ਨੂੰ ‘12 ਵੱਜੇ’ ਅਰਥਾਤ ਮੂਰਖ ਕਹਿਣਾ ਹੀ ਅੱਜ ਗ਼ਾਇਬ ਹੋ ਰਹੀ ਪਗੜੀ ਦਾ ਵੱਡਾ ਕਾਰਨ ਹੈ। 12 ਵਜੇ ਅਸਲ ਵਿਚ ਔਰਤ ਦੀ ਇੱਜ਼ਤ ਬਚਾਉਣ ਲਈ ਸੱਭ ਤੋਂ ਵੱਡੀ ਕੁਰਬਾਨੀ ਦੇਣ ਦੇ ਜਜ਼ਬੇ ਦਾ ਪ੍ਰਤੀਕ ਹੈ ਪਰ ਕਮਾਲ ਹੈ ਕਿ ਜਿਨ੍ਹਾਂ ਨੂੰ ਬਚਾਉਣ ਲਈ ਕੁਰਬਾਨੀ ਦਿਤੀ, ਉਹੀ ਇਸ ਨੂੰ ਸਿੱਖਾਂ ਦਾ ਮਜ਼ਾਕ ਬਣਾ ਬੈਠੇ ਹਨ। ਗਿਣਤੀ ਵਿਚ ਘੱਟ ਹੁੰਦਿਆਂ ਵੀ ਸਿੱਖਾਂ ਨੇ ਰਾਤ ਦੇ ਹਨੇਰੇ ਨੂੰ ਅਪਣੀ ਢਾਲ ਬਣਾ ਕੇ ਇਕ ਤਾਕਤਵਰ ਮੁਗ਼ਲ ਫ਼ੌਜ ਤੋਂ ਦੂਜੇ ਧਰਮ ਦੀਆਂ ਕੁੜੀਆਂ ਦੀ ਇੱਜ਼ਤ ਬਚਾਈ। ਪਰ ਵਾਰ ਵਾਰ ਇਸ ਦਾ ਮਜ਼ਾਕ ਉਡਾ ਕੇ ਭਾਰਤ ਦੀ ਬਹੁਗਿਣਤੀ ਨੇ ਸਿਰਫ਼ ਅਪਣੀ ਇਤਿਹਾਸ ਦੀ ਘੱਟ ਸੋਝੀ ਹੋਣ ਦੀ ਪ੍ਰਦਰਸ਼ਨੀ ਹੀ ਕੀਤੀ ਹੈ ਤੇ ਇਸ ਤਾਕਤਵਰ ਕੌਮ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ। ਫ਼ਿਲਮਾਂ ਵਿਚ 12 ਵਜੇ ਦਾ ਮਜ਼ਾਕ ਦੇਸ਼ ਦੇ ਰਖਵਾਲਿਆਂ ਵਿਰੁਧ ਅਪਰਾਧ ਹੋਣਾ ਚਾਹੀਦਾ ਹੈ ਪਰ ਉਸ ਵਾਸਤੇ ਵੱਡੇ ਆਗੂਆਂ ਨੂੰ ਮੰਨਣਾ ਪਵੇਗਾ ਕਿ ਉਹ ਸਿੱਖਾਂ ਦੇ ਕਰਜ਼ਦਾਰ ਹਨ।

ਕਰਜ਼ਦਾਰੀ ਮੰਨਣਾ ਤਾਂ ਦੂਰ ਦੀ ਗੱਲ ਹੈ, ਅੱਜ ਬਹੁਗਿਣਤੀ ਕੌਮ ਦੇ ਆਗੂ ਜਿਨ੍ਹਾਂ ਚੀਜ਼ਾਂ ਵਲ ਧਿਆਨ ਦੇਂਦੇ ਹਨ, ਉਹ ਇਹ ਹਨ ਕਿ ਸਿੱਖ ਜ਼ਿਆਦਾ ਤਾਕਤਵਰ ਨਾ ਬਣ ਜਾਣ ਕਿਤੇ ਅਤੇ ਦੂਜਾ ਉਹ ਹਿੰਦੂ ਧਰਮ ਦਾ ਹਿੱਸਾ ਬਣਾ ਕੇ ਉਨ੍ਹਾਂ ਦੇ ਨੰਬਰ ਦੋ, ਤਿੰਨ ਜਾਂ ਚਾਰ ਬਣ ਕੇ ਰਹਿਣ ਤੋਂ ਅੱਗੇ ਨਾ ਸੋਚਣ। ਸਿਆਸੀ ਲੋਕ ਇਨਸਾਫ਼ ਦੇ ਕੇ ਅਹਿਸਾਨ ਜਤਾਉਣਾ ਚਾਹੁੰਦੇ ਹਨ ਪਰ ਕਦੇ ਸਿੱਖ ਕੌਮ ਨੇ ਕਸ਼ਮੀਰੀ ਪੰਡਤਾਂ ਵਾਸਤੇ ਗੁਰੂ ਤੇਗ਼ ਬਹਾਦਰ ਜੀ ਦੀ ਕੁਰਬਾਨੀ ਦਾ ਅਹਿਸਾਨ ਪ੍ਰਗਟਾਇਆ ਜਾਂ ਕਦੇ ਨਾਦਰਸ਼ਾਹ ਤੋਂ ਹਿੰਦੂ ਕੁੜੀਆਂ ਦੀ ਇੱਜ਼ਤ ਬਚਾਉਣ ਦਾ ਜਾਂ ਆਜ਼ਾਦੀ ਵਿਚ ਸੱਭ ਤੋਂ ਵੱਧ ਕੁਰਬਾਨੀਆਂ ਦੇਣ ਦਾ ਜਾਂ ਪਾਕਿਸਤਾਨ ਨਾਲ ਜੰਗ ਜਿੱਤਣ ਦਾ ਜਾਂ ਸਰਹੱਦਾਂ ਤੇ ਸ਼ਹਾਦਤਾਂ ਦੇਣ ਦਾ?

ਹਿੰਦੁਸਤਾਨ ਦਾ ਅਟੁਟ ਹਿੱਸਾ ਹੋਣ ਦੇ ਨਾਤੇ ਹਰ ਫ਼ਰਜ਼ ਨਿਭਾਉਣ ਵਾਲੀ ਕੌਮ ਨੂੰ ਅਪਣੇ ਅਧੀਨ ਕਰਨ ਦੀ ਸੋਚ ਹੀ ਸੱਭ ਤੋਂ ਵੱਡੀ ਗ਼ਲਤੀ ਹੈ। ਜੇ ਬਣਦਾ ਰੁਤਬਾ ਸਿੱਖਾਂ ਨੂੰ ਦਿਤਾ ਗਿਆ ਹੁੰਦਾ ਤਾਂ ਇਸ ਤਰ੍ਹਾਂ ਦਾ ਪ੍ਰਚਾਰ ਕਰਨ ਦੀ ਲੋੜ ਹੀ ਨਾ ਪੈਂਦੀ। ਕਿਰਨ ਬੇਦੀ ਵਰਗੀ ਸੋਚ ਵਾਰ ਵਾਰ ਕਿਸੇ ਨਾ ਕਿਸੇ ਤਰ੍ਹਾਂ ਸਾਡਾ ਰਸਤਾ ਰੋਕ ਲੈਂਦੀ ਹੈ ਤੇ ਦੂਰੀਆਂ ਘਟਣ ਨਹੀਂ ਦੇਂਦੀ।          -ਨਿਮਰਤ ਕੌਰ