ਪੰਜਾਬੀ ਕਿਸਾਨ ਨੂੰ ਪੋਸਤ ਦੀ ਖੇਤੀ ਕਰਨ ਦਿਉ!

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

\ਬੇਸ਼ੱਕ ਮੇਰੀ ਸਰਕਾਰ ਨੇ ਨਾਰਕਾਟਿਕ ਔਸ਼ਧ ਪਦਾਰਥਕ ਉਤੇਜਿਤਾ ਤੇ ਇਕ ਕਾਨੂੰਨ 1985 ਵਿਚ ਬਣਾਇਆ ਜੋ ਕਾਰਗਰ ਨਹੀਂ ਸਗੋਂ ਨੁਕਸਾਨਦੇਹ ਸਾਬਤ ਹੋਇਆ ਹੈ।

Opium Plant

ਬੇਸ਼ੱਕ ਮੇਰੀ ਸਰਕਾਰ ਨੇ ਨਾਰਕਾਟਿਕ ਔਸ਼ਧ ਪਦਾਰਥਕ ਉਤੇਜਿਤਾ ਤੇ ਇਕ ਕਾਨੂੰਨ 1985 ਵਿਚ ਬਣਾਇਆ ਜੋ ਕਾਰਗਰ ਨਹੀਂ ਸਗੋਂ ਨੁਕਸਾਨਦੇਹ ਸਾਬਤ ਹੋਇਆ ਹੈ। ਸਰਕਾਰ ਨੇ ਅਫ਼ੀਮ ਦੀ ਖੇਤੀ ਤੇ ਪਾਬੰਦੀ, ਦੇਸ਼ ਨੂੰ ਨਸ਼ਿਆਂ ਤੋਂ ਸੁਰੱਖਿਅਤ ਰੱਖਣ ਲਈ ਲਾਈ ਸੀ ਪਰ ਦੁੱਖ ਦੀ ਗੱਲ ਹੈ ਕਿ ਇਹ ਵਾੜ ਹੀ ਦੇਸ਼ ਵਾਸੀਆਂ ਲਈ ਖ਼ਤਰਾ ਬਣ ਬੈਠੀ ਹੈ।

ਵੇਖੋ ਜਿਸ ਨੇ ਦੇਸ਼ ਦਾ ਢਿੱਡ ਭਰਿਆ, ਕਵਚ ਬਣ ਕੇ ਰਾਖੀ ਕੀਤੀ, ਦੇਸ਼ ਦੀ ਆਨ-ਸ਼ਾਨ ਬਹਾਲ ਕੀਤੀ, ਉਸ ਨੂੰ ਸਿੰਥੈਟਿਕ ਨਸ਼ਿਆਂ ਦੀ ਮੰਡੀ ਬਣਾ ਕੇ ਉਨ੍ਹਾਂ ਜਵਾਨੀਆਂ ਨੂੰ ਆਉਣ ਵਾਲੀ ਸੰਤਾਨ ਪੈਦਾ ਕਰਨ ਯੋਗ ਵੀ ਨਹੀਂ ਰਹਿਣ ਦਿਤਾ। ਅਸੀ ਸੱਭ ਮੰਨਦੇ ਹਾਂ ਕਿ ਅਫ਼ੀਮ ਜੀਵਨ ਦੇਣ ਵਾਲੀਆਂ ਦਵਾਈਆਂ ਵਿਚ ਜ਼ਰੂਰੀ ਦਵਾਈ ਹੈ। ਇਹ ਇਕ ਪੌਦੇ ਦੇ (ਫੱਲ) ਵਿਚੋਂ ਨਿਕਲਿਆ ਰਸ ਹੈ, ਜਿਸ ਨੂੰ ਅਫ਼ੀਮ ਕਹਿੰਦੇ ਹਨ। ਫਿਰ ਇਸ ਨੂੰ ਹੈਰੋਇਨ ਦਾ ਰੂਪ ਦਿਤਾ ਜਾਂਦਾ ਹੈ, ਜਿਸ ਦੀ, ਤੁਹਾਡੇ ਦੱਸਣ ਮੁਤਾਬਕ, ਵਿਦੇਸ਼ਾਂ ਵਿਚ ਤਸਕਰੀ ਕਰਨ ਨਾਲ ਸੌ ਗੁਣਾਂ ਵੱਧ ਕੀਮਤ ਹਾਸਲ ਹੁੰਦੀ ਹੈ। 

ਇਹ ਸੋਚਣ ਵਾਲੀ ਗੱਲ ਹੈ ਕਿ ਇਹ ਆਮ ਇਨਸਾਨ ਨਹੀਂ ਕਰਦਾ, ਇਹ ਵਿਚਾਰਾ ਮੁਜਰਿਮ ਬਣ ਕੇ ਜੇਲ ਵਿਚ ਚੱਕੀ ਹੀ ਪੀਹ ਸਕਦਾ ਹੈ। ਅਫ਼ਸੋਸ ਹੈ ਕਿ ਸਾਡੀਆਂ ਨੀਤੀਆਂ ਨੇ ਆਮ ਇਨਸਾਨ ਨੂੰ ਸਾਮੀ (ਗਾਹਕ) ਸਮਝ ਲਿਆ ਹੈ, ਜਿਨ੍ਹਾਂ ਦੇ ਸਰੀਰ ਖੋਖਲੇ ਕਰ ਕੇ ਮਾਨਸਿਕ ਬਿਮਾਰੀ ਪੱਲੇ ਪਾ ਦਿਤੀ ਹੈ। ਫਿਰ ਲਿਖਦਾ ਹਾਂ ਕਿ ਤੁਸੀ ਪੰਜਾਬ ਦੇ ਲੋਕਾਂ ਨੂੰ ਅਫ਼ੀਮ, ਜਿਸ ਨੂੰ ਦਵਾਈ ਦੇ ਤੌਰ ਤੇ ਵਰਤਿਆ ਜਾਂਦਾ ਸੀ, ਉਹ ਤਾਂ ਦੂਰ ਦੀ ਗੱਲ, ਉਸ ਅਫ਼ੀਮ ਦੇ ਪੌਦੇ ਦੇ ਪੱਤੇ (ਤੂੜੀ) ਵਿਚ ਤੁਹਾਡੇ ਤਸਕਰ ਕੈਮੀਕਲ ਮਿਲਾ ਕੇ ਸਪਲਾਈ ਕਰਦੇ ਹਨ।

ਤੁਸੀ ਜੋ ਮਾਰੂ ਨਸ਼ਾ (ਸ਼ਰਾਬ) ਬੰਦ ਨਹੀਂ ਕੀਤਾ ਜੋ ਤੁਹਾਡੀਆਂ ਮਹਿਫ਼ਲਾਂ ਵਿਚ ਖੌਰੂ ਮਚਾਉਂਦਾ ਹੈ, ਜਿਸ ਦਾ ਜੀਵਨ ਨਾਲ ਕੋਈ ਮਤਲਬ ਨਹੀਂ, ਇਹ ਜੀਵਨ ਨਾਲ ਸਬੰਧਤ ਸਾਊ ਨਸ਼ਾ (ਅਫ਼ੀਮ) ਬੰਦ ਕਰ ਕੇ ਅਪਣੀਆਂ ਜਵਾਨੀਆਂ ਹੀ ਨਹੀਂ ਸਗੋਂ ਵੰਸ਼ ਖ਼ਤਮ ਕਰਨ ਲੱਗੇ ਹੋ। ਇਸ ਲਈ ਬੇਨਤੀ ਕਰਦਾ ਹਾਂ ਕਿ ਬਣਦੇ ਨਿਯਮਾਂ ਵਿਚ ਪੰਜਾਬ ਵਾਸੀਆਂ ਨੂੰ ਵਖ ਖਸਖਸਨੁਮਾ ਦੀ ਫ਼ਸਲ ਦੀ ਖੇਤੀ ਕਰਨ ਦੀ ਇਜਾਜ਼ਤ ਦਿਤੀ ਜਾਵੇ ਜਿਸ ਨਾਲ ਕਿਸਾਨ, ਜਵਾਨੀ, ਪਾਣੀ, ਜੇਲਾਂ, ਹਸਪਤਾਲ, ਸੁਰੱਖਿਆ ਦਸਤੇ ਵੀ ਬਚਣਗੇ ਤੇ ਦੇਸ਼ ਵੀ ਖ਼ੁਸ਼ਹਾਲ ਹੋਵੇਗਾ। 

-ਭਜਨ ਸਿੰਘ, ਸੰਪਰਕ : 98722-60287