'ਮੈਂ ਮਰਾਂ ਪੰਥ ਜੀਵੇ' 

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਜਦ ਸਪੋਕਸਮੈਨ ਇਤਿਹਾਸ ਰਚ ਰਿਹਾ ਹੈ ਤਾਂ 'ਪੰਥਕ' ਅਖਵਾਉਂਦੇ ਲੋਕ ਚੁੱਪ ਕਿਉਂ ਹਨ?

Rozana Spokesman

ਜਨਵਰੀ 1994 ਤੋਂ ਸ਼ੁਰੂ ਹੋਏ ਮਾਸਕ ਸਪੋਕਸਮੈਨ ਨੂੰ ਸ਼੍ਰੋਮਣੀ ਕਮੇਟੀ ਦੇ ਤਤਕਾਲੀ ਪ੍ਰਧਾਨ ਗੁਰਚਰਨ ਸਿੰਘ ਟੌਹੜਾ ਨੇ ਸਿੱਖੀ ਦਾ ਇਨਕਲਾਬ ਦਸਿਆ। ਅਕਾਲੀ ਦਲ ਦੇ ਪ੍ਰਧਾਨ ਪਰਕਾਸ਼ ਸਿੰਘ ਬਾਦਲ ਸਮੇਤ ਮੂਹਰਲੀ ਕਤਾਰ ਦੇ ਕਈ ਅਕਾਲੀ ਆਗੂਆਂ ਨੇ ਮਾਸਿਕ ਸਪੋਕਸਮੈਨ ਦੀਆਂ ਸਿਫ਼ਤਾਂ ਦੇ ਪੁਲ ਬੰਨ੍ਹੇ ਪਰ ਜਦ ਸਪੋਕਸਮੈਨ ਦੇ ਸੰਪਾਦਕ ਸ. ਜੋਗਿੰਦਰ ਸਿੰਘ ਨੇ ਦਲੀਲਾਂ ਨਾਲ ਸੱਚਾਈ ਬਿਆਨ ਕਰਨੀ ਸ਼ੁਰੂ ਕੀਤੀ ਤਾਂ ਪੰਥ ਦੇ ਨਾਂ ਤੇ ਸਿਆਸੀ ਰੋਟੀਆਂ ਸੇਕਣ ਵਾਲੇ ਟੌਹੜਾ ਸਮੇਤ ਹੋਰਨਾਂ ਅਕਾਲੀ ਆਗੂਆਂ ਦੇ ਦੰਦ ਜੁੜ ਗਏ।

ਭਾਵੇਂ ਮਾਸਿਕ ਸਪੋਕਸਮੈਨ 'ਚ ਪਾਠਕਾਂ ਨੂੰ ਮਹੀਨੇ ਬਾਅਦ 'ਮੇਰੀ ਨਿਜੀ ਡਾਇਰੀ ਦੇ ਪੰਨੇ' ਪੜ੍ਹਨ ਦਾ ਮੌਕਾ ਮਿਲਦਾ ਸੀ ਪਰ 1 ਦਸੰਬਰ 2005 ਦਾ ਉਹ ਸੁਭਾਗਾ ਦਿਨ, ਜਦੋਂ ਰੋਜ਼ਾਨਾ ਸਪੋਕਸਮੈਨ ਸ਼ੁਰੂ ਹੋਇਆ ਤਾਂ ਪਾਠਕਾਂ 'ਚ ਖ਼ੁਸ਼ੀ ਦੀ ਲਹਿਰ ਦੌੜ ਗਈ ਕਿ ਹੁਣ ਸ. ਜੋਗਿੰਦਰ ਸਿੰਘ ਦੇ 'ਮੇਰੀ ਨਿਜੀ ਡਾਇਰੀ ਦੇ ਪੰਨੇ' ਹਰ ਹਫ਼ਤੇ ਪੜ੍ਹਨ ਨੂੰ ਮਿਲਿਆ ਕਰਨਗੇ। ਦੇਸ਼-ਵਿਦੇਸ਼ 'ਚ ਵਸਦੇ ਸੂਝਵਾਨ ਪਾਠਕਾਂ ਦਾ ਮੰਨਣਾ ਹੈ ਕਿ 'ਨਿਜੀ ਡਾਇਰੀ ਦੇ ਪੰਨੇ' ਸਾਂਭਣਯੋਗ ਹਨ, ਕਿਉਂਕਿ ਇਹ ਨਵੀਂ ਪੀੜ੍ਹੀ ਲਈ ਜਿੱਥੇ ਰਾਹ-ਦਸੇਰਾ ਬਣਨਗੇ, ਉਥੇ ਉਨ੍ਹਾਂ ਵਿਚਲੀ ਸ਼ਬਦਾਵਲੀ ਤੋਂ ਨੌਜਵਾਨਾਂ ਤੇ ਬੱਚਿਆਂ ਨੂੰ ਪ੍ਰੇਰਨਾ ਵੀ ਮਿਲੇਗੀ।

ਰੋਜ਼ਾਨਾ ਸਪੋਕਸਮੈਨ ਵਿਰੁਧ ਕੂੜ ਪ੍ਰਚਾਰ ਕਰਨ ਵਾਲਿਆਂ ਅਤੇ ਦੁਸ਼ਮਣ ਤਾਕਤਾਂ ਦੀਆਂ ਸਾਜ਼ਸ਼ਾਂ ਦਾ ਸ਼ਿਕਾਰ ਹੋ ਕੇ ਗੁਮਰਾਹ ਹੋਣ ਵਾਲੇ ਲੋਕਾਂ ਦੀਆਂ ਅੱਖਾਂ ਹੁਣ ਖੁਲ੍ਹਣੀਆਂ ਸ਼ੁਰੂ ਹੋ ਗਈਆਂ ਹਨ ਅਤੇ ਪੰਥ ਦੇ ਨਾਂ ਤੇ ਸਿਆਸੀ ਰੋਟੀਆਂ ਸੇਕਣ ਵਾਲਿਆਂ ਤੇ ਪੰਥਪ੍ਰਸਤਾਂ ਦੀ ਪਛਾਣ ਹੁਣ ਜਾਗਰੂਕ ਲੋਕ ਕਰਨ ਲੱਗ ਪਏ ਹਨ। ਮਿਸਾਲ ਦੇ ਤੌਰ ਤੇ ਰੋਜ਼ਾਨਾ ਸਪੋਕਸਮੈਨ ਦੇ ਸੰਪਾਦਕ ਨੇ ਹਮੇਸ਼ਾ ਅਪਣੀ ਜ਼ਬਰਦਸਤ ਵਿਰੋਧਤਾ ਕਰਨ ਵਾਲਿਆਂ ਨੂੰ ਵੀ ਸੰਜਮ ਨਾਲ ਸਮੇਂ ਸਮੇਂ ਪ੍ਰੇਰਨਾ ਦਿਤੀ, ਸੁਚੇਤ ਕੀਤਾ ਅਤੇ ਹਲੂਣਾ ਮਾਰ ਕੇ ਜਾਗਦੇ ਰਹੋ ਦਾ ਹੋਕਾ ਦੇਣ ਦਾ ਫ਼ਰਜ਼ ਨਿਭਾਇਆ ਪਰ ਸਪੋਕਸਮੈਨ ਦਾ ਵਿਰੋਧ ਕਰਨ ਵਾਲਿਆਂ ਨੇ ਜਦੋਂ ਮੰਨ ਲਿਆ ਕਿ

ਸਪੋਕਸਮੈਨ 'ਚ ਕਮੀ ਕੋਈ ਨਹੀਂ ਅਤੇ ਇਹ ਤਾਂ ਪੰਥ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਅਖ਼ਬਾਰ ਬਣ ਚੁੱਕਾ ਹੈ ਤਾਂ ਵਿਰੋਧ ਕਰਨ ਵਾਲਿਆਂ ਦੀ ਭਾਵੇਂ ਕੋਈ ਮਜਬੂਰੀ ਹੋਵੇ ਪਰ ਉਨ੍ਹਾਂ ਦੀਆਂ ਸਾਜ਼ਸ਼ਾਂ ਦਾ ਸ਼ਿਕਾਰ ਅਰਥਾਤ ਗੁਮਰਾਹ ਹੋਣ ਵਾਲੇ ਉਹ ਲੋਕ ਹੁਣ ਪਤਾ ਨਹੀਂ ਕਿਉਂ ਚੁੱਪ ਹਨ, ਜੋ ਪੰਥ ਨੂੰ ਚੜ੍ਹਦੀ ਕਲਾ 'ਚ ਵੇਖਣ ਲਈ ਬੇਤਾਬ ਰਹਿੰਦੇ ਹਨ ਅਤੇ ਉਨ੍ਹਾਂ ਦਾ ਯਤਨ ਵੀ ਇਹੀ ਰਹਿੰਦਾ ਹੈ ਕਿ ਸਿੱਖ ਸੰਸਥਾਵਾਂ ਅਤੇ ਪੰਥਕ ਜਥੇਬੰਦੀਆਂ ਨੂੰ ਦੁਸ਼ਮਣ ਤਾਕਤਾਂ ਦੇ ਗ਼ਲਬੇ ਹੇਠੋਂ ਆਜ਼ਾਦ ਕਰਵਾਇਆ ਜਾਵੇ। 

ਮਿਸਾਲ ਦੇ ਤੌਰ ਤੇ 'ਬਾਬੇ ਨਾਨਕ' ਦਾ ਅਵਤਾਰ ਦਿਹਾੜਾ 1 ਵਿਸਾਖ ਦੀ ਅਸਲ ਤਰੀਕ ਮੌਕੇ ਮਨਾਉਣ ਅਤੇ 'ਕੋਧਰੇ ਦੀ ਰੋਟੀ' ਦਾ ਸਿਧਾਂਤ ਸਮਝਾਉਣ ਵਰਗੀਆਂ ਘਟਨਾਵਾਂ ਕੋਈ ਮਾਮੂਲੀ ਉਦਾਹਰਣਾਂ ਨਹੀਂ। ਜੇਕਰ ਪਿਛਲੇ ਮਹੀਨੇ ਅਰਥਾਤ 17 ਜੂਨ ਅਤੇ 24 ਜੂਨ ਦੇ ਅੰਕਾਂ 'ਚ ਪ੍ਰਕਾਸ਼ਿਤ ਹੋਏ 'ਨਿਜੀ ਡਾਇਰੀ' ਦੇ ਪੰਨਿਆਂ ਤੇ ਝਾਤ ਮਾਰੀ ਜਾਵੇ ਤਾਂ 17 ਜੂਨ ਨੂੰ 'ਜੇ ਅਕਾਲ ਤਖ਼ਤ ਦਾ 'ਜਥੇਦਾਰੀ' ਸਿਸਟਮ ਅੰਗਰੇਜ਼ ਨੇ ਸਿੱਖਾਂ ਉਤੇ ਨਾ ਥੋਪਿਆ ਹੁੰਦਾ' ਅਤੇ 24 ਜੂਨ ਦੇ 'ਸਿੱਖਾਂ ਨੂੰ ਵਧੀਆ ਲੀਡਰ ਚਾਹੀਦੇ ਹਨ ਜਾਂ 'ਜਥੇਦਾਰ' ਤੇ 'ਮਤਵਾਜ਼ੀ ਜਥੇਦਾਰ'?'

ਦਾ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਉਕਤ ਦੋਵੇਂ ਅੰਕ ਪੰਥਕ ਵਿਦਵਾਨਾਂ, ਪ੍ਰਚਾਰਕਾਂ, ਸਿੱਖ ਚਿੰਤਕਾਂ, ਇਤਿਹਾਸਕਾਰਾਂ ਸਮੇਤ ਸਮੁੱਚੀ ਕੌਮ ਲਈ ਪ੍ਰੇਰਨਾ ਦਾ ਸਰੋਤ ਅਤੇ ਰਾਹਦਸੇਰਾ ਹੋਣ ਦੇ ਬਾਵਜੂਦ ਪੰਥ ਦੀ ਚੜ੍ਹਦੀ ਕਲਾ ਲਈ ਚਿੰਤਤ ਵੀਰਾਂ/ਭੈਣਾਂ ਦਾ ਕੋਈ ਵੀ ਹੁੰਗਾਰਾ ਜਾਂ ਪ੍ਰਸੰਸਾ ਲਈ ਦੋ ਕੁ ਸ਼ਬਦ ਵੀ ਨਾ ਬੋਲਣੇ ਸ਼ੁੱਭ ਸੰਕੇਤ ਨਹੀਂ ਕਿਉਂਕਿ ਇਨ੍ਹਾਂ ਦੋਵੇਂ ਅੰਕਾਂ ਲਈ ਤਾਂ ਦੇਸ਼-ਵਿਦੇਸ਼ ਦੇ ਪੰਥਕ ਮੀਡੀਆ 'ਚ ਭਰਪੂਰ ਚਰਚਾ ਹੋਣੀ ਚਾਹੀਦੀ ਸੀ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਯਤਨਸ਼ੀਲ ਸੰਸਥਾਵਾਂ ਤੇ ਜਥੇਬੰਦੀਆਂ ਦੇ ਆਗੂ ਤਾਂ ਸ. ਜੋਗਿੰਦਰ ਸਿੰਘ ਦੇ ਵਿਸ਼ੇਸ਼ ਸਨਮਾਨ ਲਈ ਥਾਂ-ਥਾਂ ਸਮਾਗਮਾਂ ਦੀ ਝੜੀ ਲਾ ਦਿੰਦੇ ਪਰ ਸ਼ਾਇਦ ਉਹ ਨਹੀਂ ਜਾਣਦੇ

ਕਿ ਉਨ੍ਹਾਂ ਦੇ ਇਸ ਮਚਲੇਪਨ ਦਾ ਕੌਮ ਨੂੰ ਕਿੰਨਾ ਨੁਕਸਾਨ ਅਤੇ ਪੰਥ ਵਿਰੋਧੀ ਦੁਸ਼ਮਣ ਤਾਕਤਾਂ ਨੂੰ ਕਿੰਨਾ ਕੁ ਫ਼ਾਇਦਾ ਹੋ ਰਿਹਾ ਹੈ? ਉਕਤ ਘਟਨਾਵਾਂ ਤੋਂ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਦੁਸ਼ਮਣ ਤਾਕਤਾਂ ਪੰਥ 'ਚ ਦੁਫੇੜ ਅਤੇ ਮਤਭੇਦ ਪੈਦਾ ਕਰਨ ਦੇ ਨਾਲ-ਨਾਲ ਆਮ ਸੰਗਤਾਂ ਨੂੰ ਗੁਮਰਾਹ ਕਰਨ 'ਚ ਅਜੇ ਵੀ ਕਾਮਯਾਬ ਹੋ ਰਹੀਆਂ ਹਨ। ਮੈਂ ਪਿਛਲੇ ਦੋ ਦਹਾਕਿਆਂ ਤੋਂ ਕੀਤੀ ਜਾ ਰਹੀ ਪੱਤਰਕਾਰੀ ਦੇ ਤਜਰਬੇ ਦੇ ਬਲਬੂਤੇ ਪੂਰੇ ਦਾਅਵੇ ਅਤੇ ਵਿਸ਼ਵਾਸ ਨਾਲ ਆਖ ਸਕਦਾ ਹਾਂ ਕਿ ਅੰਗਰੇਜ਼ ਦੇ ਜਥੇਦਾਰੀ ਸਿਸਟਮ ਤੋਂ ਇਲਾਵਾ ਕੌਮ ਨੂੰ ਜਥੇਦਾਰ ਜਾਂ ਮਤਵਾਜ਼ੀ ਜਥੇਦਾਰਾਂ ਬਾਰੇ ਦਿਤੀ ਗਈ ਜਾਣਕਾਰੀ ਜੇਕਰ ਸਿੱਖਾਂ ਨੂੰ ਛੱਡ ਕੇ ਹਿੰਦੂ,

ਮੁਸਲਿਮ, ਈਸਾਈ, ਜੈਨੀ, ਬੋਧੀ, ਪਾਰਸੀ ਜਾਂ ਯਹੂਦੀ ਕੌਮ ਦਾ ਕੋਈ ਵਿਦਵਾਨ ਅਪਣੀ ਕੌਮ ਨਾਲ ਸਬੰਧਤ ਅਜਿਹੀ ਜਾਣਕਾਰੀ ਦਿੰਦਾ ਤਾਂ ਉਨ੍ਹਾਂ ਉਸ ਵਿਦਵਾਨ ਨੂੰ ਅਪਣੀ ਕੌਮ ਜਾਂ ਦੇਸ਼ ਦੀ ਅਗਵਾਈ ਸੌਂਪ ਦੇਣੀ ਸੀ ਤੇ ਉਸ ਨੂੰ ਸਦਾ ਲਈ ਅਜਿਹੇ ਸੁਝਾਅ ਦਿੰਦੇ ਰਹਿਣ ਵਾਸਤੇ ਬੇਨਤੀਆਂ ਵੀ ਕਰਨੀਆਂ ਸਨ ਪਰ ਅੱਜ ਸਾਡੇ ਕਿਸੇ ਸਿੱਖ ਵਿਦਵਾਨ ਵਲੋਂ ਸਾਡੀ ਕੌਮ ਬਾਰੇ ਬੋਲੇ ਸਖ਼ਤ ਸ਼ਬਦ ਭਾਵੇਂ ਸਾਨੂੰ ਸ਼ਰਮਸਾਰ ਕਰਦੇ ਹਨ ਪਰ ਫਿਰ ਵੀ ਦੁਹਰਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਕਿ ਸਿੱਖਾਂ ਦੀ ਕੌਮ ਸ਼ੇਰਾਂ ਦੀ ਕੌਮ ਪਰ ਅਫ਼ਸੋਸ ਇਸ ਦੀ ਅਗਵਾਈ ਖੋਤੇ (ਗਧੇ) ਕਰ ਰਹੇ ਹਨ।

ਪੰਥਕ ਵਿਦਵਾਨਾਂ ਤੇ ਸੂਝਵਾਨ ਪੰਥ ਪ੍ਰਚਾਰਕਾਂ ਮੁਤਾਬਕ ਸਿੱਖ ਕੌਮ ਨੂੰ ਜਿੱਤ ਉਦੋਂ ਪ੍ਰਾਪਤ ਹੋਈ ਜਦੋਂ 'ਮੈਂ ਮਰਾਂ ਪੰਥ ਜੀਵੇ' ਵਾਲੇ ਲੀਡਰਾਂ ਨੇ ਇਸ ਦੀ ਅਗਵਾਈ ਕੀਤੀ ਤੇ ਨਿਘਾਰ ਉਦੋਂ ਆਇਆ ਅਰਥਾਤ ਹਾਰ ਦਾ ਮੂੰਹ ਉਸ ਸਮੇਂ ਵੇਖਣਾ ਪਿਆ ਜਦੋਂ ਸਾਡੇ ਆਗੂਆਂ 'ਚ ਮੈਂ ਤੇ ਮੇਰਾ ਪ੍ਰਵਾਰ ਖ਼ੁਸ਼ਹਾਲ ਰਹੇ ਅਤੇ ਪੰਥ ਪਵੇ ਢੱਠੇ ਖੂਹ 'ਚ ਵਾਲੀ ਮੱਕਾਰੀ ਭਰ ਗਈ।
-ਗੁਰਿੰਦਰ ਸਿੰਘ ਕੋਟਕਪੂਰਾ, ਸੰਪਰਕ : 98728-10153